Monday, 9 March 2020

ਨਾਗਰਿਕਤਾ ਹੱਕਾਂ ਤੇ ਹਮਲੇ ਖਿਲਾਫ ਲੁਧਿਆਣਾ ਵਿਖੇ ਹੋਈ ਜਿਲ੍ਹਾ ਪੱਧਰੀ ਵਿਸ਼ਾਲ ਰੈਲੀ।

14 ਜਨਤਕ ਜੱਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇੇ ਨਾਗਰਿਕਤਾ ਸੋਧ ਕਨੂੰਨ, ਅਬਾਦੀ ਤੇ ਨਾਗਰਿਕ ਰਜਿਸਟਰ ਅਤੇ ਸੰਘੀ-ਭਾਜਪਾਈ ਟੋਲੇ ਵੱਲੋਂ ਦਿੱਲੀ ਕਤਲੇਆਮ ਖਿਲਾਫ਼ ਵਿਸ਼ਾਲ ਰੈਲੀ ਹੋਈ
ਪੰਜਾਬ ਦੀ ਕਾਂਗਰਸ ਸਰਕਾਰ ਤੋਂ ਵੀ ਐਨ.ਪੀ.ਆਰ. ਦੇ ਮੁੱਦੇ ਉੱਤੇੇ ਸਪੱਸ਼ਟੀਕਰਨ ਦੀ ਮੰਗ, ਕਿਹਾ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿਆਂਗੇ

9 ਮਾਰਚ 2020, ਲੁਧਿਆਣਾ, ਚੰਡੀਗੜ੍ਹ – ਨਾਗਰਿਕਤਾ ਹੱਕਾਂ ਤੇ ਹਮਲੇ ਵਿਰੁੱਧ ਪੰਜਾਬ ਦੇ ਕਿਸਾਨਾਂ, ਸਨਅਤੀ ਤੇ ਖੇਤ ਮਜ਼ਦੂਰਾਂ, ਬਿਜਲੀ ਕਾਮਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ 14 ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਧਾਰਮਿਕ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਨਾਗਰਿਕਤਾ ਸੋਧ ਕਨੂੰਨ, ਜਨਸੰਖਿਆ ਤੇ ਨਾਗਰਿਕ ਰਜਿਸਟਰ ਅਤੇ ਮੋਦੀ-ਸ਼ਾਹ ਹਕੂਮਤ ਦੀ ਸਰਪ੍ਰਸਤੀ ਹੇਠ ਸੰਘੀ ਗੁੰਡਾ ਗਿਰੋਹਾਂ ਵੱਲੋਂ ਸਾਜਿਸ਼ੀ ਯੋਜਨਾਬੱਧ ਕਤਲੇਆਮ ਤੇ ਉਜਾੜੇ ਖਿਲਾਫ਼ ਲੁਧਿਆਣਾ ਦੇ ਸ਼ਾਹੀਨ ਬਾਗ, ਦਾਣਾ ਮੰਡੀ (ਜਲੰਧਰ ਬਾਈਪਾਸ) ਵਿਖੇ ਜਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿੱਚ ਵੱਡੀ ਗਿਣਤੀ ਔਰਤਾਂ ਸਮੇਤ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਹਜ਼ਾਰਾਂ ਕਿਰਤੀ ਲੋਕ ਸ਼ਾਮਲ ਹੋਏ। 

“ਹਿੰਦੂ-ਮੁਸਲਿਮ-ਸਿੱਖ-ਇਸਾਈ, ਸਾਰੇ ਕਿਰਤੀ ਭਾਈ-ਭਾਈ”, “ਫਾਸੀਵਾਦ ਮੁਰਦਾਬਾਦ” ਤੇ ਹੋਰ ਗਰਜਵੇਂ ਨਾਅਰੇ ਬੁਲੰਦ ਕਰਦੇ ਹੋਏ ਲੋਕਾਂ ਦੇ ਵਿਸ਼ਾਲ ਇਕੱਠ ਨੇ ਮੰਗਾਂ ਸਬੰਧੀ ਪੇਸ਼ ਕੀਤੇ ਗਏ ਮਤੇ ਪਾਸ ਕੀਤੇ। ਇਕੱਠ ਨੇ ਮੰਗ ਕੀਤੀ ਕਿ ਸੀ.ਏ.ਏ, ਐਨ.ਆਰ.ਸੀ ਤੇ ਐਨ.ਪੀ.ਆਰ ਤਰੁੰਤ ਰੱਦ ਹੋਵੇ, ਐਨ.ਆਰ.ਸੀ. ਦੀ ਪ੍ਰਕਿਰਿਆ ਤਹਿਤ ਬਣਾਏ ਸਾਰੇ ਨਜ਼ਰਬੰਦੀ ਕੈਂਪ ਬੰਦ ਕੀਤੇ ਜਾਣ, ਉੱਥੇ ਡੱਕੇ ਲੋਕ ਰਿਹਾ ਕੀਤੇ ਜਾਣ, ਨਾਗਿਰਕਤਾ ਹੱਕਾਂ ‘ਤੇ ਹਮਲੇ ਖਿਲਾਫ਼ ਪ੍ਰਚੰਡ ਲੋਕ ਰੋਹ ਨੂੰ ਦਬਾਉਣ ਲਈ ਭੜਕਾਈ ਜਾ ਰਹੀ ਫਿਰਕੂ ਹਿੰਸਾ ਤੁਰੰਤ ਬੰਦ ਹੋਵੇ, ਦਿੱਲੀ ‘ਚ ਮੁਸਲਮਾਨਾਂ ਖਿਲਾਫ਼ ਹਿੰਸਾ ਭੜਕਾਉਣ ਦੇ ਦੋਸ਼ੀ ਭਾਜਪਾ-ਆਰ.ਐਸ.ਐਸ. ਦੇ ਆਗੂਆਂ, ਹਮਲਾਵਰ ਗੁੰਡਿਆਂ ਤੇ ਇਹਨਾਂ ਦੇ ਪਾਲਤੂ ਪੁਲਿਸ ਅਫਸਰਾਂ ਨੂੰ ਗਿਰਫਤਾਰ ਕਰਕੇ ਮਿਸਾਲੀ ਸਜਾਵਾਂ ਦਿੱਤੀਆਂ ਜਾਣ। ਮੰਗ ਕੀਤੀ ਗਈ ਕਿ ਨਾਗਰਿਕਤਾ ਹੱਕਾਂ ’ਤੇ ਹਮਲੇ ਖਿਲਾਫ਼ ਸ਼ਾਹੀਨ ਬਾਗ ਦਿੱਲੀ ਸਣੇ ਦੇਸ਼ ਭਰ ਵਿੱਚ ਸੰਘਰਸ਼ਸ਼ੀਲ ਲੋਕਾਂ ਉੱਤੇ ਸਭਨਾਂ ਤਰ੍ਹਾਂ ਦੇ ਹਮਲੇ ਬੰਦ ਹੋਣ, ਉਹਨਾਂ ਦੀ ਸੁਰੱਖਿਆ ਦੀ ਗਰੰਟੀ ਹੋਵੇ, ਸੰਘਰਸ਼ਸ਼ੀਲ ਲੋਕਾਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, ਗਿਰਫਤਾਰ ਕੀਤੇ ਲੋਕ ਤੇ ਬੁੱਧੀਜੀਵੀ ਰਿਹਾ ਕੀਤੇ ਜਾਣ, ਜੇ.ਐਨ.ਯੂ ਤੇ ਜਾਮੀਆ ਯੂਨੀਵਰਸਿਟੀ ਤੇ ਮੁਲਕ ਭਰ ‘ਚ ਜਬਰ ਢਾਉਣ ਵਾਲੇ ਅਫ਼ਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਜੱਥੇਬੰਦੀਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਐਨ.ਪੀ.ਆਰ. ਨਾ ਲਾਗੂ ਕਰਨ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਦੀ ਕੋਸ਼ਿਸ਼ਾਂ ਦੀ ਸਖਤ ਨਿੰਦਿਆ ਕਰਦੇ ਹੋਏ ਮੰਗ ਕੀਤੀ ਕਿ ਇਸ ਬਾਰੇ ਮੁੱਖ ਮੰਤਰੀ ਲਿਖਤੀ ਰੂਪ ਵਿੱਚ ਸਥਿਤੀ ਸਪੱਸ਼ਟ ਕਰੇ। ਲੋਕ ਆਗੂਆਂ ਨੇ ਕਿਹਾ ਕਿ 14 ਜਨਤਕ ਜੱਥੇਬੰਦੀਆਂ ਆਪਣੇ ਐਲਾਨ ਉੱਤੇ ਅਡਿੱਗ ਹਨ ਕਿ ਜੇਕਰ ਸੂਬੇ ਵਿੱਚ ਐਨ.ਪੀ.ਆਰ. ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਜਵਾਬ ਸੂਬਾ ਸਰਕਾਰ ਖਿਲਾਫ਼ ਤਿੱਖੇ ਲੋਕ ਘੋਲ ਨਾਲ਼ ਦਿੱਤਾ ਜਾਵੇਗਾ। ਜੱਥੇਬੰਦੀਆਂ ਨੇ ਸਮੇਂ-ਸਮੇਂ ਫਿਰਕੂ ਸਾਜਿਸ਼ਾਂ ਵਿੱਚ ਸ਼ਾਮਿਲ ਰਹੀਆਂ ‘ਤੇ ਮੌਜੂਦਾ ਫਿਰਕੂ-ਫਾਸੀ ਹੱਲੇ ਦੇ ਪੱਖ ਵਿੱਚ ਸਿੱਧੇ—ਅਸਿੱਧੇ ਰੂਪ ‘ਚ ਭੁਗਤ ਰਹੀਆਂ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਲੋਕ ਰੋਹ ਦਾ ਸੇਕ ਝੱਲਣ ਦੀ ਤਾੜਨਾ ਕੀਤੀ। 

ਅੱਜ ਦੇ ਇਕੱਠ ਨੂੰ ਬੀ.ਕੇ.ਯੂ. (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀ.ਕੇ.ਯੂ (ਏਕਤਾ ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਮਜਲਿਸ ਅਹਰਾਰ ਇਸਲਾਮ ਹਿੰਦ ਜਾਮਾ ਮਸਜਿਦ ਦੇ ਜਨਰਲ ਸਕੱਤਰ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਨੌਜਵਾਨ ਭਾਰਤ ਸਭਾ (ਲਲਕਾਰ) ਦੀ ਆਗੂ ਬਿੰਨੀ, ਕਿਸਾਨ ਆਗੂ ਹਰਿੰਦਰ ਬਿੰਦੂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਸੁਰਿੰਦਰ ਸਿੰਘ, ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਇਕਬਾਲ ਸਿੰਘ, ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਜਨਰਲ ਸੱਕਤਰ ਪ੍ਰੋ. ਜਗਮੋਹਨ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਹਰਸ਼ਾ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਵਿੰਦਰ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ, ਧਾਰਮਿਕ ਭਾਈਚਾਰੇ ਵੱਲੋਂ ਮੁਹੰਮਦ ਮੁਸਕੀਮ ਅਹਰਾਰ ਤੇ ਕਾਰੀ ਮੁਸਤਕੀਮ ਕਰੀਮੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂ  ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਕਿਸਾਨ ਆਗੂ ਜਗਮੋਹਣ ਸਿੰਘ ਨੇ ਬਾਖੂਬੀ ਨਿਭਾਈ।

ਆਗੂਆਂ ਨੇ ਕਿਹਾ ਕਿ ਸੰਨ 84 ਚ ਸਿੱਖਾਂ ਦੇ ਕਤਲੇਆਮ ਦੀ ਤਰਜ਼ ਉੱਤੇ ਦਿੱਲੀ ਚ ਮੁਸਲਮਾਨਾਂ ਦੇ ਕਤਲੇਆਮ ਨੇ ਮੋਦੀ-ਸ਼ਾਹ ਹਕੂਮਤ ਦੇ ਨਾਗਰਿਕਤਾ ਸੋਧ ਕਨੂੰਨ ਪਿੱਛੇ ਛਿਪੇ ਘੋਰ ਲੋਕ ਦੋਖੀ ਇਰਾਦਿਆਂ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਬੁਲਾਰਿਆਂ ਨੇ ਆਰ.ਐੱਸ.ਐੱਸ ਤੇ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਹੱਕੀ ਘੋਲ ਨੂੰ ਕੁਚਲਣ ਦੀ ਨਿੰਦਾ ਕਰਦੇ ਹੋਏ ਐਲਾਨ ਕੀਤਾ ਕਿ ਲੋਕਾਂ ਨੂੰ ਧਰਮ ਦੇ ਨਾਂ ‘ਤੇ ਲੜਾਉਣ, ਫਿਰਕੂ ਵੰਡੀਆਂ ਪਾਉਣ, ਅੰਨਾ-ਕੌਮਵਾਦ ਭੜਕਾਉਣ, ਕਤਲੋਗਾਰਦ ਰਚਾਉਣ, ਨਾਗਰਿਕਤਾ ਸਮੇਤ ਹੋਰ ਜਮਹੂਰੀ ਹੱਕਾਂ ਦੇ ਘਾਣ ਤੇ ਲੋਕਾਂ ਦੀ ਲੁੱਟ ਤਿੱਖੀ ਕਰਨ ਦੇ ਖੋਟੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।

ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਸੀ.ਏ.ਏ, ਐਨ.ਆਰ.ਸੀ ਤੇ ਐਨ.ਪੀ.ਆਰ ਰਾਹੀਂ ਲੋਕਾਂ ਦੀ ਭਾਈਚਾਰਕ ਸਾਂਝ ਤੇ ਅਮਨ ਨੂੰ ਲਾਂਬੂ ਲਾਉਣ, ਫਿਰਕੂ ਜਹਿਰ ਘੋਲਣ ਦਾ ਕੁਕਰਮ ਕਰ ਰਹੀ ਹੈ, ਲੋਕਾਂ ਦੇ ਅਸਲ ਮਸਲਿਆਂ ਤੇ ਅਸਲ ਦੁਸ਼ਮਣਾਂ ਤੋਂ ਧਿਆਨ ਲਾਂਭੇ ਲਿਜਾਣਾ ਚਾਹੁੰਦੀ ਹੈ। ਇਸਦਾ ਸ਼ਿਕਾਰ ਮੁਸਲਮਾਨਾਂ ਸਮੇਤ ਸਭ ਘੱਟਗਿਣਤੀਆਂ, ਸਭ ਕਿਰਤੀ ਲੋਕ, ਦਲਿਤ, ਪੱਛੜੀਆਂ ਸ਼੍ਰੇਣੀਆਂ, ਦਬਾਈਆਂ ਕੌਮੀਅਤਾਂ, ਲੋਕ-ਪੱਖੀ ਬੁੱਧੀਜੀਵੀ, ਧਰਮ-ਨਿਰਪੱਖ ਤੇ ਵਿਗਿਆਨੀ ਸੋਚ ਦੇ ਧਾਰਨੀ ਅਤੇ ਜਮਹੂਰੀ ਹੱਕਾਂ ਲਈ ਜੂਝਦੇ ਸਮੂਹ ਸੰਘਰਸ਼ਸ਼ੀਲ ਲੋਕ ਹਨ। ਮੋਦੀ ਹਕੂਮਤ ਇਹਦੀ ਆੜ ‘ਚ ਮੁਲਕ  ਦੇ ਪੈਦਾਵਾਰੀ ਸੋਮੇ, ਕਮਾਈ ਦੇ ਸਾਧਨ, ਜਲ-ਜੰਗਲ-ਜਮੀਨਾਂ, ਨਿੱਜੀਕਰਨ ਕਰਕੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਹਕੂਮਤ ਦੀਆਂ ਇਹਨਾਂ ਨੀਤੀਆਂ ਕਰਕੇ ਕਾਮਿਆਂ ਦੀਆਂ ਵਿਆਪਕ ਛਾਂਟੀਆਂ, ਮਜ਼ਦੂਰ-ਮੁਲਾਜ਼ਮਾਂ ਦੇ ਰੁਜ਼ਗਾਰ ਉਜਾੜੇ ਹੋ ਰਹੇ ਹਨ, ਨਾ–ਮਾਤਰ ਲੇਬਰ ਕਨੂੰਨਾਂ ਦੀ ਸਫ ਲਪੇਟੀ ਜਾ ਰਹੀ ਹੈ, ਛੋਟੇ ਕੰਮ ਧੰਦਿਆ ਵਾਲੇ ਲੋਕ ਆਰਥਿਕ ਤਬਾਹੀ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਲੋਕ-ਮਾਰੂ ਨੀਤੀਆਂ ਖਿਲਾਫ ਜੂਝਦੇ ਲੋਕਾਂ ਨੂੰ ਦੇਸ਼-ਧ੍ਰੋਹੀ ਆਖਣ ਵਾਲੀ ਮੋਦੀ ਹਕੂਮਤ-ਖੁਦ ਦੇਸ਼ਧ੍ਰੋਹੀ ਹੈ। ਆਗੂਆਂ ਨੇ ਕਿਹਾ ਕਿ ਖਤਰਾ ਮੁਸਲਮਾਨਾਂ ਤੋਂ ਨਹੀਂ ਹੈ, ਸਗੋਂ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਹੈ।

ਉਹਨਾਂ ਆਖਿਆ ਕਿ ਮੋਦੀ ਹਕੂਮਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਪਰ ਇਸਦਾ ਮਤਲਬ ਹਿੰਦੂ-ਧਰਮੀ ਲੋਕਾਂ ਦਾ ਵਿਕਾਸ ਨਹੀਂ, ਸਗੋਂ ਅਜਿਹਾ ਪਿਛਾਖੜੀ ਰਾਜ ਸਥਾਪਿਤ ਕਰਨਾ ਹੈ ਜਿੱਥੇ ਲੋਕਾਂ ਦੇ ਮੁੱਢਲੇ ਜਮਹੂਰੀ ਤੇ ਕਨੂੰਨੀ ਹੱਕ ਖਤਮ ਕੀਤੇ ਜਾਣ ਤਾਂ ਜੋ ਲੁੱਟ ਜਬਰ ਵਿਰੁੱਧ ਸੰਘਰਸ਼ ਨਾ ਕਰ ਸਕਣ। ਉਹਨਾਂ ਆਖਿਆ ਕਿ ਮੌਜੂਦਾ ਕਾਲੇ ਕਨੂੰਨਾਂ ਖਿਲਾਫ ਹਰ ਜਾਤ, ਧਰਮ, ਮਜ਼ਹਬ ਦੇ ਲੋਕਾਂ ਔਰਤਾਂ,ਨੌਜਵਾਨਾਂ, ਵਿਦਿਆਰਥੀ, ਬੁੱਧੀਜੀਵੀ, ਕਿਸਾਨ, ਮਜ਼ਦੂਰ ਮੈਦਾਨ ‘ਚ ਡਟੇ ਹਨ। ਉਹਨਾਂ ਹਕੂਮਤੀ ਵਾਰ ਨੂੰ ਟੱਕਰ ਦਿੱਤੀ ਹੈ। ਦਿੱਲੀ, ਯੂ.ਪੀ ‘ਚ ਯੋਜਨਾਬੱਧ ਢੰਗ ਨਾਲ ਸਾੜ-ਫੂਕ, ਕਤਲੋਗਾਰਦ, ਸਭ ਤਰ੍ਹਾਂ ਦੇ ਬਾਵਜੂਦ ਵੱਖ-ਵੱਖ ਧਰਮਾਂ ਦੇ ਲੋਕ ਇੱਕ ਦੂਜੇ ਨਾਲ਼ ਖੜੇ ਹਨ, ਫਿਰਕਾਪ੍ਰਸਤਾਂ ਨੂੰ ਦੁਰਕਾਰ ਰਹੇ ਹਨ, ਫਿਰਕੂ ਭਾਈਚਾਰਕ ਅਮਨ ਮਜ਼ਬੂਤ ਕਰਨ ਲਈ ਹੰਭਲੇ ਮਾਰ ਰਹੇ ਹਨ ਤੇ ਨਾਗਰਿਕਤਾ ਹੱਕਾਂ ਉੱਤੇ ਹਮਲੇ ਖਿਲਾਫ਼ ਡੱਟ ਕੇ ਸੰਘਰਸ਼ ਕਰ ਰਹੇ ਹਨ। ਸ਼ਾਹੀਨ ਬਾਗ ਦੀ ਤਰਜ਼ ਉੱਤੇ ਥਾਂ-ਥਾਂ ਮੋਰਚੇ ਮੱਲੇ ਹੋਏ ਹਨ। ਆਗੂ ਨੇ ਲੋਕ ਸ਼ਕਤੀ ਵਿੱਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਆਖਿਆ ਕਿ ਫਾਸੀਵਾਦੀ ਹਕੂਮਤ ਨੂੰ ਲੋਕ ਮਿੱਟੀ ਵਿੱਚ ਜ਼ਰੂਰ ਮਿਲਾਉਣਗੇ।

ਆਗੂਆਂ ਨੇ ਮੋਦੀ-ਸ਼ਾਹ ਦੀ ਹਕੂਮਤ ਦੇ ਨਾਗਰਿਕਤਾ ਹੱਕਾਂ ਉੱਤੇ ਹਮਲੇ, ਦਿੱਲੀ ਕਤਲੇਆਮ, ਦੇਸ਼ ਭਰ ਵਿੱਚ ਸੰਘਰਸ਼ਸ਼ੀਸ ਲੋਕਾਂ ਉੱਤੇ ਜ਼ਬਰ, ਲੋਕਾਂ ਦੇ ਸਭਨਾਂ ਜਮਹੂਰੀ ਹੱਕਾਂ ਦੇ ਘਾਣ ਦਾ ਮੂੰਹ ਤੋੜ ਜਵਾਬ ਦੇਣ ਲਈ ਜੁਝਾਰੂ ਲੋਕ ਲਹਿਰ ਨੂੰ ਹੋਰ ਵਿਆਪਕ ਬਣਾਉਣ ਦਾ ਸੱਦਾ ਦਿੱਤਾ ਹੈ।

No comments:

Post a Comment