Monday, 9 December 2019

ਏਸੀਪੀ ਸਮੀਰ ਵਰਮਾ ਤੇ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਦੀਆਂ ਅਰਥੀਆਂ ਫੂਕਣ ਦਾ ਐਲਾਨ

ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਵੱਲੋਂ ਬਿਆਨ ਜਾਰੀ ਕਰਦਿਆਂ ਸੂਬਾ ਆਗੂ ਛਿੰਦਰਪਾਲ ਤੇ ਮਾਨਵਜੋਤ ਨੇ ਕਿਹਾ ਕਿ ਹੰਬੜਾਂ ਕਤਲ ਮਾਮਲੇ ਚ ਇਨਸਾਫ ਖਾਤਰ ਅਤੇ ਪੁਲਿਸੀਆ ਜਬਰ ਵਿਰੁੱਧ 11 ਦਸੰਬਰ ਤੋਂ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਅਤੇ ਏਸੀਪੀ ਸਮੀਰ ਵਰਮਾ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹੰਬੜਾਂ, ਲੁਧਿਆਣਾ ਵਿਖੇ ਇੱਕ 15 ਸਾਲਾ ਬਾਲ ਮਜ਼ਦੂਰ ਨੂੰ ਫੈਕਟਰੀ ਦੇ ਠੇਕੇਦਾਰ ਨੇ ਕੁੱਟ ਕੁੱਟਕੇ ਮਾਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਇਸ ਮਸਲੇ ਤੇ ਢੁਕਵੀਂ ਕਾਰਵਾਈ ਕਰਕੇ ਠੇਕੇਦਾਰ ਅਤੇ ਫੈਕਟਰੀ ਮਾਲਕ ਉੱਤੇ ਬਣਦੀਆਂ ਧਾਰਾਵਾਂ ਲਾਕੇ ਉਹਨਾਂ ਨੂੰ ਸਖਤ ਸਜਾਵਾਂ ਦੇਣ ਦੀ ਥਾਵੇਂ ਇਸ ਮਸਲੇ ਨੂੰ ਓਦੋਂ ਤੋਂ ਲੈਕੇ ਹੁਣ ਤੱਕ ਰਫ਼ਾ ਦਫ਼ਾ ਕਰਨ ਤੇ ਤੁਲਿਆ ਹੋਇਆ ਹੈ।
ਉਹਨਾਂ ਕਿਹਾ ਕਿ ਉਲਟਾ ਬਾਲ ਮਜ਼ਦੂਰ ਤੇ ਓਹਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਲੜ ਰਹੀਆਂ ਜਥੇਬੰਦੀਆਂ ਦੇ 10 ਆਗੂਆਂ ਨੂੰ ਝੂਠੇ ਮੁਕੱਦਮਿਆਂ ਚ ਮੜ੍ਹਕੇ ਪਿਛਲੇ ਤਿੰਨ ਹਫਤਿਆਂ ਤੋਂ ਜੇਲੀਂ ਡੱਕਿਆ ਹੋਇਆ ਹੈ। ਇਸ ਮਸਲੇ ਨੂੰ ਲੈਕੇ ਬਣੀ ਸੰਘਰਸ਼ ਕਮੇਟੀ ਵੱਲੋ ਦੋ ਵਾਰ ਠਾਣੇ ਅੱਗੇ ਧਰਨਾ ਵੀ ਦਿੱਤਾ ਜਾ ਚੁੱਕਿਆ ਹੈ, ਜਿੱਥੇ ਏਸੀਪੀ ਨੇ ਝੂਠੇ ਪਰਚੇ ਰੱਦ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਪੁਲਿਸ ਆਵਦੇ ਵਾਅਦੇ ਤੋਂ ਭੱਜ ਰਹੀ ਹੈ ਤੇ ਮਸਲੇ ਨੂੰ ਲਟਕਾ ਰਹੀ ਹੈ, ਜੋ ਕਿਸੇ ਵੀ ਹਾਲਤ ਮਨਜੂਰ ਨਹੀਂ। 
ਆਗੂਆਂ ਜਾਣਕਾਰੀ ਦਿੰਦੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਏਸੀਪੀ ਦਫਤਰ ਮੂਹਰੇ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਨੌਜਵਾਨ ਭਾਰਤ ਸਭਾ ਲਗਾਤਾਰ ਭਰਵੀਂ ਸ਼ਮੂਲੀਅਤ ਕਰੇਗੀ। ਇਸੇ ਸੱਦੇ ਤੇ ਫੁੱਲ ਚੜਾਉਂਦਿਆ ਆਗੂਆਂ ਨੇ ਕਿਹਾ ਕਿ ਕੱਲ੍ਹ ਤੋਂ ਪੰਜਾਬ ਵਿੱਚ ਵੱਖੋ ਵੱਖ ਥਾਵਾਂ ਤੇ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਅਤੇ ਵਾਅਦੇ ਕਰਕੇ ਮੁੱਕਰੇ ਏਸੀਪੀ ਸਮੀਰ ਵਰਮਾ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ਅਤੇ ਆਉਣ ਵਾਲੇ ਦਿਨਾਂ ਚ ਘੋਲ ਨੂੰ ਹੋਰ ਜਿਆਦਾ ਤਿੱਖਾ ਕੀਤਾ ਜਾਵੇਗਾ।

No comments:

Post a Comment