Thursday, 28 November 2019

ਜਾਤਪਾਤੀ ਹੈਂਕੜ ਚ ਭੂਤਰੇ ਧਨਾਢਾਂ ਨੇ ਚੰਗਾਲੀਵਾਲਾ ‘ਚ ਦਲਿਤ ਨੌਜਵਾਨ ਨੂੰ ਕੋਹ-ਕੋਹ ਕੇ ਮਾਰਿਆ

ਜਨਤਕ ਜਥੇਬੰਦੀਆਂ ਨੇ ਲੋਕਾਂ ਦੇ ਸੰਘਰਸ਼ ਸਦਕਾ ਪੀੜਤ ਪਰਿਵਾਰ ਨੂੰ ਇਨਸਾਫ ਦੁਆਇਆ
ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਕੋਲ਼ ਪਿੰਡ ਚੰਗਾਲੀਵਾਲਾ ਵਿੱਚ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਉਰਫ਼ ਜੱਗਾ ਨੂੰ ਪਿੰਡ ਦੇ ਚਾਰ ਧਨਾਢਾਂ ਨੇ  ਨਿੱਜੀ ਰੰਜਿਸ਼ ਕਾਰਨ ਬੁਰੀ ਤਰ੍ਹਾਂ ਤਸੀਹੇ ਦੇ ਦੇ ਕੇ ਮਾਰ ਦਿੱਤਾ। ਉਹਨਾਂ ਨੇ ਇਸ ਨੌਜਵਾਨ ਨੂੰ ਘਰੇ ਬੰਦ ਕਰਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਮੂਰਾਂ ਨਾਲ਼ ਉਸਦਾ ਮਾਸ ਖਿੱਚਿਆ ਤੇ ਉਸਨੂੰ ਪਿਸ਼ਾਬ ਪੀਣ ਲਈ ਮਜ਼ਬੂਰ ਕੀਤਾ। ਉਸਦੀ ਹਾਲਤ ਏਨੀ ਨਾਜੁਕ ਸੀ ਕਿ ਉਸਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਜਾਨ ਬਚਾਉਣ ਲਈ ਉਸਦੀਆਂ ਲੱਤਾਂ ਵੱਢੀਆਂ ਗਈਆਂ, ਪਰ ਇਸਦੇ ਬਾਵਜੂਦ ਉਹ ਬਚ ਨਾ ਸਕਿਆ। ਦੋਸ਼ੀਆਂ ਦਾ ਪਹਿਲਾਂ ਤੋਂ ਹੀ ਪਿੰਡ ਵਿੱਚ ਮੁਜ਼ਰਮਾਨਾ ਰਿਕਾਰਡ ਹੈ। ਇਹਨਾਂ ਦਾ ਜਗਮੇਲ ਨਾਲ਼ ਕੋਈ ਛੋਟਾ-ਮੋਟਾ ਝਗੜਾ ਹੋਇਆ ਸੀ। ਇਸਦਾ ਪੰਚਾਇਤ ਵਿੱਚ ਸਮਝੌਤਾ ਹੋਇਆ ਸੀ ਜਿਸ ਤਹਿਤ ਮੁਜ਼ਰਮਾਂ ਨੇ ਜਗਮੇਲ ਦੇ ਪਰਿਵਾਰ ਨੂੰ ਕੁੱਝ ਪੈਸੇ ਦੇਣੇ ਸਨ ਪਰ ਬਾਅਦ ਵਿੱਚ ਮੁੱਕਰ ਗਏ। ਇਸੇ ਰੰਜਿਸ਼ ਵਿੱਚੋਂ ਉਹਨਾਂ ਨੇ ਜਗਮੇਲ ਨੂੰ ਕਿਸੇ ਬਹਾਨੇ ਘਰੇ ਲਿਜਾ ਕੇ ਥਮਲੇ ਨਾਲ਼ ਬੰਨ੍ਹ ਲਿਆ ਤੇ ਉਸਦੀ ਕੁੱਟਮਾਰ ਕੀਤੀ। ਘੰਟਿਆਂ ਬੱਧੀ ਤਸੀਹੇ ਦੇਣ ਮਗਰੋਂ ਉਹਨਾਂ ਨੇ ਜਖ਼ਮੀ ਜੱਗੇ ਨੂੰ ਗਲੀ ਵਿੱਚ ਸੁੱਟ ਦਿੱਤਾ ਜਿੱਥੋਂ ਉਸਨੂੰ ਲਹਿਰਾਗਾਗਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦਾਖਲ ਕਰਨ ਦੀ ਥਾਂ ਮਾੜੀ-ਮੋਟੀ ਦਵਾਈ ਦੇਕੇ ਤੋਰ ਦਿੱਤਾ ਤੇ ਪੁਲਿਸ ਨੇ ਵੀ ਕੋਈ ਮਾਮਲਾ ਦਰਜ ਨਾ ਕੀਤਾ। ਇਸ ਮਗਰੋਂ ਬੇਹੋਸ਼ ਹੋਣ ਕਾਰਨ ਉਸਨੂੰ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ, ਫੇਰ ਅੱਗੇ ਰਜਿੰਦਰਾ ਹਸਪਤਾਲ ਪਟਿਆਲਾ ਤੇ ਫੇਰ ਪੀਜੀਆਈ ਜਿੱਥੇ ਡਾਕਟਰਾਂ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਪੂਰੇ ਸਰੀਰ ਵਿੱਚ ਜਹਿਰਵਾ ਫੈਲਣ ਕਾਰਨ ਉਸਦੀ ਮੌਤ ਹੋ ਗਈ। 
ਇਹ ਪੂਰੀ ਵਾਰਦਾਤ ਇੰਨੀ ਭਿਆਨਕ ਸੀ ਜੀਹਨੇ ਵੀ ਸੁਣਿਆ, ਉਸਦਾ ਹਿਰਦਾ ਵਲੂੰਧਰਿਆ ਗਿਆ। ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਜਗਮੇਲ ਨੂੰ ਇਨਸਾਫ਼ ਦਿਵਾਉਣ ਦਾ ਬੀੜਾ ਚੁੱਕਿਆ। ਇਸ ਵਿੱਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,  ਮਜ਼ਦੂਰ ਮੁਕਤੀ ਮੋਰਚਾ, ਨੌਜਵਾਨ ਭਾਰਤ ਸਭਾ ਪੰਜਾਬ, ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ), ਪੰਜਾਬ ਖੇਤ ਮਜ਼ਦੂਰ ਯੂਨੀਅਨ  ਅਤੇ  ਪੰਜਾਬ ਰੈਡੀਕਲ ਸਟੂਡੈਂਟਸ ਯੂਨੀਆਅਨ ਸ਼ਾਮਲ ਹੋਈਆਂ। ਜਾਤਪਾਤੀ ਜਬਰ ਦੀ ਇਸ  ਘਟਨਾ ਖਿਲਾਫ਼ ਲੋਕਾਂ ਵਿੱਚ ਵੀ ਰੋਸ ਜਿਸ ਕਰਕੇ ਇਹਨਾਂ ਜਥੇਬੰਦੀਆਂ ਦੀ ਅਗਵਾਈ ਵਿੱਚ ਲਹਿਰਾਗਾਗਾ ਦੇ ਐਸਡੀਐਮ ਦੇ ਬਾਹਰ ਪੂਰਾ ਦਿਨ ਧਰਨਾ ਲਾਇਆ ਗਿਆ ਤੇ ਦੋਸ਼ੀਆਂ ਉੱਪਰ ਦਫਾ 302 ਤਹਿਤ ਮੁਕੱਦਮਾ ਦਰਜ ਕਰਨ, ਪੀੜਤ ਪਰਿਵਾਰ ਨੂੰ ਮੁਆਵਜੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਤੇ ਅਗਲੇ ਦਿਨ 10 ਵਜੇ ਤੱਕ ਦਾ ਸਮਾਂ ਦਿੱਤਾ ਗਿਆ।
ਅਗਲੇ ਦਿਨ ਵੀ ਕੋਈ ਸੁਣਵਾਈ ਨਾ ਹੋਣ ਮਗਰੋਂ ਲਹਿਰਾਗਾਗਾ ਤੋਂ ਸੁਨਾਮ ਨੂੰ ਜਾਂਦੀ ਸੜਕ ਉੱਪਰ ਜਾਮ ਲਾਇਆ ਗਿਆ। ਤੀਜੇ ਦਿਨ ਕਾਂਗਰਸ ਦੀ ਆਗੂ ਰਜਿੰਦਰ ਕੌਰ ਭੱਠਲ ਦੀ ਕੋਠੀ ਅੱਗੇ ਲੱਗੇ ਬੈਰੀਕੇਡ ਤੋੜ ਕੇ ਉਸਦਾ ਘਿਰਾਉ ਕੀਤਾ ਗਿਆ ਜਿਸ ਮਗਰੋਂ ਸਰਕਾਰ ਲੋਕ ਦਬਾਅ ਅੱਗੇ ਝੁਕਦਿਆਂ ਗੱਲਬਾਤ ਲਈ ਮਜ਼ਬੂਰ ਹੋਈ ਤੇ ਮੰਗਾਂ ਮੰਨ ਲਈਆਂ। ਇਹਨਾਂ ਮੰਗਾਂ ਵਿੱਚ ਜਗਮੇਲ ਦੀ ਪਤਨੀ ਨੂੰ ਦਰਜਾ ਚਾਰ ਸਰਕਾਰੀ ਨੌਕਰੀ, 20 ਲੱਖ ਰੁਪਏ ਦੀ ਮਾਲੀ ਸਹਾਇਤਾ, ਬੱਚਿਆਂ ਦੀ ਮੁਫ਼ਤ ਪੜ੍ਹਾਈ ਆਦਿ ਸ਼ਾਮਲ ਹਨ। 
ਇਸ ਲੋਕ ਦਬਾਅ ਸਦਕਾ ਹੁਣ ਦੋਸ਼ੀ ਧਾਰਾ 302 ਤਹਿਤ ਜੇਲ੍ਹ ਵਿੱਚ ਹਨ। ਇਸਦੇ ਨਾਲ਼ ਹੀ ਪੁਲਿਸ ਦੀ ਅਣਗਹਿਲੀ ਦੀ ਵੀ ਏਡੀਜੀਪੀ ਵੱਲੋਂ ਜਾਂਚ ਕੀਤੀ ਜਾਵੇਗੀ। ਜਿੱਥੇ ਇਸ ਘਟਨਾ ਨੇ ਲੋਕ ਨੂੰ ਆਪਣੇ ਅੰਦਰ ਪਈ ਜਾਤ-ਪਾਤੀ ਮਾਨਸਿਕਤਾ ਉੱਪਰ ਮੁੜ ਝਾਤ ਮਾਰਨ, ਇਸਤੋਂ ਖਹਿੜਾ ਛੁਡਾਉਣ ਲਈ ਝੰਜੋੜਿਆ ਹੈ ਉੱਥੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਲੋਕ ਦਬਾਅ ਸਦਕਾ ਦੋਸ਼ੀਆਂ ਨੂੰ ਅੰਦਰ ਕਰਵਾ ਕੇ ਦਰਸਾ ਦਿੱਤਾ ਹੈ ਕਿ ਅਜਿਹਾ ਜਾਤਪਾਤੀ ਜਬਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ। ਇਸ ਕਨੂੰਨੀ ਕਾਰਵਾਈ ਨਾਲ਼ ਜਗਮੇਲ ਨੂੰ ਤਾਂ ਇਨਸਾਫ ਮਿਲ਼ ਜਾਵੇਗਾ ਪਰ ਲੋਕਾਂ ਅੰਦਰੋਂ ਇਹ ਜਾਤਪਾਤੀ ਮਾਨਸਿਕਤਾ ਆਪਣੀਆਂ ਜਥੇਬੰਦੀਆਂ ਹੇਠ ਜਮਾਤੀ, ਤਬਕਾਤੀ ਏਕਤਾ ਦੀ ਪਾਣ ਚੜ੍ਹਨ ਨਾਲ਼ ਹੀ ਟੁੱਟ ਸਕਦੀ ਹੈ।

No comments:

Post a Comment