Saturday, 14 December 2019

ਸਾਂਝੇ ਘੋਲ ਦੀ ਇੱਕ ਹੋਰ ਜਿੱਤ! ਝੂਠੇ ਪਰਚੇ ਪਾਕੇ ਜੇਲੀਂ ਡੱਕੇ 10 ਲੋਕ-ਆਗੂ ਰਿਹਾ!

ਹੰਬੜਾਂ (ਲੁਧਿਆਣਾ, ਪੰਜਾਬ) ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ, ਲੁਧਿਆਣਾ ਦੀ ਅਗਵਾਈ ਵਿੱਚ ਜੁਝਾਰੂ ਲੋਕ ਘੋਲ਼ ਦੀ ਸ਼ਾਨਦਾਰ ਜਿੱਤ!

ਜਨਤਕ-ਜਮਹੂਰੀ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਉੱਤੇ ਪਾਏ ਝੂਠੇ ਪੁਲਿਸ ਕੇਸ ਰੱਦ, ਬਿਨਾਂ ਸ਼ਰਤ ਰਿਹਾਈ ਹੋਈ!

ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ, ਲੁਧਿਆਣਾ ਦੀ ਅਗਵਾਈ ਵਿੱਚ ਚੱਲੇ ਜੁਝਾਰੂ ਲੋਕ ਘੋਲ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਲੋਕ ਘੋਲ਼ ਦੇ ਦਮ ’ਤੇ ਨਾ ਸਿਰਫ਼ ਕਤਲ ਕਾਂਡ ਦੇ ਦੋਸ਼ੀ ਰਘੁਬੀਰ ਪਾਸਵਾਨ ਦੀ ਗ੍ਰਿਫਤਾਰੀ ਹੋਈ ਹੈ ਸਗੋਂ 18 ਨਵੰਬਰ ਤੋਂ ਗ੍ਰਿਫਤਾਰ ਤੇ ਜੇਲ੍ਹ ਵਿੱਚ ਡੱਕੇ 10 ਆਗੂਆਂ ਕਾਰਕੁੰਨਾਂ- ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਸੁਖਦੇਵ ਭੂੰਦੜੀ (ਪ੍ਰਧਾਨ), ਚਿਮਨ ਸਿੰਘ, ਮੇਜਰ ਸਿੰਘ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ ਰਾਜਵਿੰਦਰ (ਪ੍ਰਧਾਨ), ਗੁਰਦੀਪ, ਜਸਮੀਤ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਕਾਰਕੁੰਨ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਵਿੰਦਰ ਹੰਬੜਾਂ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਜਸਮੀਤ, ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਗੁਰਵਿੰਦਰ ਤੇ ਸ਼ਲਿੰਦਰ ਉੱਤੇ ਪਾਏ ਝੂਠੇ ਪੁਲਿਸ ਕੇਸ ਵੀ ਰੱਦ ਕਰਵਾ ਲਏ ਗਏ ਹਨ ਅਤੇ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਹੋਈ ਹੈ। ਸ਼ੰਘਰਸ਼ ਕਮੇਟੀ ਵੱਲੋਂ 21 ਨਵੰਬਰ ਨੂੰ ਹੰਬੜਾਂ ਵਿਖੇ ਪੁਲਿਸ ਚੌਂਕੀ ’ਤੇ ਅਤੇ 26 ਨਵੰਬਰ ਨੂੰ ਸਹਾਇਕ ਪੁਲਿਸ ਕਮਿਸ਼ਨਰ (ਪੱਛਮੀ) ਸਮੀਰ ਵਰਮਾ ਦੇ ਦਫ਼ਤਰ ਅੱਗੇ ਰੋਹ ਭਰਪੂਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਲੋਕ ਸੰਘਰਸ਼ ਅੱਗੇ ਝੁਕਦਿਆਂ ਲੁਧਿਆਣਾ ਪੁਲਿਸ ਨੇ ਝੂਠੇ ਪਰਚੇ ਰੱਦ ਕਰਨ ਦੀ ਪ੍ਰਕਿਰਿਆ ਤਾਂ ਅਰੰਭ ਦਿੱਤੀ ਸੀ ਪਰ ਇਸ ਪ੍ਰਕਿਰਿਆ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਦੇ ਇਸ ਘੋਰ ਲੋਕ ਦੋਖੀ ਰਵੱਈਏ ਖਿਲਾਫ਼ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਸਮੀਰ ਵਰਮਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਦੇ ਧਰਨੇ-ਮੁਜ਼ਾਹਰੇ ਦਾ ਐਲਾਨ ਕੀਤਾ ਗਿਆ ਸੀ। ਇਸਤੋਂ ਪਹਿਲਾਂ ਸਮੀਰ ਵਰਮਾ ਦੀਆਂ ਅਰਥੀਆਂ ਸਾੜ੍ਹਨ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਅਨੇਕਾਂ ਥਾਵਾਂ ਉੱਤੇ ਅਰਥੀਆਂ ਸਾੜੀਆਂ ਵੀ ਗਈਆਂ। ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਅਣਮਿੱਥੇ ਸਮੇਂ ਦੇ ਧਰਨੇ-ਮੁਜ਼ਾਹਰੇ ਸਬੰਧੀ ਵੱਡੀ ਗਿਣਤੀ ਵਿੱਚ ਪਰਚਾ ਵੰਡਣ ਦਾ ਐਲਾਨ ਵੀ ਕੀਤਾ ਗਿਆ ਸੀ। ਆਖਰ ਲੋਕ ਏਕੇ ਦੀ ਤਾਕਤ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਨੂੰ ਕੇਸ ਰੱਦ ਕਰਨੇ ਪਏ ਤੇ 13 ਦਸੰਬਰ ਨੂੰ ਆਗੂਆਂ-ਕਾਰਕੁੰਨਾਂ ਦੀ ਜੇਲ੍ਹ ਤੋਂ ਰਿਹਾਈ ਹੋ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਲਈ ਮੁਆਵਜੇ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਪੀੜਤ ਪਰਿਵਾਰ ਨੂੰ ਢੁੱਕਵੇਂ ਮੁਆਵਜੇ ਤੇ ਦੋਸ਼ੀ ਨੂੰ ਸਖਤ ਸਜਾ ਲਈ ਸੰਘਰਸ਼ ਜ਼ਾਰੀ ਰਹੇਗਾ।  
ਹੰਬੜਾਂ ਵਿਖੇ ਮਨੇਸਰ ਪਲਾਈਵੁੱਡ ਕਾਰਖਾਨੇ ਵਿੱਚ ਇੱਕ ਠੇਕੇਦਾਰ ਨੇ ਲਵਕੁਸ਼ ਨਾਂ ਦੇ ਨਾਬਾਲਗ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਪ੍ਰਸ਼ਾਸਨ ਦੀ ਇਸ ਪਿੱਛੋਂ ਉਹੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਜੋ ਆਮ ਤੌਰ ’ਤੇ ਹੋਰ ਮਾਮਲਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਪੁਲਿਸ ਪ੍ਰਸ਼ਾਸਨ ਮਾਲਕਾਂ ਦੀ ਸ਼ਹਿ ਉੱਤੇ ਕਾਤਲ ਠੇਕੇਦਾਰ ਨੂੰ ਬਚਾਉਣ ਵਿੱਚ ਲੱਗ ਗਿਆ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ ਵੱਲੋਂ ਸੰਘਰਸ਼ ਕਮੇਟੀ ਕਮੇਟੀ ਬਣਾ ਕੇ ਦੋਸ਼ੀ ਰਘੁਬੀਰ ਪਾਸਵਾਨ ਉੱਤੇ ਕਤਲ ਦਾ ਪਰਚਾ ਦਰਜ ਕਰਨ, ਉਸਨੂੰ ਗ੍ਰਿਫਤਾਰ ਕਰਨ, ਪੀੜਤ ਪਰਿਵਾਰ ਨੂੰ ਮੁਆਵਜਾ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ’ਤੇ ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਆਦਿ ਮੰਗਾਂ ਲਈ ਸੜ੍ਹਕਾਂ ’ਤੇ ਉੱਤਰ ਆਈਆਂ। ਪੁਲਿਸ ਮ੍ਰਿਤਕ ਮਜ਼ਦੂਰ ਦੀ ਲਾਸ਼ ਨੂੰ ਫਟਾਫਟ ਝਾਰਖੰਡ ਭੇਜਣ ਲਈ ਅੜੀ ਕਰੀ ਬੈਠੀ ਸੀ। ਪੀੜਤ ਪਰਿਵਾਰ ਤੇ ਜੱਥੇਬੰਦੀਆਂ ਨੇ ਹੰਬੜਾਂ ਵਿਖੇ ਬਿਜਲੀ ਘਰ ਵਿੱਚ ਲਾਸ਼ ਰੱਖ ਕੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਮੁਜ਼ਾਹਰੇ ਨੂੰ ਬੰਦ ਕਰਾਉਣ ਲਈ ਜ਼ੋਰ ਲਾਉਣ ਸ਼ੁਰੂ ਕਰ ਦਿੱਤਾ। ਪੁਲਿਸ ਨੇ ਹੱਕੀ ਮੰਗਾਂ ਮੰਨਣ ਦੀ ਥਾਂ ਮੁਜ਼ਾਹਰਾਕਾਰੀਆਂ ਨਾਲ਼ ਨਾ ਸਿਰਫ਼ ਧੱਕਾ ਮੁੱਕੀ ਕੀਤੀ ਸਗੋਂ ਕਈਆਂ ਨਾਲ਼ ਤਾਂ ਮਾਰਕੁੱਟ ਵੀ ਕੀਤੀ। ਮੌਕੇ ਉੱਤੇ ਹਾਜ਼ਰ ਸਹਾਇਕ ਪੁਲਿਸ ਕਮਿਸ਼ਨਰ (ਲੁਧਿਆਣਾ ਪੱਛਮੀ) ਨੇ ਖੁਦ ਅੱਗੇ ਹੋ ਕੇ ਇਹ ਕਰਤੂਤ ਕੀਤੀ। ਜੱਥੇਬੰਦੀਆਂ ਦੇ 10 ਆਗੂਆਂ ਤੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਉੱਤੇ ਪੁਲਿਸ ਉੱਤੇ ਹਮਲਾ ਕਰਨਾ, ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ, ਸੜ੍ਹਕ ਜਾਮ ਕਰਨ, ਲੋਕਾਂ ਨੂੰ ਭੜਕਾਉਣ ਤੇ ਹੋਰ ਝੂਠੇ ਦੋਸ਼ਾਂ ਤਹਿਤ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤਰ੍ਹਾਂ ਪੁਲਿਸ ਨੇ ਨਾ ਸਿਰਫ਼ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਗੋਂ ਇਹ ਮਜ਼ਦੂਰਾਂ ਦੇ ਹੁੰਦੇ ਲੁੱਟ-ਜ਼ਬਰ ਨੂੰ ਬੇਰੋਕ-ਟੋਕ ਚੱਲਦਾ ਰੱਖਣ ਦੀ, ਸਰਮਾਏਦਾਰਾਂ ਦੇ ਜੰਗਲ ਰਾਜ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਹੈ ਜਿੱਥੇ ਮਜ਼ਦੂਰਾਂ ਨੂੰ ਕੋਈ ਹੱਕ ਪ੍ਰਾਪਤ ਨਹੀਂ, ਜਿੱਥੇ ਮਜ਼ਦੂਰਾਂ ਦਾ ਭਿਆਨਕ ਅਪਮਾਨ, ਕੁੱਟਮਾਰ, ਕਤਲ ਹੁੰਦੇ ਹਨ। ਪੁਲਿਸ ਨੇ ਲੋਕਾਂ ਦੇ ਇਕਮੁੱਠ ਸੰਘਰਸ਼ ਕਰਨ ਦੇ ਜਮਹੂਰੀ-ਸੰਵਿਧਾਨਿਕ ਹੱਕ ਨੂੰ ਕੁਚਲਿਆ ਹੈ।
ਇਸਤੋਂ ਬਾਅਦ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਜਮਹੂਰੀ ਕਿਸਾਨ ਸਭਾ, ਇਨਕਲਾਬੀ ਮਜ਼ਦੂਰ ਕੇਂਦਰ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਸੀਟੂ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ ਜੱਥੇਬੰਦੀਆਂ ਵੱਲੋਂ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ, ਲੁਧਿਆਣਾ ਦਾ ਗਠਨ ਕਰਕੇ ਸੰਘਰਸ਼ ਵਿੱਢ ਦਿੱਤਾ ਗਿਆ। ਬਾਅਦ ਵਿੱਚ ਇਸ ਸੰਘਰਸ਼ ਵਿੱਚ ਪਲਸ ਮੰਚ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਕੁੱਲ ਹਿੰਦ ਕਿਸਾਨ ਸਭਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਵੱਲੋਂ ਵੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਵੱਖ-ਵੱਖ ਜੱਥੇਬੰਦੀਆਂ ਵੱਲੋਂ ਇਸ ਘੋਲ ਵਿੱਚ ਹੋਈ ਸ਼ਮੂਲੀਅਤ ਅਤੇ ਆਪਣੇ ਵਿੱਤ ਮੁਤਾਬਿਕ ਝੋਕੀ ਤਾਕਤ ਨੇ ਸ਼ਾਂਝੇ ਘੋਲ ਨੂੰ ਬਲ ਬਖਸ਼ਿਆ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੂੰ ਝੁੱਕਣ ਉੱਤੇ ਮਜ਼ਬੂਰ ਕਰ ਦਿੱਤਾ। ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨੇ ਇਸਨੂੰ ਮਿਸਾਲੀ ਜਿੱਤ ਕਰਾਰ ਦਿੱਤਾ ਹੈ। 
ਇਸ ਸੰਘਰਸ਼ ਦੌਰਾਨ ਸਨਅਤੀ ਤੇ ਪੇਂਡੂ ਮਜ਼ਦੂਰਾਂ ਦੀ, ਖਾਸਕਰ ਟੈਕਸਟਾਈਲ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਰਹੀ। ਇਹਨਾਂ ਮਜ਼ਦੂਰਾਂ ਨੇ ਇਸ ਆਮ ਸੋਚੀ-ਪ੍ਰਚਾਰੀ ਜਾਂਦੀ ਗੱਲ ਕਿ ਮਜ਼ਦੂਰ ਤਾਂ ਸਿਰਫ਼ ਆਪਣੇ ਤਨਖਾਹ ਵਾਧੇ ਤੇ ਹੋਰ ਪੈਸੇ-ਟਕੇ ਦੇ ਹਿੱਤਾਂ ਤੋਂ ਹੀ ਮਤਲਬ ਰੱਖਦੇ ਹਨ ਨੂੰ ਗਲਤ ਸਾਬਿਤ ਕਰ ਦਿੱਤਾ। ਪਿਛਲੇ 8-9 ਸਾਲਾਂ ਤੋਂ ਜੱਥੇਬੰਦ ਹੋ ਕੇ ਆਪਣੇ ਆਰਥਿਕ-ਸਮਾਜਕ-ਸਿਆਸੀ ਹਿੱਤਾਂ ਲਈ ਸੰਘਰਸ਼ ਕਰ ਰਹੇ ਟੈਕਸਟਾਈਲ ਮਜ਼ਦੂਰਾਂ ਨੇ ਆਪਣੀਆਂ ਦਿਹਾੜੀਆਂ ਦੀ ਪਰਵਾਹ ਨਹੀਂ ਕੀਤੀ ਤੇ ਘੋਲ ਦੇ ਮੈਦਾਨ ਵਿੱਚ ਡਟ ਗਏ। 
ਇਸ ਸੰਘਰਸ਼ ਦੌਰਾਨ ਸਥਾਨਕ ਤੇ ਪ੍ਰਵਾਸੀ ਲੋਕਾਂ ਵਿੱਚ ਸਾਂਝ ਵਾਲ਼ਾ ਪੱਖ ਵੀ ਕਾਫੀ ਮਹੱਤਵਪੂਰਣ ਰਿਹਾ। ਇਸ ਸੰਘਰਸ਼ ਨੇ ਪ੍ਰਵਾਸੀਆਂ ਖਿਲਾਫ਼ ਨਫ਼ਰਤ ਦੀ ਭਾਵਨਾ ਤੇ ਪ੍ਰਚਾਰ ’ਤੇ ਸੱਟ ਮਾਰੀ ਹੈ।
ਆਮ ਲੋਕਾਂ ਨੂੰ ਹਰ ਥਾਂ ਲਤਾੜਿਆ, ਦੱਬਿਆ-ਕੁਚਲਿਆ ਜਾ ਰਿਹਾ ਹੈ। ਮਜ਼ਦੂਰਾਂ-ਕਿਸਾਨਾਂ ਤੇ ਨਿੱਕੇ ਕੰਮ-ਧੰਦੇ ਵਾਲ਼ੇ ਕਿਰਤੀ ਲੋਕਾਂ ਦੀ ਹਾਲਤ ਬਹੁਤ ਭਿਆਨਕ ਬਣਾ ਦਿੱਤੀ ਗਈ ਹੈ। ਕਾਰਖਾਨਿਆਂ ਅਤੇ ਹੋਰ ਕੰਮ ਥਾਵਾਂ ਉੱਤੇ ਮਜ਼ਦੂਰਾਂ ਦੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਰੋਜ਼ਾਨਾ ਵੱਡੀ ਗਿਣਤੀ ਮਜ਼ਦੂਰ ਕੰਮ ਥਾਵਾਂ ਉੱਤੇ ਹਾਦਸਿਆਂ ਵਿੱਚ ਤਾਂ ਮੌਤ, ਅਪੰਗਤਾ, ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸ਼ਿਕਾਰ ਤਾਂ ਹੁੰਦੇ ਹਨ ਨਾਲ਼ ਹੀ ਮਜ਼ਦੂਰਾਂ ਨਾਲ਼ ਮਾਲਕਾਂ-ਠੇਕੇਦਾਰਾਂ ਵੱਲੋਂ ਬੇਹੱਦ ਭੈੜਾ ਸਲੂਕ ਵੀ ਕੀਤਾ ਜਾਂਦਾ ਹੈ, ਕੁੱਟਮਾਰ ਕੀਤੀ ਜਾਂਦੀ ਹੈ ਤੇ ਬਹੁਤ ਵਾਰ ਕੁੱਟਮਾਰ ਨਾਲ਼ ਮਜ਼ਦੂਰਾਂ ਦੀ ਮੌਤ ਤੱਕ ਹੋ ਜਾਂਦੀ ਹੈ। ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਸਭ ਤੋਂ ਬੁਰੀ ਹੈ। ਸਾਰਾ ਸਰਕਾਰੀ ਢਾਂਚਾ ਸਮੇਤ ਪੁਲਿਸ-ਪ੍ਰਸ਼ਾਸਨ, ਕਿਰਤ ਵਿਭਾਗ ਆਦਿ ਸਰਮਾਏਦਾਰਾਂ ਦੀ ਪਿੱਠ ਉੱਤੇ ਖੜ੍ਹਾ ਹੈ। ਹੰਬੜਾਂ ਕਤਲ ਤੇ ਜ਼ਬਰ ਕਾਂਡ ਇਸੇ ਮਜ਼ਦੂਰ ਦੋਖੀ, ਲੋਕ ਦੋਖੀ ਪ੍ਰਬੰਧ ਦੀ ਉਪਜ ਹੈ।
ਪੂਰੇ ਦੇਸ਼ ਵਿੱਚ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ, ਦਲਿਤਾਂ, ਔਰਤਾਂ, ਆਦਿਵਾਸੀਆਂ, ਜਮਹੂਰੀ-ਇਨਕਲਾਬੀ ਲੋਕਾਂ, ਆਗੂਆਂ, ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਉੱਤੇ ਲੁੱਟ-ਅਨਿਆਂ-ਜ਼ਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਇਹੋ ਕੁੱਝ ਹੋ ਰਿਹਾ ਹੈ। ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ਼ ਲੁੱਟ-ਜ਼ਬਰ ਦਿਨ-ਬ-ਦਿਨ ਤਿੱਖਾ ਹੁੰਦਾ ਗਿਆ ਹੈ। ਲੁੱਟ-ਜ਼ਬਰ-ਅਨਿਆਂ ਖਿਲਾਫ਼ ਲੋਕਾਂ ਕੋਲ ਇਕਮੁੱਠ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਪਿਛਲੇ ਦਿਨੀਂ ਫਰੀਦਕੋਟ ਮਹਿਲਾ ਡਾਕਟਰ ਨਾਲ਼ ਜਿਣਸੀ ਸੋਸ਼ਣ ਖਿਲਾਫ਼ ਸੰਘਰਸ਼ ਕਰਦੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ ਨੂੰ ਗ੍ਰਿਫਤਾਰ ਕਰਨ, ਮੋਗਾ ਵਿਖੇ ਦਲਿਤ ਨੌਜਵਾਨ ਦੇ ਕਤਲ ਵਿਰੁੱਧ ਉੱਠੀ ਲੋਕ ਅਵਾਜ਼ ਨੂੰ ਦਬਾਉਣ ਲਈ ਝੂਠੇ ਪੁਲਿਸ ਕੇਸ ਬਣਾਉਣ ਦੀਆਂ ਜ਼ਬਰ ਦੀ ਤਾਜ਼ੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਹਨ। ਪਰ ਲੋਕ ਜ਼ਬਰ ਅੱਗੇ ਝੁਕੇ ਨਹੀਂ ਸਗੋਂ ਹੱਕੀ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ। ਇਨਕਲਾਬੀ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਦੀ ਸਜਾ ਰੱਦ ਕਰਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਉੱਤੇ ਸੜ੍ਹਕਾਂ ਉੱਤੇ ਉਤਰਨਾ ਪਿਆ ਸੀ ਤੇ ਸੰਘਰਸ਼ਸ਼ੀਲ ਲੋਕਾਂ ਨੇ ਇਹ ਸਜਾ ਰੱਦ ਕਰਾ ਕੇ ਹੀ ਦਮ ਲਿਆ। ਲੁਧਿਆਣੇ ’ਚ ਵੀ ਇਨਸਾਫਪਸੰਦ ਲੋਕ ਹੰਬੜਾਂ ਵਿਖੇ ਨਾਬਾਲਿਗ ਮਜ਼ਦੂਰ ਦੇ ਕਤਲ, ਸੰਘਰਸ਼ਸ਼ਸੀਲ ਲੋਕਾਂ ਉੱਤੇ ਜ਼ਬਰ, ਲੋਕ ਆਗੂਆਂ-ਕਾਰਕੁੰਨਾਂ ਦੀ ਨਿਹੱਕੀ ਗ੍ਰਿਫਤਾਰੀ ਦੀ ਘਟਨਾ ਤੋਂ ਬਾਅਦ ਵੀ ਚੁੱਪ ਨਹੀਂ ਬੈਠੇ । ਧਰਨੇ-ਮੁਜ਼ਾਹਰਿਆਂ ਉੱਤੇ ਮੜ੍ਹੀਆਂ ਪਾਬੰਦੀਆਂ, ਜ਼ਬਰ, ਗ੍ਰਿਫਤਾਰੀਆਂ ਨਾਲ਼ ਹੱਕੀ ਅਵਾਜ਼ ਕੁਚਲਣ ਦੀਆਂ ਸਾਜਸ਼ਾਂ ਸਮੂਹ ਇਨਸਾਫਪਸੰਦ ਲੋਕਾਂ ਦੇ ਜੁਝਾਰੂ ਘੋਲ ਨੇ ਨਾਕਾਮ ਕਰ ਦਿੱਤੀਆਂ ਹਨ ਤੇ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ।

No comments:

Post a Comment