ਉਪਰੋਕਤ ਮੰਗਾਂ ਨੂੰ ਲੈਕੇ ਨੌਜਵਾਨ ਭਾਰਤ ਸਭਾ, ਜਿਲ੍ਹਾ ਸਰਸਾ ਦੀਆਂ ਟੀਮਾਂ ਵੱਲੋਂ ਤਕਰੀਬਨ 40 ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ 2 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਸਰਸਾ ਵਿਖੇ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗਾਂ ਦੌਰਾਨ ਔਰਤਾਂ ਦੀ ਸ਼ਮੂਲੀਅਤ ਵੱਡੀ ਗਿਣਤੀ ਵਿੱਚ ਰਹੀ ਅਤੇ ਔਰਤਾਂ ਵਿੱਚ ਹੀ ਮਸਲੇ ਦੀ ਚੋਭ ਅਤੇ ਰੋਹ ਸਭ ਤੋਂ ਜਿਆਦਾ ਵੇਖਣ ਨੂੰ ਮਿਲ਼ਿਆ। ਮੀਟਿੰਗਾਂ ਦੌਰਾਨ ਸਭਾ ਦੀਆਂ ਟੀਮਾਂ ਵੱਲੋਂ ਉਪਰੋਕਤ ਮੰਗਾਂ ਦੀ ਵਾਜਬੀਅਤ ਅਤੇ ਏਕੇ-ਸੰਘਰਸ਼ ਦੀ ਅਣਸਰਦੀ ਲੋੜ ਨੂੰ ਉਭਾਰਦਿਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਕਰੋਨਾ ਪੂਰਨਬੰਦੀ ਦੌਰਾਨ ਲੋਕ ਵਿਰੋਧੀ ਕਾਰਗੁਜਾਰੀ ਦਾ ਪਾਜ ਉਘਾੜਾ ਕੀਤਾ ਗਿਆ ਅਤੇ 2 ਸਤੰਬਰ ਨੂੰ ਸਰਸਾ ਵਿਖੇ ਲਾਏ ਜਾ ਰਹੇ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਕਰਜੇ ਮਾਫੀ ਦੇ ਮਸਲੇ ਉੱਤੇ ਗੱਲ ਕਰਦਿਆਂ ਬੁਲਾਰਿਆਂ ਨੇ ਇਸ ਗੱਲ ਨੂੰ ਜੋਰ ਨਾਲ਼ ਉਭਾਰਿਆ ਕਿ ਜਦੋਂ ਸਰਕਾਰ ਦੇਸ਼ ਦੇ ਵੱਡੇ ਸਰਮਾਏਦਾਰਾਂ-ਧਨਾਢਾਂ ਦੇ ਲੱਖਾਂ ਕਰੋੜਾਂ ਰੁਪਏ ਦੇ ਕਰਜਿਆਂ ਨੂੰ ਵੱਟੇ ਖਾਤੇ ਪਾ ਸਕਦੀ ਹੈ, ਟੈਕਸਾਂ ਤੋਂ ਛੋਟਾਂ ਦੇ ਸਕਦੀ ਹੈ ਤਾਂ ਦੇਸ਼ ਦੇ ਮਜਦੂਰਾਂ ਅਤੇ ਗਰੀਬ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਉੱਤੇ ਵੀ ਲੀਕ ਮਾਰ ਸਕਦੀ ਹੈ। ਪਰ ਹਾਕਮਾਂ ਦੀਆਂ ਅੱਖਾਂ ਦਾ ਟੀਰ ਇਸ ਮੌਕੇ ਉੱਭਰਕੇ ਸਾਹਮਣੇ ਆਉਂਦਾ ਹੈ, ਜਦੋਂ ਉਹ ਸਰਮਾਏਦਾਰਾਂ ਦੀ ਚਾਕਰੀ ਪੁਗਾਉਂਦੇ, ਹੱਡ ਭੰਨਵੀਂ ਮਿਹਨਤ ਕਰਕੇ ਔਖ ਨਾਲ਼ ਦੋ ਡੰਗ ਦੀ ਰੋਟੀ ਕਮਾਉਂਦੇ ਲੋਕਾਂ ਨੂੰ ਦਰਕਾਰਦੇ ਹਨ।
ਕੰਪਨੀ ਕਰਿੰਦਿਆਂ ਤੇ ਮੈਨੇਜਰਾਂ- ਮਾਲਕਾਂ ਵੱਲੋਂ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੂਰਾ ਜੋਰ ਲਾਇਆ ਗਿਆ। ਪਿੰਡ-ਪਿੰਡ ਜਾਕੇ ਲੋਕਾਂ ਨੂੰ ਕਰੋਨਾ ਦੇ ਨਾਂ ਉੱਤੇ ਡਰਾਇਆ ਗਿਆ ਅਤੇ ਭਵਿੱਖ ਵਿੱਚ ਕਰਜਾ ਨਾ ਦੇਣ, ਰਿਕਾਰਡ ਖਰਾਬ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਕਈ ਥਾਵਾਂ ਉੱਤੇ ਕੰਪਨੀ ਵਾਲ਼ਿਆਂ ਵੱਲੋਂ ਧਰਨੇ ਵਿੱਚ ਜਾਣ ਵਾਲ਼ੇ ਸਾਧਨਾਂ ਨੂੰ ਮੌਕੇ ਉੱਤੇ ਮੁੱਕਰਾਇਆ ਗਿਆ। ਭਾਵੇਂ ਕੰਪਨੀਆਂ ਦੀਆਂ ਇਹਨਾਂ ਕੋਝੀਆਂ ਕੋਸ਼ਿਸ਼ਾਂ ਕਰਕੇ ਧਰਨੇ ਵਿੱਚ ਇਕੱਠ ਦੀ ਗਿਣਤੀ ਥੋੜੀ ਪ੍ਰਭਾਵਿਤ ਹੋਈ, ਪਰ ਇਹਦੇ ਬਾਵਜੂਦ ਇਹ ਲੋਕ ਰੋਹ ਨੂੰ ਠੱਲਣ ਵਿੱਚ ਕਾਮਯਾਬ ਨਾ ਹੋ ਸਕੇ। ਇਸ ਮੌਕੇ ਵੀ ਪਿੰਡਾਂ ਵਿੱਚ ਮੀਟਿੰਗਾਂ ਤੋਂ ਮਗਰੋਂ ਔਰਤਾਂ ਨੇ ਮੋਰਚਾ ਸੰਭਾਲ਼ਿਆ ਅਤੇ ਧਮਕੀਆਂ ਦੇਣ ਆਏ ਕਰਿੰਦਿਆਂ ਨੂੰ ਇਕੱਠੀਆਂ ਹੋਕੇ ਜੂਹੋਂ ਬਾਹਰ ਕੀਤਾ। ਜਿਆਦਾਤਰ ਥਾਈਂ ਧਰਨੇ ਲਈ ਸਾਧਨ ਕਿਰਾਏ ਉੱਤੇ ਲਿਜਾਣ ਤੋਂ ਲੈਕੇ, ਲੋਕਾਂ ਨੂੰ ਇਕੱਠੇ ਕਰਨਾ, ਸਪੀਕਰਾਂ ਵਿੱਚ ਹੋਕੇ ਦੇਣ ਤੱਕ ਦੇ ਕੰਮ ਔਰਤਾਂ ਨੇ ਆਪ ਸੰਭਾਲ਼ੇ। 2 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨੇ ਵਿੱਚ 20 ਪਿੰਡਾਂ ਤੋਂ 600 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਬਹੁਗਿਣਤੀ ਔਰਤਾਂ ਸਨ। ਇਸ ਪੂਰੀ ਮੁਹਿੰਮ ਦੌਰਾਨ ਔਰਤਾਂ ਦੀ ਸ਼ਮੂਲੀਅਤ, ਔਰਤਾਂ ਅੰਦਰ ਅੰਗੜਾਈ ਲੈ ਰਹੀ ਜ਼ਬਰਦਸਤ ਊਰਜਾ ਦਾ ਝਲਕਾਰਾ ਪਾਉਂਦੀ ਹੈ- ਜੋ ਆਵਦੇ ਹੱਕਾਂ ਲਈ ਲੋਕਦੋਖੀ ਹਾਕਮਾਂ ਨੂੰ ਮੂਹਰੋਂ ਹੋਕੇ ਟੱਕਰਨ ਦਾ ਮਾਦਾ ਸੰਭਾਲ਼ੀ ਬੈਠੀ ਹੈ। ਇਸ ਮੌਕੇ ਇਕੱਠ ਵੱਲੋਂ ਰੋਹ ਭਰਪੂਰ ਨਾਹਰਿਆਂ ਨਾਲ਼ ਧਰਨੇ ਦੀ ਸ਼ੁਰੂਆਤ ਕੀਤੀ। ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਜਿਲ੍ਹਾ ਆਗੂ ਪਾਵੇਲ ਅਤੇ ਜਥੇਬੰਦਕ ਸਕੱਤਰ ਛਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਜੋਰ ਨਾਲ਼ ਕਰਜਾ ਮਾਫੀ, ਕੰਪਨੀਆਂ ਦੇ ਕਰਿੰਦਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ, ਮਨਰੇਗਾ ਕੰਮਾਂ ਨੂੰ ਚਾਲੂ ਕਰਵਾਉਣ ਅਤੇ ਬਿਜਲੀ ਬਿੱਲ ਮਾਫ ਕਰਨ ਦੀਆਂ ਮੰਗਾਂ ਨੂੰ ਮੁੜ ਉਭਾਰਿਆ ਅਤੇ ਸਰਸਾ ਜਿਲ੍ਹਾ ਪ੍ਰਸ਼ਾਸਨ ਦੇ ਕਿਰਤੀ ਵਿਰੋਧੀ ਵਤੀਰੇ ਨੂੰ ਟਕੋਰਾਂ ਲਾਈਆਂ ਗਈਆਂ। ਇਸ ਮੌਕੇ ਸਭਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਭਰਨ ਲਈ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਤੁਰੰਤ ਬੰਦ ਨਹੀਂ ਕਰਦੇ ਤਾਂ ਆਉਂਦੇ ਸਮੇਂ ਕੰਪਨੀਆਂ ਦੇ ਦਫਤਰਾਂ ਜਾਂ ਕੰਪਨੀ ਮਾਲਕਾਂ-ਮੈਨੇਜਰਾਂ ਦੇ ਘਰਾਂ ਅੱਗੇ ਧਰਨੇ ਲਾਏ ਜਾਣਗੇ। ਇਸ ਮੌਕੇ ਧਰਨੇ ਦੀ ਹਮਾਇਤ ਵਿੱਚ ਪ੍ਰੋਗਰੈਸਿੱਵ ਸਟੂਡੈਂਟਸ ਯੂਨੀਅਨ, ਜਮਹੂਰੀ ਅਧਿਕਾਰ ਸਭਾ ਹਰਿਆਣਾ, ਪੀਟੀਆਈ ਅਧਿਆਪਕ ਯੂਨੀਅਨ, ਸਰਵ ਕਰਮਚਾਰੀ ਸੰਘ ਅਤੇ ਕਿਸਾਨ ਸਭਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਧਰਨੇ ਮਗਰੋਂ ਮੁਜਾਹਰੇ ਦੀ ਸ਼ਕਲ ਵਿੱਚ ਜਾਕੇ ਡਿਪਟੀ ਕਮਿਸ਼ਨਰ, ਸਰਸਾ ਦੇ ਨਾਂ ਨੌਜਵਾਨ ਭਾਰਤ ਸਭਾ ਵੱਲੋਂ ਤਿਆਰ ਕੀਤਾ ਮੰਗ-ਪੱਤਰ ਸੌਂਪਿਆ ਗਿਆ ਅਤੇ ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਨੇ ਮੰਗਾਂ ਉੱਤੇ ਛੇਤੀ ਕਾਰਵਾਈ ਕਰਨ ਦਾ ਇਕੱਠ ਨੂੰ ਭਰੋਸਾ ਦਿੱਤਾ। ਅਖੀਰ ਡੀ.ਸੀ. ਦਫਤਰ ਤੋਂ ਚੌਟਾਲਾ ਪਾਰਕ ਤੱਕ ‘ਚੱਤੋਂ ਪਹਿਰ ਮੁਸ਼ੱਕਤ, ਕਰਦੇ ਵਧਦੇ ਜਾਣ ਸਿਰਾਂ ‘ਤੇ ਕਰਜੇ’, ‘ਮਜਦੂਰਾਂ ਅਤੇ ਗਰੀਬ ਕਿਸਾਨੀ ਦੇ ਸਾਰੇ ਕਰਜੇ ਮਾਫ ਕਰੋ’, ‘ਲੱਕ ਤੋੜ ਕਰਜੇ ਦਾ ਭਾਰ, ਲੋਟੂ ਸਰਕਾਰਾਂ ਜਿੰਮੇਵਾਰ’, ‘ਰੋਜੀ ਰੋਟੀ ਤੇ ਸਤਿਕਾਰ, ਕਿਰਤੀ ਕਾਮਿਆਂ ਦਾ ਅਧਿਕਾਰ’ ਆਦਿ ਨਾਹਰੇ ਲਾਉਂਦੇ ਹੋਏ ਪੈਦਲ ਮੁਜਾਹਰਾ ਕੀਤਾ ਗਿਆ।
No comments:
Post a Comment