Wednesday, 11 December 2019

ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਬਠਿੰਡਾ ਵਿਖੇ 15 ਦਸੰਬਰ ਨੂੰ ਤੈਅ!

ਵੱਡੀ ਗਿਣਤੀ ਮਜਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਔਰਤਾਂ ਅਤੇ ਬੁੱਧੀਜੀਵੀ ਹੋਣਗੇ ਸ਼ਾਮਲ!


ਸੁਧਾ ਭਰਾਦਵਾਜ, ਅਰੁਨ ਫਰੇਰਾ, ਗੌਤਮ ਨਵਲਖਾ, ਗਾਵਾਲਿਸ,ਵਰਵਰਾ ਰਾਓ, ਸਾਈਂ ਬਾਬਾ ਤੇ ਜੇਲ੍ਹੀਂ ਡੱਕੇ ਹੋਰ ਉਘੇ ਬੁੱਧੀਜੀਵੀਆਂ ਦੀ ਰਿਹਾਈ ਲਈ 15 ਦਸੰਬਰ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਕੀਤੀ ਜਾ ਰਹੀ ਕਨਵੈਨਸ਼ਨ ਨੂੰ ਪ੍ਰੋ. ਪਰਮਿੰਦਰ ਸਿੰਘ ਸੰਬੋਧਨ ਕਰਨਗੇ, ਕਨਵੈਨਸ਼ਨ ਮਨੁਖੀ ਅਧਿਕਾਰ ਦਿਵਸ ਨੂੰ ਸਮਰਪਿਤ ਹੋਵੇਗੀ। ਇਸ ਸਬੰਧੀ ਅੱਜ ਤਿਆਰੀਆਂ ਦਾ ਜਾਇਜਾ ਲੈਣ ਲਈ ਸਭਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੀ ਇਕ ਭਰਵੀਂ ਮੀਟਿੰਗ ਟੀਚਰਜ਼ ਹੋਮ ਵਿਖੇ ਕੀਤੀ ਗਈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਭਾ ਦੇ ਪ੍ਰਧਾਨ ਪਿ੍ੰ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਮੋਦੀ ਸਰਕਾਰ ਵਲੋਂ ਲੋਕਾਂ ਤੇ ਨਿਜੀਕਰਨ ਦੀਆਂ ਨੀਤੀਆਂ ਦਾ ਤਿਖਾ ਹਮਲਾ ਬੋਲਿਆ ਗਿਆ ਹੈ। ਲੋਕਾਂ ਦੇ ਰੁਜਗਾਰ ਖੁਸ ਰਹੇ ਹਨ। ਮੰਦਵਾੜੇ ਨੇ ਆਰਥਕਤਾ ਦਾ ਕਚੂੰਮਰ ਕਢ ਕੇ ਰਖ ਦਿਤਾ ਹੈ। ਮੰਹਿਗਾਈ ਕਾਰਣ ਲੋਕਾਂ ਦਾ ਜਿਉਣਾ ਦੁਭਰ ਹੋਇਆ ਪਿਆ ਹੈ। ਲੋਕਾਂ ਦਾ ਧਿਆਨ ਅਸਲ ਮਸਲਿਆਂ ਤੋਂ ਭਟਕਾਉਣ ਲਈ ਤੇ ਲੋਕਾਂ ਦਾ ਆਪਸ ਟਕਰਾਅ ਬਨਾਉਣ ਲਈ ਕਸ਼ਮੀਰ, ਐਨ ਆਰ ਸੀ, ਅਯੁਧਿਆ ਵਰਗੇ ਮਸਲਿਆਂਤੇ ਘੱਟ ਗਿਣਤੀਆਂ ਨੂੰ ਫਾਸ਼ੀਵਾਦੀ ਨੀਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਭਾ ਨੇ ਦੋਸ਼ ਲਾਇਆ ਕਿ ਇਹ ਹਮਲੇ ਕਰਨ ਤੋਂ ਪਹਿਲਾਂ ਲੋਕ ਪੱਖ ਦੀ ਅਵਾਜ ਨੂੰ ਦਬਾਉਣ ਖਾਤਰ ਸਾਜਿਸ਼ ਤਹਿਤ ਬੁੱਧੀਜੀਵੀਆਂ , ਪਤਰਕਾਰਾਂ ਤੇ ਰੰਗਕਰਮੀਆਂ ਨੂੰ ਚੁਣ ਚੁਣ ਕੇ ਝੂਠੇ ਕੇਸਾਂ ਫਸਾ ਕੇ ਜੇਲ੍ਹੀਂ ਸੁਟਿਆ ਗਿਆ ਹੈ। ਪਰ ਭਾਰਤ ਦੀ ਜਮਹੂਰੀ ਲਹਿਰ ਦੀ ਅਵਾਜ ਅਜਿਹੇ ਦਹਿਸ਼ਤੀ ਹਥਕੰਡਿਆ ਨਾਲ ਦਬਾਈ ਨਹੀਂ ਜਾ ਸਕਦੀ। ਜੇ ਲੋਕ ਲਹਿਰ ਆਪਣੀ ਤਾਕਤ ਨਾਲ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜਾ ਤੋਂ ਬਾਅਦ ਸਲਾਖਾਂਚੋਂ ਕਢਵਾ ਸਕਦੀ ਹੈ ਤਾਂ ਉਹ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਵੀ ਰਿਹਾਅ ਕਰਵਾ ਸਕਦੀ ਹੈ। ਸਭਾ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਬਹੁਤ ਕਾਲੇ ਪਾਣੀ ਦੇਖੇ ਹਨ ਤੇ ਲੋਕ ਪੱਖ ਦੀ ਅਵਾਜ ਨੂੰ ਜੇਲ੍ਹੀਂ ਡੱਕ ਕੇ ਦਬਾਇਆ ਨਹੀਂ ਜਾ ਸਕਦਾ

ਕਨਵੈਨਸ਼ਨ ਦੀ ਤਿਆਰੀ ਵਾਸਤੇ ਸੂਬਾ ਕਮੇਟੀ ਵਲੋਂ ਪ੍ਰਕਾਸ਼ਿਤ ਲੀਫਲੈਟ ਵੰਡਣ ਦਾ ਫੈਸਲਾ ਕੀਤਾ ਗਿਆ। ਅੱਜ ਹੋਈ ਮੀਟਿੰਗ ਵਿਚ ਸਭਾ ਦੇ ਆਗੂਆਂ ਤੋਂ ਇਲਾਵਾ ਸਾਹਿਤ ਸਭਾ ਦੇ ਜਸਪਾਲ ਸਿੰਘ ਮਾਨਖੇੜਾ ਤੇ ਰਣਬੀਰ ਰਾਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਕਿਰਤੀ ਕਿਸਾਨ ਯੂਨੀਅਨ ਦੇ ਸੁਖਮੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਹਰਜਿੰਦਰ ਬੱਗੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜੱਗਾ ਸਿੰਘ ਭੁੱਚੋ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਤੀਰਥ ਰਾਮ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਕੁਲਵੰਤ ਸੇਲਬਰਾਹ, ਨੌਜਵਾਨ ਭਾਰਤ ਸਭਾ ਦੇ ਛਿੰਦਰਪਾਲ ਸਿੰਘ ਤੇ ਅਸ਼ਵਨੀ ਘੁੱਦਾ, ਟੀਐਸਯੂ ਦੇ ਮੋਹਨ ਲਾਲ ਤੇ ਰਾਮ ਸ਼ਰਨ ਨੇ ਹਿਸਾ ਲਿਆ

No comments:

Post a Comment