Wednesday, 25 March 2020

ਕੈਪਟਨ ਸਰਕਾਰ ਪੰਜਾਬ ਪੁਲਿਸ ਵੱਲੋਂ ਲੋਕਾਂ ਤੇ ਢਾਹੇ ਜਾ ਰਹੇ ਤਸ਼ੱਦਦ ਨੂੰ ਤੁਰੰਤ ਰੋਕੇ- ਨੌਭਾਸ ਤੇ ਪੀਐੱਸਯੂ(ਲਲਕਾਰ)

ਕੈਪਟਨ ਸਰਕਾਰ ਪੰਜਾਬ ਪੁਲਿਸ ਵੱਲੋਂ ਲੋਕਾਂ ਤੇ ਢਾਹੇ ਜਾ ਰਹੇ ਤਸ਼ੱਦਦ ਨੂੰ ਤੁਰੰਤ ਰੋਕੇ- ਨੌਭਾਸ ਤੇ ਪੀਐੱਸਯੂ(ਲਲਕਾਰ)
 ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਦੇ ਕਰਫਿਊ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਇੱਕਦਮ 21 ਦਿਨਾਂ ਲਈ ਸਭ ਕੁੱਝ ਬੰਦ ਕਰ ਦਿੱਤਾ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਪ੍ਰਬੰਧ ਕੀਤੇ ਬਿਨਾਂ ਥੋਪੇ ਇਸ ਬੰਦ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਕਰੋਨਾ ਨਾਲੋਂ ਵੱਧ ਭੁੱਖ ਨਾਲ਼ ਮੌਤਾਂ ਦਾ ਖ਼ਤਰਾ ਖੜਾ ਹੋ ਗਿਆ ਹੈ। ਰੋਜਾਨਾ ਦਿਹਾੜੀ, ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਖਾਲੀ ਭਾਂਡੇ ਖੜਕਣੇ ਸ਼ੁਰੂ ਹੋ ਗਏ ਹਨ। ਇਹਨਾਂ ਪੱਲੇ ਨਾ ਧੇਲਾ ਹੈ ਤੇ ਨਾ ਦੋ ਡੰਗ ਦੀ ਰੋਟੀ ਦਾ ਰਾਸ਼ਣ। ਇਸ ਤੋਂ ਬਿਨਾਂ ਦਵਾਈ, ਪਸ਼ੂਆਂ ਲਈ ਚਾਰਾ ਜਾਂ ਹੋਰ ਜ਼ਰੂਰੀ ਕੰਮਾਂ ਕਾਰਨ ਲੋਕਾਂ ਦਾ ਘਰੋਂ ਨਿੱਕਲਣਾ ਮਜ਼ਬੂਰ ਬਣ ਜਾਂਦੀ ਹੈ। ਲੋਕਾਂ ਦੀ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਨ ਦੀ ਥਾਂ ਸਰਕਾਰਾਂ ਵੱਲੋਂ ਪੁਲਸੀਆ ਰਾਜ ਥੋਪ ਦਿੱਤਾ ਗਿਆ ਹੈ। ਵਰਦੀਧਾਰੀ ਗੁੰਡੇ ਪਿੰਡਾਂ, ਸ਼ਹਿਰਾਂ ਵਿੱਚ ਥਾਂ-ਥਾਂ ਲੋਕਾਂ ਨੂੰ ਬੇਰਹਿਮੀ ਨਾਲ਼ ਕੁੱਟ ਰਹੇ ਹਨ। ਕੁੱਝ ਥਾਵਾਂ ਉੱਪਰ ਤਾਂ ਪੁਲਿਸ ਵੱਲੋਂ ਸਿਹਤ ਕਾਮਿਆਂ ਨੂੰ ਵੀ ਕੁੱਟਿਆ ਗਿਆ ਹੈ। ਅਸੀਂ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੁਲਿਸ ਦੀ ਇਸ ਗੁੰਡਾਗਰਦੀ ਦੀ ਸਖਤ ਨਿਖੇਧੀ ਕਰਦੇ ਹਾਂ ਤੇ ਇਸਨੂੰ ਤੁਰੰਤ ਰੋਕੇ ਜਾਣ ਦੀ ਮੰਗ ਕਰਦੇ ਹਾਂ।
 
ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਪਿੰਡ ਤੇ ਮੁਹੱਲਾ ਪੱਧਰ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਏ ਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਗਰੂਕ ਕਰਨ ਲਈ ਸਿਹਤ ਨਾਲ਼ ਜੁੜੇ ਵਲੰਟੀਅਰ ਭੇਜੇ। ਇਸਦੇ ਨਾਲ਼ ਹੀ ਹਰ ਨਾਗਰਿਕ ਲਈ ਭੋਜਨ, ਪਾਣੀ ਤੇ ਇਲਾਜ ਦੀ ਜਿੰਮੇਵਾਰੀ ਲਵੇ। ਲੋਕਾਂ ਨੂੰ ਸੁਚੇਤ ਕਰਕੇ ਹੀ ਬਿਮਾਰੀ ਤੋਂ ਵੀ ਬਿਹਤਰ ਢੰਗ ਨਾਲ਼ ਬਚਾਅ ਕੀਤਾ ਜਾ ਸਕਦਾ ਹੈ। ਪਰ ਇਸਦੀ ਥਾਂ ਸਰਕਾਰੀ ਗੁੰਡਾਗਰਦੀ ਕੀਤੀ ਜਾ ਰਹੀ ਹੈ। ਇਸ ਬਿਮਾਰੀ ਕਾਰਨ  ਪੁਲਿਸ-ਪ੍ਰਸ਼ਾਸ਼ਨ ਹੱਥ ਅੰਨ੍ਹੀਆਂ ਤਾਕਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਨੂੰ ਭਾਰਤੀ ਰਾਜ ਪ੍ਰਬੰਧ ਲੋਕ ਮਨਾਂ ਅੰਦਰ ਆਪਣੀ ਦਹਿਸ਼ਤ ਬਿਠਾਉਣ ਲਈ ਵਰਤ ਰਿਹਾ ਹੈ। ਕਿਉਂਕਿ ਇਸ ਰਾਜ ਪ੍ਰਬੰਧ ਹੇਠ ਪੁਲਿਸ, ਸੁਰੱਖਿਆ ਬਲਾਂ ਦੀ ਭੂਮਿਕਾ ਹੀ ਲੋਕਾਂ ਦੇ ਹੱਕੀ ਸੰਘਰਸ਼ਾਂ, ਜਥੇਬੰਦੀਆਂ ਨੂੰ ਕੁਚਲਣਾ ਹੈ। ਪੰਜਾਬ ਨੇ ਅੱਤਵਾਦ ਦੇ ਦੌਰ ਨੇ ਇਸ ਵਰਦੀਧਾਰੀ ਗੁੰਡਾਗਰਦੀ ਦਾ ਕਹਿਰ ਝੱਲਿਆ ਹੈ ਤੇ ਉਸਤੋਂ ਬਾਅਦ ਵੀ ਪੁਲਿਸ ਨੂੰ ਹੱਕ ਮੰਗਦੇ ਲੋਕਾਂ ਉੱਪਰ ਜਬਰ ਕਰਨ ਲਈ ਵਰਤਿਆ ਜਾ ਰਿਹਾ ਹੈ। ਕਰੋਨਾ ਦੀ ਦਹਿਸ਼ਤ ਹੇਠ ਕਈ ਲੋਕ ਇਸ ਸਰਕਾਰੀ ਗੁੰਡਾਗਰਦੀ ਦੀ ਹਮਾਇਤ ਵੀ ਕਰ ਰਹੇ ਹਨ। ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਠਰੰਮੇ ਨਾਲ ਸੋਚਣ ਤੇ ਨਜਾਇਜ਼ ਸਰਕਾਰੀ ਜਬਰ ਦੇ ਹੱਕ ਵਿੱਚ ਨਾ ਭੁਗਤਣ। 
 
ਇਸ ਸਰਕਾਰੀ ਗੁੰਡਾਗਰਦੀ ਕਾਰਨ ਹਾਲਤ ਇੰਨੀ ਨਾਜੁਕ ਹੋ ਰਹੀ ਹੈ ਕਿ ਪੁਲਿਸ ਤੇ ਆਮ ਲੋਕਾਂ ਦਰਮਿਆਨ ਟਕਰਾਅ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਗੱਲ ਦਾ ਖ਼ਦਸ਼ਾ ਹੈ ਕਿ ਇਸ ਟਕਰਾਅ ਬਹਾਨੇ ਸਰਕਾਰ ਲੋਕਾਂ ਉੱਪਰ ਜ਼ਬਰ ਹੋਰ ਤੇਜ਼ ਕਰੇਗੀ। ਇਸ ਕਰਕੇ ਅਸੀਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ। ਅਸੀਂ ਪੁਲਿਸ ਮੁਲਾਜ਼ਮਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਕਿਰਤੀ ਪਰਿਵਾਰਾਂ ਵਿੱਚੋਂ ਹਨ ਤੇ ਕਿਰਤੀ ਲੋਕਾਂ ਉੱਪਰ ਮੜ੍ਹ ਦਿੱਤੇ ਗਏ ਬੰਦ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣ ਤੇ ਹਿੰਸਾ ਤੋਂ ਗੁਰੇਜ਼ ਕਰਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਗੁੰਡਾਗਰਦੀ ਨੂੰ ਫੌਰਨ ਨੱਥ ਪਾਈ ਜਾਵੇ ਤੇ ਲੋਕਾਂ ਦੀ ਜਾਇਜ਼ ਸਮੱਸਿਆਵਾਂ ਦਾ ਤੁਰੰਤ ਹੱਲ਼ ਕੀਤਾ ਜਾਵੇ। ਨਹੀਂ ਤਾਂ ਅਗਲੇ ਦਿਨਾਂ ਵਿੱਚ ਨਾ ਸਿਰਫ ਲੋਕ ਭੁੱਖ ਨਾਲ਼ ਮਰਨਗੇ ਸਗੋਂ ਲੋਕਾਂ ਤੇ ਪੁਲਿਸ ਦਰਮਿਆਨ ਟਕਰਾਅ ਤਿੱਖਾ ਹੋਵੇਗਾ ਜਿਸ ਲਈ ਪੂਰੀ ਤਰ੍ਹਾਂ ਸਰਕਾਰੀ ਤੰਤਰ ਜਿੰਮੇਵਾਰ ਹੋਵੇ।

No comments:

Post a Comment