ਪ੍ਰਧਾਨ ਮੰਤਰੀ ਮੋਦੀ ਦੇ ਕਰੋਨਾ ਦੀ ਮਹਾਂਮਾਰੀ ਸਬੰਧੀ ਭਾਸ਼ਣ ਦੀ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਨਿਖੇਧੀ, ਪ੍ਰਧਾਨ ਮੰਤਰੀ ਜਨਤਕ ਸਿਹਤ ਦੀਆਂ ਜਿੰਮੇਵਾਰੀਆਂ ਤੋਂ ਭਗੌੜਾ ਕਰਾਰ।
ਮਿਤੀ 20 ਮਾਰਚ, 2020
ਦੇਸ਼ ਵਿੱਚ ਕਰੋਨਾ ਵਾਇਰਸ ਦੀ ਸੰਸਾਰਵਿਆਪੀ ਮਹਾਂਮਾਰੀ ਦੇ ਵਧਦੇ ਖਤਰੇ ਨੂੰ ਭਾਂਪਦਿਆਂ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਨੇ ਇਸ ਪ੍ਰਕੋਪੀ ਨੂੰ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਐਮਰਜੈਂਸੀ ਮੈਡੀਕਲ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਪ੍ਰੈੱਸ ਦੇ ਨਾਂ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਆਗੂਆਂ ਮਾਨਵਜੋਤ ਚੰਡੀਗੜ੍ਹ ਅਤੇ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਇਸ ਮੌਕੇ ਦੇਸ਼ ਵਿੱਚ ਕਰੋਨਾ ਦੇ 206 ਕੇਸ ਆ ਚੁੱਕੇ ਹਨ ਅਤੇ 4 ਮੌਤਾਂ ਹੋ ਚੁੱਕੀਆਂ ਹਨ। ਪਰ ਇਸ ਮੌਕੇ ਹਾਲਤਾਂ ਨੂੰ ਗੰਭੀਰਤਾ ਨਾਲ ਲੈਕੇ ਠੋਸ ਕਦਮ ਚੁੱਕਣ ਦੀ ਬਜਾਏ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨੁਮਾਇੰਦੇ ਫੰਡਰ ਬਿਆਨਬਾਜੀ ਕਰਨ ਤੱਕ ਸੀਮਤ ਹਨ, ਹਾਲੇ ਤੱਕ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਕੋਈ ਢੁੱਕਵੇਂ ਪ੍ਰਬੰਧਾਂ ਦੀ ਦਰਕਾਰ ਦਿਸਦੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਜਨਤਕ ਸਿਹਤ ਸਹੂਲਤਾਂ ਪੱਖੋਂ ਆਵਦੀ ਨਲਾਇਕੀ ਨੂੰ ਲੁਕਾਉਣ ਲਈ ਉਲਟਾ ਇਸ ਮਹਾਂਮਾਰੀ ਨਾਲ ਲੜਨ ਦਾ ਜਿੰਮਾ ਨਿਰੋਲ ਲੋਕਾਂ ਉੱਤੇ ਸੁੱਟ ਰਹੀ ਹੈ।
ਆਗੂਆਂ ਨੇ ਦੇਰ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਬਾਰੇ ਦਿੱਤੇ ਭਾਸ਼ਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੌਕੇ ਸਰਕਾਰ ਵੱਲੋਂ ਕੋਈ ਠੋਸ ਪ੍ਰਬੰਧਾਂ ਅਤੇ ਐਮਰਜੈਂਸੀ ਫੰਡਾਂ ਦਾ ਐਲਾਨ ਕਰਨ ਦੀ ਬਜਾਏ ਮੋਦੀ ਨੇ ਅਖੌਤੀ ਲੋਕ ਕਰਫਿਊ ਲਾਕੇ, ਲੋਕਾਂ ਨੂੰ ਘਰਾਂ ਅੰਦਰ ਰਹਿਣ, ਇਕੱਠ ਨਾ ਕਰਨ ਦੀਆਂ ਹਦਾਇਤਾਂ ਕਰਕੇ ਆਵਦਾ ਪੱਲਾ ਝਾੜ ਲਿਆ ਹੈ। ਇਸ ਮੌਕੇ ਇਹ ਵੀ ਜਿਕਰਯੋਗ ਹੈ ਕਿ ਪੂਰੇ ਦੇਸ਼ ਵਿੱਚ ਨਾਗਰਿਕਤਾ ਹੱਕਾਂ ਤੇ ਮੋਦੀ-ਸ਼ਾਹ ਦੀ ਹਕੂਮਤ ਵੱਲੋਂ ਵਿੱਢੇ ਸੱਜਰੇ ਹਮਲੇ ਵਿਰੁੱਧ ਸੰਘਰਸ਼ ਭਖੇ ਹੋਏ ਹਨ। ਇਸ ਮੌਕੇ ਕਰੋਨਾ ਦੀ ਮਹਾਂਮਾਰੀ ਦੇਸ਼ ਦੇ ਹਾਕਮਾਂ ਨੂੰ ਰਾਸ ਆਉਂਦੀ ਦਿਖਦੀ ਹੈ। ਇਸੇ ਕਰਕੇ ਕਿਸੇ ਢੁੱਕਵੇਂ ਇੰਤਜਾਮ ਕਰਨ ਦੀ ਬਜਾਏ, ਲੋਕ ਮਨਾਂ ਵਿੱਚ ਕਰੋਨਾ ਦੀ ਦਹਿਸ਼ਤ ਨੂੰ ਵਿਗਿਆਨਕ ਦਲੀਲਾਂ ਨਾਲ ਨਜਿੱਠਣ ਦੀ ਬਜਾਏ- ਕੇਂਦਰ ਹਕੂਮਤ ਇਸ ਮੌਕੇ ਨੂੰ ਵਿਰੋਧ ਦੇ ਸੁਰਾਂ ਨੂੰ ਕੁਚਲਣ ਅਤੇ ਸੰਘਰਸ਼ਾਂ ਦੇ ਪਿੜਾਂ ਨੂੰ ਖਿੰਡਾਉਣ ਦੇ ਹਥਿਆਰ ਵਜੋਂ ਵੀ ਵਰਤਦੀ ਨਜਰ ਆਉਂਦੀ ਹੈ।
ਉਹਨਾਂ ਵਾਇਰਸ ਤੋਂ ਪ੍ਰਹੇਜ ਖਾਤਰ ਮੁੱਢਲੀਆਂ ਲੋੜਾਂ ਵਜੋਂ ਵਰਤੇ ਜਾਂਦੇ ਹੱਥ ਸਾਫ ਕਰਨ ਵਾਲੇ ਸੈਨੇਟਾਈਜਰ ਅਤੇ ਮੂੰਹ ਢੱਕਣ ਵਾਲੇ ਮਾਸਕ ਦੀ ਉਪਲਭਧਤਾ ਉੱਤੇ ਵੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਸ ਮੌਕੇ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਜਨਔਸ਼ਧੀ ਕੇਂਦਰਾਂ ਉੱਤੇ ਇਹਨਾਂ ਦੀ ਕੋਈ ਪੂਰਤੀ ਨਹੀਂ ਹੈ। ਦੂਜੇ ਪਾਸੇ ਕਈ ਨਿੱਜੀ ਹਸਪਤਾਲਾਂ ਅਤੇ ਨਿੱਜੀ ਮੈਡੀਕਲਾਂ ਸਟੋਰਾਂ ਉੱਤੇ ਇਹ ਵਸਤਾਂ ਉੱਚੀਆਂ ਕੀਮਤਾਂ ਉੱਤੇ ਵੇਚੀਆਂ ਜਾ ਰਹੀਆਂ ਹਨ, ਜੋ ਬਹੁਗਿਣਤੀ ਵਸੋਂ ਦੀ ਪਹੁੰਚ ਤੋਂ ਕਿਤੇ ਬਾਹਰ ਹਨ। ਉਨਹਾਂ ਕਿਹਾ ਕਿ ਦੁਨੀਆਂ ਦੇ ਪੱਧਰ ਉੱਤੇ ਇਹ ਬਿਮਾਰੀ ਜੋ ਰੂਪ ਲੈ ਚੁੱਕੀ ਹੈ, ਉਸਨੂੰ ਵੇਖਦਿਆਂ ਭਾਰਤ ਵਿੱਚ ਇਸ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਬੁਰੀ ਤਰਾਂ ਘਾਟ ਹੈ। ਵਾਇਰਸ ਦੀ ਟੈਸਟਿੰਗ ਤੋਂ ਲੈਕੇ, ਇਸਦੇ ਮਰੀਜਾਂ ਦੀ ਸੰਭਾਈ ਅਤੇ ਇਲਾਜ ਲਈ ਆਲਜੰਜਾਲ ਦੀ ਬੇਹੱਦ ਕਮੀ ਹੈ, ਜੋ ਦੇਸ਼ ਦੀ ਅਬਾਦੀ ਦੇ ਪੱਖੋਂ ਅਤੇ ਮਹਾਂਮਾਰੀ ਦੀ ਗੰਭੀਰਤਾ ਦੇ ਪੱਖੋਂ ਬਿਲਕੁਲ ਵੀ ਤਸੱਲੀਬਖਸ਼ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਕਰੋਨਾ ਦੀ ਦਹਿਸ਼ਤ ਦੇ ਚੱਲਦੇ ਕਈ ਰੁਜਗਾਰ, ਕਾਰੋਬਾਰ ਵੀ ਬੰਦ ਹੋ ਗਏ ਹਨ, ਖਾਸਕਰ ਰੋਜਾਨਾ ਮਿਹਨਤ ਮੁਸ਼ੱਕਤ ਕਰਕੇ ਢਿੱਡ ਭਰਨ ਵਾਲੀ ਕਿਰਤੀ ਲੋਕਾਈ ਇਸ ਨਾਲ ਸਭ ਤੋਂ ਜਿਆਦਾ ਪੀੜਿਤ ਹੋਈ ਹੈ। ਇਸ ਕਰਕੇ ਜਦੋਂ ਤੱਕ ਇਸ ਮਹਾਂਮਾਰੀ ਦਾ ਕੋਈ ਤੋੜ ਨਹੀਂ ਹਾਸਲ ਕਰ ਲਿਆ ਜਾਂਦਾ ਉਦੋਂ ਤੱਕ ਇਹ ਅਬਾਦੀ ਨੂੰ ਆਵਦਾ ਢਿੱਡ ਭਰਨਾ ਅਤੇ ਨਿੱਤਦਿਨ ਦੀਆਂ ਹੋਰ ਮੁੱਢਲੀਆਂ ਲੋੜਾਂ ਨੂੰ ਪੂਰਨਾ ਵੀ ਚੁਣੌਤੀ ਬਣਿਆ ਰਹੇਗਾ।
ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮੌਕੇ ਨੌਜਵਾਨ ਭਾਰਤ ਸਭਾ ਮੰਗ ਕਰਦੀ ਹੈ ਕਿ-
1.ਕੇਂਦਰ ਅਤੇ ਸੂਬਾ ਸਰਕਾਰਾਂ ਮਹਾਂਮਾਰੀ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਫੰਡ ਜਾਰੀ ਕਰਨ।
2.ਕਰੋਨਾ ਨਾਲ ਨਜਿੱਠਣ ਲਈ ਫੌਰੀ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਵੱਡੇ ਪੱਧਰ ਉੱਤੇ ਭਰਤੀ ਕੀਤੀ ਜਾਵੇ।
3.ਸਰਕਾਰੀ ਸਮੇਤ ਨਿੱਜੀ ਹਸਪਤਾਲਾਂ ਨੂੰ ਵੀ ਕਰੋਨਾ ਦੀ ਮੁਫ਼ਤ ਟੈਸਟਿੰਗ ਤੇ ਮੁਫ਼ਤ ਇਲਾਜ ਵਾਸਤੇ ਹਿਦਾਇਤਾਂ ਜਾਰੀ ਕੀਤੀਆਂ ਜਾਣ।
4.ਹੱਥ ਸਾਫ ਕਰਨ ਵਾਲਾ ਸੈਨੇਟਾਇਜਰ ਅਤੇ ਮੂੰਹ ਵਾਲੇ ਮਾਸਕ ਤੇ ਟੈਸਟਿੰਗ ਕਿੱਟਾਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਸਾਰੇ ਮੈਡੀਕਲ ਸਟੋਰਾਂ ਉੱਤੇ ਮੁਫਤ ਅਤੇ ਜਿਆਦਾ ਮਾਤਰਾ ਵਿੱਚ ਮੁਹੱਈਆ ਕਰਵਾਏ ਜਾਣ।
5.ਸਰਕਾਰ ਨਾਗਰਿਕਤਾ ਹੱਕਾਂ ਦੀ ਰਾਖੀ ਲਈ ਮੁਲਖ ਭਰ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਕਰੋਨਾ ਬਹਾਨੇ ਖਿੰਡਾਉਣ ਦੀਆਂ ਕੋਸ਼ਿਸ਼ਾਂ ਤੁਰਤਪੈਰ ਬੰਦ ਕਰੇ ਤੇ ਸੰਘਰਸ਼ ਕਰ ਰਹੇ ਲੋਕਾਂ ਦੀ ਕਰੋਨਾ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਢੁਕਵੇਂ ਮੈਡੀਕਲ ਪ੍ਰਬੰਧ ਕਰੇ।
6.ਲੋਕਾਂ ਨੂੰ ਕਰੋਨਾ ਤੋਂ ਦਹਿਸ਼ਤਜ਼ਦਾ ਕਰਨ ਦੀ ਬਜਾਏ, ਸਰਕਾਰ ਇਸ ਸਬੰਧੀ ਵਿਗਿਆਨਕ ਜਾਗਰੂਕਤਾ ਫੈਲਾਉਣ ਦਾ ਜਿੰਮਾ ਓਟੇ।
7.ਕਰੋਨਾ ਕਰਕੇ ਰੁਜਗਾਰ ਤੋਂ ਵਿਹੂਣੇ ਹੋਣ ਵਾਲੀ ਵਸੋਂ ਲਈ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਫੌਰੀ ਰਾਹਤ ਖਾਤਰ ਇੱਕ ਮਹੀਨੇ ਦਾ ਰਾਸ਼ਨ ਅਤੇ ਹੋਰ ਮੁੱਢਲੀਆਂ ਲੋੜਾਂ ਦੀਆਂ ਵਸਤਾਂ ਦੀ ਪਹੁੰਚ ਯਕੀਨੀ ਬਣਾਏ ਜਾਵੇ।
8.ਕਰੋਨਾ ਦੀ ਮਹਾਂਮਾਰੀ ਨਾਲ ਮਰਨ ਵਾਲੇ ਜੀਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ।
ਇਸ ਮੌਕੇ ਆਗੂਆਂ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਆਵਦੇ ਪੱਧਰ ਤੇ ਢੁੱਕਵੇਂ ਪ੍ਰਹੇਜ ਅਤੇ ਪ੍ਰਬੰਧ ਕਰਨ ਅਤੇ ਅਫਵਾਹਾਂ ਤੋਂ ਖਬਰਦਾਰ ਰਹਿਣ ਦੀ ਵੀ ਅਪੀਲ ਕੀਤੀ ਹੈ।
ਜਾਰੀਕਰਤਾ
ਜਥੇਬੰਦਕ ਕਮੇਟੀ, ਨੌਜਵਾਨ ਭਾਰਤ ਸਭਾ
ਸੂਬਾ ਜਥੇਬੰਦਕ ਕਮੇਟੀ, ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ)
No comments:
Post a Comment