Wednesday, 2 September 2020

ਕਰਜਾ ਮੁਕਤੀ, ਨਰੇਗਾ ਕੰਮ ਸ਼ੁਰੂ ਕਰਨ ਅਤੇ ਬਿਜਲੀ ਬਿੱਲਾਂ ਦੀ ਮਾਫੀ ਦੀਆਂ ਮੰਗਾਂ ਨੂੰ ਲੈਕੇ ਲਾਮਬੰਦੀ ਅਤੇ ਸਰਸਾ ਜਿਲ੍ਹਾ ਕੇਂਦਰ ਉੱਤੇ ਧਰਨਾ-ਮੁਜਾਹਰਾ


ਪੇਂਡੂ ਕਿਰਤੀ ਲੋਕਾਂ ਦੀ ਮਦਦ ਕਰਨ, ਉਹਨਾਂ ਨੂੰ ਪੈਰਾਂ ਸਿਰ ਕਰਨ ਜਾਂ ਆਤਮਨਿਰਭਰ ਬਨਾਉਣ ਦੇ ਲਕਬਾਂ ਹੇਠ ਸੂਖਮ ਵਿੱਤੀ ਕੰਪਨੀਆਂ ਨੇ ਲੋਕਾਂ ਨੂੰ ਆਵਦੇ ਤੰਦੂਆਜਾਲ਼ ਵਿੱਚ ਬਹੁਤ ਬੁਰੀ ਤਰ੍ਹਾਂ ਫਸਾਇਆ ਹੋਇਆ ਹੈ। ਸੂਖਮ ਵਿੱਤੀ ਕੰਪਨੀਆਂ ਤੋਂ ਕਰਜਾ ਲੈਣ ਵਾਲ਼ੇ ਜਿਆਦਾਤਰ ਲੋਕਾਂ ਨੇ ਮਜਬੂਰੀ ਵੱਸ ਆਵਦੀਆਂ ਘਰੇਲੂ ਲੋੜਾਂ, ਜਿਵੇਂ ਦਵਾ-ਇਲਾਜ ਵਾਸਤੇ, ਵਿਆਹ-ਸ਼ਾਦੀ ਵਾਸਤੇ ਜਾਂ ਬੱਚਿਆਂ ਦੀ ਪੜਾਈ ਖਾਤਰ ਕਰਜਾ ਲਿਆ ਹੋਇਆ ਹੈ। ਪਰ ਇਹ ਕਰਜਾ ਹੁਣ ‘ਸਹਾਰੇ’ ਦੀ ਥਾਂ ਪੇਂਡੂ ਕਿਰਤੀਆਂ ਲਈ ਗਲ਼ ਦਾ ਫਾਹਾ ਬਣ ਗਿਆ ਹੈ। ਇਹਦੇ ਖਿਲਾਫ ਪੇਂਡੂ ਕਿਰਤੀਆਂ, ਖਾਸਕਰ ਔਰਤਾਂ ਦੇ ਰੋਹ ਦਾ ਫੁਟਾਰਾ ਕਈ ਥਾਂਈਂ ਵੇਖਣ ਨੂੰ ਮਿਲ ਰਿਹਾ ਹੈ। ਕਰੋਨਾ ਪੂਰਨਬੰਦੀ ਕਰਕੇ ਲੋਕਾਂ ਦੇ ਰੁਜ਼ਗਾਰ ਬਿਲਕੁਲ ਬੰਦ ਹੋ ਗਏ, ਰੋਜੀ ਰੋਟੀ ਦੇ ਸਾਧਨ ਜੁਟਾਉਣੇ ਹੋਰ ਔਖੇ ਹੋ ਗਏ। ਇਸ ਮੌਕੇ ਨਾ ਸਰਕਾਰਾਂ ਨੇ ਆਮ ਲੋਕਾਂ ਦੀ ਕੋਈ ਸੱਦ-ਪੁੱਛ ਕੀਤੀ, ਨਾ ਪ੍ਰਸ਼ਾਸ਼ਨ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਮਿਲਿਆ। ਉੱਤੋਂ ਹਾਲਤਾਂ ਉਦੋਂ ਹੋਰ ਮਾੜੀਆਂ ਹੋ ਗਈਆਂ ਜਦੋਂ ਸਰਕਾਰ ਵੱਲੋਂ 31 ਅਗਸਤ ਤੱਕ ਸੂਖਮ ਵਿੱਤੀ ਕਰਜਿਆਂ ਦੀਆਂ ਕਿਸ਼ਤਾਂ ਭਰਨ ਤੋਂ ਛੋਟ ਦੇਣ ਦੇ ਬਾਵਜੂਦ ਕੰਪਨੀਆਂ ਦੇ ਕਰਿੰਦੇ ਲੋਕਾਂ ਨੂੰ ਧੱਕੇ ਨਾਲ਼ ਕਿਸ਼ਤਾਂ ਭਰਨ ਲਈ ਠਿੱਠ ਕਰਨੋਂ ਨਾ ਹਟੇ। ਜਦੋਂ ਪੂਰਨਬੰਦੀ ਕਰਕੇ ਖੁੱਸੇ ਰੁਜ਼ਗਾਰ ਕਾਰਨ ਕਿਰਤੀ ਲੋਕ ਦੋ ਵੇਲ਼ੇ ਦੀ ਰੋਟੀ ਖੁਣੋਂ ਮੁਥਾਜ ਸਨ ਤਾਂ ਇਹ ਸੂਖਮ ਵਿੱਤੀ ਕੰਪਨੀਆਂ ਰੂਪੀ ਗਿਰਝਾਂ ਨੇ ਲੋਕਾਂ ਤੋਂ ਧੱਕੇ ਨਾਲ਼ ਕਿਸ਼ਤਾਂ ਵਸੂਲੀਆਂ ਅਤੇ ਕਿਸ਼ਤ ਨਾ ਦੇਣ ਦੀ ਹਾਲਤ ਵਿੱਚ ਗਲ਼ੀ-ਗੁਆਂਢ ਸਾਹਮਣੇ ਬੇਇੱਜਤ ਕਰਨਾ, ਔਰਤਾਂ ਨੂੰ ਮੰਦਾ ਬੋਲਣਾ ਜਾਂ ਧੱਕੇ ਨਾਲ਼ ਘਰ ਦਾ ਸਮਾਨ, ਬਿਨ੍ਹਾਂ ਕਿਸੇ ਲਿਖਤ ਪੜ੍ਹਤ ਦੇ ਮੋਟਰਸਾਇਕਲ-ਫਰਿੱਜ ਵਗੈਰਾ ਚੁੱਕਕੇ ਲੈ ਜਾਣ ਵਰਗੀਆਂ ਹਰਕਤਾਂ ਕੀਤੀਆਂ। ਇਸ ਮੌਕੇ ਪ੍ਰਸ਼ਾਸ਼ਨ ਨੇ ਲੋਕਾਂ ਦੀ ਇੱਕ ਨਾ ਸੁਣੀ ਤੇ ਰੱਜਕੇ ਕੰਪਨੀਆਂ ਦਾ ਸਾਥ ਪੂਰਿਆ। ਲਾਜ਼ਮੀ ਹੀ ਇਸ ਗੁੱਸੇ ਦਾ ਫੁਟਾਰਾ ਕਿਸੇ ਨਾ ਕਿਸੇ ਰੂਪ ਵਿੱਚ ਹੋਣਾ ਹੀ ਸੀ। ਇਸ ਮੌਕੇ ਨੌਜਵਾਨ ਭਾਰਤ ਸਭਾ ਦੀ ਜਿਲ੍ਹਾ ਕਮੇਟੀ ਸਿਰਸਾ ਵੱਲੋਂ ਖਾਸਕਰ ਕਰਜੇ ਦੇ ਮਸਲੇ ਨੂੰ ਸੰਬੋਧਿਤ ਹੋਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਨੇ ਇਹਨੂੰ ਧਾਹ ਕੇ ਲਿਆ ਅਤੇ ਮੁਹਿੰਮ ਨੂੰ ਪਿੰਡਾਂ ਵਿੱਚ ਰੱਜਵਾਂ ਹੁੰਗਾਰਾ ਮਿਲਿਆ। ਇਸ ਮਸਲੇ ਨੇ ਗੈਰ-ਜਥੇਬੰਦ ਪੇਂਡੂ ਕਿਰਤੀ ਵਸੋਂ ਨੂੰ ਜਥੇਬੰਦ ਹੋਣ ਦਾ ਮੌਕਾ ਦੇ ਦਿੱਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਮੌਕੇ ਮੁਤਾਬਕ ਮੰਗਾਂ ਛਾਂਟਕੇ ਮੁਹਿੰਮ ਵਿੱਢੀ ਗਈ, ਜਿਸ ਵਿੱਚ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੂਖਮ ਵਿੱਤੀ ਕਰਜਿਆਂ ਸਣੇ ਸਾਰੇ ਕਰਜੇ ਮਾਫ ਕਰਨ, ਕੰਪਨੀਆਂ ਦੇ ਕਰਿੰਦਿਆਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ, ਬੇਇੱਜਤੀ ਨੂੰ ਬੰਦ ਕਰਵਾਉਣ, ਪੂਰਨਬੰਦੀ ਕਰਕੇ ਬੇਰੁਜਗਾਰ, ਰੋਜੀ ਰੋਟੀ ਤੋਂ ਮੁਥਾਜ ਪੇਂਡੂ ਵਸੋਂ ਨੂੰ ਆਰਥਕ ਸਹਾਰਾ ਦੇਣ ਲਈ 365 ਦਿਨਾਂ ਖਾਤਰ ਮਨਰੇਗਾ ਦਾ ਕੰਮ ਚਾਲੂ ਕਰਨ ਅਤੇ ਪਿਛਲੇ ਬਕਾਏ ਜਾਰੀ ਕਰਨ ਅਤੇ ਨਾਲ਼ ਹੀ ਪੇਂਡੂ ਕਿਰਤੀ-ਕਾਮਿਆਂ ਦੇ ਪਿਛਲੇ 6 ਮਹੀਨਿਆਂ ਦੇ ਬਿਜਲੀ ਦੇ ਬਿੱਲ ਮਾਫ ਕਰਨ ਦੀਆਂ ਮੰਗਾਂ ਸ਼ਾਮਲ ਸਨ।

ਉਪਰੋਕਤ ਮੰਗਾਂ ਨੂੰ ਲੈਕੇ ਨੌਜਵਾਨ ਭਾਰਤ ਸਭਾ, ਜਿਲ੍ਹਾ ਸਰਸਾ ਦੀਆਂ ਟੀਮਾਂ ਵੱਲੋਂ ਤਕਰੀਬਨ 40 ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ 2 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਸਰਸਾ ਵਿਖੇ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗਾਂ ਦੌਰਾਨ ਔਰਤਾਂ ਦੀ ਸ਼ਮੂਲੀਅਤ ਵੱਡੀ ਗਿਣਤੀ ਵਿੱਚ ਰਹੀ ਅਤੇ ਔਰਤਾਂ ਵਿੱਚ ਹੀ ਮਸਲੇ ਦੀ ਚੋਭ ਅਤੇ ਰੋਹ ਸਭ ਤੋਂ ਜਿਆਦਾ ਵੇਖਣ ਨੂੰ ਮਿਲ਼ਿਆ। ਮੀਟਿੰਗਾਂ ਦੌਰਾਨ ਸਭਾ ਦੀਆਂ ਟੀਮਾਂ ਵੱਲੋਂ ਉਪਰੋਕਤ ਮੰਗਾਂ ਦੀ ਵਾਜਬੀਅਤ ਅਤੇ ਏਕੇ-ਸੰਘਰਸ਼ ਦੀ ਅਣਸਰਦੀ ਲੋੜ ਨੂੰ ਉਭਾਰਦਿਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਕਰੋਨਾ ਪੂਰਨਬੰਦੀ ਦੌਰਾਨ ਲੋਕ ਵਿਰੋਧੀ ਕਾਰਗੁਜਾਰੀ ਦਾ ਪਾਜ ਉਘਾੜਾ ਕੀਤਾ ਗਿਆ ਅਤੇ 2 ਸਤੰਬਰ ਨੂੰ ਸਰਸਾ ਵਿਖੇ ਲਾਏ ਜਾ ਰਹੇ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਕਰਜੇ ਮਾਫੀ ਦੇ ਮਸਲੇ ਉੱਤੇ ਗੱਲ ਕਰਦਿਆਂ ਬੁਲਾਰਿਆਂ ਨੇ ਇਸ ਗੱਲ ਨੂੰ ਜੋਰ ਨਾਲ਼ ਉਭਾਰਿਆ ਕਿ ਜਦੋਂ ਸਰਕਾਰ ਦੇਸ਼ ਦੇ ਵੱਡੇ ਸਰਮਾਏਦਾਰਾਂ-ਧਨਾਢਾਂ ਦੇ ਲੱਖਾਂ ਕਰੋੜਾਂ ਰੁਪਏ ਦੇ ਕਰਜਿਆਂ ਨੂੰ ਵੱਟੇ ਖਾਤੇ ਪਾ ਸਕਦੀ ਹੈ, ਟੈਕਸਾਂ ਤੋਂ ਛੋਟਾਂ ਦੇ ਸਕਦੀ ਹੈ ਤਾਂ ਦੇਸ਼ ਦੇ ਮਜਦੂਰਾਂ ਅਤੇ ਗਰੀਬ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਉੱਤੇ ਵੀ ਲੀਕ ਮਾਰ ਸਕਦੀ ਹੈ। ਪਰ ਹਾਕਮਾਂ ਦੀਆਂ ਅੱਖਾਂ ਦਾ ਟੀਰ ਇਸ ਮੌਕੇ ਉੱਭਰਕੇ ਸਾਹਮਣੇ ਆਉਂਦਾ ਹੈ, ਜਦੋਂ ਉਹ ਸਰਮਾਏਦਾਰਾਂ ਦੀ ਚਾਕਰੀ ਪੁਗਾਉਂਦੇ, ਹੱਡ ਭੰਨਵੀਂ ਮਿਹਨਤ ਕਰਕੇ ਔਖ ਨਾਲ਼ ਦੋ ਡੰਗ ਦੀ ਰੋਟੀ ਕਮਾਉਂਦੇ ਲੋਕਾਂ ਨੂੰ ਦਰਕਾਰਦੇ ਹਨ।

ਕੰਪਨੀ ਕਰਿੰਦਿਆਂ ਤੇ ਮੈਨੇਜਰਾਂ- ਮਾਲਕਾਂ ਵੱਲੋਂ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੂਰਾ ਜੋਰ ਲਾਇਆ ਗਿਆ। ਪਿੰਡ-ਪਿੰਡ ਜਾਕੇ ਲੋਕਾਂ ਨੂੰ ਕਰੋਨਾ ਦੇ ਨਾਂ ਉੱਤੇ ਡਰਾਇਆ ਗਿਆ ਅਤੇ ਭਵਿੱਖ ਵਿੱਚ ਕਰਜਾ ਨਾ ਦੇਣ, ਰਿਕਾਰਡ ਖਰਾਬ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਕਈ ਥਾਵਾਂ ਉੱਤੇ ਕੰਪਨੀ ਵਾਲ਼ਿਆਂ ਵੱਲੋਂ ਧਰਨੇ ਵਿੱਚ ਜਾਣ ਵਾਲ਼ੇ ਸਾਧਨਾਂ ਨੂੰ ਮੌਕੇ ਉੱਤੇ ਮੁੱਕਰਾਇਆ ਗਿਆ। ਭਾਵੇਂ ਕੰਪਨੀਆਂ ਦੀਆਂ ਇਹਨਾਂ ਕੋਝੀਆਂ ਕੋਸ਼ਿਸ਼ਾਂ ਕਰਕੇ ਧਰਨੇ ਵਿੱਚ ਇਕੱਠ ਦੀ ਗਿਣਤੀ ਥੋੜੀ ਪ੍ਰਭਾਵਿਤ ਹੋਈ, ਪਰ ਇਹਦੇ ਬਾਵਜੂਦ ਇਹ ਲੋਕ ਰੋਹ ਨੂੰ ਠੱਲਣ ਵਿੱਚ ਕਾਮਯਾਬ ਨਾ ਹੋ ਸਕੇ। ਇਸ ਮੌਕੇ ਵੀ ਪਿੰਡਾਂ ਵਿੱਚ ਮੀਟਿੰਗਾਂ ਤੋਂ ਮਗਰੋਂ ਔਰਤਾਂ ਨੇ ਮੋਰਚਾ ਸੰਭਾਲ਼ਿਆ ਅਤੇ ਧਮਕੀਆਂ ਦੇਣ ਆਏ ਕਰਿੰਦਿਆਂ ਨੂੰ ਇਕੱਠੀਆਂ ਹੋਕੇ ਜੂਹੋਂ ਬਾਹਰ ਕੀਤਾ।  ਜਿਆਦਾਤਰ ਥਾਈਂ ਧਰਨੇ ਲਈ ਸਾਧਨ ਕਿਰਾਏ ਉੱਤੇ ਲਿਜਾਣ ਤੋਂ ਲੈਕੇ, ਲੋਕਾਂ ਨੂੰ ਇਕੱਠੇ ਕਰਨਾ, ਸਪੀਕਰਾਂ ਵਿੱਚ ਹੋਕੇ ਦੇਣ ਤੱਕ ਦੇ ਕੰਮ ਔਰਤਾਂ ਨੇ ਆਪ ਸੰਭਾਲ਼ੇ। 2 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨੇ ਵਿੱਚ 20 ਪਿੰਡਾਂ ਤੋਂ 600 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਬਹੁਗਿਣਤੀ ਔਰਤਾਂ ਸਨ। ਇਸ ਪੂਰੀ ਮੁਹਿੰਮ ਦੌਰਾਨ ਔਰਤਾਂ ਦੀ ਸ਼ਮੂਲੀਅਤ, ਔਰਤਾਂ ਅੰਦਰ ਅੰਗੜਾਈ ਲੈ ਰਹੀ ਜ਼ਬਰਦਸਤ ਊਰਜਾ ਦਾ ਝਲਕਾਰਾ ਪਾਉਂਦੀ ਹੈ- ਜੋ ਆਵਦੇ ਹੱਕਾਂ ਲਈ ਲੋਕਦੋਖੀ ਹਾਕਮਾਂ ਨੂੰ ਮੂਹਰੋਂ ਹੋਕੇ ਟੱਕਰਨ ਦਾ ਮਾਦਾ ਸੰਭਾਲ਼ੀ ਬੈਠੀ ਹੈ। ਇਸ ਮੌਕੇ ਇਕੱਠ ਵੱਲੋਂ ਰੋਹ ਭਰਪੂਰ ਨਾਹਰਿਆਂ ਨਾਲ਼ ਧਰਨੇ ਦੀ ਸ਼ੁਰੂਆਤ ਕੀਤੀ। ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਜਿਲ੍ਹਾ ਆਗੂ ਪਾਵੇਲ ਅਤੇ ਜਥੇਬੰਦਕ ਸਕੱਤਰ ਛਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਜੋਰ ਨਾਲ਼ ਕਰਜਾ ਮਾਫੀ, ਕੰਪਨੀਆਂ ਦੇ ਕਰਿੰਦਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ, ਮਨਰੇਗਾ ਕੰਮਾਂ ਨੂੰ ਚਾਲੂ ਕਰਵਾਉਣ ਅਤੇ ਬਿਜਲੀ ਬਿੱਲ ਮਾਫ ਕਰਨ ਦੀਆਂ ਮੰਗਾਂ ਨੂੰ ਮੁੜ ਉਭਾਰਿਆ ਅਤੇ ਸਰਸਾ ਜਿਲ੍ਹਾ ਪ੍ਰਸ਼ਾਸਨ ਦੇ ਕਿਰਤੀ ਵਿਰੋਧੀ ਵਤੀਰੇ ਨੂੰ ਟਕੋਰਾਂ ਲਾਈਆਂ ਗਈਆਂ। ਇਸ ਮੌਕੇ ਸਭਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਭਰਨ ਲਈ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਤੁਰੰਤ ਬੰਦ ਨਹੀਂ ਕਰਦੇ ਤਾਂ ਆਉਂਦੇ ਸਮੇਂ ਕੰਪਨੀਆਂ ਦੇ ਦਫਤਰਾਂ ਜਾਂ ਕੰਪਨੀ ਮਾਲਕਾਂ-ਮੈਨੇਜਰਾਂ ਦੇ ਘਰਾਂ ਅੱਗੇ ਧਰਨੇ ਲਾਏ ਜਾਣਗੇ। ਇਸ ਮੌਕੇ ਧਰਨੇ ਦੀ ਹਮਾਇਤ ਵਿੱਚ ਪ੍ਰੋਗਰੈਸਿੱਵ ਸਟੂਡੈਂਟਸ ਯੂਨੀਅਨ, ਜਮਹੂਰੀ ਅਧਿਕਾਰ ਸਭਾ ਹਰਿਆਣਾ, ਪੀਟੀਆਈ ਅਧਿਆਪਕ ਯੂਨੀਅਨ, ਸਰਵ ਕਰਮਚਾਰੀ ਸੰਘ ਅਤੇ ਕਿਸਾਨ ਸਭਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਧਰਨੇ ਮਗਰੋਂ ਮੁਜਾਹਰੇ ਦੀ ਸ਼ਕਲ ਵਿੱਚ ਜਾਕੇ ਡਿਪਟੀ ਕਮਿਸ਼ਨਰ, ਸਰਸਾ ਦੇ ਨਾਂ ਨੌਜਵਾਨ ਭਾਰਤ ਸਭਾ ਵੱਲੋਂ ਤਿਆਰ ਕੀਤਾ ਮੰਗ-ਪੱਤਰ ਸੌਂਪਿਆ ਗਿਆ ਅਤੇ ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਨੇ ਮੰਗਾਂ ਉੱਤੇ ਛੇਤੀ ਕਾਰਵਾਈ ਕਰਨ ਦਾ ਇਕੱਠ ਨੂੰ ਭਰੋਸਾ ਦਿੱਤਾ। ਅਖੀਰ ਡੀ.ਸੀ. ਦਫਤਰ ਤੋਂ ਚੌਟਾਲਾ ਪਾਰਕ ਤੱਕ ‘ਚੱਤੋਂ ਪਹਿਰ ਮੁਸ਼ੱਕਤ, ਕਰਦੇ ਵਧਦੇ ਜਾਣ ਸਿਰਾਂ ‘ਤੇ ਕਰਜੇ’, ‘ਮਜਦੂਰਾਂ ਅਤੇ ਗਰੀਬ ਕਿਸਾਨੀ ਦੇ ਸਾਰੇ ਕਰਜੇ ਮਾਫ ਕਰੋ’, ‘ਲੱਕ ਤੋੜ ਕਰਜੇ ਦਾ ਭਾਰ, ਲੋਟੂ ਸਰਕਾਰਾਂ ਜਿੰਮੇਵਾਰ’, ‘ਰੋਜੀ ਰੋਟੀ ਤੇ ਸਤਿਕਾਰ, ਕਿਰਤੀ ਕਾਮਿਆਂ ਦਾ ਅਧਿਕਾਰ’ ਆਦਿ ਨਾਹਰੇ ਲਾਉਂਦੇ ਹੋਏ ਪੈਦਲ ਮੁਜਾਹਰਾ ਕੀਤਾ ਗਿਆ।

Sunday, 9 August 2020

9 ਅਗਸਤ ਦੇ ਦੇਸ਼ ਵਿਆਪੀ ਸੱਦੇ ਤਹਿਤ ਰੋਹ ਭਰਪੂਰ ਮੁਜ਼ਾਹਰੇ

9 ਅਗਸਤ 2020। ਅੱਜ ਦੇਸ਼ ਭਰ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਬਹਾਨੇ ਲਾਗੂ ਕੀਤੀਆਂ ਜਾ ਰਹੀਆਂ ਲੋਕ ਦੋਖੀ ਨੀਤੀਆਂ ਖਿਲਾਫ਼ ਰੋਸ ਮੁਜ਼ਾਹਰੇ ਹੋਏ ਹਨ। ਇਸੇ ਤਹਿਤ ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਪੰਜਾਬ ਅਤੇ ਹਰਿਆਣਾ ਵਿੱਚ ਅਨੇਕਾਂ ਥਾਵਾਂ ’ਤੇ ਰੋਹ ਭਰਪੂਰ ਰੋਸ ਮੁਜ਼ਾਹਰੇ ਕੀਤੇ। ਇਹਨਾਂ ਰੋਸ ਮੁਜ਼ਾਹਰਿਆਂ ਦੌਰਾਨ ਜੱਥੇਬੰਦੀਆਂ ਨੇ ਕੋਰੋਨਾ ਦਾ ਹਊਆ ਖੜ੍ਹਾ ਕਰਨ ਵਿਰੁੱਧ ਅਤੇ ਕਿਰਤੀਆਂ-ਨੌਜਵਾਨਾਂ ਦੇ ਮਸਲੇ ਹੱਲ ਕਰਨ ਲਈ ਜ਼ੋਰਦਾਰ ਅਵਾਜ਼ ਬੁਲੰਦ ਕੀਤੀ। 
 ਰੋਸ ਮੁਜ਼ਾਹਰਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਾਕਮਾਂ ਨੇ ਕੋਰੋਨਾ ਬਿਮਾਰੀ ਦੀ ਭਿਆਨਕਤਾ ਨੂੰ ਜਿੱਡਾ ਵਧਾਅ-ਚੜਾਅ ਕੇ ਪੇਸ਼ ਕੀਤਾ ਸੀ ਹਕੀਕਤ ਬਿਲਕੁੱਲ ਇਸ ਦੇ ਉਲਟ ਸਾਹਮਣੇ ਆਈ ਹੈ। ਪਰ ਕੋਰੋਨਾ ਬਹਾਨੇ ਕੀਤੀ ਗਈ ਪੂਰਨਬੰਦੀ ਤੇ ਹੋਰ ਜ਼ਾਬਰ ਕਦਮਾਂ ਨੇ ਕਿਰਤੀ ਲੋਕਾਂ ਉੱਤੇ ਪਹਿਲਾਂ ਤੋਂ ਵੀ ਕਿਤੇ ਵਧੇਰੇ ਭਿਆਨਕ ਰੂਪ ਵਿੱਚ ਮੁਸੀਬਤਾਂ ਦਾ ਪਹਾੜ ਲੱਦ ਦਿੱਤਾ ਹੈ। ਲੋਕਾਂ ਦੀ ਆਰਥਿਕ-ਸਿਆਸੀ-ਸਮਾਜਕ ਹੱਕਾਂ ਉੱਤੇ ਵੱਡੇ ਪੱਧਰ ਉੱਤੇ ਹਮਲਾ ਕੀਤਾ ਗਿਆ ਹੈ। ਕੋਰੋਨਾ ਦੇ ਪਰਦੇ ਹੇਠ ਫਾਸੀਵਾਦੀ ਹਾਕਮਾਂ ਨੇ ਜਮਹੂਰੀ ਹੱਕਾਂ ਦੇ ਘਾਣ ਦਾ ਏਜੰਡਾ ਵਧ-ਚੜ੍ਹ ਕੇ ਲਾਗੂ ਕੀਤਾ ਹੈ। 
 ਇਹਨਾਂ ਰੋਸ ਮੁਜ਼ਾਹਰਿਆਂ ਦੌਰਾਨ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਕੋਰੋਨਾ ਦਾ ਹਊਆ ਖੜ੍ਹਾ ਕਰਨਾ ਬੰਦ ਹੋਵੇ ਤੇ ਲੋਕਾਂ ਦੀ ਸਮੱਸਿਆ ਦਾ ਹਕੀਕੀ ਹੱਲ ਕੀਤਾ ਜਾਵੇ। ਬੇਰੁਜ਼ਗਾਰੀ ਨੂੰ ਲਗਾਮ ਕਸਣ, ਬੇਰੁਜ਼ਗਾਰੀ ਭੱਤਾ ਦੇਣ, ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਨ, ਨਿੱਜੀਕਰਨ ਦੀਆਂ ਕੁੱਲ ਨੀਤੀਆਂ ਰੱਦ ਕਰਨ, ਕਿਰਤ ਕਨੂੰਨਾਂ ਵਿੱਚ ਸੋਧਾਂ ਰੱਦ ਕਰਨ, ਸਭਨਾਂ ਬਿਮਾਰੀਆਂ ਦਾ ਮੁਫ਼ਡ ਅਤੇ ਚੰਗਾ ਇਲਾਜ ਕਰਨ, ਸਾਰੀਆਂ ਸਿਹਤ ਸਹੂਲਤਾਂ ਦੇ ਸਰਕਾਰੀਕਰਨ, ਪ੍ਰਸਤਾਵਿਤ ਬਿਜਲੀ ਸੋਧ ਬਿਲ ਅਤੇ ਪਾਸ ਕੀਤੇ ਖੇਤੀ ਆਰਡੀਨੈਂਸ ਰੱਦ ਕਰਨ, ਸਭਨਾਂ ਕਿਰਤੀਆਂ ਨੂੰ ਮੁਫ਼ਤ ਰਾਸ਼ਨ ਦਾ ਪ੍ਰਬੰਧ ਕਰਨ, ਜਨਤਕ ਵੰਡ ਪ੍ਰਣਾਲੀ ਦਾ ਪ੍ਰਸਾਰ ਕਰਨ, ਪੁਰਨਬੰਦੀ ਦੌਰਾਨ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ, ਮਹਿੰਗਾਈ ਨੂੰ ਨੱਥ ਪਾਉਣ, ਕੋਰੋਨਾ ਬਹਾਨੇ ਸਰਮਾਏਦਾਰਾਂ ਨੂੰ ਰਾਹਤ ਪੈਕੇਜ ਦੇ ਨਾਂ ’ਤੇ ਕਿਰਤੀ ਲੋਕਾਂ ਦਾ ਪੈਸਾ ਲੁਟਾਉਣਾ ਬੰਦ ਕਰਨ ਤੇ ਉਹਨਾਂ ’ਤੇ ਭਾਰੀ ਟੈਕਸ ਲਾ ਕੇ ਮਜ਼ਦੂਰਾਂ-ਕਿਰਤੀਆਂ ਨੂੰ ਸਹੂਲਤਾਂ ਦੇਣ ਅਤੇ ਹੋਰ ਅਨੇਕਾਂ ਮੰਗਾਂ ਲਈ ਜੱਥੇਬੰਦੀਆਂ ਨੇ ਜ਼ੋਰਦਾਰ ਅਵਾਜ਼ ਕੀਤੀ।

Wednesday, 29 July 2020

ਪੰਜਾਬ ਪੁਲਿਸ ਦੇ ਨਜਾਇਜ਼ ਲੱਗੇ ਨਾਕੇ ਚਕਵਾਉਣ ਵਾਸਤੇ ਪੰਜਾਬ ਹਰਿਆਣਾ ਹੱਦ 'ਤੇ ਲਾਇਆ ਧਰਨਾ

ਜ਼ਿਕਰਯੋਗ ਹੈ ਮਾਨਸਾ ਪੁਲਿਸ ਵੱਲੋਂ ਰੋੜੀ (ਹਰਿਆਣਾ )ਦੀ ਹੱਦ 'ਤੇ ਨਾਕਾ ਲਾਇਆ ਹੋਇਆ ਹੈ। ਜਿਸ ਨਾਲ ਰੋਡ਼ੀ ਤੇ ਹੋਰ ਨੇੜੇ ਪਿੰਡਾਂ ਦੇ ਲੋਕ ਨਿੱਤ ਠਿੱਠ ਹੋ ਰਹੇ ਹਨ। ਪਿੰਡ ਰੋੜੀ ਪੰਜਾਬ-ਹਰਿਆਣਾ ਹੱਦ 'ਤੇ ਪੈਂਦਾ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਰੋਜਾਨਾ ਦੇ ਕੰਮ ਕਾਰ ਲਈ ਸਰਦੂਲਗੜ੍ਹ ਜਾਂਦੇ ਹਨ ਤੇ ਕਾਫੀ ਲੋਕਾਂ ਦੇ ਖੇਤ ਵੀ ਪੰਜਾਬ ਵਾਲੇ ਪਾਸੇ ਹਨ। ਪਰ ਪੰਜਾਬ ਪੁਲਿਸ ਸ਼ਰੇਆਮ ਗੁੰਡਾਗਰਦੀ 'ਤੇ ਉੱਤਰੀ ਹੋਈ ਸੀ ਤੇ ਕਿਸੇ ਨੂੰ ਪੰਜਾਬ ਵੱਲ ਟੱਪਣ ਨਹੀਂ ਦਿੱਤਾ ਜਾਂਦਾ, ਇਥੋਂ ਤੱਕ ਕਿ ਐਮਰਜੈਂਸੀ  ਹਾਲਤਾਂ 'ਚ ਵੀ ਨਹੀਂ ਜਾਣ ਦਿੱਤਾ ਜਾਂਦਾ। ਲੋਕਾਂ ਦੀ ਕਈ ਬਾਰੀ ਪੰਜਾਬ ਪੁਲਿਸ ਨਾਲ ਤਲਖੀ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ  ਜਾਰੀ ਨਿਰਦੇਸ਼ਾਂ ਨੂੰ ਵੀ ਛਿੱਕੇ ਟੰਗ ਕੇ ਮਾਨਸਾ ਪੁਲਿਸ ਨੇ ਇਹ ਨਾਕਾ ਲਾਇਆ ਹੋਇਆ ਹੈ। ਅੱਜ ਇਸ ਮਸਲੇ ਨੂੰ ਲੈਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਧਰਨਾ ਲਾਇਆ ਗਿਆ ਤੇ ਨਾਕਾ ਚੱਕਣ ਦੀ ਮੰਗ ਕੀਤੀ। ਲੋਕ ਰੋਹ ਨੂੰ ਵੇਖਦਿਆਂ ਧਰਨੇ ਮੌਕੇ ਪਹੁੰਚੇ ਅਫਸਰਾਂ ਨੇ ਭਰੋਸਾ ਦਿੱਤਾ ਕਿ ਐਮਰਜੈਂਸੀ ਸੇਵਾਵਾਂ ਛੇਤੀ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਨਾਕਾ ਲਈ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ ਭਰੋਸੇ ਤੋਂ ਬਾਅਦ ਨੌਜਵਾਨ ਭਾਰਤ ਸਭਾ ਦੇ ਆਗੂ ਵਕੀਲ ਰੋੜੀ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਨਾਕਾ ਨਾ ਚੱਕਿਆ ਤਾਂ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਜਾਰੀਕਰਤਾ,
ਵਕੀਲ ਸਿੰਘ ਰੋਡ਼ੀ, ਸਕੱਤਰ
ਨੌਜਵਾਨ ਭਾਰਤ ਸਭਾ, ਇਕਾਈ ਰੋੜੀ (ਸਰਸਾ)
+91 98960 01627

Wednesday, 8 July 2020

ਨੌਜਵਾਨ ਭਾਰਤ ਸਭਾ ਵੱਲੋਂ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਜੋਰਦਾਰ ਅਵਾਜ਼ ਬੁਲੰਦ ਕੀਤੀ ਗਈ!

🛑ਸੰਘਰਸ਼ ਦੀ ਹਿਮਾਇਤ ਵਿੱਚ ਨੌਜਵਾਨ ਭਾਰਤ ਸਭਾ, ਸਰਸਾ ਦਾ ਜੱਥਾ ਅੱਜ ਡੀਸੀ ਦਫ਼ਤਰ ਅੱਗੇ ਚੱਲ ਰਹੇ ਧਰਨੇ ਵਿੱਚ ਸ਼ਾਮਿਲ ਹੋਇਆ!

ਅਦਾਲਤੀ ਫ਼ੈਸਲੇ ਦਾ ਬਹਾਨਾ ਬਣਾਕੇ ਨੌਕਰੀ ਤੋਂ ਹਟਾਏ ਗਏ 1983 ਸਰਕਾਰੀ ਪੀਟੀਆਈ ਅਧਿਆਪਕਾਂ ਨੇ ਹਕੂਮਤ ਦੇ ਇਸ ਫੈਸਲੇ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਹਰਿਆਣਾ ਦੇ ਸਾਰੇ ਜਿਲ੍ਹਾ ਕੇਂਦਰਾਂ ਤੇ ਲੰਘੇ 24 ਦਿਨਾਂ ਤੋਂ ਧਰਨੇ ਚੱਲ ਰਹੇ ਹਨ। ਨੌਜਵਾਨ ਭਾਰਤ ਸਭਾ ਵੱਲੋਂ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਲਗਾਤਾਰ ਸਰਗਰਮੀਆਂ ਚੱਲ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ 16 ਪਿੰਡਾਂ ਵਿੱਚ ਹਕੂਮਤ ਦੇ ਪੁਤਲੇ ਫੂਕੇ ਗਏ।
ਅੱਜ ਨੌਜਵਾਨ ਭਾਰਤ ਸਭਾ ਜਿਲ੍ਹਾ ਸਰਸਾ ਵੱਲੋਂ ਆਪਣੇ ਕਾਰਕੁਨਾਂ ਦਾ ਇੱਕ ਜੱਥਾ ਲੈਕੇ ਚੱਲ ਰਹੇ ਧਰਨੇ ਵਿੱਚ ਹਾਜਿਰੀ ਲਵਾਈ ਗਈ। ਧਰਨੇ ਵਿੱਚ ਪਹੁੰਚਣ ਤੋਂ ਪਹਿਲਾਂ ਚੌਟਾਲਾ ਹਾਊਸ ਪਾਰਕ ਵਿੱਚ ਇੱਕ ਸਭਾ ਕੀਤੀ ਗਈ ਜਿਸ ਤੋਂ ਬਾਅਦ ਮਾਰਚ ਕਰਦਿਆਂ ਡੀਸੀ ਦਫ਼ਤਰ ਅੱਗੇ ਪੀਟੀਆਈ ਅਧਿਆਪਕਾਂ ਦੇ ਚੱਲ ਰਹੇ ਧਰਨੇ ਵਿੱਚ ਨੌਜਵਾਨ ਭਾਰਤ ਸਭਾ ਦਾ ਜੱਥਾ ਪੁੱਜਿਆ। ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਪੀਟੀਆਈ ਅਧਿਆਪਕਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਨੌਜਵਾਨ ਭਾਰਤ ਸਭਾ ਇਸ ਸੰਘਰਸ਼ ਵਿੱਚ ਪੀਟੀਆਈ ਅਧਿਆਪਕਾਂ ਦੇ ਮੋਢੇ ਨਾਲ਼ ਮੋਢਾ ਜੋੜਕੇ ਸਾਥ ਦੇਵੇਗੀ ਅਤੇ ਆਉਣ ਵਾਲ਼ੇ ਸਮੇਂ ਦੌਰਾਨ ਲੋਕਾਂ ਦੀ ਵੱਡੇ ਪੱਧਰ ਤੇ ਲਾਮਬੰਦੀ ਕਰ ਵੱਡੀ ਗਿਣਤੀ ਵਿੱਚ ਹਿਮਾਇਤ ਕਰਨ ਪੁੱਜੇਗੀ। ਇਸ ਦੌਰਾਨ ਆਗੂਆਂ ਵੱਲੋਂ ਮੌਜੂਦਾ ਫਾਸੀਵਾਦੀ ਹਕੂਮਤ ਦਾ ਕਿਰਦਾਰ ਅਤੇ ਵੱਖ ਵੱਖ ਸਿਆਸੀ ਦਲਾਂ ਦੇ ਅਸਲ ਕਿਰਦਾਰਾਂ ਬਾਰੇ ਗੱਲ ਕਰਦਿਆਂ ਸੰਘਰਸ਼ ਦੇ ਰੂਪਾਂ ਬਾਰੇ ਗੱਲ ਕੀਤੀ ਗਈ ਅਤੇ ਸੰਘਰਸ਼ ਨੂੰ ਹੋਰ ਵਧੀਆ ਢੰਗ ਨਾਲ਼ ਚਲਾਉਣ ਲਈ ਕੁਝ ਸੁਝਾਅ ਵੀ ਦਿੱਤੇ ਗਏ। 
ਅਖੀਰ ਵਿੱਚ ਪੀਟੀਆਈ ਅਧਿਆਪਕਾਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਰਸਾ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ।

Tuesday, 16 June 2020

ਮਜ਼ਦੂਰਾਂ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈਕੇ ਕੀਤੇ ਸੰਘਰਸ਼ ਦੀ ਹੋਈ ਜਿੱਤ!

ਨੌਜਵਾਨ ਭਾਰਤ ਸਭਾ, ਰਾਣੀਆਂ-ਐਲਨਾਬਾਦ ਦੀ ਅਗਵਾਈ ਵਿੱਚ ਮਜ਼ਦੂਰਾਂ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈਕੇ ਕੀਤੇ ਸੰਘਰਸ਼ ਦੀ ਹੋਈ ਜਿੱਤ!
ਜਿਕਰਯੋਗ ਹੈ ਕਿ ਜੀਵਨ ਨਗਰ ਅਨਾਜ ਮੰਡੀ  ਦੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈ ਕੇ ਮਜਦੂਰਾਂ ਵੱਲੋਂ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿਚ ਇਕਜੁਟ ਹੋ ਕੇ ਸਬੰਧਿਤ ਅਫ਼ਸਰਾਂ ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਮਜਦੂਰਾਂ ਦੇ ਇਕਜੁਟ ਸੰਘਰਸ਼ ਕਾਰਨ ਹੀ ਇਹ ਸੰਭਵ ਹੋ ਸਕਿਆ ਕਿ ਆੜ੍ਹਤੀਆਂ ਨੂੰ ਮਜਦੂਰਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਅਤੇ ਸਰਕਾਰ ਵੱਲੋਂ ਤੈਅ ਵਧੇ ਹੋਏ ਰੇਟਾਂ ਮੁਤਾਬਕ ਉਹਨਾਂ ਦੀ ਬਣਦੀ ਮਜਦੂਰੀ ਉਹਨਾਂ ਨੂੰ ਦਿੱਤੀ ਗਈ.

ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਸਰਸਾ ਜਿਲ੍ਹੇ ਦੇ 16 ਪਿੰਡਾਂ ਵਿੱਚ ਫੂਕੇ ਭਾਜਪਾ-ਜਜਪਾ ਸਰਕਾਰ ਦੇ ਪੁਤਲੇ!

ਚਾਹੇ ਕੇਂਦਰ ਦੀ ਭਾਜਪਾ ਹਕੂਮਤ ਹੋਵੇ ਜਾਂ ਸੂਬੇ ਦੀ ਭਾਜਪਾ-ਜਜਪਾ ਦੀ ਸਾਂਝੀ ਹਕੂਮਤ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਪੂਰੇ ਜੋਰ ਨਾਲ਼ ਅੱਗੇ ਵਧਾ ਰਹੀ ਹੈ। ਕਿਸੇ ਸਰਕਾਰੀ ਅਦਾਰੇ ਨੂੰ ਵੇਚਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ “ਆਤਮਨਿਰਭਰ” ਬਣਾਉਣ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਹੁਣ ਕਰੋਨਾ ਦੀ ਓਟ ਵਿੱਚ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਦਿਆਂ ਹਰਿਆਣਾ ਦੀ ਭਾਜਪਾ-ਜਜਪਾ ਗੱਠਜੋੜ ਦੀ ਹਕੂਮਤ ਨੇ ਅਦਾਲਤ ਤੋਂ ਫੈਸਲਾ ਕਰਵਾਕੇ 1983 ਪੀਟੀਆਈ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸਦੇ ਵਿਰੁੱਧ ਪੀਟੀਆਈ ਅਧਿਆਪਕਾਂ ਨੇ ਹਕੂਮਤ ਦੇ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਹੈ।

ਪੀਟੀਆਈ ਅਧਿਆਪਕਾਂ ਨੇ ਜਿਲ੍ਹਾ ਕੇਂਦਰਾਂ 'ਤੇ ਮੋਰਚੇ ਖੋਲ੍ਹੇ ਹੋਏ ਹਨ ਅਤੇ ਮੰਤਰੀਆਂ, ਮੁੱਖ ਮੰਤਰੀ ਦਾ ਘਿਰਾਓ ਵੀ ਕੀਤਾ ਗਿਆ ਹੈ। ਨੌਜਵਾਨ ਭਾਰਤ ਸਭਾ ਅਧਿਆਪਕਾਂ ਦੇ ਇਸ ਸੰਘਰਸ਼ ਵਿੱਚ ਓਹਨਾਂ ਦੇ ਨਾਲ ਹੈ ਅਤੇ ਸੰਘਰਸ਼ ਦੀ ਲਗਾਤਾਰ ਹਿਮਾਇਤ ਕਰ ਰਹੀ ਹੈ।

ਨੌਜਵਾਨ ਭਾਰਤ ਸਭਾ ਵੱਲੋਂ ਨਿੱਜੀਕਰਨ ਦੇ ਇਹਨਾਂ ਹੱਲਿਆਂ ਦੇ ਵਿਰੁੱਧ ਲੜ੍ਹਾਈ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਅਤੇ ਹਕੂਮਤ ਦੇ ਲੋਕਦੋਖੀ ਮਨਸੂਬਿਆਂ ਨੂੰ ਉਹਨਾਂ ਵਿੱਚ ਨੰਗਾ ਕਰਕੇ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਵਾਸਤੇ ਹਿਮਾਇਤ ਜੁਟਾਉਣ ਦੇ ਮਕਸਦ ਨਾਲ ਸਭਾ ਦੀ ਜਿਲ੍ਹਾ ਕਮੇਟੀ ਨੇ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ 21 ਅਤੇ 22 ਜੂਨ ਨੂੰ ਭਾਜਪਾ-ਜਜਪਾ ਗੱਠਜੋੜ ਹਕੂਮਤ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ। ਇਸ ਸੱਦੇ ਤਹਿਤ 16 ਪਿੰਡਾਂ ਵਿੱਚ ਭਾਜਪਾ ਜਜਪਾ ਹਕੂਮਤ ਦੇ ਪੁਤਲੇ ਫੂਕੇ ਗਏ। ਇਸ ਮੁਹਿੰਮ ਦੌਰਾਨ ਜਿਲ੍ਹਾ ਸਰਸਾ ਦੇ ਕਾਲਾਂਵਾਲੀ, ਰਾਣੀਆਂ, ਰੋੜੀ, ਸੰਤਨਗਰ, ਜਲਾਲਆਣਾ, ਹੱਸੂ, ਭੀਮਾ, ਬੜਾ ਗੂੜ੍ਹਾ, ਝੋਰੜ ਰੋਹੀ, ਹਾਰਨੀ, ਸੰਤਾਂਵਾਲੀ, ਨਕੌੜਾ, ਤਿਲੋਕੇਵਾਲਾ, ਸੂਰਤੀਆ, ਚੋਰਮਾਰ, ਜਗਮਾਲਵਾਲ਼ੀ ਆਦਿ ਪਿੰਡਾਂ-ਕਸਬਿਆਂ ਵਿੱਚ ਪੁਤਲੇ ਫੂਕੇ ਗਏ।

ਪੁਤਲੇ ਫੂਕਣ ਦੌਰਾਨ ਕੀਤੀਆਂ ਗਈਆਂ ਸਭਾਵਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਆਗੂਆਂ ਪਾਵੇਲ ਜਲਾਲਆਣਾ, ਅਮਨਦੀਪ ਸੰਤਨਗਰ, ਕੁਲਵਿੰਦਰ ਰੋਡ਼ੀ, ਵਕੀਲ ਰੋਡ਼ੀ, ਕੁਲਦੀਪ ਜਲਾਲਆਣਾ, ਪਰਮਜੀਤ ਸਿੰਘ, ਹਰੀ ਸਿੰਘ, ਮਾਂਗੇ ਰਾਮ, ਗੁਰਲਾਲ ਸਿੰਘ ਆਦਿ ਨੇ ਸੰਬੋਧਿਤ ਕਰਦਿਆਂ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਭਾਜਪਾ ਜਜਪਾ ਹਕੂਮਤ ਦੇ ਲੋਕ ਵਿਰੋਧੀ ਮਨਸੂਬਿਆਂ ਦਾ ਭਾਂਡਾ ਭੰਨਿਆ। ਆਗੂਆਂ ਨੇ ਕਿਹਾ ਕਿ ਪੂਰੇ ਸਿੱਖਿਆ ਮਹਿਕਮੇ ਦਾ ਨਿੱਜੀਕਰਨ ਲਈ ਪੱਬਾਂ ਭਾਰ ਹੋਈ ਬੈਠੀ ਹਕੂਮਤ ਨੇ ਮੌਕਾ ਵੇਖਦਿਆਂ ਹੀ ਪੀਟੀਆਈ ਅਧਿਆਪਕਾਂ ਨੂੰ ਕੱਢ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਪੀ.ਟੀ. ਅਧਿਆਪਕਾਂ ਘਾਟ ਹੈ, ਉੱਥੇ ਸਰਕਾਰ ਹਾਈ ਕੋਰਟ ਵਿੱਚ ਸ਼ਰੇਆਮ ਝੂਠ ਬੋਲਦਿਆਂ ਕਹਿੰਦੀ ਹੈ ਕਿ ਪੀਟੀਆਈ ਅਧਿਆਪਕਾਂ ਨੂੰ ਕੱਢਣ ਨਾਲ਼ ਕੋਈ ਫ਼ਰਕ ਨਹੀਂ ਪੈਣਾ ਲੱਗਾ ਕਿਉਂਕਿ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਪੀਟੀਆਈ ਅਧਿਆਪਕਾਂ ਨੂੰ ਬਹਾਲ ਕਰਵਾਉਣ ਅਤੇ ਨਿੱਜੀਕਰਨ ਵਿਰੁੱਧ ਲੜ੍ਹਾਈ ਜਿੱਤਣ ਲਈ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਸਮੇਤ ਬਾਕੀ ਪੀੜਿਤ ਤਬਕਿਆਂ ਨੂੰ ਇਕਜੁੱਟ ਹੋਕੇ ਸੰਘਰਸ਼ ਦਾ ਸੱਦਾ ਦਿੱਤਾ।

ਇਸ ਦੌਰਾਨ ਪਿੰਡਾਂ ਵਿੱਚੋਂ ਲੋਕਾਂ ਵੱਲੋਂ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਚੰਗਾ ਹੁੰਗਾਰਾ ਮਿਲਿਆ।

ਨੌਜਵਾਨ ਭਾਰਤ ਸਭਾ ਵੀ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਵਿੱਚ ਅਖੀਰ ਤੱਕ ਮੋਢੇ ਨਾਲ਼ ਮੋਢਾ ਜੋੜ੍ਹਕੇ ਸਾਥ ਦੇਣ ਦਾ ਵਾਅਦਾ ਦੁਹਰਾਉਂਦੀ ਹੈ।

Tuesday, 2 June 2020

ਮਜ਼ਦੂਰਾਂ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈਕੇ ਸੰਘਰਸ਼ ਦੀ ਹੋਈ ਜਿੱਤ!

ਨੌਜਵਾਨ ਭਾਰਤ ਸਭਾ, ਇਕਾਈ ਰੋੜੀ ਦੀ ਅਗਵਾਈ ਵਿੱਚ ਮਜ਼ਦੂਰਾਂ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈਕੇ ਸੰਘਰਸ਼ ਦੀ ਹੋਈ ਜਿੱਤ!
ਜਿਕਰਯੋਗ ਹੈ ਕਿ ਅਨਾਜ ਮੰਡੀ ਰੋੜੀ ਦੇ ਮਜ਼ਦੂਰਾਂ ਵੱਲੋਂ ਸਰਕਾਰ ਵੱਲੋਂ ਤੈਅ ਰੇਟ ਤੇ ਮਜ਼ਦੂਰੀ ਦੇਣ ਦੀ ਮੰਗ ਨੂੰ ਲੈ ਕੇ ਸਬੰਧਿਤ ਅਫ਼ਸਰਾਂ ਤੇ ਦਬਾਅ ਪਾਇਆ ਜਾ ਰਿਹਾ ਸੀ। ਮਜਦੂਰਾਂ ਦੇ ਏਕੇ ਕਰਕੇ ਪਏ ਦਬਾਅ ਕਾਰਨ ਆੜ੍ਹਤੀਆਂ ਨੂੰ ਮਜਦੂਰਾਂ ਦੀਆਂ ਮੰਗਾ ਮੰਨਣੀਆਂ ਪਈਆਂ ਤੇ ਬਣਦਾ ਮਜਦੂਰੀ ਰੇਟ ਦੇਣ ਦੀ ਹਾਮੀ ਭਰੀ।