Saturday, 5 December 2020

5 ਦਸੰਬਰ ਦੇ ਸੱਦੇ ਉੱਤੇ 9 ਜਿਲਿਆਂ ਵਿੱਚ 19 ਥਾਵਾਂ ਉੱਤੇ ਪੁਤਲੇ ਫੂਕ ਮੁਜਾਹਰੇ

ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਖੇਤੀ ਕਨੂੰਨਾਂ ਵਿਰੁੱਧ ਪੇਂਡੂ ਮਜਦੂਰਾਂ ਚੋਂ ਵਿਰੋਧ ਜੁਟਾਉਣ ਦੀ ਪਹਿਲਕਦਮੀ


ਦਿੱਲੀ ਵਿਖੇ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਦਸੰਬਰ (ਅੱਜ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਦੇ ਸਰਮਾਏਦਾਰ ਮਾਲਕਾਂ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ। ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਸਾਂਝੇ ਤੌਰ ਉੱਤੇ ਇਸ ਸੱਦੇ ਦੀ ਡੱਟਕੇ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ ਸੀ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮਾਨਵਜੋਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੱਦੇ ਦੇ ਤਹਿਤ ਪੰਜਾਬ ਅਤੇ ਹਰਿਆਣਾ ਦੇ 8 ਜਿਲਿਆਂ ਤੇ 1 ਰਾਜਧਾਨੀ ਚੰਡੀਗੜ ਵਿੱਚ 19 ਥਾਵਾਂ ਉੱਤੇ ਸਭਾ ਅਤੇ ਪੀਐੱਸਯੂ ਵੱਲੋਂ ਮੋਦੀ ਤੇ ਸਰਮਾਏਦਾਰਾਂ ਦੀ ਜੁੰਡਲੀ ਦੇ ਪੁਤਲੇ ਫੂਕੇ ਗਏ ਅਤੇ ਰੋਸ ਮੁਜਾਹਰੇ ਕੀਤੇ ਗਏ। ਦੋਵਾਂ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਇਹ ਪਹਿਲਕਦਮੀ ਜੁਟਾਉਣ ਦਾ ਫੈਸਲਾ ਕੀਤਾ ਗਿਆ ਸੀ ਕਿ ਚੱਲਦੇ ਇਸ ਸੰਘਰਸ਼ ਵਿੱਚ ਪੇਂਡੂ ਮਜਦੂਰ ਹਿੱਸਿਆਂ ਨੂੰ ਸ਼ਾਮਲ ਕਰਨ ਦੀਆਂ ਕੋਸਿਸ਼ਾਂ ਕੀਤੀਆਂ ਜਾਣਗੀਆਂ। ਕਿਉਂਕਿ ਪੇਂਡੂ ਮਜਦੂਰਾਂ, ਜੋ ਕੁੱਲ ਪੇਂਡੂ ਵਸੋਂ ਦਾ ਕਾਫੀ ਵੱਡਾ ਹਿੱਸਾ ਹਨ, ਇਹਨਾਂ ਕਾਲ਼ੇ ਕਨੂੰਨਾਂ ਵਿਰੁੱਧ ਸੰਘਰਸ਼ ਤੋਂ ਇੱਕ ਹੱਦ ਤੱਕ ਪਾਸੇ ਹਨ। ਪੇਂਡੂ ਖੇਤਰ ਵਿਚਲੀ ਜਾਤ ਪਾਤੀ ਪਾਟਕ, ਖੇਤੀ ਕਨੂੰਨਾਂ ਪ੍ਰਤੀ ਜਾਣਕਾਰੀ ਦੀ ਕਮੀ ਅਤੇ ਕਮਜੋਰ ਆਰਥਕਤਾ ਕਰਕੇ ਮੰਡੀਆਂ ਅਤੇ ਵਾਢੀ ਦੇ ਸੀਜਨ ਵਿੱਚ ਰੁਝੇਵਾਂ ਵੀ ਇਸ ਨਿਰਲੇਪਤਾ ਦਾ ਕਾਰਨ ਬਣਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਦਿਨੀਂ ਦੋਵਾਂ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਖਾਸ ਤੌਰ ਉੱਤੇ ਮਜਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਪੇਂਡੂ ਮਜਦੂਰ ਹਿੱਸਿਆਂ ਵਿੱਚ ਖੇਤੀ ਕਨੂੰਨਾਂ ਦੇ ਮਜਦੂਰ ਵਿਰੋਧੀ ਮੁਹਾਂਦਰੇ ਨੂੰ ਨੰਗਾ ਕੀਤਾ ਗਿਆ ਅਤੇ ਇਹਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਤਹਿਤ ਅੱਜ ਦੀ ਸਰਗਰਮੀ ਵੀ ਮੁੱਖ ਤੌਰ ਉੱਤੇ ਪੇਂਡੂ ਮਜਦੂਰਾਂ ਵਿੱਚ ਕੇਂਦਰਿਤ ਕੀਤੀ ਗਈ, ਜਿਸਨੂੰ ਭਰਵਾਂ ਹੁੰਗਾਰਾ ਮਿਲ਼ਿਆ ਹੈ।
ਦੋਵੇਂ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਕਨੂੰਨਾਂ ਦੇ ਅਸਰ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹਨਾਂ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਪਾਸ ਇਹਨਾਂ ਕਨੂੰਨਾਂ ਦੇ ਲਾਗੂ ਹੋਣ ਨਾਲ਼ ਮੰਡੀਆਂ ਤੇ ਭੰਡਾਰਨ ਜਾਂ ਇਹਦੇ ਨਾਲ਼ ਜੁੜੇ ਅਦਾਰਿਆਂ ਵਿੱਚ ਕੰਮ ਕਰਦੇ ਲੱਖਾਂ ਪੱਕੇ ਅਤੇ ਕੱਚੇ ਕਾਮਿਆਂ ਦੇ ਰੁਜਗਾਰ ਉੱਤੇ ਗਾਜ ਡਿੱਗੇਗੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹਨਾਂ ਕਾਲ਼ੇ ਕਨੂੰਨਾਂ ਨੂੰ ਲਾਗੂ ਕਰਕੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪੂਰੇ ਭਾਰਤ ਦੇ 75 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਸਹਾਰਾ ਮਿਲ਼ਦਾ ਹੈ ਤੇ ਉਹਨਾਂ ਦੇ ਘਰ ਦੇ ਚੁੱਲੇ ਬਲ਼ਦੇ ਹਨ। ਇਸਤੋਂ ਇਲਾਵਾ ਇਹਨਾਂ ਕਨੂੰਨਾਂ ਰਾਹੀਂ ਜਰੂਰੀ ਖੁਰਾਕੀ ਪਦਾਰਥਾਂ ਦੀ ਜਖੀਰੇਬਾਜੀ ਉੱਤੋਂ ਸਰਕਾਰੀ ਕੁੰਡੇ ਨੂੰ ਚੁੱਕ ਦਿੱਤਾ ਗਿਆ ਹੈ, ਜਿਸ ਨਾਲ਼ ਵੱਡੇ ਕਾਰਪੋਰੇਟ-ਸਰਮਾਏਦਾਰਾਂ ਨੂੰ ਖੁਰਾਕੀ ਪਦਾਰਥਾਂ ਦੀ ਜਖੀਰੇਬਾਜੀ ਕਰਕੇ ਨਕਲੀ ਥੁੜ ਪੈਦਾ ਕਰ, ਵਸਤਾਂ ਨੂੰ ਮਨਮਰਜੀ ਦੇ ਉੱਚੇ ਭਾਆਂ ਤੇ ਵੇਚਣ ਦੀ ਖੁੱਲ ਮਿਲੇਗੀ। ਜਿਸ ਨਾਲ਼ ਖਰੀਦ ਕੇ ਖਾਣ ਵਾਲ਼ੇ ਹਿੱਸਿਆਂ, ਮੁੱਖ ਤੌਰ ਉੱਤੇ ਪੇਂਡੂ ਅਤੇ ਸ਼ਹਿਰੀ ਮਜਦੂਰ ਹਿੱਸਿਆਂ ਦੀਆਂ ਜੇਬਾਂ ਉੱਤੇ ਡਾਕਾ ਵੱਜੇਗਾ। ਆਗੂਆਂ ਨੇ ਇਹਨਾਂ ਕਨੂੰਨਾਂ ਜਰੀਏ ਸੂਬਿਆਂ ਦੇ ਹੱਕਾਂ ਉੱਤੇ ਡਾਕਾ ਮਾਰਕੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੇਂਦਰੀਕਰਨ ਦੀ ਧੁੱਸ ਦੀ ਵੀ ਸਖਤ ਨਿਖੇਧੀ ਕੀਤੀ।
ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਉਹ ਪੇਂਡੂ ਮਜਦੂਰਾਂ ਨੂੰ ਇਹਨਾਂ ਕਨੂੰਨਾਂ ਦੇ ਵਿਰੋਧ ਵਿੱਚ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਇਸ ਮੌਕੇ ਆਗੂਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਜੋਰਦਾਰ ਹਮਾਇਤ ਦਾ ਐਲਾਨ ਕੀਤਾ ਹੈ। ਪੁਤਲਾ ਫੂਕ ਮੁਜਾਹਰਿਆਂ ਨੂੰ ਅੱਜ ਨੌਜਵਾਨ ਭਾਰਤ ਸਭਾ ਦੇ ਮਾਨਵਜੋਤ ਸਿੰਘ, ਛਿੰਦਰਪਾਲ ਸਿੰਘ, ਗੁਰਪ੍ਰੀਤ ਗੁਰੀ, ਗੁਰਪ੍ਰੀਤ ਰੋੜੀ, ਪਾਵੇਲ, ਅਮਨਦੀਪ, ਬਿੰਨੀ, ਪਰਮਜੀਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਗੁਰਪ੍ਰੀਤ ਸਿੰਘ, ਸ੍ਰਿਸ਼ਟੀ, ਰਵਿੰਦਰ ਕੌਰ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਮਿਤੀ(5 ਦਸੰਬਰ, 2020)

Wednesday, 18 November 2020

नौजवान भारत सभा का दूसरा सम्मेलन 29 नवंबर को करने का निर्णय

नौजवान संगठन, नौजवान भारत सभा ने दूसरा सम्मेलन आने वाली 29 नवंबर को शहीद भगत सिंह भवन, रायकोट (लुधियाना) में करने का निर्णय लिया गया है। यह निर्णय नौजवान भारत सभा की सांगठनिक समिति की बैठक में किया गया है। सभा के नेता मानव और छिंदरपाल ने बताया कि सम्मेलन को सफलापूर्वक संपन्न करने हेतू 11 सदस्यों की एक तैयारी कमेटी बनाई गई है जो इस सम्मेलन की तैयारी और कार्यवाही का संचालन करेगी। नेताओं ने बताया कि नौजवान भारत सभा का पहला सम्मेलन सितंबर 2014 को दिल्ली में मुकम्मल हुआ था। उसके बाद पश्चात सांगठनिक व्यस्तताओं के कारण दूसरे सम्मेलन में देरी होती रही है। जिसको आने वाली 29 तारीख को पूर्ण कर लिया जाएगा। सम्मेलन में नौजवान सभा के पंजाब, हरियाणा, चंडीगढ़ समेत कुछ अन्य राज्यों के प्रतिनिधि भी शामिल होंगे और इस मौके सभा के पिछले समय के कार्यों का लेखा-जोखा किया जाएगा और प्रतिनिधियों द्वारा नई नेतृत्व समिति का चुनाव किया जाएगा।
उन्होंने बताया कि आज देश की अर्थव्यवस्था मंदी के दौर से गुजर रही है, मंदी का सारा बोझ मेहनतकश लोगों पर डाला जा रहा है और देशी-विदेशी पूंजीपतियों को देश का माल खजाना दोनों हाथों से लुटाया जा रहा है। केंद्र में सत्ता पर काबिज भाजपा की सांप्रदायिक फासीवादी सरकार ने लोगों की लूट और दमन को और ज्यादा बढ़ाया है। भाजपा के पीछे कार्य करने वाली राष्ट्रीय स्वयंसेवक संघ ने भारत को हिंदू राष्ट्र बनाने की ओर अपने कदमों को और ज्यादा मजबूती से बढ़ाया है। मोदी के शासन में मेहनतकश लोगों, धार्मिक अल्पसंख्यकों, दलितों, औरतों, राष्ट्रीयताओं, जनपक्षीय कार्यकर्ताओं, बुद्धिजीवियों, तर्कशीलों पर दमन दिनों दिन बढ़ता जा रहा है। गरीबी, बेरोजगारी, भुखमरी, महंगाई के आंकड़े हर दिन रिकॉर्ड तोड़ रहे हैं। मेहनतकश लोगों, खासकर नौजवान हिस्सों में इन हालातों के प्रति जबरदस्त बेचैनी बढ़ रही है। नेताओं ने कहा कि ऐसे बदतर हो रहे आर्थिक राजनीतिक सामाजिक हालातों के टक्कर के लिए और नौजवान हिस्सों को संगठित करने के लिए, एक मजबूत, दृढ़ और अनुशासित जुझारू नौजवान संगठन की जरूरत पहले से कहीं ज्यादा महसूस की जा रही है। नेताओं ने कहा कि संगठन का दूसरा सम्मेलन इसी दिशा की तरफ़ एक प्रयत्न का संकल्प होगा।

जारीकर्ता
तैयारी कमेटी, दूसरा सम्मेलन,
नौजवान भारत सभा
9888401288

ਨੌਜਵਾਨ ਭਾਰਤ ਸਭਾ ਦਾ ਦੂਜਾ ਇਜਲਾਸ 29 ਨਵੰਬਰ ਨੂੰ ਕਰਨ ਦਾ ਫੈਸਲਾ

ਨੌਜਵਾਨ ਜਥੇਬੰਦੀ, ਨੌਜਵਾਨ ਭਾਰਤ ਸਭਾ ਨੇ ਦੂਜਾ ਇਜਲਾਸ ਆਉਂਦੀ 29 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਭਵਨ, ਰਾਏਕੋਟ(ਲੁਧਿਆਣਾ) ਵਿਖੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਨੌਜਵਾਨ ਭਾਰਤ ਸਭਾ ਦੀ ਜਥੇਬੰਦਕ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਸਭਾ ਦੇ ਆਗੂ ਮਾਨਵ ਤੇ ਛਿੰਦਰਪਾਲ ਨੇ ਦੱਸਿਆ ਕਿ ਇਜਲਾਸ ਦੀ ਸਫਲ ਕਾਰਗੁਜਾਰੀ ਲਈ 11 ਮੈਂਬਰੀ ਤਿਆਰੀ ਕਮੇਟੀ ਬਣਾਈ ਗਈ ਹੈ, ਜੋ ਇਜਲਾਸ ਦੀ ਤਿਆਰੀ ਅਤੇ ਕਾਰਵਾਈ ਦਾ ਸੰਚਾਲਨ ਕਰੇਗੀ। ਆਗੂਆਂ ਨੇ ਦੱਸਿਆ ਕਿ ਨੌਜਵਾਨ ਭਾਰਤ ਸਭਾ ਦਾ ਪਹਿਲਾ ਇਜਲਾਸ ਸਤੰਬਰ 2014 ਨੂੰ ਦਿੱਲੀ ਵਿਖੇ ਮੁਕੰਮਲ ਹੋਇਆ ਸੀ ਤੇ ਉਸ ਮਗਰੋਂ ਜਥੇਬੰਦਕ ਰੁਝੇਵਿਆਂ ਕਰਕੇ ਦੂਜੇ ਇਜਲਾਸ ਵਿੱਚ ਦੇਰੀ ਹੁੰਦੀ ਰਹੀ ਹੈ, ਜਿਸਨੂੰ ਆਉਂਦੀ 29 ਤਰੀਕ ਨੂੰ ਸਿਰੇ ਚਾੜ ਲਿਆ ਜਾਵੇਗਾ। ਇਜਲਾਸ ਵਿੱਚ ਨੌਜਵਾਨ ਭਾਰਤ ਸਭਾ ਦੇ ਪੰਜਾਬ, ਹਰਿਆਣਾ, ਚੰਡੀਗੜ ਸਮੇਤ ਕੁਝ ਹੋਰ ਸੂਬਿਆਂ ਤੋਂ ਵੀ ਨੁਮਾਇੰਦੇ ਸ਼ਾਮਲ ਹੋਣਗੇ ਅਤੇ ਇਸ ਮੌਕੇ ਸਭਾ ਦੀ ਪਿਛਲੇ ਸਮੇਂ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਅਤੇ ਨੁਮਾਇੰਦਿਆਂ ਵੱਲੋਂ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਅੱਜ ਦੇਸ਼ ਦੀ ਆਰਥਿਕਤਾ ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਹੈ, ਮੰਦੀ ਦਾ ਸਾਰਾ ਬੋਝ ਕਿਰਤੀ ਲੋਕਾਂ ਉੱਤੇ ਪਾਇਆ ਜਾ ਰਿਹਾ ਹੈ ਅਤੇ ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤਾਂ ਨੂੰ ਦੇਸ਼ ਦੇ ਮਾਲ ਖਜਾਨੇ ਦੋਵੇਂ ਹੱਥੀਂ ਲੁਟਾਏ ਜਾ ਰਹੇ ਹਨ। ਕੇਂਦਰ ਵਿੱਚ ਰਾਜ ਕਰਦੀ ਭਾਜਪਾ ਦੀ ਫਿਰਕੂ ਫਾਸੀਵਾਦੀ ਹਕੂਮਤ ਨੇ ਲੋਕਾਂ ਦੀ ਲੁੱਟ-ਜਬਰ ਨੂੰ ਹੋਰ ਜਿਆਦਾ ਵਧਾਇਆ ਹੈ। ਭਾਜਪਾ ਦੇ ਪਿੱਛੇ ਕੰਮ ਕਰਦੀ ਰਾਸ਼ਟਰੀ ਸਵੈਸੇਵਕ ਸੰਘ ਦੀ ਜੁੰਡੀ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੀ ਧੁੱਸ ਨੂੰ ਹੋਰ ਜਿਆਦਾ ਮਜੂਬਤ ਕੀਤਾ ਹੈ। ਮੋਦੀ ਦੇ ਰਾਜ ਵਿੱਚ ਕਿਰਤੀ ਲੋਕਾਂ, ਧਾਰਮਿਕ ਘੱਟਗਿਣਤੀਆਂ, ਦਲਿਤਾਂ, ਔਰਤਾਂ, ਕੌਮਾਂ, ਲੋਕ ਪੱਖੀ ਕਾਰਕੁੰਨਾਂ, ਬੁੱਧੀਜੀਵੀਆਂ, ਤਰਕਸ਼ੀਲਾਂ ਉੱਤੇ ਜਬਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਗਰੀਬੀ, ਬੇਰੁਜਗਾਰੀ, ਭੁੱਖਮਰੀ, ਮਹਿੰਗਾਈ ਦੇ ਅੰਕੜੇ ਹਰ ਦਿਨ ਰਿਕਾਰਡ ਤੋੜ ਰਹੇ ਹਨ। ਮਿਹਨਤੀ ਲੋਕਾਂ, ਖਾਸਕਰ ਨੌਜਵਾਨ ਹਿੱਸਿਆਂ ਵਿੱਚ ਇਹਨਾਂ ਹਾਲਤਾਂ ਪ੍ਰਤੀ ਇੱਕ ਜਬਰਦਸਤ ਬੇਚੈਨੀ ਪਲ਼ ਰਹੀ ਹੈ। ਆਗੂਆਂ ਕਿਹਾ ਕਿ ਅਜਿਹੀਆਂ ਨਿੱਘਰ ਰਹੀਆਂ ਆਰਥਿਕ-ਸਿਆਸੀ-ਸਮਾਜਿਕ ਹਾਲਤਾਂ ਦੇ ਟਾਕਰੇ ਲਈ ਅਤੇ ਨੌਜਵਾਨ ਹਿੱਸਿਆਂ ਨੂੰ ਜਥੇਬੰਦ ਕਰਨ ਲਈ, ਇੱਕ ਮਜਬੂਤ, ਦ੍ਰਿੜ ਅਤੇ ਜਾਬਤੇ ਵਾਲ਼ੀ ਜੂਝਾਰੂ ਨੌਜਵਾਨ ਜਥੇਬੰਦੀ ਦੀ ਲੋੜ ਪਹਿਲਾਂ ਨਾਲ਼ੋਂ ਕਿਤੇ ਵੱਧ ਸ਼ਿੱਦਤ ਨਾਲ਼ ਮਹਿਸੂਸ ਕਰ ਰਹੇ ਹਨ। ਆਗੂਆਂ ਕਿਹਾ ਕਿ ਜਥੇਬੰਦੀ ਦਾ ਦੂਜਾ ਇਜਲਾਸ ਇਸੇ ਸੇਧ ਵੱਲ ਇੱਕ ਕੋਸ਼ਿਸ਼ ਦਾ ਅਹਿਦ ਹੋਵੇਗਾ।

ਜਾਰੀਕਰਤਾ
ਤਿਆਰੀ ਕਮੇਟੀ, ਦੂਜਾ ਇਜਲਾਸ,
ਨੌਜਵਾਨ ਭਾਰਤ ਸਭਾ
9888401288

ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ

ਅੱਜ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗਦਰ ਪਾਰਟੀ ਦੇ ਸ਼ਹੀਦ ਕਰਤਾਰ ਸਰਾਭਾ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਵਿਖੇ ਸ਼ਹੀਦੀ ਕਾਨਫਰੰਸ ਕੀਤੀ ਗਈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਮੋਦੀ ਹਕੂਮਤ ਵੱਲੋਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਦਰ ਪਾਰਟੀ ਦੇ ਸ਼ਹੀਦਾਂ ਤੋਂ ਪ੍ਰੇਰਣਾ ਲੈਕੇ ਦੇਸੀ-ਵਿਦੇਸੀ ਸਰਮਾਏਦਾਰਾ ਲੁੱਟ, ਜਬਰ ਤੇ ਗੁਲਾਮੀ ਖਿਲਾਫ਼ ਜੂਝਣ ਦਾ ਸੱਦਾ ਦਿੱਤਾ। ਇਸ ਸ਼ਹੀਦੀ ਕਾਨਫਰੰਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਪਿੰਡ ਵਿੱਚ ਮਾਰਚ ਵੀ ਕੱਢਿਆ।

 ਇਸ ਮੌਕੇ ਬੋਲਦੇ ਹੋਏ ਨੌਜਵਾਨ ਭਾਰਤ ਸਭਾ ਦੇ ਜਰਨਲ ਸਕੱਤਰ ਛਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਜੂਝਦਿਆਂ 19 ਸਾਲ ਦੀ ਉਮਰੇ ਸ਼ਹੀਦੀ ਹਾਸਲ ਕਰਕੇ ਕੁਰਬਾਨੀ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਪਰ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀਆਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਵੀ ਹਾਲੇ ਉਹਨਾਂ ਦੇ ਸੁਪਨਿਆਂ ਵਾਲਾ ਸਮਾਜ ਨਹੀਂ ਬਣ ਸਕਿਆ। ਪਿਛਲੇ 73 ਸਾਲਾਂ ਤੋਂ ਜਿਹੜੀਆਂ ਵੀ ਪਾਰਟੀਆਂ ਨੇ ਸੱਤ੍ਹਾ ਸੰਭਾਲੀ ਹੈ ਉਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੀ ਥਾਂ ਸਰਮਾਏਦਾਰਾਂ ਦੀ ਸੇਵਾ ਲਈ ਹੀ ਕੰਮ ਕੀਤਾ ਹੈ। 2014 ਤੋਂ ਬਾਅਦ ਕੇਂਦਰ ਵਿੱਚ ਆਈ ਮੋਦੀ ਦੀ ਫਾਸੀਵਾਦੀ ਹਕੂਮਤ ਹੇਠ ਲੋਕਾਂ ਦੀ ਜ਼ਿੰਦਗੀ ਹੋਰ ਵੀ ਔਖੀ ਹੋਈ ਹੈ। ਕਰੋਨਾ ਦੇ ਨਾਮ ਉੱਪਰ ਜਾਬਰ ਪੂਰਨਬੰਦੀ ਮੜ੍ਹ ਕੇ ਕਿਰਤ ਕਨੂੰਨਾਂ ਚ ਸੋਧਾਂ, ਖੇਤੀ ਕਨੂੰਨਾਂ, ਨੋਟਬੰਦੀ, ਪ੍ਰਸਤਾਵਿਤ ਬਿਜਲੀ ਕਨੂੰਨਾਂ ਅਤੇ ਜਨਤਕ ਅਦਾਰਿਆਂ ਦੇ ਨਿੱਜੀਕਰਨ ਰਾਹੀਂ ਲੋਕਾਂ ਉੱਪਰ ਹਮਲਾ ਬੋਲਿਆ ਹੋਇਆ ਹੈ। ਇਸ ਤੋਂ ਬਿਨਾਂ ਸੂਬਿਆਂ ਦੇ ਹੱਕ ਖੋਹ ਕੇ ਕੇਂਦਰੀਕਰਨ ਦੀਆਂ ਨੀਤੀਆਂ ਰਾਹੀਂ ਇੱਥੇ ਵਸਦੀਆਂ ਵੱਖ-ਵੱਖ ਕੌਮਾਂ ਉੱਪਰ ਜਬਰ ਵਧਾਇਆ ਹੈ ਜਿਸ ਨਾਲ਼ ਇੱਕ ਪਾਸੇ ਅੰਬਾਨੀ-ਅਡਾਨੀ ਵਰਗੇ ਸਰਮਾਏਦਾਰਾਂ ਲਈ ਰਾਹ ਸੁਖਾਲਾ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਨਾਲ਼ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹ ਰਹੀ ਹੈ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਨੂੰ ਪ੍ਰੇਰਣਾ ਲੈਕੇ ਇਸ ਰਾਜ ਪ੍ਰਬੰਧ ਨੂੰ ਬਦਲਣ ਦੀ ਲੜਾਈ ਵਿੱਚ ਜਥੇਬੰਦ ਹੋਣ ਦੀ ਜ਼ਰੂਰਤ ਹੈ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾ ਆਗੂ ਸ਼੍ਰਿਸ਼ਟੀ ਨੇ ਕਿਹਾ ਕਿ ਮੌਜੂਦਾ ਰਾਜ ਪ੍ਰਬੰਧ ਵਿੱਚ ਨੌਜਵਾਨ-ਵਿਦਿਆਰਥੀਆਂ ਦੇ ਪੱਲੇ ਨਿਰਾਸ਼ਾ ਬੇਚੈਨੀ ਤੋਂ ਬਿਨਾਂ ਕੁੱਝ ਨਹੀਂ। ਲਗਾਤਾਰ ਮਹਿੰਗੀ ਹੋ ਰਹੀ ਸਿੱਖਿਆ ਕਿਰਤੀਆਂ ਦੇ ਧੀਆਂ-ਪੁੱਤਾਂ ਤੋਂ ਸਿੱਖਿਆ ਖੋਹ ਰਹੀ ਹੈ ਤੇ ਦੂਜੇ ਪਾਸੇ ਡਿਗਰੀਆਂ ਦੇ ਥੱਬੇ ਇਕੱਠੇ ਕਰਕੇ ਵੀ ਰੁਜ਼ਗਾਰ ਨਹੀਂ ਮਿਲ਼ਦਾ। ਕਰੋਨਾ ਦੇ ਬਹਾਨੇ ਲਾਈ ਪੂਰਨਬੰਦੀ ਨੇ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਦਾ ਬੁਰਾ ਹਾਲ ਕੀਤਾ ਹੈ। ਸਭ ਤੋਂ ਵੱਧ ਅਸਰ ਕੁੜੀਆਂ ਦੀ ਪੜ੍ਹਾਈ ਉੱਪਰ ਪਿਆ ਹੈ। ਹਾਲ ਇਹ ਹੈ ਕਿ ਨਿਰਾਸ਼ ਹੋਏ ਨੌਜਵਾਨ ਖੁਦਕੁਸ਼ੀਆਂ, ਨਸ਼ਿਆਂ ਤੇ ਜੁਰਮਾਂ ਦੇ ਰਾਹ ਪਏ ਹੋਏ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਨੌਜਵਾਨਾਂ ਨੂੰ ਖੁਦਕੁਸ਼ੀਆਂ ਨਸ਼ਿਆਂ ਦਾ ਰਾਹ ਚੁਣਨ ਦੀ ਥਾਂ ਜ਼ਿੰਦਗੀ ਨੂੰ ਨਰਕ ਬਣਾਉਣ ਵਾਲ਼ੇ ਰਾਜ ਪ੍ਰਬੰਧ ਖਿਲਾਫ ਜੂਝਣਾ ਚਾਹੀਦਾ ਹੈ ਤੇ ਸ਼ਹੀਦਾਂ ਦੇ ਸੁਪਨਿਆਂ ਵਾਲ਼ਾ, ਲੋਕਾਂ ਦੀ ਪੁੱਗਤ ਵਾਲ਼ਾ ਰਾਜ-ਭਾਗ ਲੈਕੇ ਆਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਕਾਨਫਰੰਸ ਨੂੰ ਸਹਿਯੋਗੀ ਜਥੇਬੰਦੀਆਂ ਵੱਲੋਂ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਚ ਸੰਚਾਲਨ ਮਾਨਵ ਨੇ ਕੀਤਾ। ਇਸਤੋਂ ਬਾਅਦ ਪਿੰਡ ਵਿੱਚ ਮਾਰਚ ਕੱਢਿਆ ਗਿਆ ਜੋ ਕਾਨਫਰੰਸ ਦੀ ਥਾਂ ਤੋਂ ਸ਼ੁਰੂ ਹੋਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅੱਗੋਂ ਲੰਘਦਾ ਹੋਇਆ ਸ਼ਹੀਦ ਸਮਾਰਕ ਪਹੁੰਚਿਆ ਜਿੱਥੇ ਇਸਦੀ ਸਮਾਪਤੀ ਕੀਤੀ ਗਈ।

Wednesday, 23 September 2020

ਨੌਜਵਾਨ, ਵਿਦਿਆਰਥੀ ਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ


17 ਸਤੰਬਰ 2020 - ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨ ਨਵੇਂ ਖੇਤੀ ਕਨੂੰਨਾਂ ਖਿਲਾਫ਼ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਲੋਕ ਆਗੂਆਂ ਰਾਜਵਿੰਦਰ, ਛਿੰਦਰਪਾਲ ਅਤੇ ਸੁਖਦੇਵ ਭੂੰਦੜੀ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਇਸ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ। 

ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਤਿੰਨ ਨਵੇਂ ਖੇਤੀ ਕਨੂੰਨ ਮੋਦੀ ਹਕੂਮਤ ਵੱਲੋਂ ਭਾਵੇਂ ਲੋਕ ਭਲਾਈ ਦੇ ਦਾਅਵੇ ਕਰਦੇ ਹੋਏ ਲਿਆਂਦੇ ਜਾ ਰਹੇ ਹਨ ਪਰ ਅਸਲ ਵਿੱਚ ਇਹਨਾਂ ਦਾ ਲੋਕ ਭਲਾਈ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਨੂੰਨ ਸਰਮਾਏਦਾਰ ਜਮਾਤ ਨੂੰ ਮੁਨਾਫਿਆਂ ਦੇ ਗੱਫੇ ਦੇਣ ਲਈ ਲਿਆਂਦੇ ਜਾ ਰਹੇ ਹਨ। ਮੋਦੀ ਹਕੂਮਤ ਭਾਰਤ ਦੀ ਵੱਡੀ ਸਰਮਾਏਦਾਰ ਜਮਾਤ ਦੇ ਹਿੱਤਾਂ ਮੁਤਾਬਿਕ ਅਤੇ ਆਰ.ਐਸ.ਐਸ. ਦੇ ‘ਅਖੰਡ ਹਿੰਦੂ ਰਾਸ਼ਟਰ’ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਕੇਂਦਰੀਕ੍ਰਿਤ ਆਰਥਿਕ ਅਤੇ ਸਿਆਸੀ ਢਾਂਚਾ ਉਸਾਰਨਾ ਚਾਹੁੰਦੀ ਹੈ। ਇਸੇ ਉਦੇਸ਼ ਨੂੰ ਪੂਰਾ ਕਰਨ ਲਈ ਸੂਬਿਆਂ ਦੀ ਖੁਦਮੁਖਤਿਆਰੀ ਖੋਹੀ ਜਾ ਰਹੀ ਹੈ। ਇਹ ਤਿੰਨ ਨਵੇਂ ਖੇਤੀ ਕਨੂੰਨ ਵੀ ਸੂਬਿਆਂ ਦੀ ਖੁਦਮੁਖਤਿਆਰੀ ਉੱਤੇ ਫਾਸੀਵਾਦੀ ਮੋਦੀ ਹਕੂਮਤ ਦਾ ਤਿੱਖਾ ਹਮਲਾ ਹੈ ਜਿਸਦਾ ਹਰ ਇਨਸਾਫ਼ਪਸੰਦ ਵਿਅਕਤੀ ਨੂੰ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। 

ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹਨਾਂ ਖੇਤੀ ਕਨੂੰਨਾਂ ਤਹਿਤ ਅਨਾਜ਼ ਦੀ ਸਰਕਾਰੀ ਖਰੀਦ ਬੰਦ ਕਰਨ ਲਈ ਸਰਕਾਰ ਵੱਡਾ ਲੋਕ ਵਿਰੋਧੀ ਕਦਮ ਚੁੱਕਣ ਜਾ ਰਹੀ ਹੈ। ਜਨਤਕ ਵੰਡ ਪ੍ਰਣਾਲੀ ਦੇ ਖਾਤਮੇ ਵੱਲ ਇਹ ਘੋਰ ਲੋਕ ਵਿਰੋਧੀ ਕਦਮ ਹੈ। ਅਨਾਜ਼ ਮੰਡੀਆਂ ਖਤਮ ਹੋਣ ਨਾਲ਼ ਵੱਡੇ ਪੱਧਰ ਉੱਤੇ ਮਜ਼ਦੂਰ ਬੇਰੁਜ਼ਗਾਰ ਹੋਣਗੇ। ਪਹਿਲਾਂ ਹੀ ਬੇਰੁਜ਼ਗਾਰੀ ਅਸਮਾਨ ਛੂਹ ਰਹੀ ਹੈ ਇਸ ਤੋਂ ਬਾਅਦ ਹਾਲਤ ਹੋਰ ਵੀ ਭਿਆਨਕ ਹੋ ਜਾਵੇਗੀ।

Monday, 14 September 2020

ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ


ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਝੇ ਮਨਸੂਬਿਆਂ ਤਹਿਤ ਲਿਆਂਦੇ ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਸੰਘਰਸ਼ ਚੱਲ ਰਹੇ ਹਨ। ਨੌਜਵਾਨ ਭਾਰਤ ਸਭਾ ਦੇ ਜਥੇਬੰਦਕ ਆਗੂ ਮਾਨਵਜੋਤ ਅਤੇ ਪਾਵੇਲ ਨੇ ਬਿਆਨ ਜਾਰੀ ਕਰਦਿਆਂ ਇਹਨਾਂ ਸੰਘਰਸ਼ਾਂ ਦੀ ਡਟਕੇ ਹਮਾਇਤ ਕਰਨ ਦਾ ਐਲਾਨ ਕਰਦਿਆਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਸਭਾ ਦੇ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਆਰਡੀਨੈਂਸ ਸੂਬਿਆਂ ਦੀ ਖੁਦਮੁਖਤਿਆਰੀ ਉੱਤੇ ਇੱਕ ਵੱਡਾ ਹਮਲਾ ਹਨ। ਖੇਤੀ ਸਬੰਧੀ ਫੈਸਲੇ ਕਰਨ ਦਾ ਮਸਲਾ ਭਾਰਤੀ ਸੰਵਿਧਾਨ ਵਿੱਚ ਸੂਬਾਈ ਸੂਚੀ ਦਾ ਵਿਸ਼ਾ ਹੈ, ਪਰ ਕੇਂਦਰ ਦੀ ਭਾਜਪਾ ਹਕੂਮਤ ਵੱਲ਼ੋਂ ਆਵਦੇ ਹੀ ਬਣਾਏ ਸੰਵਿਧਾਨਿਕ ਨਿਯਮਾਂ ਨੂੰ ਛਿੱਕੇ ਉੱਤੇ ਟੰਗਦਿਆਂ ਸੂਬਾਈ ਸੂਚੀ ਦੇ ਮਸਲੇ ਵਿੱਚ ਘੁਸਪੈਠ ਕੀਤੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਸਬੰਧੀ ਸੂਬਿਆਂ ਨਾਲ਼ ਕਿਸੇ ਕਿਸਮ ਦੀ ਕੋਈ ਰਾਇ-ਸਲਾਹ ਕਰਨੀ ਜਰੂਰੀ ਨਾ ਸਮਝੀ। ਆਗੂਆਂ ਦਾ ਕਹਿਣਾ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮੁੱਢ ਤੋਂ ਹੀ ਭਾਰਤ ਨੂੰ ਧੱਕੇ ਨਾਲ਼ ਇੱਕ ਕੌਮ ਬਣਾਉਣ ਦੀ ਧੁੱਸ ਰਹੀ ਹੈ। ਪਰ ਸੰਨ 2014 ਵਿੱਚ ਕੇਂਦਰ ਵਿੱਚ ਭਾਜਪਾ ਦੀ ਫ਼ਿਰਕੂ ਫਾਸੀਵਾਦੀ ਸਰਕਾਰ ਬਣਨ ਨਾਲ਼ ਸੂਬਿਆਂ ਦੇ ਹੱਕਾਂ ਉੱਤੇ ਹਮਲਾ ਕਿਤੇ ਜਿਆਦਾ ਤਿੱਖਾ ਹੋਇਆ ਅਤੇ ਇੱਕ ਕੌਮ ਬਣਾਉਣ ਦੀ ਕੋਝੀ ਧੁੱਸ ਵਧੀ ਹੈ। ਆਗੂਆਂ ਨੇ ਕੇਂਦਰ ਭਾਜਪਾ ਸਰਕਾਰ ਵੱਲ਼ੋਂ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਛਿੱਕੇ ਉੱਤੇ ਟੰਗਦਿਆਂ ਅਪਣਾਈ ਕੇਂਦਰਵਾਦੀ ਧੁੱਸ ਦੀ ਸਖ਼ਤ ਨਿਖੇਧੀ ਕੀਤੀ। ਆਗੂਆਂ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਗਰੀਬਾਂ-ਕਿਰਤੀ ਲੋਕਾਂ ਦਾ ਵਿਰੋਧੀ ਐਲਾਨਿਆ, ਜਿਸ ਨਾਲ਼ ਮੰਡੀਆਂ, ਗੁਦਾਮਾਂ ਆਦਿ ਵਿੱਚ ਜਾਂ ਢੋਆ-ਢੁਆਈ ਆਦਿ ਦਾ ਕੰਮ ਕਰਦੇ ਕਿਰਤੀ ਲੋਕਾਂ ਦੇ ਰੁਜ਼ਗਾਰ ਦਾ ਵੱਡੇ ਪੱਧਰ ਉੱਤੇ ਉਜਾੜਾ ਹੋਵੇਗਾ। ਉਹਨਾਂ ਕਿਹਾ ਕਿ ਖੇਤੀ ਖੇਤਰ ਵਿੱਚ ਨਿੱਜੀ ਕਾਰਪੋਰੇਟਾਂ ਦੇ ਦਖਲ ਨਾਲ਼ ਜ਼ਖੀਰੇਬਾਜੀ ਕਰਕੇ ਨਕਲੀ ਥੁੜ ਪੈਦਾ ਕਰਨ ਅਤੇ ਮਗਰੋਂ ਅੰਨ ਨੂੰ ਮਨਮਰਜੀ ਦੇ ਉੱਚੇ ਭਾਵਾਂ ਉੱਤੇ ਵੇਚਣ ਦੀ ਖੁੱਲ੍ਹ ਮਿਲੇਗੀ। ਆਗੂਆਂ ਨੇ ਕਿਹਾ ਕਿ ਜੇ ਇਹ ਤਿੰਨ ਖੇਤੀ ਆਰਡੀਨੈਂਸ ਲਾਗੂ ਹੁੰਦੇ ਹਨ ਤਾਂ ਕੇਂਦਰ ਸਰਕਾਰ ਲਾਜਮੀ ਹੀ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪਾ ਦੇਵੇਗੀ, ਜਿਸ ਨਾਲ਼ ਦੇਸ਼ ਦੇ ਕਰੋੜਾਂ ਕਿਰਤੀਆਂ ਦੇ ਘਰਾਂ ਦੇ ਚੁੱਲ੍ਹੇ ਬਲ਼ਦੇ ਹਨ।
ਇਹਨਾਂ ਸਭਨਾਂ ਕਾਰਨਾਂ ਕਰਕੇ ਨੌਜਵਾਨ ਆਗੂਆਂ ਨੇ ਦੱਸਿਆ ਕਿ ਨੌਜਵਾਨ ਭਾਰਤ ਸਭਾ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਿਰਤੀ-ਗਰੀਬ ਲੋਕਾਂ ਦਾ ਵਿਰੋਧੀ ਅਤੇ ਸੂਬਿਆਂ ਦੀ ਖੁਦਮੁਖਤਿਆਰੀ ਉੱਤੇ ਹਮਲਾ ਦੱਸਦਿਆਂ ਗੈਰ-ਜਮਹੂਰੀ ਮੰਨਦੀ ਹੈ ਅਤੇ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਵਿੱਢੇ ਚੇਤਨਾ ਪੰਦਰਵਾੜਾ ਤਹਿਤ ਲੋਕਾਂ ਨੂੰ ਇਹਨਾਂ ਆਰਡੀਨੈਂਸਾਂ ਦੀ ਕੋਝੀ ਹਕੀਕਤ ਤੋਂ ਜਾਣੂ ਕਰਵਾਉਂਦਿਆਂ ਇਹਨਾਂ ਖਿਲਾਫ ਸੰਘਰਸ਼ ਵਿੱਚ ਨਿੱਤਰਣ ਦਾ ਸੱਦਾ ਦਿੱਤਾ ਜਾਵੇਗਾ। ਆਗੂਆਂ ਨੇ ਜਥੇਬੰਦੀ ਵੱਲੋਂ ਐਲਾਨ ਕੀਤਾ ਕਿ ਨੌਜਵਾਨ ਭਾਰਤ ਸਭਾ ਪੂਰੇ ਦੇਸ਼ ਵਿੱਚ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ਾਂ ਦੀ ਹਮਾਇਤ ਕਰੇਗੀ।

Thursday, 10 September 2020

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਚੇਤਨਾ ਪੰਦਰਵਾੜਾ' ਤਹਿਤ ਜਾਰੀ ਹੱਥ ਪਰਚਾ

◾ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦਿਆਂ ਹੱਕੀ ਮੰਗਾਂ ਮਸਲਿਆਂ ਲਈ ਅਵਾਜ਼ ਬੁਲੰਦ ਕਰੋ
◾ਲੋਟੂ ਹਾਕਮਾਂ ਦਾ ਲੋਕਦੋਖੀ ਕਿਰਦਾਰ ਪਹਿਚਾਣੋ।
◾ਰੁਜ਼ਗਾਰ ਖਾਤਰ ਅਤੇ ਨਿੱਜੀਕਰਨ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੋ

ਪਿਆਰੇ ਲੋਕੋ,
28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦੀ 113ਵੀਂ ਵਰ੍ਹੇਗੰਢ ਆ ਰਹੀ ਹੈ। ਸਾਡੇ ਲਈ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸਿਰਫ਼ ਕੋਈ ਤਿੱਥ-ਤਿਉਹਾਰ ਨਹੀਂ, ਸਗੋਂ ਸ਼ਹੀਦ ਭਗਤ ਸਿੰਘ ਵੱਲੋਂ ਲੁੱਟ- ਜ਼ਬਰ- ਅਨਿਆਂ ਵਿਰੁੱਧ ਵਿੱਢੇ ਸੰਘਰਸ਼ ਦਾ ਚੇਤਾ ਹੈ। ਉਹ ਸੰਘਰਸ਼ ਜੋ ਇਸ ਸੂਰਮੇ ਨੂੰ ਫਾਂਸੀ ਚਾੜਕੇ ਵੀ ਮੁੱਕਿਆ ਨਾ, ਜੋ ਹੁਣ ਤੱਕ ਜਾਰੀ ਹੈ। ਸ਼ਹੀਦ ਭਗਤ ਸਿੰਘ ਦੀ ਲੜਾਈ ਸਿਰਫ ਦੇਸ਼ ਨੂੰ ਅੰਗਰੇਜਾਂ ਤੋਂ ਅਜਾਦੀ ਦੀ ਨਹੀਂ, ਸਗੋਂ ਹਰ ਤਰਾਂ ਦੇ ਲੁੱਟ-ਜਬਰ-ਅਨਿਆਂ ਤੋਂ ਅਜਾਦੀ ਦੀ ਲੜਾਈ ਸੀ, ਇਸੇ ਕਰਕੇ ਇਹ ਲੜਾਈ ਸੰਨ ਸੰਤਾਲੀ ਵਿੱਚ ਦੇਸ਼ ਦੇ ਰਾਜ ਭਾਗ ਉੱਤੇ ਕਾਬਜ ਹੋਈਆਂ ਲੋਕ ਦੋਖੀ ਹਕੂਮਤਾਂ ਖਿਲਾਫ ਵੀ ਜਾਰੀ ਹੈ। ਅੱਜ ਵੀ ਦੋ ਟੋਟਿਆਂ ਵਿੱਚ ਵੰਡੀ ਖਲਕਤ ਦੀ, ਲੋਕਾਂ ਅਤੇ ਜੋਕਾਂ ਦੀ ਆਪਸ ਵਿੱਚ ਜੰਗ ਲਗਾਤਾਰ ਜਾਰੀ ਹੈ। ਭਗਤ ਸਿੰਘ ਦੀ ਫਾਂਸੀ ਦੇ ਲਗਭਗ ਨੌ ਦਹਾਕੇ ਮਗਰੋਂ ਵੀ ਇਸ ਸ਼੍ਰੋਮਣੀ ਯੋਧੇ ਦੇ ਇਨਕਲਾਬੀ ਖਾੜਕੂ ਵਿਚਾਰਾਂ ਦਾ ਪਰਚਮ ਲੁੱਟ-ਜਬਰ-ਅਨਿਆਂ ਖਿਲਾਫ ਲੜਨ ਵਾਲ਼ਿਆਂ ਦਾ ਰਾਹ ਰੁਸ਼ਨਾ ਰਿਹਾ ਹੈ। ਇਸ ਲਈ ਅੱਜ ਸਾਡੇ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜਾ ਮਨਾਉਣ ਦਾ ਮਤਲਬ ਉਹਨਾਂ ਦੇ ਵਿਚਾਰਾਂ ਤੋਂ ਸੇਧ ਲੈਂਦਿਆਂ ਅਜੋਕੇ ਹਕੂਮਤੀ ਹੱਲ਼ਿਆਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਹੈ ਅਤੇ ਉਹਨਾਂ ਦੇ ਲੋਕ ਦੋਖੀ ਕਿਰਦਾਰ ਦਾ ਪਾਜ ਉਘਾੜਾ ਕਰਨਾ ਹੈ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਕਿਰਤੀ ਲੋਕਾਂ ਨੂੰ ਤਿਆਰ ਕਰਨਾ ਹੈ।

ਜਿਸ ਦੌਰ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ, ਇਸ ਮੌਕੇ ਰਾਜ ਭਾਗ ਉੱਤੇ ਕਾਬਜ ਹਕੂਮਤਾਂ, ਕੇਂਦਰ ਦੀ ਭਾਜਪਾ ਹਕੂਮਤ ਅਤੇ ਸੂਬਾਈ ਹਕੂਮਤਾਂ ਦੇ ਲੋਕਦੋਖੀ ਕਿਰਦਾਰ ਪਹਿਲਾਂ ਨਾਲ਼ੋਂ ਕਿਤੇ ਜਿਆਦਾ ਉੱਘੜਕੇ ਸਾਹਮਣੇ ਆ ਰਿਹਾ ਹੈ। ਕਿਰਤੀ ਲੋਕਾਂ ਉੱਤੇ ਹੱਲਾ ਪਹਿਲਾਂ ਨਾਲ਼ੋਂ ਕਿਤੇ ਜਿਆਦਾ ਤਿੱਖਾ ਹੋਇਆ ਹੈ। ਇਸ ਕਰਕੇ ਇਹਨਾਂ ਜਾਬਰ, ਲੋਕਦੋਖੀ ਸਰਕਾਰਾਂ ਤੋਂ ਮੁਕਤੀ ਲਈ ਭਗਤ ਸਿੰਘ ਦੇ ਵਿਚਾਰਾਂ ਦੀ ਅੱਜ ਵਿਸ਼ੇਸ਼ ਅਹਿਮੀਅਤ ਬਣਦੀ ਹੈ। ਸਾਲ ਦੇ ਤੀਜੇ ਮਹੀਨੇ ਤੋਂ ਕਰੋਨਾ ਬਹਾਨੇ ਮੜੀ ਪੂਰਨਬੰਦੀ ਨੇ ਪਹਿਲਾਂ ਹੀ ਗਰੀਬੀ, ਬੇਰੁਜ਼ਗਾਰੀ ਤੋਂ ਪੀੜਿਤ ਆਮ ਲੋਕਾਈ ਦੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪੂਰਨਬੰਦੀ ਦੇ ਜਾਬਰ ਫੈਸਲੇ ਤੋਂ ਪਹਿਲਾਂ ਕੇਂਦਰ ਦੀ ਭਾਜਪਾ ਹਕੂਮਤ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਕਿਰਤੀ ਲੋਕਾਂ ਦੇ ਗੁਜਾਰੇ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਸਭ ਕੁਝ ਨੂੰ ਇੱਕਦਮ ਬੰਦ ਕਰਕੇ ਦੇਸ਼ ਦੇ ਕਿਰਤੀਆਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ। ਪ੍ਰਵਾਸੀ ਕਾਮਿਆਂ ਨੂੰ ਭੁੱਖੇ-ਤਿਹਾਏ ਆਵਦੇ ਸੂਬਿਆਂ ਨੂੰ ਪਰਤਣ ਲਈ ਮਜਬੂਰ ਹੋਣਾ ਪਿਆ। ਕਰੋਨਾ ਇਲਾਜ ਬਹਾਨੇ ਸਰਕਾਰੀ ਹਸਪਤਾਲਾਂ ਵਿੱਚੋਂ ਬਾਕੀ ਸਾਰੀਆਂ ਸਿਹਤ ਸਹੂਲਤਾਂ ਮੁਲਤਵੀ ਕਰਨ ਨਾਲ਼ ਬਹੁਤ ਸਾਰੇ ਲੋਕ ਆਮ ਰੋਗਾਂ ਨਾਲ਼ ਇਲਾਜ ਨਾ ਹੋਣ ਖੁਣੋਂ ਮਰ ਗਏ। ਪੂਰਨਬੰਦੀ ਕਰਕੇ ਰੁਜਗਾਰ ਦਾ ਵੱਡੇ ਪੱਧਰ ਉੱਤੇ ਉਜਾੜਾ ਹੋਇਆ ਹੈ। ਬੇਰੁਜਗਾਰਾਂ ਦੀ ਫੌਜ ਵਿੱਚ ਅਥਾਹ ਵਾਧਾ ਹੋਇਆ ਹੈ। ਪੂਰਨਬੰਦੀ ਦੇ ਦੌਰਾਨ ਹੀ 12 ਕਰੋੜ ਲੋਕਾਂ ਦੇ ਬੇਰੁਜਗਾਰ ਹੋਣ ਦਾ ਅੰਕੜਾ ਦੱਸਿਆ ਜਾ ਰਿਹਾ ਹੈ। ਪਹਿਲੀ ਵਾਰ ਦੇਸ਼ ਵਿੱਚ ਬੇਰੁਜਗਾਰੀ ਦੀ ਦਰ ਲਗਭਗ 30 ਫੀਸਦ ਨੂੰ ਉੱਪੜ ਗਈ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਕਰੋਨਾ ਪੂਰਨਬੰਦੀ ਦੇ ਨਾਂ ਉੱਤੇ ਲੋਕਾਂ ਨੂੰ ਜਬਰੀ ਘਰਾਂ ਅੰਦਰ ਡੱਕਿਆ ਅਤੇ ਇਸ ਦੌਰਾਨ ਕਈ ਲੋਕ ਵਿਰੋਧੀ ਫੈਸਲੇ ਲਏ। ਲੋਕ ਵਿਰੋਧੀ ਤਿੰਨ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ, ਨਵੀਂ ਸਿੱਖਿਆ ਨੀਤੀ ਪਾਸ ਕਰਕੇ ਨਿੱਜੀਕਰਨ ਰਾਹੀਂ ਕਿਰਤੀ ਲੋਕਾਂ ਉੱਤੇ ਹਮਲੇ ਨੂੰ ਹੋਰ ਤਿੱਖਾ ਕੀਤਾ ਹੈ। ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰਾਂ- ਧਨਾਢਾਂ ਨੂੰ ਵੇਚਕੇ ਨਿੱਜੀਕਰਨ ਦੇ ਰਾਹ ਦੇ ਰੋੜੇ ਚੁਗੇ ਹਨ, ਰੇਲਵੇ ਤੋਂ ਲੈਕੇ ਟੈਲੀਫੋਨ ਮਹਿਕਮੇ ਤੱਕ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਹੈ। ਮਜ਼ਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ ਹਨ। ਦੇਸ਼ ਦੇ ਧਨਾਢਾਂ ਨੂੰ ਟੈਕਸਾਂ ਅਤੇ ਕਰਜਿਆਂ ਤੋਂ ਲੱਖਾਂ-ਕਰੋੜਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਔਖੀ ਘੜੀ ਗਰੀਬ ਕਿਰਤੀ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਸਰਕਾਰ ਵੱਡੇ ਸਰਮਾਏਦਾਰਾਂ-ਧਨਾਢਾਂ ਵਾਸਤੇ ਸਰਕਾਰੀ ਖਜਾਨੇ ਦੇ ਮੂੰਹ ਖੋਲ ਰਹੀ ਹੈ। ਉੱਤੋਂ ਸਰਕਾਰ ਨੇ ਕਰੋਨਾ ਨੂੰ ਬਹਾਨਾ ਬਣਾਕੇ ਥੋਪੀ ਪੂਰਨਬੰਦੀ ਤਹਿਤ ਲੋਕਾਂ ਦੇ ਜਮਹੂਰੀ ਅਤੇ ਨਾਗਰਿਕ ਹੱਕਾਂ ਨੂੰ ਡੰਡੇ ਦੇ ਜੋਰ ਨਾਲ਼ ਕੁਚਲਿਆ ਹੈ। ਹੱਕਾਂ ਲਈ ਸੰਘਰਸ਼ ਕਰਨ ਵਾਲ਼ੇ ਲੋਕਾਂ ਨੂੰ ਕਰੋਨਾ ਦੇ ਨਾਂ ਉੱਤੇ ਝੂਠੇ ਕੇਸਾਂ ਵਿੱਚ ਮੜ੍ਹਿਆ ਗਿਆ ਹੈ ਜਾਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਲੋਕਾਂ ਦੀ ਧਿਰ ਮੱਲ਼ਣ ਵਾਲ਼ੇ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਿਆ ਹੈ, ਦਲਿਤਾਂ, ਧਾਰਮਿਕ ਘੱਟਗਿਣਤੀਆਂ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਉੱਤੇ ਜ਼ਬਰ ਤਿੱਖਾ ਕੀਤਾ ਹੈ।  ਉਪਰੋਕਤ ਕੁਝ ਉਦਾਹਰਨਾਂ ਤੋਂ ਇਹ ਗੱਲ ਚਿੱਟੇ ਦੁੱਧ ਵਾਂਗ ਸਾਫ ਹੈ ਕਿ ਸਰਕਾਰ ਨੇ ਕਰੋਨਾ ਦੇ ਇਸ ਮੌਕੇ ਨੂੰ ਲੋਕਾਂ ਵਿੱਚ ਭੈਅ ਪੈਦਾ ਕਰਕੇ ਪੂਰਨਬੰਦੀ ਮੜ੍ਹਨ, ਸੰਘਰਸ਼ਾਂ ਨੂੰ ਡੱਕਣ, ਨਿੱਜੀਕਰਨ ਦੀਆਂ ਨੀਤੀਆਂ ਨੂੰ ਜਰਬਾਂ ਦੇਣ ਅਤੇ ਦੇਸ਼ ਵਿੱਚ ਫਿਰਕੂ ਲੀਹਾਂ ਉੱਤੇ ਵੰਡੀਆਂ ਪਾਉਣ ਲਈ ਲਾਹੇਵੰਦੀ ਹਾਲਤ ਵਜੋਂ ਵਰਤਿਆ ਹੈ ਅਤੇ ਹੁਣ ਵੀ ਵਰਤ ਰਹੀ ਹੈ।

ਪਰ ਇਹਨਾਂ ਹਾਲਤਾਂ ਵਿੱਚ ਆਮ ਲੋਕਾਂ ਦੀ ਜਿੰਦਗੀ ਦੁੱਭਰ ਹੋਈ ਪਈ ਹੈ। ਇੱਕ ਵੱਡੀ ਅਬਾਦੀ ਰੁਜਗਾਰ ਬੰਦ ਹੋਣ ਕਾਰਨ ਰੋਟੀ ਖੁਣੋਂ ਮੁਥਾਜ ਹੈ। ਅੰਕੜਿਆਂ ਮੁਤਾਬਕ ਇਸ ਸਾਲ ਦੇ ਅੰਤ ਤੱਕ 40 ਕਰੋੜ ਕਿਰਤੀਆਂ ਦੀ ਭੁੱਖਮਰੀ ਦੇ ਸ਼ਿਕਾਰ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ, ਹਜਾਰਾਂ ਬੱਚਿਆਂ ਦੇ ਭੁੱਖ ਨਾਲ਼ ਮਰਨ ਦੇ ਅੰਦਾਜੇ ਦੱਸੇ ਜਾ ਰਹੇ ਹਨ। ਹਰ ਖੇਤਰ ਵਿੱਚ ਰੁਜਗਾਰ ਬੰਦ ਹੋਏ ਹਨ। ਇਸ ਮੌਕੇ ਕੇਂਦਰ ਦੀ ਭਾਜਪਾ ਅਤੇ ਸੂਬਾਈ ਸਰਕਾਰਾਂ ਦੇ ਲੋਕਦੋਖੀ ਕਿਰਦਾਰ ਸਾਡੇ ਸਭ ਦੇ ਸਾਹਮਣੇ ਹਨ। ਇਸ ਮੌਕੇ ਆਵਦੀਆਂ ਹੱਕੀ ਮੰਗਾਂ ਉੱਤੇ ਇਕਜੁੱਟ ਹੁੰਦਿਆਂ ਹਾਕਮਾਂ ਵੱਲੋਂ ਕੀਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਡਟਣ ਦੀ ਅਣਸਰਦੀ ਲੋੜ ਬਣਦੀ ਹੈ। ਕਿਉਂਕਿ ਭਾਜਪਾ ਸਰਕਾਰ ਵੱਲੋਂ ਵਿੱਢੇ ਇਸ ਹੱਲੇ ਦੀ ਧਾਰ ਜਿੰਨੀ ਤਿੱਖੀ ਹੈ, ਇਸ ਨੂੰ ਖੁੰਢਿਆਂ ਕਰਨ ਲਈ ਤਾਣ ਵੀ ਓਨਾ ਜਿਆਦਾ ਜੁਟਾਉਣਾ ਪਵੇਗਾ। ਜੇ ਵੇਲ਼ਾ ਰਹਿੰਦੇ ਹਾਕਮਾਂ ਦੇ ਇਸ ਹਮਲੇ ਨੂੰ ਬੰਨ੍ਹ ਨਾ ਮਾਰਿਆ ਗਿਆ ਤਾਂ ਇਹਨਾਂ ਸਰਮਾਏਦਾਰਾਂ-ਧਨਾਢਾਂ ਦੇ ਚਾਕਰਾਂ ਨੇ ਸਭ ਵੇਚ ਵੱਟਕੇ ਕਿਰਤੀ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਦੀ ਜਿੰਦਗੀ ਨੂੰ ਹੋਰ ਦੁੱਭਰ ਬਣਾ ਛੱਡਣਾ ਹੈ। ਇਸ ਕਰਕੇ ਵੇਲ਼ਾ ਸਾਨੂੰ ਇੱਕਜੁੱਟ ਹੋਕੇ ਸੰਘਰਸ਼ਾਂ ਦੇ ਮੈਦਾਨ ਭਖਾਉਣ ਦੇ ਸੱਦੇ ਦੇ ਰਿਹਾ ਹੈ, ਹੋਣੀ ਨੂੰ ਬਦਲਣ ਲਈ ਅਵਾਜਾਂ ਮਾਰ ਰਿਹਾ ਹੈ। ਸਾਡੇ ਸ਼ਹੀਦ ਨੌਜਵਾਨੀ ਨੂੰ ਵੰਗਾਰ ਰਹੇ ਕਿ ‘ਨੌਜਵਾਨੋਂ ਉੱਠੋ, ਤੁਹਾਨੂੰ ਸੁੱਤਿਆਂ ਨੂੰ ਯੁਗ ਬੀਤ ਚੁੱਕੇ ਹਨ’। ਅਸੀਂ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ‘ਚੇਤਨਾ ਪੰਦਰਵਾੜਾ’ ਮਨਾਉਂਦੇ ਹੋਏ ਸੱਦਾ ਦਿੰਦੇ ਹਾਂ ਕਿ ਆਓ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਵੇਲ਼ੇ ਦੀਆਂ ਹਕੂਮਤਾਂ ਨੂੰ ਵੰਗਾਰੀਏ ਅਤੇ ਹੱਕੀ ਮੰਗਾਂ ਦਾ ਝੰਡਾ ਬੁਲੰਦ ਕਰਦਿਆਂ ਸੰਘਰਸ਼ਾਂ ਦੇ ਪਿੜ ਭਖਾਈਏ ਅਤੇ ਮੰਗ ਕਰੀਏ ਕਿ-
1. ਹਰ ਕੰਮ ਕਰਨ ਯੋਗ ਵਿਅਕਤੀ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਓਨਾ ਚਿਰ ਹਰ ਬੇਰੁਜ਼ਗਾਰ ਲਈ ਫੌਰੀ ਬੇਰੁਜ਼ਗਾਰੀ ਭੱਤੇ ਦਾ ਇੰਤਜਾਮ ਕੀਤਾ ਜਾਵੇ।
2. ਮਜ਼ਦੂਰਾਂ ਅਤੇ ਗਰੀਬ ਕਿਸਾਨੀ ਦਾ ਸਾਰਾ ਕਰਜਾ ਮਾਫ ਕੀਤਾ ਜਾਵੇ।
3. ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕੀਤਾ ਜਾਵੇ ਅਤੇ ਇਸਦਾ ਪਸਾਰਾ ਕੀਤਾ ਜਾਵੇ।
4. ਕਰੋਨਾ ਕਰਕੇ ਟਾਲ਼ੀਆਂ ਸਿਹਤ ਸਹੂਲਤਾਂ ਮੁਫਤ ਅਤੇ ਤੁਰੰਤ ਚਾਲੂ ਕੀਤੀਆਂ ਜਾਣ।
5. ਪੂਰਨਬੰਦੀ ਕਾਰਨ ਲੋਕਾਂ ਦੀਆਂ ਆਰਥਕ ਤੰਗੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੀ ਇਸ ਸਾਲ ਦੀ ਪੂਰੀ ਫੀਸ ਮਾਫ ਕੀਤੀ ਜਾਵੇ।
6. ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨ ਲਏ ਅਗਲੀਆਂ ਜਮਾਤਾਂ ਵਿੱਚ ਤਰੱਕੀ ਦਿੱਤੀ ਜਾਵੇ।
7. ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ।
8. ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ, ਤਿੰਨ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ ਅਤੇ ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ।
9. ਹੱਕਾਂ ਲਈ ਸੰਘਰਸ਼ ਕਰਨ ਵਾਲ਼ਿਆਂ ਨੂੰ ਝੂਠੇ ਕੇਸਾਂ ਵਿੱਚ ਮੜਨਾ ਬੰਦ ਕੀਤਾ ਜਾਵੇ ਅਤੇ ਸੰਘਰਸ਼ ਕਰਨ ਦੇ ਹੱਕ ਉੱਤੇ ਮੜੀਆਂ ਪਬੰਦੀਆਂ ਵਾਪਸ ਲਈਆਂ ਜਾਣ।
ਅਸੀਂ ‘ਚੇਤਨਾ ਪੰਦਰਵਾੜਾ’ ਤਹਿਤ ਪਿੰਡਾਂ-ਸ਼ਹਿਰਾਂ ਵਿੱਚ ਕੀਤੀਆਂ ਜਾਣ ਵਾਲ਼ੀਆਂ ਮੀਟਿੰਗਾਂ, ਨਾਟਕ, ਝੰਡਾ ਮਾਰਚ, ਜਾਗੋ, ਪ੍ਰਭਾਤ ਫੇਰੀਆਂ, ਗੋਸ਼ਟੀਆਂ, ਵਿਚਾਰ ਚਰਚਾਵਾਂ ਅਤੇ ਕਨਵੈਨਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।
ਇਨਕਲਾਬੀ ਸਲਾਮ ਸਹਿਤ,
ਨੌਜਵਾਨ ਭਾਰਤ ਸਭਾ 9888401288
ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) 9888789421