ਨੌਜਵਾਨ ਭਾਰਤ ਸਭਾ ਦੀ ਅਗਵਾਈ ਚ ਆਰੋਹੀ ਮਾਡਲ ਸਕੂਲ, ਜਲਾਲਾਆਣਾ (ਜਿਲ੍ਹਾ ਸਰਸਾ) ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈਕੇ ਧਰਨਾ ਲਾਇਆ ਗਿਆ!
ਮੰਗਾ ਛੇਤੀ ਨਾ ਪੂਰੀਆਂ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕਰਦੇ ਹੋਏ ਬਲਾਕ ਔਢਾਂ ਦੇ ਪਿੰਡਾਂ ਵਿੱਚ ਹਰਿਆਣਾ ਦੀ ਭਾਜਪਾ ਜੇਜੇਪੀ ਸਰਕਾਰ ਅਤੇ ਸਿੱਖਿਆ ਮਹਿਕਮੇ ਦੇ ਪੁਤਲੇ ਫੂਕੇ ਜਾਣਗੇ!!
9 ਮਾਰਚ (ਜਲਾਲਆਣਾ)
ਆਰੋਹੀ ਮਾਡਲ ਸਕੂਲ, ਜਲਾਲਆਣਾ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈਕੇ ਨੌਜਵਾਨ ਭਾਰਤ ਸਭਾ ਵੱਲੋਂ ਅੱਜ ਸਕੂਲ ਦੇ ਗੇਟ ਅੱਗੇ ਧਰਨਾ ਲਾਇਆ ਗਿਆ। ਇਸ ਧਰਨੇ ਵਿੱਚ ਵੱਖੋ ਵੱਖ ਪਿੰਡਾਂ ਤੋਂ ਆਏ ਵਿਦਿਆਰਥੀਆਂ ਦੇ ਮਾਪੇ ਵੀ ਹਾਜਿਰ ਸਨ। ਕਾਲਿਆਂਵਾਲੀ ਦੇ ਤਹਿਸੀਲਦਾਰ ਅਤੇ ਬਲਾਕ ਸਿੱਖਿਆ ਅਫ਼ਸਰ ਮੌਕੇ ਤੇ ਪੁੱਜੇ ਅਤੇ ਮੰਗਾਂ ਨੂੰ ਸਿੱਖਿਆ ਮਹਿਕਮੇ ਤੇ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਮੰਗਾ ਛੇਤੀ ਨਾ ਪੂਰੀਆਂ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚਿਤਾਉਣੀ ਨਾਲ ਧਰਨਾ ਸਮਾਪਤ ਕੀਤਾ ਗਿਆ।
ਇਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂ ਸੰਦੀਪ ਨੇ ਦੱਸਿਆ ਕਿ “ਆਰੋਹੀ ਮਾਡਲ ਸਕੂਲ ਵਿੱਚ ਅਧਿਆਪਕਾਂ ਦੀਆਂ 28 ਅਸਾਮੀਆਂ ਵਿੱਚੋਂ 21 ਅਸਾਮੀਆਂ ਖਾਲੀ ਹਨ। ਹਰੇਕ ਬਲਾਕ ਵਿੱਚ ਸਿੱਖਿਆ ਦੇ ਮਿਆਰ ਦਾ ਨਮੂਨਾ ਪੇਸ਼ ਕਰਨ ਲਈ ਸਰਕਾਰ ਵੱਲੋਂ ਖੋਲ੍ਹੇ ਗਏ “ਮਾਡਲ” ਸਕੂਲ ਦਾ ਹੀ ਜੇਕਰ ਇਹ ਹਾਲ ਹੈ ਤਾਂ ਬਾਕੀ ਸਕੂਲਾਂ ਦਾ ਸਹਿਜੇ ਅੰਦਾਜਾ ਲਾਇਆ ਜਾ ਸਕਦਾ ਹੈ। ਸਰਕਾਰ ਨੂੰ ਮੰਗਾਂ ਮਨਵਾਉਣ ਲਈ ਮਜ਼ਬੂਰ ਕਰਨ ਵਾਸਤੇ ਲੰਮੀ ਲੜਾਈ ਲੜ੍ਹਨੀ ਪੈਣੀ ਹੈ।”
ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ ਨੇ ਕਿਹਾ ਕਿ “ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਭਾਜਪਾ ਜੇਜੇਪੀ ਸਰਕਾਰ ਸਰਕਾਰੀ ਅਦਾਰਿਆਂ ਨੂੰ ਵੇਚਣ ਤੇ ਲੱਗੀ ਹੋਈ ਹੈ ਤਾਂ ਜੋ ਸਰਮਾਏਦਾਰਾਂ ਦੀਆਂ ਜੇਬਾਂ ਭਰੀਆਂ ਜਾ ਸਕਣ। ਇਸਲਈ ਇਹਨਾਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਲੋਕਲਹਿਰ ਸਿਰਜਣ ਦੀ ਲੋੜ ਹੈ।”
ਨੌਜਵਾਨ ਭਾਰਤ ਸਭਾ ਦੇ ਆਗੂ ਪਾਵੇਲ ਨੇ ਕਿਹਾ ਕਿ “ਭਾਜਪਾ ਸਰਕਾਰ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਅਪਣਾ ਰਾਜ ਪੱਕਾ ਕਰਨ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਲੱਗੀ ਹੋਈ ਹੈ ਤਾਂ ਜੋ ਸਰਮਾਏਦਾਰਾਂ ਨੂੰ ਲੋਕਾਂ ਦੀ ਲੁੱਟ ਖੁੱਲ੍ਹੇਆਮ ਕਰਨ ਦੀ ਛੂਟ ਮਿਲੇ। ਇਸਲਈ ਸੀਏਏ, ਐਨਆਰਸੀ ਅਤੇ ਐਨਪੀਆਰ ਵਰਗੇ ਕਾਲ਼ੇ ਕਾਨੂੰਨ ਲਿਆ ਰਹੀ ਹੈ।”
ਇਸ ਤੋਂ ਬਾਅਦ ਮੌਕੇ ਤੇ ਕਾਲਿਆਂਵਾਲੀ ਦੇ ਤਹਿਸੀਲਦਾਰ ਅਤੇ ਬਲਾਕ ਸਿੱਖਿਆ ਅਫ਼ਸਰ ਪੁੱਜੇ ਅਤੇ ਮੰਗਾਂ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ ਅਤੇ ਸਕੂਲ ਵਿਚਲੇ ਹੋਸਟਲ ਦੀਆਂ ਦਿੱਕਤਾਂ ਫੌਰੀ ਹੱਲ ਕਰਨ ਦੀ ਗੱਲ ਕਹੀ। ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਨੌਜਵਾਨ ਭਾਰਤ ਸਭਾ ਵੱਲੋਂ ਮੌਕੇ ਤੇ ਪੁੱਜੇ ਅਫ਼ਸਰਾਂ ਨੂੰ ਕਿਹਾ ਗਿਆ ਕਿ ਜੇਕਰ ਮੰਗਾ ਛੇਤੀ ਪੂਰੀਆਂ ਨਹੀਂ ਹੁੰਦੀਆਂ ਤਾਂ ਸੰਘਰਸ਼ ਹੋਰ ਤਿੱਖਾ ਅਤੇ ਵੱਡੇ ਪੱਧਰ ਤੇ ਕੀਤਾ ਜਾਵੇਗਾ। ਅਤੇ ਬਲਾਕ ਦੇ ਪਿੰਡਾਂ ਵਿੱਚ ਭਾਜਪਾ ਜੇਜੇਪੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
No comments:
Post a Comment