Wednesday, 18 November 2020

ਨੌਜਵਾਨ ਭਾਰਤ ਸਭਾ ਦਾ ਦੂਜਾ ਇਜਲਾਸ 29 ਨਵੰਬਰ ਨੂੰ ਕਰਨ ਦਾ ਫੈਸਲਾ

ਨੌਜਵਾਨ ਜਥੇਬੰਦੀ, ਨੌਜਵਾਨ ਭਾਰਤ ਸਭਾ ਨੇ ਦੂਜਾ ਇਜਲਾਸ ਆਉਂਦੀ 29 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਭਵਨ, ਰਾਏਕੋਟ(ਲੁਧਿਆਣਾ) ਵਿਖੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਨੌਜਵਾਨ ਭਾਰਤ ਸਭਾ ਦੀ ਜਥੇਬੰਦਕ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਸਭਾ ਦੇ ਆਗੂ ਮਾਨਵ ਤੇ ਛਿੰਦਰਪਾਲ ਨੇ ਦੱਸਿਆ ਕਿ ਇਜਲਾਸ ਦੀ ਸਫਲ ਕਾਰਗੁਜਾਰੀ ਲਈ 11 ਮੈਂਬਰੀ ਤਿਆਰੀ ਕਮੇਟੀ ਬਣਾਈ ਗਈ ਹੈ, ਜੋ ਇਜਲਾਸ ਦੀ ਤਿਆਰੀ ਅਤੇ ਕਾਰਵਾਈ ਦਾ ਸੰਚਾਲਨ ਕਰੇਗੀ। ਆਗੂਆਂ ਨੇ ਦੱਸਿਆ ਕਿ ਨੌਜਵਾਨ ਭਾਰਤ ਸਭਾ ਦਾ ਪਹਿਲਾ ਇਜਲਾਸ ਸਤੰਬਰ 2014 ਨੂੰ ਦਿੱਲੀ ਵਿਖੇ ਮੁਕੰਮਲ ਹੋਇਆ ਸੀ ਤੇ ਉਸ ਮਗਰੋਂ ਜਥੇਬੰਦਕ ਰੁਝੇਵਿਆਂ ਕਰਕੇ ਦੂਜੇ ਇਜਲਾਸ ਵਿੱਚ ਦੇਰੀ ਹੁੰਦੀ ਰਹੀ ਹੈ, ਜਿਸਨੂੰ ਆਉਂਦੀ 29 ਤਰੀਕ ਨੂੰ ਸਿਰੇ ਚਾੜ ਲਿਆ ਜਾਵੇਗਾ। ਇਜਲਾਸ ਵਿੱਚ ਨੌਜਵਾਨ ਭਾਰਤ ਸਭਾ ਦੇ ਪੰਜਾਬ, ਹਰਿਆਣਾ, ਚੰਡੀਗੜ ਸਮੇਤ ਕੁਝ ਹੋਰ ਸੂਬਿਆਂ ਤੋਂ ਵੀ ਨੁਮਾਇੰਦੇ ਸ਼ਾਮਲ ਹੋਣਗੇ ਅਤੇ ਇਸ ਮੌਕੇ ਸਭਾ ਦੀ ਪਿਛਲੇ ਸਮੇਂ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਅਤੇ ਨੁਮਾਇੰਦਿਆਂ ਵੱਲੋਂ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਅੱਜ ਦੇਸ਼ ਦੀ ਆਰਥਿਕਤਾ ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਹੈ, ਮੰਦੀ ਦਾ ਸਾਰਾ ਬੋਝ ਕਿਰਤੀ ਲੋਕਾਂ ਉੱਤੇ ਪਾਇਆ ਜਾ ਰਿਹਾ ਹੈ ਅਤੇ ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤਾਂ ਨੂੰ ਦੇਸ਼ ਦੇ ਮਾਲ ਖਜਾਨੇ ਦੋਵੇਂ ਹੱਥੀਂ ਲੁਟਾਏ ਜਾ ਰਹੇ ਹਨ। ਕੇਂਦਰ ਵਿੱਚ ਰਾਜ ਕਰਦੀ ਭਾਜਪਾ ਦੀ ਫਿਰਕੂ ਫਾਸੀਵਾਦੀ ਹਕੂਮਤ ਨੇ ਲੋਕਾਂ ਦੀ ਲੁੱਟ-ਜਬਰ ਨੂੰ ਹੋਰ ਜਿਆਦਾ ਵਧਾਇਆ ਹੈ। ਭਾਜਪਾ ਦੇ ਪਿੱਛੇ ਕੰਮ ਕਰਦੀ ਰਾਸ਼ਟਰੀ ਸਵੈਸੇਵਕ ਸੰਘ ਦੀ ਜੁੰਡੀ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੀ ਧੁੱਸ ਨੂੰ ਹੋਰ ਜਿਆਦਾ ਮਜੂਬਤ ਕੀਤਾ ਹੈ। ਮੋਦੀ ਦੇ ਰਾਜ ਵਿੱਚ ਕਿਰਤੀ ਲੋਕਾਂ, ਧਾਰਮਿਕ ਘੱਟਗਿਣਤੀਆਂ, ਦਲਿਤਾਂ, ਔਰਤਾਂ, ਕੌਮਾਂ, ਲੋਕ ਪੱਖੀ ਕਾਰਕੁੰਨਾਂ, ਬੁੱਧੀਜੀਵੀਆਂ, ਤਰਕਸ਼ੀਲਾਂ ਉੱਤੇ ਜਬਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਗਰੀਬੀ, ਬੇਰੁਜਗਾਰੀ, ਭੁੱਖਮਰੀ, ਮਹਿੰਗਾਈ ਦੇ ਅੰਕੜੇ ਹਰ ਦਿਨ ਰਿਕਾਰਡ ਤੋੜ ਰਹੇ ਹਨ। ਮਿਹਨਤੀ ਲੋਕਾਂ, ਖਾਸਕਰ ਨੌਜਵਾਨ ਹਿੱਸਿਆਂ ਵਿੱਚ ਇਹਨਾਂ ਹਾਲਤਾਂ ਪ੍ਰਤੀ ਇੱਕ ਜਬਰਦਸਤ ਬੇਚੈਨੀ ਪਲ਼ ਰਹੀ ਹੈ। ਆਗੂਆਂ ਕਿਹਾ ਕਿ ਅਜਿਹੀਆਂ ਨਿੱਘਰ ਰਹੀਆਂ ਆਰਥਿਕ-ਸਿਆਸੀ-ਸਮਾਜਿਕ ਹਾਲਤਾਂ ਦੇ ਟਾਕਰੇ ਲਈ ਅਤੇ ਨੌਜਵਾਨ ਹਿੱਸਿਆਂ ਨੂੰ ਜਥੇਬੰਦ ਕਰਨ ਲਈ, ਇੱਕ ਮਜਬੂਤ, ਦ੍ਰਿੜ ਅਤੇ ਜਾਬਤੇ ਵਾਲ਼ੀ ਜੂਝਾਰੂ ਨੌਜਵਾਨ ਜਥੇਬੰਦੀ ਦੀ ਲੋੜ ਪਹਿਲਾਂ ਨਾਲ਼ੋਂ ਕਿਤੇ ਵੱਧ ਸ਼ਿੱਦਤ ਨਾਲ਼ ਮਹਿਸੂਸ ਕਰ ਰਹੇ ਹਨ। ਆਗੂਆਂ ਕਿਹਾ ਕਿ ਜਥੇਬੰਦੀ ਦਾ ਦੂਜਾ ਇਜਲਾਸ ਇਸੇ ਸੇਧ ਵੱਲ ਇੱਕ ਕੋਸ਼ਿਸ਼ ਦਾ ਅਹਿਦ ਹੋਵੇਗਾ।

ਜਾਰੀਕਰਤਾ
ਤਿਆਰੀ ਕਮੇਟੀ, ਦੂਜਾ ਇਜਲਾਸ,
ਨੌਜਵਾਨ ਭਾਰਤ ਸਭਾ
9888401288

No comments:

Post a Comment