Wednesday, 18 November 2020

ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ

ਅੱਜ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗਦਰ ਪਾਰਟੀ ਦੇ ਸ਼ਹੀਦ ਕਰਤਾਰ ਸਰਾਭਾ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਵਿਖੇ ਸ਼ਹੀਦੀ ਕਾਨਫਰੰਸ ਕੀਤੀ ਗਈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਮੋਦੀ ਹਕੂਮਤ ਵੱਲੋਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਦਰ ਪਾਰਟੀ ਦੇ ਸ਼ਹੀਦਾਂ ਤੋਂ ਪ੍ਰੇਰਣਾ ਲੈਕੇ ਦੇਸੀ-ਵਿਦੇਸੀ ਸਰਮਾਏਦਾਰਾ ਲੁੱਟ, ਜਬਰ ਤੇ ਗੁਲਾਮੀ ਖਿਲਾਫ਼ ਜੂਝਣ ਦਾ ਸੱਦਾ ਦਿੱਤਾ। ਇਸ ਸ਼ਹੀਦੀ ਕਾਨਫਰੰਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਪਿੰਡ ਵਿੱਚ ਮਾਰਚ ਵੀ ਕੱਢਿਆ।

 ਇਸ ਮੌਕੇ ਬੋਲਦੇ ਹੋਏ ਨੌਜਵਾਨ ਭਾਰਤ ਸਭਾ ਦੇ ਜਰਨਲ ਸਕੱਤਰ ਛਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਜੂਝਦਿਆਂ 19 ਸਾਲ ਦੀ ਉਮਰੇ ਸ਼ਹੀਦੀ ਹਾਸਲ ਕਰਕੇ ਕੁਰਬਾਨੀ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਪਰ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀਆਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਵੀ ਹਾਲੇ ਉਹਨਾਂ ਦੇ ਸੁਪਨਿਆਂ ਵਾਲਾ ਸਮਾਜ ਨਹੀਂ ਬਣ ਸਕਿਆ। ਪਿਛਲੇ 73 ਸਾਲਾਂ ਤੋਂ ਜਿਹੜੀਆਂ ਵੀ ਪਾਰਟੀਆਂ ਨੇ ਸੱਤ੍ਹਾ ਸੰਭਾਲੀ ਹੈ ਉਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੀ ਥਾਂ ਸਰਮਾਏਦਾਰਾਂ ਦੀ ਸੇਵਾ ਲਈ ਹੀ ਕੰਮ ਕੀਤਾ ਹੈ। 2014 ਤੋਂ ਬਾਅਦ ਕੇਂਦਰ ਵਿੱਚ ਆਈ ਮੋਦੀ ਦੀ ਫਾਸੀਵਾਦੀ ਹਕੂਮਤ ਹੇਠ ਲੋਕਾਂ ਦੀ ਜ਼ਿੰਦਗੀ ਹੋਰ ਵੀ ਔਖੀ ਹੋਈ ਹੈ। ਕਰੋਨਾ ਦੇ ਨਾਮ ਉੱਪਰ ਜਾਬਰ ਪੂਰਨਬੰਦੀ ਮੜ੍ਹ ਕੇ ਕਿਰਤ ਕਨੂੰਨਾਂ ਚ ਸੋਧਾਂ, ਖੇਤੀ ਕਨੂੰਨਾਂ, ਨੋਟਬੰਦੀ, ਪ੍ਰਸਤਾਵਿਤ ਬਿਜਲੀ ਕਨੂੰਨਾਂ ਅਤੇ ਜਨਤਕ ਅਦਾਰਿਆਂ ਦੇ ਨਿੱਜੀਕਰਨ ਰਾਹੀਂ ਲੋਕਾਂ ਉੱਪਰ ਹਮਲਾ ਬੋਲਿਆ ਹੋਇਆ ਹੈ। ਇਸ ਤੋਂ ਬਿਨਾਂ ਸੂਬਿਆਂ ਦੇ ਹੱਕ ਖੋਹ ਕੇ ਕੇਂਦਰੀਕਰਨ ਦੀਆਂ ਨੀਤੀਆਂ ਰਾਹੀਂ ਇੱਥੇ ਵਸਦੀਆਂ ਵੱਖ-ਵੱਖ ਕੌਮਾਂ ਉੱਪਰ ਜਬਰ ਵਧਾਇਆ ਹੈ ਜਿਸ ਨਾਲ਼ ਇੱਕ ਪਾਸੇ ਅੰਬਾਨੀ-ਅਡਾਨੀ ਵਰਗੇ ਸਰਮਾਏਦਾਰਾਂ ਲਈ ਰਾਹ ਸੁਖਾਲਾ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਨਾਲ਼ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹ ਰਹੀ ਹੈ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਨੂੰ ਪ੍ਰੇਰਣਾ ਲੈਕੇ ਇਸ ਰਾਜ ਪ੍ਰਬੰਧ ਨੂੰ ਬਦਲਣ ਦੀ ਲੜਾਈ ਵਿੱਚ ਜਥੇਬੰਦ ਹੋਣ ਦੀ ਜ਼ਰੂਰਤ ਹੈ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾ ਆਗੂ ਸ਼੍ਰਿਸ਼ਟੀ ਨੇ ਕਿਹਾ ਕਿ ਮੌਜੂਦਾ ਰਾਜ ਪ੍ਰਬੰਧ ਵਿੱਚ ਨੌਜਵਾਨ-ਵਿਦਿਆਰਥੀਆਂ ਦੇ ਪੱਲੇ ਨਿਰਾਸ਼ਾ ਬੇਚੈਨੀ ਤੋਂ ਬਿਨਾਂ ਕੁੱਝ ਨਹੀਂ। ਲਗਾਤਾਰ ਮਹਿੰਗੀ ਹੋ ਰਹੀ ਸਿੱਖਿਆ ਕਿਰਤੀਆਂ ਦੇ ਧੀਆਂ-ਪੁੱਤਾਂ ਤੋਂ ਸਿੱਖਿਆ ਖੋਹ ਰਹੀ ਹੈ ਤੇ ਦੂਜੇ ਪਾਸੇ ਡਿਗਰੀਆਂ ਦੇ ਥੱਬੇ ਇਕੱਠੇ ਕਰਕੇ ਵੀ ਰੁਜ਼ਗਾਰ ਨਹੀਂ ਮਿਲ਼ਦਾ। ਕਰੋਨਾ ਦੇ ਬਹਾਨੇ ਲਾਈ ਪੂਰਨਬੰਦੀ ਨੇ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਦਾ ਬੁਰਾ ਹਾਲ ਕੀਤਾ ਹੈ। ਸਭ ਤੋਂ ਵੱਧ ਅਸਰ ਕੁੜੀਆਂ ਦੀ ਪੜ੍ਹਾਈ ਉੱਪਰ ਪਿਆ ਹੈ। ਹਾਲ ਇਹ ਹੈ ਕਿ ਨਿਰਾਸ਼ ਹੋਏ ਨੌਜਵਾਨ ਖੁਦਕੁਸ਼ੀਆਂ, ਨਸ਼ਿਆਂ ਤੇ ਜੁਰਮਾਂ ਦੇ ਰਾਹ ਪਏ ਹੋਏ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਨੌਜਵਾਨਾਂ ਨੂੰ ਖੁਦਕੁਸ਼ੀਆਂ ਨਸ਼ਿਆਂ ਦਾ ਰਾਹ ਚੁਣਨ ਦੀ ਥਾਂ ਜ਼ਿੰਦਗੀ ਨੂੰ ਨਰਕ ਬਣਾਉਣ ਵਾਲ਼ੇ ਰਾਜ ਪ੍ਰਬੰਧ ਖਿਲਾਫ ਜੂਝਣਾ ਚਾਹੀਦਾ ਹੈ ਤੇ ਸ਼ਹੀਦਾਂ ਦੇ ਸੁਪਨਿਆਂ ਵਾਲ਼ਾ, ਲੋਕਾਂ ਦੀ ਪੁੱਗਤ ਵਾਲ਼ਾ ਰਾਜ-ਭਾਗ ਲੈਕੇ ਆਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਕਾਨਫਰੰਸ ਨੂੰ ਸਹਿਯੋਗੀ ਜਥੇਬੰਦੀਆਂ ਵੱਲੋਂ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਚ ਸੰਚਾਲਨ ਮਾਨਵ ਨੇ ਕੀਤਾ। ਇਸਤੋਂ ਬਾਅਦ ਪਿੰਡ ਵਿੱਚ ਮਾਰਚ ਕੱਢਿਆ ਗਿਆ ਜੋ ਕਾਨਫਰੰਸ ਦੀ ਥਾਂ ਤੋਂ ਸ਼ੁਰੂ ਹੋਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅੱਗੋਂ ਲੰਘਦਾ ਹੋਇਆ ਸ਼ਹੀਦ ਸਮਾਰਕ ਪਹੁੰਚਿਆ ਜਿੱਥੇ ਇਸਦੀ ਸਮਾਪਤੀ ਕੀਤੀ ਗਈ।

No comments:

Post a Comment