Sunday, 22 March 2020

ਐਨ.ਪੀ.ਆਰ. ਰੱਦ ਕਰਾਉਣ ਲਈ ਡੀ. ਸੀ. ਦਫਤਰਾਂ ਮੂਹਰੇ ਦਿਨ ਰਾਤ ਦੇ ਧਰਨਿਆਂ ਦਾ ਐਲਾਨ

ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 15 ਜਥੇਬੰਦੀਆਂ ਨੇ ਪੰਜਾਬ ’ਚ ਐਨ.ਪੀ.ਆਰ. ਲਾਗੂ ਨਾ ਕਰਨ ਸਬੰਧੀ ਸਪੱਸ਼ਟ ਸਰਕੂਲਰ ਜਾਰੀ ਕਰਨ ਅਤੇ ਨਾਗਰਿਕਤਾ ਸਬੰਧੀ ਹੱਕਾਂ ਨਾਲ ਸਬੰਧਤ ਹੋਰਨਾਂ ਮੰਗਾਂ ਨੂੰ ਲੈ ਕੇ 2 ਤੋਂ 4 ਅਪ੍ਰੈਲ ਤੱਕ ਸੂਬੇ ਦੇ ਡੀ.ਸੀ. ਅਤੇ ਐਸ.ਡੀ.ਐਮ. ਦਫ਼ਤਰਾਂ ਅੱਗੇ ਦਿਨ ਰਾਤ ਦੇ ਧਰਨੇ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਇਹਨਾਂ ਜਥੇਬੰਦੀਆਂ ਦੀ ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਤੇ ਰਾਜਵਿੰਦਰ ਸਿੰਘ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਧਰਨਿਆਂ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਸੂਬੇ ’ਚ ਐਨ.ਪੀ.ਆਰ. ਲਾਗੂ ਨਾਂ ਕਰਨ ਸਬੰਧੀ ਸਪੱਸ਼ਟ ਸਰਕੂਲਰ ਜਾਰੀ ਕਰਨ, ਦਿੱਲੀ ’ਚ ਗੁੰਡਾ ਟੋਲਿਆਂ ਵੱਲੋਂ ਕੀਤੇ ਕਤਲੇਆਮ ਦੇ ਸਾਰੇ ਦੋਸ਼ੀਆਂ ਅਤੇ ਭੜਕਾੳੂ ਭਾਸ਼ਣ ਦੇਣ ਵਾਲੇ ਆਗੂਆਂ ਨੂੰ ਗਿ੍ਰਫਤਾਰ, ਦੋਸ਼ੀਆਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ , ਪੀੜਤਾਂ ਦੇ ਮੁੜ ਵਸੇਬੇ ਦਾ ਪੁਖਤਾ ਪ੍ਰਬੰਧ, ਹੋਏ ਨੁਕਸਾਨ ਦੀ ਭਰਪਾਈ , ਮੁਸਲਮ ਭਾਈਚਾਰੇ ਦੀ ਸੁਰੱਖਿਆ ਦੀ ਜਾਮਨੀ  ਅਤੇ ਸੀ.ਏ.ਏ, ਐਨ.ਆਰ.ਸੀ ਤੇ ਐਨ.ਪੀ.ਆਰ. ਰੱਦ ਕਰਨ ਸਬੰਧੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ।

ਉਹਨਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਦੇ ਵਿਰੋਧ ਦਾ ਮਹਿਜ ਵਿਖਾਵਾ ਕਰ ਰਹੀ ਹੈ, ਪ੍ਰੰਤੂ ਉਹ ਵਿਧਾਨ ਸਭਾ ’ਚ ਪਾਏ ਮਤੇ ’ਚ ਕੇਂਦਰ ਸਰਕਾਰ ਨੂੰ ਸਿਰਫ਼ ਸੁਝਾਅ ਦੇਣ ਤੱਕ ਸੀਮਤ ਰਹੀ ਹੈ । ਉਨਾਂ ਕਿਹਾ ਕਿ  6 ਮਾਰਚ2020 ਨੂੰ ਜਨਗਣਨਾ ਸਬੰਧੀ ਜਾਰੀ ਕੀਤੇ ਸਰਕੂਲਰ ’ਚ ਵੀ ਸੂਬੇ ’ਚ ਐਨ.ਪੀ.ਆਰ. ਲਾਗੂ ਨਾ ਕਰਨ ਸਬੰਧੀ ਸਪਸ਼ਟ ਪੁਜੀਸ਼ਨ ਨਹੀਂ ਲਈ ਗਈ। ਆਗੂਆਂ ਨੇ ਕਿਹਾ ਕਿ ਇਹਨਾਂ ਹਲਾਤਾਂ ’ਚ ਪੰਜਾਬ ਸਰਕਾਰ ਦੇ ਫੋਕੇ ਐਲਾਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਸ ਲਈ ਲੋਕ ਸੰਘਰਸ਼ ਦੇ ਜ਼ੋਰ ਹੀ ਪੰਜਾਬ ’ਚ ਐਨ.ਪੀ.ਆਰ. ਨੂੰ ਲਾਗੂ ਕਰਨ ਤੋਂ ਰੋਕਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਕਰੋਨਾ ਵਾਇਰਸ ਕਾਰਨ ਬਣੀ ਗੰਭੀਰ ਹਾਲਤ ’ਤੇ ਚਿੰਤਾ ਪ੍ਰਗਟ ਕਰਦੇ ਹੋਏ 2 ਤੋਂ 4 ਅਪ੍ਰੈਲ ਦਿੱਤੇ ਜਾਣ ਵਾਲੇ ਧਰਨਿਆਂ ਅਤੇ ਐਨ.ਪੀ.ਆਰ. ਦੇ ਬਾਈਕਾਟ ਦੀ ਤਿਆਰੀ ਮੁਹਿੰਮ ਦੌਰਾਨ ਸੁਰੱਖਿਆ ਲਈ ਲੋੜੀਂਦੇ ਕਦਮ ਲੈਣ ਅਤੇ ਜਾਗਰੂਕਤਾ ਫੈਲਾਉਣ ਸਬੰਧੀ ਵੀ ਫੈਸਲਾ ਲਿਆ ਗਿਆ।

ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜੋਗਿੰਦਰ ਸਿੰਘ ਉਗਰਾਹਾਂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਆਗੂ ਛਿੰਦਰਪਾਲ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂੰ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ ਦੇ ਜਗਦੀਸ਼ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਦੇ ਆਗੂ ਗੁਰਵਿੰਦਰ ਸਿੰਘ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ ਦੇ ਜਗਰੂਪ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਜਸਮੀਤ ਸਿੰਘ, ਪੀ.ਐਸ.ਯੂ. ਲਲਕਾਰ ਦੇ ਆਗੂ ਗੁਰਪ੍ਰੀਤ ਸਿੰਘ, ਟੀ.ਐਸ.ਯੂ. ਦੇ ਆਗੂ ਪ੍ਰਮੋਦ ਕੁਮਾਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਪਾਵਰ ਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਰਾਜੇਸ਼ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਦੇ ਵਰਿੰਦਰ ਸਿੰਘ ਮੋਮੀ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਿੰਘ ਸਲੇਮਗੜ ਤੋਂ ਇਲਾਵਾ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਵੀ ਮੌਜੂਦ ਸਨ।

No comments:

Post a Comment