ਸਾਥੀ ਮਨਜੀਤ ਧਨੇਰ ਦੀ ਉਮਰ ਕੈਦ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ 3 ਸਤੰਬਰ ਦੇ ਫੈਸਲੇ ਨੂੰ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੇ ਹਾਕਮਾਂ ਵੱਲੋਂ ਪਾਈ ਭਾਜੀ ਵਜੋਂ ਲਿਆ ਅਤੇ ਹਾਕਮਾਂ ਦੀ ਇਹ ਭਾਜੀ ਮੋੜਨ ਲਈ ਪੰਜਾਬ ਦੀਆਂ ਜਨਤਕ ਜਮਹੂਰੀ ਤਾਕਤਾਂ ਨੇ ਇਸ ਫੈਸਲੇ ਖਿਲਾਫ ਸ਼ਾਨਾਮੱਤਾ ਸੰਘਰਸ਼ ਵਿੱਢਿਆ ਤੇ ਸਫਲਤਾ ਨੂੰ ਉੱਪੜੇ। ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਲਈ ਚੱਲੇ ਇਸ ਸੰਘਰਸ਼ ਦੇ ਘੋਲ-ਸ਼ਕਲਾਂ ਪੱਖੋਂ ਅਤੇ ਪੰਜਾਬ ਦੀ ਲੋਕਾਈ ਦੇ ਵੱਖ-ਵੱਕ ਹਿੱਸਿਆਂ ਨੂੰ ਘੋਲਾਂ ਦੇ ਪਿੜਾਂ ਵਿੱਚ ਧੂਹ ਲਿਆਉਣ ਸਮੇਤ ਹੋਰ ਕਈ ਮਿਆਰ ਸਿਰਜੇ ਹਨ।
ਸ਼ੁਰੂਆਤੀ ਤੌਰ ਤੇ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਵਿਰੁੱਧ ਨਿੱਤਰਦਿਆਂ ਸੰਘਰਸ਼ਾਂ ਦੇ ਪਿੜ ਮਘਾਉਣ ਦਾ ਸੱਦਾ ਦਿੱਤਾ। ਇਸਤੋਂ ਮਗਰੋਂ ਪੰਜਾਬ ਦੀ ਸਮੁੱਚੀ ਜਨਤਕ ਜਮਹੂਰੀ ਲਹਿਰ ਨੇ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜਾ ਜਾਰੀ ਰੱਖਣ ਦੇ ਫੈਸਲੇ ਨੂੰ ਸਮੁੱਚੀ ਲਹਿਰ ਤੇ ਹਮਲਾ ਐਲਾਨਿਆ ਅਤੇ ਸੰਘਰਸ਼ ਕਮੇਟੀ ਬਣਾਕੇ ਇਸ ਜਾਬਰ ਫੈਸਲੇ ਵਿਰੁੱਧ ਡਟਣ ਦਾ ਤਹੱਈਆ ਕੀਤਾ। ਸੰਘਰਸ਼ ਕਮੇਟੀ ਵਿਚਲੀਆਂ ਜਥੇਬੰਦੀਆਂ ਪਹਿਲਾਂ ਹੀ ਇਹ ਗੱਲ਼ ਸਾਫ ਕਰਕੇ ਤੁਰੀਆਂ ਕਿ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜਾ ਦਾ ਮਸਲਾ ਕਿਸੇ ਇੱਕ ਜਥੇਬੰਦੀ ਨਾਲ ਸਬੰਧਤ ਕੋਈ ਕੱਲੀ ਕਹਿਰੀ ਘਟਨਾ ਨਹੀਂ ਹੈ, ਸਗੋਂ ਇਹ ਸਮੁੱਚੀ ਲੋਕ ਲਹਿਰ ਉੱਤੇ ਹਮਲਾ ਹੈ, ਜਿਸ ਤਹਿਤ ਹਾਕਮ ਲੋਕ-ਲਹਿਰ ਨੂੰ ਆਗੂਰਹਿਤ ਕਰਕੇ ਹਨੇਰੀਆਂ ਵਲਗਣਾਂ ਚ ਧੱਕਣਾ ਚਾਹੁੰਦੇ ਹਨ। ਇਸ ਫੈਸਲੇ ਨੂੰ ਭਾਰਤ ਦੇ ਹਕੂਮਤੀ ਤਖਤਿਆਂ ਤੇ ਬੈਠੀ ਭਾਜਪਾ ਦੀ ਫਿਰਕੂ ਫਾਸੀਵਾਦੀ ਸਰਕਾਰ ਦੁਆਰਾ ਜਨਤਕ ਜਮਹੂਰੀ ਲਹਿਰ ਨੂੰ ਕੁਚਲਣ ਲਈ ਵਿੱਢੇ ਗਏ ਜਾਬਰ ਹੱਲੇ ਦੇ ਅੰਗ ਦੇ ਤੌਰ ਲਿਆ।
8 ਸਤੰਬਰ ਨੂੰ ਕਿਸਾਨ, ਮਜਦੂਰ, ਮੁਲਾਜਮ, ਵਿਦਿਆਰਥੀ, ਨੌਜਵਾਨ ਤੇ ਹੋਰ ਜਨਤਕ ਜਮਹੂਰੀ ਹਿੱਸਿਆਂ ਨੂੰ ਕੱਠਾ ਕਰਕੇ 42 ਜਥੇਬੰਦੀਆਂ ਦਾ ਸਾਂਝਾ ਥੜਾ 'ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ, ਪੰਜਾਬ' ਬਣਾਇਆ ਗਿਆ ਤੇ ਇੱਕ ਵਿਸ਼ਾਲ ਜਨਤਕ ਲਾਮਬੰਦੀ ਵਾਲੇ ਜਾਨ ਹੂਲਵੇਂ ਘੋਲ ਨਾਲ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਐਲਾਨ ਕੀਤਾ।
ਸੰਘਰਸ਼ ਕਮੇਟੀ ਵੱਲੋਂ 11 ਸਤੰਬਰ ਨੂੰ ਇੱਕ ਜਨਤਕ ਡੈਪੂਰਟੇਸ਼ਨ ਨਾਲ ਉਮਰ ਕੈਦ ਦੀ ਸਜਾ ਰੱਦ ਕਰਵਾਉਣ ਦੇ ਮਸਲੇ ਨੂੰ ਲੈਕੇ ਰਾਜਪਾਲ ਪੰਜਾਬ ਨੂੰ ਮਿਲਿਆ ਗਿਆ ਅਤੇ ਪ੍ਰੈੱਸ ਕਾਨਫਰੰਸ ਕਰਕੇ ਪਟਿਆਲਾ ਵਿਖੇ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ। 20 ਸਤੰਬਰ ਨੂੰ ਪਟਿਆਲਾ ਵਿਖੇ ਮੋਰਚਾ ਲਾਉਣ ਦਾ ਐਲਾਨ ਹੋ ਚੁੱਕਿਆ ਸੀ। ਸੰਘਰਸ਼ ਕਮੇਟੀ ਵੱਲੋਂ ਜਾਰੀ ਵੱਡੀ ਗਿਣਤੀ ਵਿੱਚ ਹੱਥ ਪਰਚਾ ਅਤੇ ਪੋਸਟਰ ਪੂਰੇ ਪੰਜਾਬ ਵਿੱਚ ਪਹੁੰਚ ਚੁੱਕੇ ਸਨ। ਐਲਾਨ ਮਗਰੋਂ ਪਟਿਆਲਾ ਪੁਲਸ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹਨਾਂ ਗੱਲਬਾਤ ਨਾਲ ਹੱਲ ਕੱਢਣ ਦੀ ਗੱਲ ਕੀਤੀ ਤਾਂ ਆਗੂਆਂ ਨੇ ਪੁਲਸ ਪ੍ਰਸ਼ਾਸ਼ਨ ਦੇ ਇਸ ਕੋਝੇ ਵਤੀਰੇ ਨੂੰ ਭਾਂਪਦਿਆਂ ਸ਼ਹਿਰ ਵੱਲ ਚਾਲੇ ਪਾਉਣ ਦਾ ਪ੍ਰੋਗਰਾਮ ਆਵਦੀ ਜਨਤਕ ਜਥੇਬੰਦਕ ਤਾਕਤ ਦੇ ਜੋਰ ਤੇ ਜਿਵੇਂ ਦਾ ਤਿਵੇਂ ਰੱਖਿਆ। 20 ਤਰੀਕ 4000 ਦੇ ਇਕੱਠ ਨਾਲ ਪਟਿਆਲਾ ਵੱਲ ਕੂਚ ਰਹੇ ਕਾਫਲਿਆਂ ਨੂੰ ਮਹਿਮਦਪੁਰ ਮੰਡੀ ਅੱਗੇ ਵੱਡੀ ਗਿਣਤੀ ਵਿੱਛ ਪੁਲਸ ਨਫਰੀ ਲਾਕੇ ਰੋਕਿਆ ਗਿਆ, ਜਿਸ ਕਰਕੇ ਲੋਕਾਂ ਨੇ ਆਥਣ ਤੱਕ ਸੜਕ ਜਾਮ ਰੱਖੀ ਗਈ ਅਤੇ ਫਿਰ ਮਹਿਮਦਪੁਰ ਮੰਡੀ ਵਿੱਚ ਪੱਕੇ ਮੋਰਚੇ ਦਾ ਤੇ 22 ਤਰੀਕ ਨੂੰ ਸ਼ਹਿਰ ਵਿੱਚ ਮੁਜਾਹਰਾ ਕਰਨ ਐਲਾਨ ਕੀਤਾ। ਪ੍ਰਸ਼ਾਸ਼ਨ ਨੇ ਅਗਾਉਂ ਤਿਆਰੀ ਨਾਲ ਮੁਜਾਹਰੇ ਵਿੱਚ ਰੋਕਾਂ ਪਾਉਣ ਵਾਸਤੇ ਸੜਕਾਂ ਤੇ ਅੜਿੱਕੇ ਖੜੇ ਕਰ ਦਿੱਤੇ ਤੇ ਉਸ ਮਗਰੋਂ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜੋ ਬੇਸਿੱਟਾ ਰਹੀ ਅਤੇ ਅੰਤ ਨੂੰ ਪਟਿਆਲਾ ਪ੍ਰਸ਼ਾਸ਼ਨ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣੀ ਪਈ।
26 ਤਰੀਕ ਨੂੰ ਜਦੋਂ ਸੰਘਰਸ਼ ਕਮੇਟੀ ਦੇ ਆਗੂਆਂ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਤਾਂ ਇਹ ਗੱਲ਼ ਸਾਹਮਣੇ ਆਈ ਕਿ ਹਾਈਕੋਰਟ ਵੱਲ਼ੋਂ ਮਨਜੀਤ ਧਨੇਰ ਦੀ ਸਜਾ ਬਹਾਲ ਰੱਖਣ ਦੇ ਫੈਸਲੇ ਮਗਰੋਂ ਜਨਤਕ ਦਬਾਅ ਤਹਿਤ ਸਜਾ ਮਾਫ ਕਰਾਉਣ ਲਈ ਭੇਜੀ ਅਪੀਲ ਨਾਲ ਸਬੰਧਤ ਫਾਇਲ ਪੰਜਾਬ ਸਰਕਾਰ ਕੋਲ ਦੱਬੀ ਹੀ ਪਈ ਰਹੀ। ਜਾਣਕਾਰੀ ਮਿਲੀ ਕਿ ਰਾਜਪਾਲ ਨੇ ਪੰਜਾਬ ਸਰਕਾਰ ਤੋਂ ਮਸਲੇ ਨਾਲ ਸਬੰਧਤ ਕੁਝ ਸਪੱਸ਼ਟੀਕਰਨ ਮੰਗੇ ਸਨ, ਜੋ ਉਹਨਾਂ ਭੇਜੇ ਹੀ ਨਹੀਂ ਸਨ ਤੇ ਫਾਇਲ ਅਲਮਾਰੀਆਂ ਦੀ ਧੂੜ ਫੱਕਣ ਨੂੰ ਦੱਬ ਲਈ। ਆਗੂਆਂ ਨੇ ਸਰਕਾਰ ਅਣਗਹਿਲੀ ਨੂੰ ਜਾਣਬੁੱਝਕੇ ਲੋਕ ਲਹਿਰ ਤੇ ਗਾਜ ਸੁੱਟਕੇ, ਉਸਨੂੰ ਆਗੂ ਰਹਿਤ ਕਰਨ ਦੀ ਚਾਲ ਸਮਝਦਿਆਂ ਰੋਸ ਜਾਹਰ ਕੀਤਾ ਅਤੇ ਆਵਦਾ ਇਤਰਾਜ ਦਰਜ ਕਰਾਇਆ। ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਲੋਕ ਲਹਿਰ ਪ੍ਰਤੀ ਨਫਰਤੀ ਵਤੀਰਾ ਤੇ ਧਨਾਢਾਂ ਪ੍ਰਤੀ ਲੁਕਵੀਂ ਵਫਾਦਾਰੀ ਪੁਗਾਉਣ ਦਾ ਮਾਮਲਾ ਬਿਲਕੁਲ ਸਪੱਸ਼ਟ ਸਾਹਮਣੇ ਆਇਆ। ਜਦੋਂ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਵਤੀਰੇ ਪ੍ਰਤੀ ਸਖਤ ਰੁਖ ਅਪਣਾਇਆ ਤਾਂ ਪ੍ਰਮੁੱਖ ਸਕੱਤਰ ਨੇ ਖੁਦ ਫਾਈਲ ਰਾਜਪਾਲ ਨੂੰ ਭਿਜਵਾਉਣ ਦੀ ਤਸੱਲੀ ਦਿੱਤੀ।
26 ਨੂੰ ਆਥਣੇ ਪਟਿਆਲਾ ਤੋਂ ਧਰਨਾ ਮੁਕਾਕੇ ਸੰਘਰਸ਼ ਕਮੇਟੀ ਦੇ ਆਗੂ 30 ਤਰੀਕ ਨੂੰ ਇੱਕ ਵੱਡਾ ਕੱਠ ਲੈਕੇ ਮਨਜੀਤ ਧਨੇਰ ਨੂੰ ਪੇਸ਼ ਕਰਵਾਉਣ ਲਈ ਬਰਨਾਲਾ ਦੀ ਧਰਤੀ ਤੇ ਜੁੱਟ ਗਏ। 10 ਹਜਾਰ ਤੋਂ ਜਿਆਦਾ ਲੋਕਾਂ ਦੇ ਇਕੱਠ ਨੇ ਬਰਨਾਲਾ ਸ਼ਹਿਰ ਵਿੱਚ ਮੁਜਾਹਰਾ ਕਰਕੇ ਦਾਣਾ ਮੰਡੀ ਵਿੱਚ ਰੈਲੀ ਕੀਤੀ। ਜਨਤਕ ਆਗੂਆਂ ਨੇ ਤਕਰੀਰਾਂ ਪੇਸ਼ ਕਰਦਿਆਂ ਇਸ ਮੌਕੇ ਹਕੂਮਤੀ ਹੱਲੇ ਦੇ ਵਿਰੁੱਧ, ਲੋਕ ਲਹਿਰ ਨੂੰ ਆਗੂ ਰਹਿਤ ਕਰਨ ਦੀਆ ਕੋਝੀਆਂ ਚਾਲਾਂ ਵਿਰੁੱਧ ਵਿਸ਼ਾਲ ਸਾਂਝੀ ਲੋਕ ਲਹਿਰ ਦੀ ਅਣਸਰਦੀ ਲੋੜ ਨੂੰ ਉਭਾਰਿਆ। ਦਾਣਾ ਮੰਡੀ ਤੋਂ ਕਾਫਲਿਆਂ ਨੇ ਬਰਨਾਲਾ ਕਚਹਿਰੀਆਂ ਵੱਲ ਤੁਰਨਾ ਸੀ, ਮਿਸਾਲ ਇਹ ਸੀ ਕਿ ਦਾਣਾ ਮੰਡੀ ਤੋਂ ਕਚਹਿਰੀਆਂ ਲਈ ਪਹੁੰਚਣ ਵਿੱਚ 45 ਮਿੰਟ ਲਗਦੇ ਹਨ ਅਤੇ ਜਦੋਂ ਇਕੱਠ ਦਾ ਮੂਹਰਲਾ ਹਿੱਸਾ ਬਰਨਾਲਾ ਕਚਹਿਰੀਆਂ ਪਹੁੰਚ ਚੁੱਕਾ ਸੀ ਤਾਂ ਪਿਛਲੇ ਹਿੱਸੇ ਨੂੰ ਤੁਰਨ ਨੂੰ ਹਾਲੇ 15 ਹੋਰ ਲੱਗਣੇ ਸਨ। ਇਸ ਮੌਕੇ ਜਿਲਾ ਕਚਹਿਰੀਆਂ ਵਿੱਚ ਲੋਕਾਂ ਦਾ ਦਮ-ਖਮ ਵੇਖਣ ਵਾਲਾ ਸੀ। ਨਾਹਰਿਆਂ ਨਾਲ ਲੋਕਾਂ ਦਾ ਜੋਸ਼ੋ-ਖਰੋਸ਼ ਸਿਖਰ ਤੇ ਸੀ। ਕਚਹਿਰੀਆਂ ਨੂੰ ਘੇਰਾ ਪਾਈ ਬੈਠੀ ਲੋਕਾਈ ਨੂੰ ਵੇਖਕੇ ਪ੍ਰਸ਼ਾਸ਼ਨ ਦਾ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਨੂੰ ਹੋਇਆ ਪਿਆ ਸੀ। ਅਸਮਾਨ ਗੂੰਜਾਉਂਦੇ ਨਾਹਰਿਆਂ ਦੀ ਛਾਵੇਂ ਸਾਥੀ ਮਨਜੀਤ ਧਨੇਰ ਨੂੰ ਪੇਸ਼ ਕੀਤਾ ਗਿਆ। ਇਸ ਮਗਰੋਂ ਇਹ ਵਿਸ਼ਾਲ ਇਕੱਠ ਮੁਜਾਹਰਾ ਕਰਦਾ ਹੋਇਆ ਜੇਲ ਗੇਟ ਤੇ ਪਹੁੰਚਿਆ ਅਤੇ ਇੱਥੇ ਹੀ ਮਨਜੀਤ ਧਨੇਰ ਦੇ ਬਾਹਰ ਆਉਣ ਤੱਕ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ।
ਜੇਲ ਦੇ ਬਾਹਰ ਲ਼ੱਗਿਆ ਇਹ ਮੋਰਚਾ ਛੇਤੀ ਹੀ 'ਸੰਘਰਸ਼ੀ ਪਿੰਡ' ਵਜੋਂ ਪੂਰੇ ਸੂਬੇ ਵਿੱਚ ਮਸ਼ਹੂਰ ਹੋ ਗਿਆ। ਇਸ ਘੋਲ ਵਿੱਚ ਸਮਾਜ ਦਾ ਹਰ ਤਬਕਾ ਇਹਦੀ ਪਿੱਠ ਤੇ ਖੜਿਆ ਹੈ। ਜਿੱਥੇ ਇਹ ਘੋਲ ਜੇਲ ਮੂਹਰੇ ਪੱਕੇ ਮੋਰਚੇ ਦੀ ਨਿਵੇਕਲੀ ਘੋਲ ਸ਼ਕਲ ਪੱਖੋਂ ਨਵੇਂ ਪੂਰਨੇ ਪਾਕੇ ਗਿਆ। ਉੱਥੇ ਨਾਲ ਸਮਾਜ ਦੇ ਹਰੇਕ ਤਬਕੇ ਨੂੰ ਧੂਹ ਕੇ ਘੋਲ ਦੇ ਪਿੜ ਵਿੱਚ ਸ਼ਾਮਲ ਕਰ ਲੈਣ ਦੀ ਮਿਸਾਲ ਵੀ ਬਣਿਆ। ਜੇਲ ਮੂਹਰੇ 54 ਦਿਨ ਚੱਲੇ ਇਸ ਮੋਰਚੇ ਵਿੱਚ ਮੁੱਖ ਭੂਮਿਕਾ ਕਿਸਾਨ ਜਥੇਬੰਦੀਆਂ ਉਗਰਾਹਾਂ ਅਤੇ ਡਕੌਂਦਾ ਦੀ ਰਹੀ, ਪਰ ਸਮੇਂ-ਸਮੇਂ ਤੇ ਲਗਾਤਾਰ ਸੰਘਰਸ਼ ਕਮੇਟੀ ਦੀਆਂ ਅੰਗ ਜਥੇਬੰਦੀਆਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਇਸ ਮੋਰਚੇ ਦਾ ਹਿੱਸਾ ਬਣਦੀਆਂ ਰਹੀਆਂ ਹਨ। । ਦੋ ਮਹੀਨਿਆਂ ਤੱਕ ਚੱਲ਼ੇ ਇਸ ਸੰਘਰਸ਼ ਦੇ ਕਾਫਲੇ ਲਗਾਤਾਰ ਹੋਰ ਵਡੇਰੇ ਹੁੰਦੇ ਰਹੇ। ਜੇਲ ਮੂਹਰਲੇ ਪੱਕੇ ਮੋਰਚੇ ਵਿੱਚ ਸੱਤ ਅਕਤੂਬਰ ਨੂੰ ਔਰਤਾਂ ਦਾ ਵਿਸ਼ੇਸ਼ ਕੱਠ ਹੋਇਆ। ਕੁੱਲ਼ 4500 ਦੀ ਗਿਣਤੀ ਵਿੱਚੋਂ 3000 ਤੋਂ ਜਿਆਦਾ ਗਿਣਤੀ ਸਿਰਫ ਔਰਤਾਂ ਦੀ ਸੀ। ਉਸ ਦਿਨ ਸਟੇਜ ਦੀ ਕੁੱਲ ਕਾਰਵਾਈ ਔਰਤਾਂ ਨੇ ਸਾਂਭੀ। ਸਮਾਜ ਵਿੱਚ ਦੂਜੇ ਦਰਜੇ ਦੇ ਨਾਗਰਿਕ ਵਜੋਂ ਸਮਝੀਆਂ ਜਾਂਦੀਆਂ ਔਰਤਾਂ ਨੇ ਪਿੰਡਾਂ ਤੋਂ ਆਕੇ ਘੋਲ ਵਿੱਚ ਹਿੱਸਾ ਪਾਕੇ ਨਿਵੇਕਲੀ ਕਿਸਮ ਦੀ ਪਿਰਤ ਪਾਈ। ਇਸ ਸ਼ਮੂਲੀਅਤ ਨੇ 'ਜੇ ਔਰਤ ਵੀ ਹਿੱਸਾ ਪਾਵੇ, ਲੋਕ ਲਹਿਰ ਤੇ ਜੋਬਨ ਆਵੇ' ਦੇ ਨਾਹਰੇ ਨੂੰ ਸੱਚ ਕਰ ਵਿਖਾਇਆ ਹੈ। ਔਰਤਾਂ ਨੇ ਪੂਰੇ ਦਿਨ ਦੀ ਆਪਣੀ ਕਾਰਵਾਈ ਰਾਹੀਂ ਅਤੇ ਘੰਟਾ ਭਰ ਜੇਲ੍ਹ ਦਾ ਘਿਰਾਉ ਕਰਨ ਕਰਕੇ ਨਾ ਸਿਰਫ ਸੰਘਰਸ਼ ਪ੍ਰਤੀ ਆਪਣੇ ਡੂੰਘੇ ਸਰੋਕਾਰ ਅਤੇ ਅੰਗੜਾਈ ਭਰਦੀਆਂ ਖਾੜਕੂ ਮਨੋ-ਬਿਰਤੀਆਂ ਦਾ ਪ੍ਰਗਟਾਵਾ ਕੀਤਾ, ਸਗੋਂ ਲੀਡਰਸ਼ਿਪ ਦੀ ਆਪਣੀ ਸਮਰੱਥਾ ਦੀ ਵੀ ਚੰਗੀ ਮਿਸਾਲ ਪੇਸ਼ ਕੀਤੀ।
ਸੰਘਰਸ਼ੀ ਪਿੰਡ ਵਿੱਚ ਬੁੱਧੀਜੀਵੀਆਂ ਸਾਹਿਤਕਾਰਾਂ ਨੇ ਸ਼ਮੂਲੀਅਤ ਕਰਕੇ ਕਲਮ, ਕਲਾ ਤੇ ਸੰਘਰਸ਼ਾਂ ਦੀ ਜੋਟੀ ਨੂੰ ਹੋਰ ਮਜਬੂਤ ਕੀਤਾ। 20 ਤਾਰੀਕ ਨੂੰ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ 21 ਤਰੀਕ ਨੂੰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਵੱਡੇ ਜੱਥੇ ਧਰਨੇ 'ਚ ਸ਼ਾਮਲ ਹੋਏ। 22 ਤਰੀਕ ਨੂੰ ਸੰਘਰਸ਼ੀ ਪਿੰਡ ਵਿੱਚ ਨੌਜਵਾਨਾਂ-ਵਿਦਿਆਰਥੀਆਂ ਦਾ ਦਿਨ ਸੀ। ਸੰਘਰਸ਼ ਕਮੇਟੀ ਦੇ ਕਈ ਆਗੂ ਜਦ ਮੁੱਖ ਮੰਤਰੀ ਨਾਲ ਮੀਟਿੰਗ ਲਈ ਚੰਡੀਗੜ੍ਹ ਗਏ ਹੋਏ ਸਨ, ਧਰਨੇ 'ਚ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ। 10 ਹਜ਼ਾਰ ਤੱਕ ਪਹੁੰਚੀ ਕੁੱਲ ਗਿਣਤੀ ਵਿਚ 60% ਤੋਂ 70% ਤੱਕ ਨੌਜਵਾਨ-ਵਿਦਿਆਰਥੀ ਸਨ। ਹਜ਼ਾਰਾਂ ਨੌਜਵਾਨਾਂ ਦਾ ਮਸਲੇ ਨਾਲ ਆਵਦੇ ਡੂੰਘੇ ਸਰੋਕਾਰ ਰੱਖਦਾ ਹੋਇਆ ਜੁੜਿਆ ਇਹ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਾ ਕੇ ਰੋਲ ਦੇਣ ਤੇ ਸਮਾਜੀ ਭੂਮਿਕਾ ਤੋਂ ਵਿਰਵੇ ਕਰ ਦੇਣ ਦੇ ਹਾਕਮ ਜਮਾਤੀ ਕੋਝੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਚੱਲ ਰਹੇ ਇਸ ਘੋਲ ਚੋਂ ਸਮਾਜ ਵਿਚਲਾ ਕੋਈ ਵੀ ਤਬਕਾ ਪਾਸੇ ਨਹੀਂ ਰਹਿ ਸਕਿਆ। ਸਾਰੇ ਦੇ ਸਾਰੇ ਤਬਕੇ ਇਸ ਸੰਘਰਸ਼ੀ ਪਿੰਡ ਦਾ ਹਿੱਸਾ ਬਣਕੇ ਸੂਬੇ ਅੰਦਰ ਜਨਤਕ ਜਮਹੂਰੀ ਲਹਿਰ ਦੀ ਵਧਦੀ ਸਾਂਝ ਦਾ ਸੰਕੇਤ ਦਿੰਦੇ ਰਹੇ ਹਨ। ਇਸ ਗੱਲੋਂ ਜਨਤਕ ਜਮਹੂਰੀ ਲਹਿਰ ਅੰਦਰ ਜਥੇਬੰਦੀਆਂ ਦੀ ਇਹ ਵਧਦੀ ਸਾਂਝ ਇੱਕ ਸੁਲੱਖਣਾ ਵਰਤਾਰਾ ਹੈ। ਇਸ ਘੋਲ ਨਾਲ ਪੰਜਾਬ ਦੀ ਆਬੋ ਹਵਾ ਅੰਦਰ ਨਵੇਂ ਸਾਂਝੇ ਜਨਤਕ ਜਮਹੂਰੀ ਸੰਘਰਸ਼ਾਂ ਦਾ ਤੋਰਾ ਤੁਰਿਆ ਹੈ। ਕਿਸਾਨਾਂ-ਮਜਦੂਰਾਂ-ਵਿਦਿਆਰਥੀ-ਨੌਜਵਾਨਾਂ-ਮੁਲਾਜਮਾਂ ਤੇ ਹੋਰਾਂ ਹਿੱਸਿਆਂ ਦੀ ਸਾਂਝ ਨੇ 'ਮਨਜੀਤ ਧਨੇਰ ਨੂੰ ਰਿਹਾਅ ਕਰਵਾਕੇ ਰਹਾਂਗੇ' ਦੀ ਰੋਹਲੀ ਗਰਜ ਨੂੰ ਉੱਚਾ ਚੁੱਕਿਆ ਤੇ ਸਫਲਤਾ ਹਾਸਲ ਕੀਤੀ ਹੈ। ਇਸੇ ਸੰਘਰਸ਼ ਨੇ ਹਾਕਮਾਂ ਨੂੰ ਤ੍ਰੇਲੀਆਂ ਲਿਆਂਦੀਆਂ ਹਨ, ਇਸੇ ਦੀ ਬਦੌਲਤ ਹੀ ਹਾਕਮਾਂ ਨੂੰ ਥੁੱਕ ਕੇ ਚੱਟਣਾ ਪਿਆ ਅਤੇ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸਰਵਉੱਚ ਅਦਾਲਤ ਨੂੰ ਵੀ ਫੈਸਲਾ ਲੋਕ ਕਚਹਿਰੀ ਦੇ ਹੱਕ ਵਿੱਚ ਕਰਨਾ ਪਿਆ।
ਲੋਕ ਏਕੇ ਦੀ ਇਸੇ ਦਾਬ ਹੇਠ ਹੀ ਆਖਰ ਨੂੰ 7 ਨਵੰਬਰ ਨੂੰ ਰਾਜਪਾਲ ਨੂੰ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਦੇ ਵਾਲੇ ਕਾਗਜਾਂ ਉੱਤੇ ਸਹੀ ਪਾਉਣ ਲਈ ਮਜਬੂਰ ਹੋਣਾ ਪਿਆ ਅਤੇ 14 ਨਵੰਬਰ ਨੂੰ 54 ਦਿਨਾਂ ਦੇ ਕਰੜੇ ਘੋਲ ਮਗਰੋਂ ਮਨਜੀਤ ਧਨੇਰ ਨੂੰ ਜੇਲ ਦੀਆਂ ਸੀਖਾਂ ਚੋਂ ਬਾਹਰ ਕੱਢਕੇ ਲੋਕ ਤਾਕਤ ਨੇ ਆਵਦਾ ਵਾਅਦਾ ਪੁਗਾਇਆ, ਜੋ ਉਸ ਨਾਲ 30 ਸਤੰਬਰ ਨੂੰ ਪੇਸ਼ੀ ਮੌਕੇ ਕੀਤਾ ਸੀ ਕਿ 'ਜਿਹੜੇ ਹੱਥਾਂ ਨਾਲ ਤੈਨੂੰ ਏਥੇ ਛੱਡਣ ਆਏ ਹਾਂ, ਉਹਨਾਂ ਹੱਥਾਂ ਨਾਲ ਤੈਨੂੰ ਇਥੋਂ ਛਡਵਾਕੇ ਲੈਕੇ ਜਾਵਾਂਗੇ'। ਇਸ ਮਿਸਾਲੀ ਸਾਂਝੇ ਜਨਤਕ ਘੋਲ ਨੇ ਦੇਸ਼ ਦੇ ਲੋਕਾਂ ਉੱਤੇ ਹਕੂਮਤ ਦੁਆਰਾ ਵਿੱਢੇ ਹੱਲੇ ਦਾ ਮੂੰਹ ਤੋੜ ਜਵਾਬ ਦਿੰਦਿਆਂ ਨਵੇਂ ਪੂਰਨੇ ਪਾਏ ਹਨ, ਜਨਤਕ ਜਮਹੂਰੀ ਲਹਿਰ ਵਿਚਲੀ ਵਧਦੀ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਲੋਕ ਤਾਕਤ ਵਿੱਚ ਭਰੋਸੇ ਨੂੰ ਹੋਰ ਮਜਬੂਤ ਕੀਤਾ ਹੈ।
-ਪੱਤਰ ਪ੍ਰੇਰਕ