
ਨੌਜਵਾਨ ਜਥੇਬੰਦੀ, ਨੌਜਵਾਨ ਭਾਰਤ ਸਭਾ ਵੱਲ਼ੋਂ ਦੋ ਜਿਲ੍ਹਿਆਂ ਸਰਸਾ ਅਤੇ ਫਤਿਹਾਬਾਦ ਦਾ ਇਜਲਾਸ ਬਾਬਾ ਭਕਨਾ ਹਾਲ, ਪਿੰਡ ਸੰਤ ਨਗਰ ਵਿਖੇ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਦੋਵਾਂ ਜਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀਆਂ ਇਕਾਈਆਂ ਤੋਂ ਪਹੁੰਚੇ 50 ਡੈਲੀਗੇਟਾਂ ਨੇ ਨੌਜਵਾਨ ਜਥੇਬੰਦੀ ਦੇ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਰਮਿਆਨ ਜਥੇਬੰਦੀ ਨੂੰ ਅੱਗੇ ਵਧਾਉਣ ਹਿਤ ਪੜਚੋਲਵੀਂ ਵਿਚਾਰ ਕੀਤੀ। ਇਜਲਾਸ ਦੀ ਸ਼ੁਰੂਆਤ ਇਨਕਲਾਬੀ ਨੌਜਵਾਨ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਕੇ ਕੀਤੀ ਗਈ। ਇਸ ਮਗਰੋਂ ਜਥੇਬੰਦੀ ਦੇ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਸਭ ਸਾਹਮਣੇ ਰੱਖਦਿਆਂ ਸਾਥੀ ਕੁਲਵਿੰਦਰ ਵੱਲ਼ੋਂ ਸਿਆਸੀ- ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ। ਇਸ ਸਾਰੀ ਰਿਪੋਰਟ ਮਗਰੋਂ ਹਾਜਰ ਡੈਲੀਗੇਟਾਂ ਵੱਲ਼ੋਂ ਭਰਵੀਂ ਵਿਚਾਰ-ਚਰਚਾ ਦਾ ਦੌਰ ਚੱਲਿਆ ਅਤੇ ਸਰਬਸੰਮਤੀ ਨਾਲ਼ ਰਿਪੋਰਟ ਨੂੰ ਪਾਸ ਕਰ ਦਿੱਤਾ ਗਿਆ। ਇਸ ਮਗਰੋਂ ਜਥੇਬੰਦੀ ਦੀ ਪਿਛਲੇ ਸਾਲਾਂ ਦੀ ਵਿੱਤ ਰਿਪੋਰਟ ਸਾਥੀ ਵਕੀਲ ਰੋੜੀ ਵੱਲੋਂ ਪੇਸ਼ ਕੀਤੀ ਗਈ, ਜਿਸਨੂੰ ਵੀ ਹਾਲ ਵਿੱਚ ਹਾਜਰ ਡੈਲੀਗੇਟਾਂ ਨੇ ਸਰਬਸੰਮਤੀ ਨਾਲ਼ ਪਾਸ ਕੀਤਾ। ਇਸ ਮਗਰੋਂ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਦਿਲਬਾਗ ਨਕੌੜਾ ਨੂੰ ਵਿਦਾਇਗੀ ਦਿੰਦਿਆਂ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਹਾਜਰ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸਾਥੀ ਛਿੰਦਰ ਪਾਲ ਨੇ ਨੌਜਵਾਨ ਜਥੇਬੰਦੀ ਨੂੰ ਮੌਜੂਦਾ ਸਮੇਂ ਦੇ ਹਾਲਾਤਾਂ, ਦਰਪੇਸ਼ ਨਵੀਆਂ ਚੁਣੌਤੀਆਂ ਅਤੇ ਨੌਜਵਾਨ ਲਹਿਰ ਦੇ ਬਣਦੇ ਕਾਰਜਾਂ ਬਾਬਤ ਗੱਲ ਕੀਤੀ। ਇਸ ਉਪਰੰਤ ਤਿਆਰੀ ਕਮੇਟੀ ਦੇ ਸਾਥੀ ਪਾਵੇਲ ਵੱਲੋਂ ਨੌਂ ਮੈਂਬਰੀ ਆਗੂ ਟੀਮ ਦਾ ਪੈਨਲ ਡੈਲੀਗੇਟਾਂ ਸਾਹਮਣੇ ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। 9 ਮੈਂਬਰੀ ਕਮੇਟੀ ਵਿੱਚ ਵਕੀਲ ਸਿੰਘ ਰੋੜੀ, ਪਾਵੇਲ, ਕੁਲਵਿੰਦਰ ਰੋੜੀ, ਗੁਰਲਾਲ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਅਮਨ ਦੀਪ, ਜਗਜੀਤ ਸਿੰਘ ਅਸੀਰ, ਕੁਲਦੀਪ ਜਲਾਲਆਣਾ ਨੂੰ ਚੁਣਿਆ ਗਿਆ ਅਤੇ ਕਮੇਟੀ ਵੱਲੋਂ ਪਾਵੇਲ ਨੂੰ ਸਕੱਤਰ ਅਤੇ ਗੁਰਲਾਲ ਸਿੰਘ ਨੂੰ ਖ਼ਜ਼ਾਨਚੀ ਦੀ ਜਿੰਮੇਵਾਰੀ ਸੰਭਾਈ ਗਈ। ਇਜਲਾਸ ਦੇ ਅੰਤ ਵਿੱਚ ਹਾਜ਼ਰ ਡੈਲੀਗੇਟਾਂ ਵੱਲ਼ੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਲੋਕ ਵਿਰੋਧੀ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਅਤੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ, ਬਿਜਲੀ ਸੋਧ ਕਨੂੰਨ ਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਖ਼ਿਲਾਫ਼ ਹੱਥ ਖੜੇ ਕਰਕੇ ਮਤੇ ਪਾਸ ਕੀਤੇ ਗਏ। ਅਖੀਰ ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵੱਲੋਂ ਆਗੂ ਕਮੇਟੀ, ਸਰਸਾ- ਫਤਿਹਾਬਾਦ ਦੀ ਅਗਵਾਈ ਵਿੱਚ ਪਿੰਡ ਵਿੱਚ ਨਾਹਰੇ ਲਾਉਂਦਿਆਂ ਪੈਦਲ ਮਾਰਚ ਕੱਢਕੇ ਕਾਰਵਾਈ ਨੂੰ ਮੁਕੰਮਲ ਕੀਤਾ ਗਿਆ। ਸਟੇਜ ਦਾ ਸੰਚਾਲਨ ਸਾਥੀ ਅਮਨ ਦੀਪ ਸੰਤਨਗਰ ਨੇ ਕੀਤਾ।

ਜਾਰੀਕਰਤਾ
ਪਾਵੇਲ, ਸਕੱਤਰ
ਆਗੂ ਕਮੇਟੀ, ਸਰਸਾ- ਫਤਿਹਾਬਾਦ
ਨੌਜਵਾਨ ਭਾਰਤ ਸਭਾ
No comments:
Post a Comment