ਪੰਜਾਬ ਸਰਕਾਰ ਵੱਲੋਂ ਐਨ.ਪੀ.ਆਰ. ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦੀ
14 ਜਨਤਕ ਜਥੇਬੰਦੀਆਂ ਵੱਲੋਂ ਸਖਤ ਨਿਖੇਧੀ, ਮੁੱਖ ਮੰਤਰੀ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ
9 ਮਾਰਚ ਨੂੰ ਲੁਧਿਆਣਾ ਦੇ ਸ਼ਾਹੀਨ ਬਾਗ ’ਤੇ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਮੁਕੰਮਲ
08 ਮਾਰਚ, 2020, ਲੁਧਿਆਣਾ/ਚੰਡੀਗੜ੍ਹ। ਪੰਜਾਬ ਦੇ ਮਜ਼ਦੂਰਾਂ, ਮੁਲਾਜਮਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਦੀਆਂ 14 ਜਨਤਕ ਜਥੇਬੰਦੀਆਂ ਨੇ ਜਨਤਕ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ ਅਤੇ ਬੂਟਾ ਸਿੰਘ ਬੁਰਜਗਿੱਲ ਵੱਲੋਂ ਪ੍ਰੈਸ ਦੇ ਨਾਂ ਜਾਰੀ ਸਾਂਝੇ ਬਿਆਨ ਰਾਹੀਂ ਐਨ.ਪੀ.ਆਰ. ਲਾਗੂ ਨਾ ਕਰਨ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਐਲਾਨ ’ਤੇ ਅਡਿੱਗ ਹਨ ਕਿ ਜੇਕਰ ਪੰਜਾਬ ਸਰਕਾਰ ਨੇ ਨਾਗਰਿਕਤਾ ਸੋਧ ਕਨੂੰਨ ਤਹਿਤ ਸੂਬੇ ਵਿੱਚ ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਜਵਾਬ ਤਿੱਖੇ ਲੋਕ ਘੋਲ ਨਾਲ਼ ਦਿੱਤਾ ਜਾਵੇਗਾ। ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਲਿਖਤੀ ਰੂਪ ਵਿੱਚ ਬਿਆਨ ਜਾਰੀ ਕਰਕੇ ਸਥਿਤੀ ਸਪੱਸ਼ਟ ਕਰੇ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਮੁਤਾਬਿਕ ਪੰਜਾਬ ਸਰਕਾਰ ਦੇ ਬੇਨਾਮ ‘ਅਧਿਕਾਰਤ ਬੁਲਾਰਾ’ ਦਾ ਬਿਆਨ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਐਨ.ਪੀ.ਆਰ. ਲਾਗੂ ਨਹੀਂ ਕਰੇਗੀ, ਵਿਧਾਨ ਸਭਾ ਵਿੱਚ ਸੀ.ਏ.ਏ.-ਐਨ.ਪੀ.ਆਰ.-ਐਨ.ਆਰ.ਸੀ. ਲਾਗੂ ਨਾ ਕਰਨ ਦਾ ਮਤਾ ਵੀ ਪਾਸ ਹੋਇਆ ਹੈ ਪਰ ਦੂਜੇ ਪਾਸੇ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਮੁਤਾਬਿਕ ਭਾਵੇਂ ਐਨ.ਪੀ.ਆਰ. ਸਬੰਧੀ ਅਜੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਗਈ ਹੈ ਪਰ ਨਾਲ਼ ਹੀ ਐਨ.ਪੀ.ਆਰ. ਲਾਗੂ ਕਰਨ ਸਬੰਧੀ ਭਵਿੱਖ ਵਿੱਚ ਫੈਸਲਾ ਲੈਣ ਦੀ ਗੱਲ ਵੀ ਕਹੀ ਗਈ ਹੈ। ਇਸ ਦਾ ਅਰਥ ਹੈ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਐਨ.ਪੀ.ਆਰ. ਲਾਗੂ ਕਰਨ ਦਾ ਫੈਸਲਾ ਵੀ ਕਰ ਸਕਦੀ ਹੈ। ਲੋਕ ਆਗੂਆਂ ਨੇ ਪੰਜਾਬ ਸਰਕਾਰ ਦੇ ਬੇਨਾਮ ਬੁਲਾਰੇ ਵੱਲੋਂ ਐਨ.ਪੀ.ਆਰ. ਨਾ ਲਾਗੂ ਕਰਨ ਦੇ ਇਸ ਬਿਆਨ ਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਸੰਘਰਸ਼ ਨੂੰ ਮੱਠਾ ਪਾਉਣ ਦੀ ਸਾਜਿਸ਼ ਕਰਾਰ ਦਿੰਦੇ ਹੋਏ ਮੰਗੀ ਕੀਤੀ ਹੈ ਕਿ ਐਨ.ਪੀ.ਆਰ. ਕਦੇ ਵੀ ਲਾਗੂ ਨਾ ਕਰਨ ਬਾਰੇ ਮੁੱਖ ਮੰਤਰੀ ਵੱਲੋਂ ਲਿਖਤੀ ਰੂਪ ਵਿੱਚ ਸਥਿਤੀ ਸਪੱਸ਼ਟ ਕਰੇ।
ਆਗੂਆਂ ਨੇ ਕਿਹਾ ਕਿ 14 ਜਨਤਕ ਜੱਥੇਬੰਦੀਆਂ ਵੱਲੋਂ ਨਾਗਰਿਕਤਾ ਹੱਕਾਂ ਉੱਤੇ ਹਮਲੇ ਅਤੇ ਦਿੱਲੀ ਵਿੱਚ ਮੋਦੀ-ਸ਼ਾਹ ਹਕੂਮਤ ਦੀ ਸਰਪ੍ਰਸਤੀ ਹੇਠ ਸੰਘੀ ਗੁੰਡਾ ਗਿਰੋਹ ਵੱਲੋਂ ਮਚਾਏ ਕਤਲੇਆਮ ਖਿਲਾਫ਼ ਜਨਤਕ ਘੋਲ ਨੂੰ ਅੱਗੇ ਵਧਾਉਂਦੇ ਹੋਏ ਧਾਰਮਿਕ ਭਾਈਚਾਰੇ ਨਾਲ਼ ਸਾਂਝੇ ਤੌਰ ‘ਤੇ ਭਲਕੇ 9 ਮਾਰਚ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ‘ਸ਼ਾਹੀਨ ਬਾਗ’ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਵੱਖ-ਵੱਖ ਧਰਮਾਂ, ਜਾਤਾਂ, ਭਾਸ਼ਾਈ ਸਮੂਹਾਂ ਦੇ ਹਜ਼ਾਰਾਂ ਮਰਦ-ਔਰਤਾਂ ਫਿਰਕੂ ਫਾਸੀਵਾਦੀ ਹਕੂਮਤ ਵੱਲੋਂ ਸਭਨਾਂ ਧਰਮਾਂ ਦੇ ਕਰੋੜਾਂ ਕਿਰਤੀਆਂ, ਮੁਸਲਮਾਨਾਂ ਸਮੇਤ ਸਭਨਾਂ ਘੱਟਗਿਣਤੀਆਂ, ਦਲਿਤਾਂ, ਪੱਛੜਿਆਂ, ਆਦਿਵਾਸੀਆਂ ਦੇ ਨਾਗਰਿਕਤਾ ਤੇ ਹੋਰ ਜਮਹੂਰੀ ਹੱਕਾਂ ਦੇ ਘਾਣ ਅਤੇ ਉਹਨਾਂ ਉੱਤੇ ਜ਼ਬਰ-ਜੁਲਮ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕਰਨਗੇ। ਉਹਨਾਂ ਨੇ ਲੋਕਾਂ ਨੂੰ ਵੱਡੀ ਤੋਂ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
No comments:
Post a Comment