Thursday, 26 March 2020

ਕਰੋਨਾ ਬਿਮਾਰੀ ਦੀ ਆਫ਼ਤ ਵਿੱਚ ਲੋਕਾਂ ਦੀ ਹਕੀਕੀ ਮਦਦ ਕਰੇ ਸਰਕਾਰ - 15 ਜਨਤਕ ਜੱਥੇਬੰਦੀਆਂ

ਕਰੋਨਾ ਬਿਮਾਰੀ ਦੀ ਆਫ਼ਤ ਵਿੱਚ ਲੋਕਾਂ ਦੀ ਹਕੀਕੀ ਮਦਦ ਕਰੇ ਸਰਕਾਰ - 15 ਜਨਤਕ ਜੱਥੇਬੰਦੀਆਂ
ਨਾਜਾਇਜ਼ ਪਾਬੰਦੀਆਂ ਮੜ੍ਹਨ ਤੇ ਪੁਲਿਸ ਤਸ਼ੱਦਦ ਦੀ ਸਖਤ ਨਿਖੇਧੀ

26 ਮਾਰਚ 2020, ਚੰਡੀਗੜ੍ਹ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ, ਬੇਰੁਜ਼ਗਾਰਾਂ, ਨੌਜਵਾਨਾਂ, ਵਿਦਿਆਰਥੀਆਂ ਦੀਆਂ 15 ਜਨਤਕ ਜੱਥੇਬੰਦੀਆਂ ਨੇ ਕੋਰੋਨਾ ਮਾਮਲੇ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਘੋਰ ਲੋਕ ਦੋਖੀ ਰਵੱਈਏ ਦੀ ਸਖਤ ਨਿੰਦਾ ਕਰਦੇ ਹੋਏ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ। ਜੱਥੇਬੰਦੀਆਂ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਰਾਜਵਿੰਦਰ ਸਿੰਘ ਵੱਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੰਸਾਰ ਵਿੱਚ ਫੈਲੀ ਇਸ ਬਿਮਾਰੀ ਬਾਰੇ ਕਈ ਮਹੀਨੇ ਪਹਿਲਾਂ ਹੀ ਪਤਾ ਹੋਣ ਦੇ ਬਾਵਜੂਦ ਵੀ ਵਿਦੇਸ਼ੋਂ ਆਏ ਵਿਅਕਤੀਆਂ ਦੇ ਟੈਸਟ ਤੇ ਇਲਾਜ ਕਰਨ, ਵੱਖ਼ਰੇ ਰੱਖਣ, ਸਾਵਧਾਨੀਆਂ ਵਰਤਣ ਲਈ ਸਿੱਖਿਅਤ ਕਰਨ ਵਰਗੇ ਕਦਮ ਲੈਣ ਦੀ ਥਾਂ ਉਹਨਾਂ ਨੂੰ ਦੇਸ਼ ਚ ਬਿਮਾਰੀ ਫੈਲਾਉਣ ਲਈ ਤੇ ਮਰਨ ਲਈ ਛੱਡ ਕੇ ਮੁਜਰਮਾਨਾ ਰੋਲ ਅਦਾ ਕੀਤਾ ਗਿਆ ਹੈ। ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਕੋਰੋਨਾ ਬਿਮਾਰੀ ਦੀ ਆਫ਼ਤ ਨਾਲ਼ ਨਜਿੱਠਣ ਲਈ ਸਰਕਾਰ ਢੁੱਕਵੀਂ ਰਾਸ਼ੀ ਜਾਰੀ ਕਰੇ, ਕੋਰੋਨਾ ਬਿਮਾਰੀ ਸਬੰਧੀ ਮੁਫ਼ਤ ਟੈਸਟਾਂ ਤੇ ਇਲਾਜ ਦਾ ਪ੍ਰਬੰਧ ਹੋਵੇ, ਸਿਹਤ ਕਾਮਿਆਂ ਨੂੰ ਲੋੜੀਦਾਂ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਵੇ, ਜਨਤਕ ਜੱਥੇਬੰਦੀਆਂ ਦੇ ਕਾਰਕੁੰਨਾਂ ਨੂੰ ਲੋਕਾਂ ਦੀ ਜਨਤਕ ਪੱਧਰ ਉੱਤੇ ਮਦਦ ਕਰਨ ਦੀ ਖੁੱਲ੍ਹ ਦਿੱਤੀ ਜਾਵੇ, ਹੋਰ ਬਿਮਾਰੀਆਂ ਦੇ ਇਲਾਜ ਨੂੰ ਵੀ ਅੱਖੋਂ-ਪਰੋਖੇ ਨਾ ਕੀਤਾ ਜਾਵੇ, ਸਿਹਤ ਸੇਵਾਵਾਂ ਦਾ ਕੌਮੀਕਰਨ ਕੀਤਾ ਜਾਵੇ, ਬੰਦ ਦੌਰਾਨ ਮਜ਼ਦੂਰਾਂ-ਕਿਰਤੀਆਂ ਦੇ ਗੁਜਾਰੇ ਲਈ 10 ਹਜਾਰ ਰੁਪਏ ਭੱਤਾ ਜਾਰੀ ਹੋਵੇ, ਲੋਕਾਂ ਤੱਕ ਰਾਸ਼ਨ, ਸਬਜੀਆਂ, ਪਾਣੀ, ਦਵਾਈਆਂ, ਹੋਰ ਬੇਹੱਦ ਲੋੜੀਂਦੀਆਂ ਵਸਤਾਂ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਵੇ, ਬੇਲੋੜੀਆਂ ਪਾਬੰਦੀਆਂ ਹਟਾਈਆਂ ਜਾਣ, ਪੁਲਿਸ ਵੱਲੋਂ ਲੋਕਾਂ ਉੱਤੇ ਕੀਤਾ ਜਾ ਰਿਹਾ ਅੰਨ੍ਹਾ ਤਸ਼ੱਦਦ, ਜਮਹੂਰੀ ਹੱਕਾਂ ਦਾ ਘਾਣ ਬੰਦ ਹੋਵੇ। 
ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਐਨ.ਪੀ.ਆਰ. ਰੱਦ ਕੀਤਾ ਜਾਵੇ ਅਤੇ ਇਸ ਵਾਸਤੇ ਜ਼ਾਰੀ ਪੈਸਾ ਕੋਰੋਨਾ ਆਫ਼ਤ ਦੌਰਾਨ ਮਜ਼ਦੂਰਾਂ-ਕਿਰਤੀਆਂ ਦੀ ਮਦਦ ਉੱਤੇ ਖਰਚ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਕਰਕੇ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਐਨ.ਪੀ.ਆਰ. ਰੱਦ ਕਰਾਉਣ ਸਬੰਧੀ ਐਲਾਨੇ ਗਏ ਜਿਲ੍ਹਾ ਪੱਧਰੀ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ। ਆਗੂਆਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਕਾਫੀ ਜ਼ਰੂਰੀ ਹੈ ਪਰ ਇਸ  ਦੀ ਰੋਕਥਾਮ ਤੇ ਇਲਾਜ ਲਈ ਅਤੇ ਘਰਾਂ ਚ ਬੰਦ ਗਰੀਬ ਲੋਕਾਂ ਦੇ ਖਾਧ ਖੁਰਾਕ ਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਜੰਗੀ ਪੱਧਰ ਤੇ ਬਜ਼ਟ ਜਾਰੀ ਕਰਨ ਤੇ ਉਪਰਾਲੇ ਜੁਟਾਉਣ ਦੀ ਲੋੜ ਹੈ।

ਇਹਨਾਂ ਜੱਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਨੌਜਵਾਨ ਭਾਰਤ ਸਭਾ (ਲਲਕਾਰ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਕਾਰਖਾਨਾ ਮਜ਼ਦੂਰ ਯੂਨੀਅਨ, ਪੀ.ਐਸ.ਯੂ. (ਲਲਕਾਰ), ਟੀ.ਐਸ.ਯੂ., ਨੌਜਵਾਨ ਭਾਰਤ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਪਾਵਰ ਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਸ਼ਾਮਲ ਸਨ।

No comments:

Post a Comment