Monday, 7 September 2020

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਚੇਤਨਾ ਪੰਦਰਵਾੜਾ' ਮਨਾਉਣ ਦਾ ਫੈਸਲਾ


ਆਉਂਦੀ 28 ਸਤੰਬਰ ਨੂੰ ਸ਼ਹੀਦੇ ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਹਾੜਾ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਨੌਜਵਾਨ ਭਾਰਤ ਸਭਾ ਵੱਲੋਂ 'ਚੇਤਨਾ ਪੰਦਰਵਾੜਾ' ਨਾਂ ਹੇਠ ਮੁਹਿੰਮ ਚਲਾਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਛਿੰਦਰਪਾਲ ਸਿੰਘ ਨੇ ਸਾਝੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 28 ਸਤੰਬਰ ਤੱਕ ਚੇਤਨਾ ਪੰਦਰਵਾੜਾ ਤਹਿਤ ਪਿੰਡਾਂ, ਸ਼ਹਿਰਾਂ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਰਤੀ ਲੋਕਾਂ ਦੇ ਮੰਗਾਂ ਮਸਲਿਆਂ ਨੂੰ ਲੈਕੇ ਮੁਹਿੰਮ ਚਲਾਈ ਜਾਵੇਗੀ।

ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਰੋਨਾ ਦੇ ਬਹਾਨੇ ਪੂਰਨਬੰਦੀ ਮੜ੍ਹਕੇ ਹਾਕਮਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਦੂਣ-ਸਵਾਇਆ ਕਰ ਦਿੱਤਾ ਹੈ। ਇਸ ਦੌਰ ਵਿੱਚ ਹਾਕਮਾਂ ਦੇ ਲੋਕਦੋਖੀ ਫੈਸਲਿਆਂ ਨੇ ਪੂਰੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਉਹਨਾਂ ਦਾ ਰੁਜ਼ਗਾਰ ਖੋਹ ਲਿਆ, ਉੱਤੋਂ ਮੜ੍ਹੀ ਜਾਬਰ ਪੂਰਨਬੰਦੀ ਜੋ ਹੁਣ ਤੱਕ ਵੀ ਜਾਰੀ ਹੈ, ਨੇ ਰਹਿੰਦੇ-ਖੂੰਹਦੇ ਰੁਜ਼ਗਾਰ ਦੇ ਮੌਕੇ ਵੀ ਖੋਹ ਲਏ ਹਨ। ਪੂਰਨਬੰਦੀ ਜ਼ਰੀਏ ਲੋਕਾਂ ਨੂੰ ਘਰਾਂ ਅੰਦਰ ਡੱਕ ਕੇ ਹਾਕਮ ਜਨਤਕ ਖੇਤਰ ਦਾ ਭੋਗ ਪਾਉਣ ਲੱਗੇ ਹੋਏ ਹਨ। ਸਰਕਾਰੀ ਖੇਤਰ ਨੂੰ ਕੌਡੀਆਂ ਦੇ ਭਾਅ ਧਨਾਢਾਂ ਨੂੰ ਵੇਚਿਆ ਜਾ ਰਿਹਾ। ਸਰਕਾਰ ਇਸ ਔਖੀ ਘੜੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਸਰਕਾਰੀ ਖਜਾਨੇ ਨੂੰ ਸਰਮਾਏਦਾਰ-ਧਨਾਢਾਂ ਦੀ ਝੋਲੀ ਪਾ ਰਹੀ ਰਹੀ ਹੈ। ਖੇਤੀ ਕਨੂੰਨਾਂ ਜਰੀਏ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆ ਜਾ ਰਹੀਆਂ ਹਨ। ਬਿਜਲੀ ਸੋਧ ਬਿੱਲ ਜ਼ਰੀਏ ਕਿਰਤੀ ਵਸੋਂ ਸਿਰ ਮਹਿੰਗੀ ਬਿਜਲੀ ਦਾ ਹੋਰ ਬੋਝ ਲੱਦਣ ਦੀ ਪੂਰੀ ਤਿਆਰੀ ਹੈ। ਇਸਦੇ ਸਮੇਤ ਨਵੀ ਸਿੱਖਿਆ ਨੀਤੀ ਜਰੀਏ ਸਿੱਖਿਆਂ ਦੇ ਨਿੱਜੀਕਰਨ, ਭਗਵੇਂਕਰਨ ਦੀਆਂ ਕੋਸ਼ਿਸ਼ਾਂ ਨੂੰ ਜਰਬਾਂ ਦਿੱਤੀਆਂ ਜਾ ਰਹੀਆਂ ਹਨ। ਆਗੂਆਂ ਦੱਸਿਆ ਕਿ ਕਰੋਨਾ ਦੇ ਇਸ ਦੌਰ ਵਿੱਚ ਵਿਦਿਆਰਥੀਆਂ ਤੋਂ ਧੱਕੇ ਨਾਲ ਫੀਸਾਂ ਤੇ ਪੀ.ਟੀ.ਏ. ਫੰਡ ਉਗਰਾਹੁਣਾ ਨਿੰਦਣਯੋਗ ਕਦਮ ਹੈ। ਆਗੂਆਂ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਕਰੋਨਾ ਬਹਾਨੇ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ’ਤੇ ਪਾਬੰਦੀਆਂ ਮੜ੍ਹਕੇ, ਉਹਨਾਂ ਉੱਪਰ ਪਰਚੇ ਦਰਜ ਕਰਕੇ ਉਹਨਾਂ ਦੇ ਹੱਕ ਦੀ ਅਵਾਜ ਨੂੰ ਦਬਾਉਣਾ ਚਾਹੁੰਦੀ ਹੈ।
ਆਗੂਆਂ ਨੇ ਬਿਆਨ ਜਾਰੀ ਕਰਦਿਆ ਸਰਕਾਰ ਦੇ ਇਹਨਾਂ ਲੋਕਦੋਖੀ ਕਦਮਾਂ ਦੀ ਨਿਖੇਧੀ ਕੀਤੀ ਤੇ ਦੱਸਿਆ ਕਿ ਉਪਰੋਕਤ ਮੰਗਾਂ ਮਸਲਿਆਂ ਉੱਤੇ ਲੋਕਾਂ ਨੂੰ ਚੇਤਨ ਤੇ ਲਾਮਬੰਦ ਕਰਦਿਆਂ 'ਚੇਤਨਾ ਪੰਦੜਵਾੜਾ' ਮਨਾਇਆ ਜਾਵੇਗਾ, ਜਿਸ ਤਹਿਤ ਜਥੇਬੰਦੀਆਂ ਵੱਲੋਂ ਹੱਥ-ਪਰਚਾ ਜਾਰੀ ਕੀਤਾ ਜਾਵੇਗਾ ਅਤੇ ਪਿੰਡਾਂ ਸ਼ਹਿਰਾਂ ਵਿੱਚ ਮੀਟਿੰਗਾਂ, ਨਾਟਕ, ਰੈਲੀ, ਮੁਜਾਹਰੇ, ਝੰਡਾ ਮਾਰਚ, ਜਾਗੋ, ਪ੍ਰਭਾਤ ਫੇਰੀਆਂ, ਕਨਵੈਨਸ਼ਨ, ਗੋਸ਼ਟੀਆਂ, ਵਿਚਾਰ ਚਰਚਾਵਾਂ ਜਰੀਏ ਲੋਕਾਂ ਤੱਕ ਜਾ ਕੇ ਹਾਕਮਾਂ ਦੇ ਲੋਕ ਦੋਖੀ ਚਿਹਰੇ ਨੂੰ ਨੰਗਾ ਕਰਦਿਆਂ ਅੱਜ ਦੇ ਦੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਲੋੜ, ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ, ਤੋਂ ਜਾਣੂ ਕਰਵਾਉਂਦਿਆਂ ਹੱਕੀ ਮੰਗਾਂ 'ਤੇ ਲਾਮਬੰਦ ਹੋਣ ਦਾ ਹੋਕਾ ਦਿੱਤਾ ਜਾਵੇਗਾ।

No comments:

Post a Comment