ਅੱਜ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਮਾਂ ਬੋਲੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਅੱਡ-ਅੱਡ ਜਿਲ੍ਹਿਆਂ ਤੇ ਹਰਿਆਣੇ ਦੇ ਸਰਸਾ ਜਿਲ੍ਹੇ ਤੋਂ ਸੈਂਕੜੇ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ | ਕਨਵੈਨਸ਼ਨ ਵਿੱਚ ਹਾਜ਼ਰ ਇਕੱਠ ਨੇ ਭਾਸ਼ਾਈ ਦਾਬੇ ਖ਼ਿਲਾਫ਼ ਬੋਲਦਿਆਂ ਮਾਂ ਬੋਲੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ | ਕਨਵੈਨਸ਼ਨ ਵਿੱਚ ਮੁੱਖ ਬੁਲਾਰਿਆਂ ਵਜੋਂ ਉੱਘੇ ਸਾਹਿਤਕਾਰ ਤੇ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰੇ’ ਨਾਲ਼ ਸਰਗਰਮ ਮਿੱਤਰ ਸੇਨ ਮੀਤ ਤੇ ਮਹਿੰਦਰ ਸੇਖੋਂ, ਨੌਜਵਾਨ ਭਾਰਤ ਸਭਾ ਦੇ ਆਗੂ ਛਿੰਦਰਪਾਲ, ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਕਨਵੀਨਰ ਗੁਰਪ੍ਰੀਤ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਨੁਮਾਇੰਦੇ ਰਾਜਵਿੰਦਰ ਤੇ ਸਮਾਜਿਕ ਸਿਆਸੀ ਕਾਰਕੁੰਨ ਡਾਕਟਰ ਜਗਜੀਤ ਚੀਮਾ ਨੇ ਸੰਬੋਧਨ ਕੀਤਾ | ਮੰਚ ਸੰਚਾਲਨ ਦੀ ਜੁੰਮੇਵਾਰੀ ਮਾਨਵ ਨੇ ਨਿਭਾਈ |
ਤਕਰੀਰ ਦੀ ਸ਼ੁਰੂਆਤ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਛਿੰਦਰਪਾਲ ਨੇ ਭਾਸ਼ਾ ਨੂੰ ਜਮਾਤੀ ਲੜਾਈ ਦਾ ਅੰਗ ਦਸਦਿਆਂ ਕਿਹਾ ਕਿ ਭਾਸ਼ਾ ਲੋਕਾਂ ਦੇ ਵਿਰਸੇ ਤੇ ਜੁਝਾਰੂ ਰਵਾਇਤਾਂ ਦੀ ਵਾਹਕ ਹੁੰਦੀ ਹੈ ਤੇ ਹਾਕਮਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਲੋਕਾਂ ਤੋਂ ਉਹਨਾਂ ਦੀ ਭਾਸ਼ਾ ਖੋਹਕੇ ਉਹਨਾਂ ਨੂੰ ਆਪਣੇ ਵਿਰਸੇ ਤੋਂ ਕੱਟ ਦਿੱਤਾ ਜਾਵੇ | ਬੁਲਾਰੇ ਨੇ ਅੱਗੇ ਪੰਜਾਬ ਨਾਲ਼ ਹੋਏ ਭਾਸ਼ਾਈ ਧੱਕੇ ਦੀ ਵੀ ਚਰਚਾ ਕੀਤੀ ਕਿ ਕਿੰਝ 1947 ਤੇ 1966 ਦੀ ਨਿਹੱਕੀ ਵੰਡ ਦਾ ਪੰਜਾਬੀ ਬੋਲੀ ਨੂੰ ਵੱਡਾ ਨੁਕਸਾਨ ਹੋਇਆ | ਇਸ ਮਗਰੋਂ ਆਪਣੀ ਗੱਲ ਰੱਖਦੇ ਹੋਏ ਸਾਹਿਤਕਾਰ ਮਿੱਤਰ ਸੇਨ ਮੀਤ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ‘ਤੇ ਪੰਜਾਬੀ ਭਾਸ਼ਾ ਦੀ ਅਣਦੇਖੀ ਦੀ ਚਰਚਾ ਕੀਤੀ ਤੇ ਕਿਹਾ ਕਿ ਕਈ ਵਰ੍ਹਿਆਂ ਮਗਰੋਂ ਵੀ ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਮਦਾਂ ਨੂੰ ਲਾਗੂ ਨਹੀਂ ਕਰ ਰਹੀ | ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਵਕਾਲਤ ਕੀਤੀ ਤੇ ਆਪਣੀ ਸੰਸਥਾ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਵੱਲੋਂ ਕੀਤੇ ਜਾਰੇ ਉੱਦਮਾਂ ਤੋਂ ਲੋਕਾਂ ਨੂੰ ਜਾਣੂੰ ਕਰਾਇਆ | ਇਸ ਮਗਰੋਂ ਸਿਆਸੀ ਕਾਰਕੁੰਨ ਜਗਜੀਤ ਚੀਮਾ ਨੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਮੁਲਕ ਵਿੱਚ ਸੱਭਿਆਚਾਰਕ ਕੌਮਵਾਦ ਦੀ ਨੀਤੀ ਲਾਗੂ ਕਰ ਰਹੀ ਹੈ ਜਿਸ ਤਹਿਤ ਲੋਕਾਂ ਦੀਆਂ ਕੌਮੀ ਬੋਲੀਆਂ ਨੂੰ ਦਰੜਕੇ ਹਿੰਦੀ ਨੂੰ ਪੂਰੇ ਮੁਲਕ ਦੀ ਕੌਮੀ ਭਾਸ਼ਾ ਵਜੋਂ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਅੱਜ ਹਰ ਹੀਲੇ ਵਿਰੋਧ ਕਰਨਾ ਬਣਦਾ ਹੈ |
ਬੁਲਾਰਿਆਂ ਦੇ ਅਖ਼ੀਰ ਵਿੱਚ ਵਿਦਿਆਰਥੀ ਆਗੂ ਗੁਰਪ੍ਰੀਤ ਨੇ ਗੱਲ ਰੱਖੀ ਤੇ ਇਸ ਮੁਹਿੰਮ ਨੂੰ ਵਿਦਿਆਰਥੀਆਂ ਵਿੱਚ ਲਿਜਾਣ ਦੇ ਆਪਣੇ ਤਜਰਬੇ ਸਾਂਝੇ ਕੀਤੇ | ਗੁਰਪ੍ਰੀਤ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਪੰਜਾਬੀ ਭਾਸ਼ਾ ਦੇ ਪਸਾਰ ਲਈ ਬਣੀ ਸੀ ਉਹ ਵੀ ਆਪਣਾ ਬਣਦਾ ਕਾਰਜ ਨਹੀਂ ਕਰ ਰਹੀ, ਇਥੋਂ ਤੱਕ ਕਿ ਪਾਠਕ੍ਰਮ ਵਿੱਚ ਲੱਗੀਆਂ ਕਿਤਾਬਾਂ ਵੀ ਅਜੇ ਤੱਕ ਪੰਜਾਬੀ ਵਿੱਚ ਉਪਲਬੱਧ ਨਹੀਂ ਹਨ | ਗੁਰਪ੍ਰੀਤ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਉਹ ਇਸ ਮੰਗ ਨੂੰ ਅੱਗੇ ਵਧਾਉਣਗੇ ਕਿ ਨੌਕਰੀਆਂ ਲਈ ਹੁੰਦੇ ਇਮਤਿਹਾਨਾਂ ਨੂੰ ਪੰਜਾਬੀ ਵਿੱਚ ਵੀ ਲਿਆ ਜਾਵੇ ਕਿਉਂਕਿ ਦੱਖਣ ਭਾਰਤ ਵਿੱਚ ਵੀ ਇਹ ਸੁਵਿਧਾ ਲਾਗੂ ਹੈ ਜਿੱਥੇ ਵਿਦਿਆਰਥੀ ਆਪੋ-ਆਪਣੀਆਂ ਮਾਂ ਬੋਲੀਆਂ ਵਿੱਚ ਇਹ ਇਮਤਿਹਾਨ ਦਿੰਦੇ ਹਨ | ਇਹਨਾਂ ਤੋਂ ਇਲਾਵਾ ਮਹਿੰਦਰ ਸਿੰਘ ਸੇਖੋਂ (ਮਾਣਮੱਤਾ ਪੰਜਾਬੀ) ਤੇ ਮਜ਼ਦੂਰ ਆਗੂ ਰਾਜਵਿੰਦਰ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ | ਸਮੂਹ ਇਕੱਤਰ ਲੋਕਾਂ ਨੇ ਬੁਲਾਰਿਆਂ ਦੇ ਇਸ ਵਿਚਾਰ ਨਾਲ਼ ਸਹਿਮਤੀ ਜਤਾਈ ਕਿ ਤਿੰਨ ਹਫ਼ਤੇ ਚੱਲੀ ਇਸ ਮੁਹਿੰਮ ਨੂੰ ਅਗਲੇ ਪੜਾਅ ਤੇ ਲਿਜਾਣਾ ਚਾਹੀਦਾ ਹੈ ਤੇ ਆਉਂਦੇ ਸਮੇਂ ਵਿੱਚ ਸਰਕਾਰੀ ਤੌਰ ‘ਤੇ ਪੰਜਾਬੀ ਲਾਗੂ ਕਰਾਉਣ ਲਈ ਤੇ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਸੰਘਰਸ਼ ਕਰਨ ਦੀ ਅਹਿਮ ਲੋੜ ਹੈ | ਕਨਵੈਨਸ਼ਨ ਦੇ ਅਖੀਰ ਵਿੱਚ ਮਤੇ ਪਾਏ ਗਏ ਜਿਹਨਾਂ ਵਿੱਚ ਮੋਦੀ ਸਰਕਾਰ ਵੱਲੋਂ ਮਾਂ ਬੋਲੀਆਂ ਨੂੰ ਦਬਾਏ ਜਾਣ ਦੀ ਨੀਤੀ ਦੇ ਵਿਰੋਧ ਵਿੱਚ ਮਤਾ ਪਾਇਆ ਗਿਆ, ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਥੋਪੇ ਜਾਣ ਦੀ ਨਿਖੇਧੀ ਤੇ ਸਮੂਹ ਲੋਕ ਬੋਲੀਆਂ ਨੂੰ ਕੌਮੀ ਭਾਸ਼ਾ ਵਜੋਂ ਦਰਜਾ ਦਿੱਤੇ ਜਾਣ ਦਾ ਮਤਾ, ਰਾਜਸਥਾਨੀ ਨੂੰ ਕੌਮੀ ਭਾਸ਼ਾ ਵਜੋਂ ਮਾਨਤਾ ਦਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਵਿੱਚ ਮਤਾ ਤੇ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਸਜ਼ਾ ਖ਼ਿਲਾਫ਼ ਤੇ ਬਰਨਾਲਾ ਜੇਲ੍ਹ ਅੱਗੇ ਉਹਨਾਂ ਦੀ ਰਿਹਾਈ ਲਈ ਚੱਲ ਰਹੇ ਧਰਨੇ ਦੀ ਹਮਾਇਤ ਵਿੱਚ ਮਤਾ ਪਾਸ ਕੀਤਾ ਗਿਆ | ਪ੍ਰੋਗਰਾਮ ਦਾ ਅੰਤ ਹਾਜ਼ਰ ਲੋਕਾਂ ਨੇ ਬਠਿੰਡੇ ਸ਼ਹਿਰ ਵਿੱਚੋਂ ਮਾਰਚ ਕਢਦਿਆਂ ‘ਮਾਂ ਬੋਲੀ ਜ਼ਿੰਦਾਬਾਦ’, ‘ਭਾਸ਼ਾਈ ਦਾਬਾ ਮੁਰਦਾਬਾਦ’, ‘ਹਿੰਦੀ ਅੰਗਰੇਜ਼ੀ ਥੋਪਣਾ ਬੰਦ ਕਰੋ’ ਦੇ ਨਾਅਰੇ ਲਾ ਕੇ ਕੀਤਾ |
No comments:
Post a Comment