Monday, 9 March 2020

ਨੌਜਵਾਨ ਭਾਰਤ ਸਭਾ ਵੱਲੋਂ ਸਾਲ 2020 ਲਈ ਮੈਂਬਰਸ਼ਿੱਪ ਮੁਹਿੰਮ ਵਿੱਢਣ ਤੇ ਦੂਜਾ ਇਜਲਾਸ ਕਰਨ ਦਾ ਫੈਸਲਾ।

ਨੌਜਵਾਨ ਭਾਰਤ ਸਭਾ ਵੱਲੋਂ ਸਾਲ 2020 ਲਈ ਮੈਂਬਰਸ਼ਿੱਪ ਮੁਹਿੰਮ ਵਿੱਢਣ ਤੇ ਦੂਜਾ ਇਜਲਾਸ ਕਰਨ ਦਾ ਫੈਸਲਾ।
ਨੌਜਵਾਨ ਭਾਰਤ ਸਭਾ ਦੀ ਜਥੇਬੰਦਕ ਕਮੇਟੀ ਪੰਜਾਬ-ਹਰਿਆਣਾ ਦੀ ਮੀਟਿੰਗ ਛਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਭਵਨ ਰਾਏਕੋਟ ਵਿਖੇ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਮਾਨਵਜੋਤ ਸਿੰਘ ਤੇ ਪਾਵੇਲ ਜਲਾਲਆਣਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਸਾਲ 2020 ਲਈ ਮੈਂਬਰਸ਼ਿਪ ਮੁਹਿੰਮ ਵਿੱਢੀ ਜਾਵੇਗੀ ਅਤੇ ਇਸ ਮਗਰੋਂ ਸਥਾਨਕ ਪੱਧਰ, ਜਿਲਾ ਪੱਧਰੇ ਇਜਲਾਸਾਂ ਤੋਂ ਮਗਰੋਂ ਛੇਤੀ ਹੀ ਦੂਜਾ ਕੇਂਦਰੀ ਇਜਲਾਸ ਕੀਤਾ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਨਾਗਰਿਕਤਾ ਹੱਕਾਂ ਤੇ ਹਮਲੇ ਵਿਰੁੱਧ ਚੱਲੀ ਸਾਂਝੀ ਮੁਹਿੰਮ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਕੀਤੀ ਸਰਗਰਮੀ ਦੀ ਭਰਵੀਂ ਪੜਚੋਲ ਕੀਤੀ ਗਈ ਅਤੇ ਮੋਦੀ ਸ਼ਾਹ ਹਕੂਮਤ ਵੱਲੋਂ ਨਾਗਰਿਕਤਾ ਹੱਕਾਂ ਤੇ ਵਿੱਢੇ ਇਹਨਾਂ ਹਮਲਿਆਂ ਖਿਲਾਫ 14 ਜਨਤਕ ਜਥੇਬੰਦੀਆਂ ਦੇ ਥੜ੍ਹੇ ਦੇ ਸੱਦੇ ਤਹਿਤ ਵਿੱਢੇ ਸਾਂਝੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਇਹਨਾਂ ਫਿਰਕੂ ਫਾਸ਼ੀਵਾਦੀ ਫੈਸਲਿਆਂ ਨੂੰ ਵਾਪਸ ਕਰਾਉਣ ਤੱਕ ਡਟਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਭਾਜਪਾਈ ਹਕੂਮਤ ਆਪਣੇ ਫਿਰਕੂ ਫ਼ਾਸੀਵਾਦੀ ਮਨਸੂਬਿਆਂ ਨੂੰ ਬਹੁਤ ਤੇਜੀ ਨਾਲ਼ ਅੱਗੇ ਵਧਾ ਰਹੀ ਹੈ | ਇਹ ਆਪਣੇ ਅਖੌਤੀ ‘ਹਿੰਦੂ ਰਾਸ਼ਟਰ’ ਦੇ ਏਜੰਡੇ ਨੂੰ ਪੂਰੀ ਧੁੱਸ ਨਾਲ਼ ਲਾਗੂ ਕਰ ਰਹੀ ਹੈ, ਅਤੇ ਦੂਜੇ ਪਾਸੇ ਦੇਸ਼ ਦੇ ਕਿਰਤੀ ਲੋਕਾਂ, ਨੌਜਵਾਨਾਂ, ਮੁਲਾਜਮ ਤਬਕਿਆਂ, ਵਿਦਿਆਰਥੀਆਂ ਦੇ ਹੱਕਾਂ ਤੇ ਦਿਨੋਂ ਦਿਨ ਡਾਕੇ ਮਾਰ ਰਹੀ ਹੈ, ਉਹਨਾਂ ਤੇ ਆਰਥਿਕ ਹੱਲਾ ਹੋਰ ਤੇਜ਼ ਕਰ ਰਹੀ ਹੈ, ਜਿਸ ਕਰਕੇ ਅੱਜ ਦੇਸ਼ ਦੇ ਕਿਰਤੀ, ਨੌਜਵਾਨ ਤਬਕਾ ਬੇਰੁਜ਼ਗਾਰੀ, ਗਰੀਬੀ ਨਾਲ ਤੇ ਸਿਹਤ ਸਹੂਲਤਾਂ ਖੁਣੋਂ ਤੜਪ ਰਿਹਾ ਹੈ। ਪਰ ਕੌਮੀ ਸਵੈਸੰਘ ਦੀ ਰਹਿਨੁਮਾਈ ਅਧੀਨ ਚਲਦਿਆਂ ਮੋਦੀ ਸ਼ਾਹ ਦੀ ਫਿਰਕੂ ਫਾਸ਼ੀਵਾਦੀ ਹਕੂਮਤ ਲੋਕਾਂ ਦੀਆਂ ਆਰਥਿਕ ਪੀੜਾਂ ਦਾ ਹੱਲ ਕਰਨ ਦੀ ਥਾਂਵੇਂ ਦੇਸ਼ ਦੇ ਸਰਮਾਏਦਾਰਾਂ ਨੂੰ ਖੁੱਲੇ ਗੱਫੇ ਲੁੱਟਾਕੇ ਉਹਨਾਂ ਦੀ ਗੋਲੀ ਹੋਣ ਦਾ ਸਬੂਤ ਦੇ ਰਹੀ ਹੈ ਤੇ ਲੋਕਾਂ ਚ ਫਿਰਕੂ ਪਾਟਕਾਂ ਪਾਕੇ ਉਹਨਾਂ ਨੂੰ ਹੱਕੀ ਮੰਗਾਂ ਮਸਲਿਆਂ ਪ੍ਰਤੀ ਚੇਤਨਾ ਤੇ ਸੰਘਰਸ਼ ਨੂੰ ਤਿਲਕਉਣ ਦੀਆਂ ਕੋਝੀਆਂ ਚਾਲਾਂ ਖੇਡ ਰਹੀ ਹੈ।

ਇਸ ਮੌਕੇ ਫਿਰਕੂ-ਫ਼ਾਸੀਵਾਦੀ ਹਨ੍ਹੇਰੀ ਨੂੰ ਠੱਲ੍ਹਣ ਲਈ ਨੌਜਵਾਨ ਤਬਕੇ ਦੀ ਵੱਡੀ ਸਫ਼ਬੰਦੀ ਦੀ ਲੋੜ ਪਹਿਲਾਂ ਤੋਂ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਇਸ ਮੌਕੇ ਜਿੱਥੇ ਇੱਕ ਪਾਸੇ ਰਸਸ-ਭਾਜਪਾ ਦੇ ਫ਼ਿਰਕੂ-ਫ਼ਾਸੀਵਾਦੀ ਏਜੰਡੇ ਨੂੰ ਮੂਹਰੋਂ ਹੋ ਕੇ ਟੱਕਰਨ ਦੀ ਅਣਸਰਦੀ ਲੋੜ ਹੈ, ਨਾਲ਼ ਹੀ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ’ ਜਿਹੀਆਂ ਬੁਨਿਆਦੀ ਮੰਗਾਂ ਮਸਲਿਆਂ ਤੇ ਸੰਘਰਸ਼ ਨੂੰ ਵੀ ਤੇਜ ਕਰਨ ਦੀ ਲੋੜ ਹੈ। ਇਸ ਲਈ ਅੱਜ ਨੌਜਵਾਨਾਂ ਨੂੰ ਜੱਥੇਬੰਦਕ ਘੇਰੇ ਵਿੱਚ ਲੈਕੇ ਆਉਣਾ ਤੇ ਇੱਕ ਮਜਬੂਤ ਨੌਜਵਾਨ ਲਹਿਰ ਦੀ ਉਸਾਰੀ ਇੱਕ ਅਹਿਮ ਕਾਰਜ ਹੈ।

ਆਗੂਆਂ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਨੌਜਵਾਨ ਲਹਿਰ ਦੀ ਉਸਾਰੀ ਦੇ ਕਾਜ ਲਈ ਖਿੱਤੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਤੇ ਇਸ ਲਈ ਸਰਗਰਮ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਸੇਧ ਵਿੱਚ ਨੌਜਵਾਨ ਭਾਰਤ ਸਭਾ ਦਾ ਦੂਜਾ ਇਜਲਾਸ ਕਰਨਾ ਮੌਕੇ ਮੁਤਾਬਕ ਹੋਰ ਮਹੱਤਤਾ ਹਾਸਲ ਕਰ ਲੈਂਦਾ ਹੈ।

ਇਸ ਮੀਟਿੰਗ ਵਿੱਚ ਨੌਜਵਾਨ ਭਾਰਤ ਸਭਾ ਦੇ ਛਿੰਦਰਪਾਲ ਸਿੰਘ, ਗੁਰਪ੍ਰੀਤ ਰੋੜੀਕਪੂਰਾ, ਗੁਰਪ੍ਰੀਤ ਚੰਗਾਲੀਵਾਲਾ, ਮਾਨਵਜੋਤ, ਪਵੇਲ ਜਲਾਲਆਣਾ ਤੇ ਅਮਨ ਜਗਮਲੇਰਾ ਹਾਜ਼ਰ ਸਨ |

No comments:

Post a Comment