

ਅੱਜ ਏ.ਸੀ.ਪੀ. (ਪੱਛਮੀ) ਸਮੀਰ ਵਰਮਾਂ ਖਿਲਾਫ਼ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਪਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਭਾਰੀ ਮੀਂਹ ਦੇ ਬਾਵਜੂਦ ਰਾਤ ਪੈਣ ਤੱਕ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਮੁਲਾਜਮ ਤੇ ਹੋਰ ਇਨਸਾਫ਼ ਲੋਕ ਮੁਜ਼ਾਹਰੇ ਵਿੱਚ ਡਟੇ ਰਹੇ। ਲੋਕ ਰੋਹ ਅੱਗੇ ਝੁੱਕਦਿਆਂ ਏ.ਸੀ.ਪੀ. ਸਮੀਰ ਵਰਮਾ ਨੇ ਇੱਕ ਹਫਤੇ ਅੰਦਰ ਨਾਜਾਇਜ ਪਰਚਾ ਰੱਦ ਕਰਕੇ ਲੋਕ ਆਗੂ ਰਿਹਾ ਕਰਨ ਦੀ ਕਾਰਵਾਈ ਪੂਰੀ ਕਰ ਦਾ ਵਾਅਦਾ ਕੀਤਾ। ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਆਪਣੇ ਵਾਅਦੇ ਉੱਤੇ ਖਰੀ ਨਾ ਉੱਤਰੀ ਤਾਂ 5 ਦਸੰਬਰ ਨੂੰ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਏਸੀਪੀ ਸਮੀਰ ਵਰਮਾ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਨਾਲ਼ ਹੋਈ ਮੀਟਿੰਗ ਵਿੱਚ ਕਿਹਾ ਸੀ ਕਿ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇਗਾ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ ਅਤੇ ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇਗਾ ਅਤੇ ਗਿਰਫਤਾਰ ਕੀਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਪਰ ਲੋਕ ਵਿਰੋਧੀ ਰਵੱਈਆ ਅਪਣਾਉਂਦੇ ਹੋਏ ਉਕਤ ਅਫਸਰ ਨੇ ਵਾਅਦੇ ਤੋਂ ਮੁੱਕਰਦਿਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ। ਇਸ ਖਿਲਾਫ਼ ਲੋਕ ਮਸਲਿਆਂ ਲਈ ਜੂਝ ਰਹੀਆਂ ਜੱਥੇਬੰਦੀਆਂ ਵਿੱਚ ਰੋਹ ਭਖਿਆ ਹੋਇਆ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੁਲਿਸ-ਪ੍ਰਸ਼ਾਸਨ ਦਾ ਇਹ ਹਮਲਾ ਲੋਕਾਂ ਦੇ ਇੱਕਮੁੱਠ ਹੋਣ, ਸੰਘਰਸ਼ ਕਰਨ, ਰੋਸ ਪ੍ਰਗਟਾਵੇ ਦੇ ਬੁਨਿਆਦੀ ਜਮਹੂਰੀ ਅਤੇ ਸੰਵਿਧਾਨਿਕ ਹੱਕ ਉੱਤੇ ਹਮਲਾ ਹੈ ਜੋ ਕਿਸੇ ਵੀ ਹਾਲਤ ਵਿੱਚ ਮਨਜੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਨਾਜਾਇਜ ਪਰਚਾ ਰੱਦ ਅਤੇ ਲੋਕ ਆਗੂ ਰਿਹਾ ਕਰਵਾ ਕੇ ਹੀ ਰਹਿਣਗੇ। ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਸ ਘੋਲ ਦੀ ਡੱਟਵੀਂ ਹਮਾਇਤ ਦਾ ਸੱਦਾ ਵੀ ਦਿੱਤਾ ਗਿਆ ਹੈ।
ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਹੰਬੜਾਂ ਦੀ ਮੈਂਸਰ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕਰ ਦਿੱਤਾ ਜਾਵੇ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ, ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇ ਅਤੇ ਗਿਰਫਤਾਰ ਕੀਤਾ ਜਾਵੇ। ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨਾਲ਼ ਮਿਲੀਭੁਗਤ ਕਰਨ ਵਾਲ਼ੇ ਪੁਲਿਸ ਅਫਸ਼ਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦਾ ਰੋਸ ਜ਼ਾਹਰ ਕਰਨ ਦਾ ਹੱਕ ਬਹਾਲ ਕੀਤਾ ਜਾਵੇ, ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 10 ਲੋਕ ਆਗੂਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ, ਮੇਜ਼ਰ ਭੈਣੀ,ਚਿਮਲ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਗੁਰਦੀਪ, ਜਗਦੀਸ਼, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ)/ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਵਿੰਦਰ, ਸ਼ੁਲੇਂਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਜਸਮੀਤ ਨੂੰ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮੈਂਸਰ ਪਲਾਈਵੁੱਡ ਫੈਕਟਰੀ ਹੰਬੜਾਂ ਵਿੱਚ ਝਾਰਖੰਡ ਸੂਬੇ ਤੋਂ ਆਏ ਲਵਕੁਸ਼ ਨਾਮ ਦੇ 15 ਸਾਲਾ ਬੱਚੇ ਤੋਂ ਠੇਕੇਦਾਰ ਰਘਬੀਰ ਵੱਲੋਂ ਉਪਰੋਕਤ ਫੈਕਟਰੀ ਅੰਦਰ ਲੇਬਰ ਦਾ ਕੰਮ ਕਰਾਇਆ ਜਾਂਦਾ ਸੀ। ਮਿਤੀ 7 ਨਵੰਬਰ ਨੂੰ ਫੈਕਟਰੀ ਅੰਦਰ ਕੰਮ ਦੌਰਾਨ ਰਘਬੀਰ ਨੇ ਬੱਚੇ ਲਵਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੇ ਸਿਰ ਵਿੱਚ ਡੰਡੇ ਮਾਰੇ। ਉਸਦੀ ਪੀ.ਜੀ.ਆਈ. ਵਿੱਚ ਮੌਤ ਹੋ ਗਈ। ਇਸਦੇ ਬਾਵਜੂਦ ਵੀ ਪੁਲਿਸ ਦੋਸ਼ੀ ਠੇਕੇਦਾਰ ਰਘਬੀਰ ਸਿੰਘ ਖਿਲਾਫ਼ ਪਰਚਾ ਦਰਜ ਨਹੀਂ ਕਰ ਰਹੀ ਸੀ। ਪੁਲਿਸ ਨੇ ਬਾਅਦ ਵਿੱਚ ਲੋਕ ਦਬਾਅ ਹੇਠ ਪਰਚਾ ਦਰਜ ਵੀ ਕੀਤਾ ਪਰ ਧਾਰਾ 302 ਦੀ ਥਾਂ ਧਾਰਾ 304 ਹੀ ਲਾਈ। ਦੋਸ਼ੀ ਦੀ ਤੁਰੰਤ ਗਿਰਫਤਾਰੀ, ਧਾਰਾ 302 ਤਹਿਤ ਪਰਚਾ ਦਰਜ ਕਰਨ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਹੋਰ ਜੱਥੇਬੰਦੀਆਂ ਨੇ 18 ਨਵੰਬਰ ਨੂੰ ਹੰਬੜਾਂ ਵਿਖੇ ਰੋਸ ਮੁਜਾਹਰਾ ਕੀਤਾ। ਪੁਲਿਸ ਨੇ ਜਾਇਜ ਕਾਰਵਾਈ ਕਰਨ ਦੀ ਥਾਂ ਜ਼ਬਰ ਦਾ ਰਾਹ ਚੁਣਿਆ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਗਿਰਫਤਾਰ ਕਰਕੇ ਧਾਰਾ 353, 341, 283, 149, 186 ਤਹਿਤ ਪਰਚਾ ਦਰਜ ਕਰਕੇ ਅੱਜ ਜੇਲ੍ਹ ਭੇਜ ਦਿੱਤਾ ਹੈ। ਦੂਜੇ ਪਾਸੇ ਮੁਜ਼ਾਹਰੇ ਤੋਂ ਬਾਅਦ ਲਵਕੁਸ਼ ਦੀ ਲਾਸ਼ ਅਤੇ ਪੀੜਤ ਪਰਿਵਾਰ ਦਾ ਕੁੱਝ ਵੀ ਅਤਾ ਪਤਾ ਨਹੀਂ ਹੈ। ਪੂਰੇ ਘਟਨਾਕ੍ਰਮ ਤੋਂ ਲੁਧਿਆਣਾ ਪੁਲਿਸ ਦੀ ਦੋਸ਼ੀ ਨਾਲ਼ ਮਿਲੀਭੁਗਤ ਸਾਫ਼ ਹੈ।
ਅੱਜ ਦੇ ਰੋਹ ਭਰਪੂਰ ਮੁਜ਼ਾਹਰੇ ਨੂੰ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਤਾਜ ਮੁਹੰਮਦ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਸੂਰਜ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਵੱਲੋਂ ਦਰਸ਼ਨ ਸਿੰਘ ਗਾਲਿਬ, ਏਟਕ ਵੱਲੋਂ ਗੁਰਨਾਮ ਸਿੱਧੂ, ਕਿਰਤੀ ਕਿਸਾਨ ਯੂਨੀਅਨ ਤਰਲੋਚਨ ਸਿੰਘ ਝੋਰੜਾਂ, ਜਮਹੂਰੀ ਕਿਸਾਨ ਸਭਾ ਵੱਲੋਂ ਰਘਬੀਰ ਸਿੰਘ ਬੈਨੀਪਾਲ, ਸੀਟੂ ਵੱਲੋਂ ਤਰਸੇਮ ਜੋਧਾਂ, ਜਗਦੀਸ਼ ਚੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਵਿਜੇ ਨਾਰਾਇਣ, ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ, ਜੁਆਂਇਟ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਡੀ.ਪੀ. ਮੌੜ, ਨੌਜਵਾਨ ਭਾਰਤ ਸਭਾ ਵੱਲੋਂ ਬਿੰਨੀ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਿਰਮਲ ਸਿੰਘ, ਸੀਟੀਯੂ ਵੱਲੋਂ ਰਾਮਬਚਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਗੁਰਜੀਤ ਸਿੰਘ ਕਾਲਾ, ਉਸਾਰੀ ਮਜ਼ਦੂਰ ਯੂਨੀਅਨ (ਏਟਕ) ਵੱਲੋਂ ਐਸ.ਐਸ. ਭਾਟੀਆ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸੀਟੀਯੂ) ਵੱਲੋਂ ਬੱਗਾ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਵੱਲੋਂ ਸੁਰਿੰਦਰ, ਡੀਐਮਐਫ ਵੱਲੋਂ ਰਮਨਜੀਤ ਸੰਧੂ, ਐਨ.ਆਰ.ਐਮ.ਯੂ. ਵੱਲੋਂ ਮਨੋਹਰ ਲਾਲ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ ਤੇ ਹੋਰ ਆਗੂਆਂ ਨੇ ਸੰਬੋਧਿਤ ਕੀਤਾ।
No comments:
Post a Comment