Tuesday, 20 January 2015

‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ’ ਦੇ ਸੱਦੇ ‘ਤੇ ਸੂਬੇ ਵਿੱਚ ਵੱਖ-ਵੱਖ ਥਾਂਵਾਂ ‘ਤੇ ਧਰਨੇ-ਮੁਜ਼ਾਹਰੇ ਤੇ ਚੱਕਾ ਜਾਮ

‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਕਨੂੰਨ-2014’ ਤੁਰੰਤ ਰੱਦ ਕਰਨ ਦੀ ਮੰਗ

ਲੰਘੀ 20 ਜਨਵਰੀ ਨੂੰ ‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ’ ਦੇ ਸੱਦੇ ਉੱਤੇ ਲੰਘੀ ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ, ਸਰਕਾਰੀ ਮੁਲਾਜ਼ਮਾਂ ਦੀਆਂ ਇਨਸਾਫ਼ਪਸੰਦ ਜਮਹੂਰੀ ਜਨਤਕ ਜੱਥੇਬੰਦੀਆਂ ਵੱਲੋਂ ਧਰਨੇ-ਮੁਜ਼ਾਹਰੇ ਕੀਤੇ ਗਏ ਅਤੇ ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਕਨੂੰਨ – 2014’ ਤੁਰੰਤ ਰੱਦ ਕਰਨ ਲਈ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਭੇਜੇ ਗਏ। ਕਈ ਥਾਂਵਾਂ ਉੱਤੇ ਸੜਕਾਂ ‘ਤੇ ਚੱਕਾ ਜਾਮ ਕੀਤਾ ਗਿਆ। ਕਈ ਥਾਂਵਾਂ ‘ਤੇ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਪਰ ਲੋਕ ਦਬਾਅ ਹੇਠ ਉਹਨਾਂ ਨੂੰ ਬਾਅਦ ਵਿੱਚ ਛੱਡਣਾ ਪਿਆ।
ਧਰਨਿਆਂ-ਮੁਜ਼ਾਹਰਿਆਂ ਨੂੰ ਸੰਬੋਧਿਤ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ 22 ਜੁਲਾਈ 2014 ਨੂੰ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਕਾਲ਼ਾ ਕਨੂੰਨ ਪਾਸ ਕੀਤਾ ਗਿਆ ਸੀ। ਕਾਂਗਰਸ ਪਾਰਟੀ ਨੇ ਇਸਦਾ ਦਿਖਾਵੇ ਲਈ ਨਰਮ ਜਿਹਾ ਵਿਰੋਧ ਕੀਤਾ ਸੀ। ਇਸ ਕਨੂੰਨ ਰਾਹੀਂ ਲੋਕਾਂ ਦੀ ਹੱਕ, ਸੱਚ, ਇਨਸਾਫ਼ ਦੀ ਅਵਾਜ਼ ਕੁਚਲਣ ਲਈ ਬਹੁਤ ਖਤਰਨਾਕ ਸਾਜਸ਼ ਰਚੀ ਗਈ ਹੈ। ਇਹ ਕਨੂੰਨ ਕਹਿੰਦਾ ਹੈ ਕਿ ਜੇਕਰ ਰੈਲੀ, ਧਰਨੇ, ਮੁਜ਼ਾਹਰੇ, ਹੜਤਾਲ, ਅੰਦੋਲਨ ਆਦਿ ਸੰਘਰਸ਼ਾਂ ਦੌਰਾਨ ਜੇਕਰ ਜਨਤਕ ਜਾਂ ਨਿੱਜੀ ਜਾਇਦਾਦ ਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਘੋਲ਼ ਲੜ ਰਹੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ, ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨੇ ਕੀਤੇ ਜਾਣਗੇ। ਅਸਲ ਵਿੱਚ ਲੋਟੂ ਹਾਕਮਾਂ ਦੀਆਂ ਘੋਰ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਗਰੀਬੀ-ਬਦਹਾਲੀ, ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰਾਂ ਲੋਕਾਂ ਤੋਂ ਸਿਹਤ, ਸਿਖਿਆ, ਬਿਜਲੀ ਜਿਹੀਆਂ ਸਰਕਾਰੀ ਜਨਤਕ ਸਹੂਲਤਾਂ ਖੋਂਹਦੀ ਜਾ ਰਹੀ ਹੈ। ਸਰਮਾਏਦਾਰੀ ਦਾ ਆਰਥਿਕ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸਦਾ ਬੋਝ ਕਿਰਤੀ ਲੋਕਾਂ ਉੱਤੇ ਹੀ ਸੁੱਟਿਆ ਜਾ ਰਿਹਾ ਹੈ। ਵਧਦੀ ਬਦਹਾਲੀ ਕਾਰਨ ਲੋਕ ਰੋਹ ਵਧਦਾ ਜਾ ਰਿਹਾ ਹੈ ਜਿਸਨੂੰ ਕੁਚਲਣ ਲਈ ਰਾਜਸੱਤ੍ਹਾ ਜਬਰ ਦੇ ਦੰਦ ਤਿੱਖੇ ਕਰ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਹੱਕ ਮੰਗਦੇ ਲੋਕਾਂ ਨੂੰ ਬਰਬਰ ਜਬਰ ਰਾਹੀਂ ਕੁਚਲ ਦੇਣਾ ਚਾਹੁੰਦੀਆਂ ਹਨ। ਇਸੇ ਦੇ ਇੱਕ ਅੰਗ ਵਜੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕਾਲ਼ਾ ਕਨੂੰਨ ਬਣਾਇਆ ਹੈ। ਪੰਜਾਬ ਦੇ ਲੋਕ ਛੇ ਮਹੀਨੇ ਤੋਂ ਇਸ ਕਨੂੰਨ ਨੂੰ ਰੱਦ ਕਰਾਉਣ ਦੀ ਲੜਾਈ ਲੜ ਰਹੇ ਹਨ। ਭਾਵੇਂ ਅਜੇ ਤੱਕ ਗਵਰਨਰ ਨੇ ਇਸ ‘ਤੇ ਹਸਤਾਖ਼ਰ ਨਹੀਂ ਕੀਤੇ ਪਰ ਸਰਕਾਰ ਨੇ ਇਸ ਕਨੂੰਨ ਨੂੰ ਵਾਪਸ ਵੀ ਨਹੀਂ ਲਿਆ। ਬੁਲਾਰਿਆਂ ਨੇ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਹ ਲੋਕ-ਦੋਖੀ ਕਨੂੰਨ ਰੱਦ ਕੀਤਾ ਜਾਵੇ।
ਲੁਧਿਆਣੇ ਵਿਖੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝਾ ਧਰਨਾ-ਮੁਜ਼ਾਹਰਾ ਜੱਥੇਬੰਦ ਕੀਤਾ ਗਿਆ ਸੀ। ਧਰਨੇ-ਮੁਜ਼ਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂਆਂ ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ, ਟੈਕਨੀਕਲ ਸਰਵਿਸਜ ਯੂਨੀਅਨ ਦੇ ਆਗੂ ਇਕਬਾਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਵਤਾਰ ਸਿੰਘ ਰਸੂਲਪੁਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗ ਗੁਰਦੀਪ ਕਲਸੀ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂ ਦਰਸ਼ਨ ਕੂਹਲੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗਾਲਿਬ, ਜਮਹੂਰੀ ਕਿਸਾਨ ਸਭਾ ਦੇ ਆਗੂ ਮਹਿੰਦਰ ਅੱਚਰਵਾਲ, ਲੋਕ ਸੰਘਰਸ਼ ਕਮੇਟੀ ਦੇ ਆਗੂ ਕੁਲਵੰਤ ਤਰਕ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ ਦੇ ਆਗੂ ਜਸਦੇਵ ਲਲਤੋਂ, ਲੋਕ ਏਕਤਾ ਸੰਗਠਨ ਦੇ ਆਗੂ ਗੱਲਰ ਚੌਹਾਨ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਪਲਸ ਮੰਚ ਵੱਲੋਂ ਕਸਤੂਰੀ ਲਾਲ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋ. ਏ. ਕੇ. ਮਲੇਰੀ,  ਆਦਿ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਿਤ ਕੀਤਾ। ਜੱਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਲੋਕ ਦੇ ਜਮਹੂਰੀ ਹੱਕਾਂ ‘ਤੇ ਡਾਕੇ ਲਈ ਬਣਾਇਆ ਗਿਆ ਇਹ ਕਾਲ਼ਾ ਕਨੂੰਨ ਜੇਕਰ ਵਾਪਸ ਨਾ ਲਿਆ ਗਿਆ ਤਾਂ ਸਰਕਾਰ ਨੂੰ ਤਿੱਖੇ ਲੋਕ ਘੋਲ਼ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਕਾਲ਼ੇ ਕਨੂੰਨਾਂ, ਜੇਲ੍ਹਾਂ, ਜ਼ਬਰ-ਜੁਲਮ ਰਾਹੀਂ ਲੋਕ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ। ਲੋਕ ਕਾਲ਼ੇ ਕਨੂੰਨਾਂ ਤੋਂ ਡਰ ਕੇ ਹੱਕਾਂ ਦੀ ਲੜਾਈ ਛੱਡ ਨਹੀਂ ਦੇਣਗੇ। ਜ਼ੋਰਦਾਰ ਨਾਅਰੇ ਬੁਲੰਦ ਕਰਦੇ ਹੋਏ ਪੈਦਲ ਮਾਰਚ ਕੱਢਦੇ ਹੋਏ ਮੁਜ਼ਾਹਰਾਕਾਰੀ ਡੀ.ਸੀ. ਦਫ਼ਤਰ ‘ਤੇ ਪਹੁੰਚੇ ਅਤੇ ਉੱਥੇ ਪੰਜਾਬ ਦੇ ਗਵਰਨਰ ਦੇ ਨਾਂ ਮੰਗ ਪੱਤਰ ਸੌਂਪਿਆ ਜਿਸ ਵਿੱਚ ਇਸ ਕਨੂੰਨ ‘ਤੇ ਹਸਤਾਖ਼ਰ ਨਾ ਕਰਨ ਅਤੇ ਰੱਦ ਕਰਨ ਦੀ ਮੰਗ ਕੀਤੀ ਗਈ।

Sunday, 28 December 2014

ਇਨਸਾਫ਼ਪਸੰਦ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਦਿੱਤੀ ਬਹਾਦਰ ਸ਼ਹਿਨਾਜ਼ ਨੂੰ ਸ਼ਰਧਾਂਜਲੀ

ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ 28 ਦਸੰਬਰ ਨੂੰ ਢੰਡਾਰੀ ਖੁਰਦ, ਲੁਧਿਆਣੇ ਵਿੱਚ ਕੜਾਕੇ ਦੀ ਠੰਡ ਅਤੇ ਸਰਕਾਰ ਵੱਲੋਂ ਪੂਰੇ ਢੰਡਾਰੀ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਕੇ ਦਹਿਸ਼ਤ ਦਾ ਮਾਹੌਲ ਖੜ੍ਹਾ ਕਰਨ ਦੇ ਬਾਵਜੂਦ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਅਗਵਾ, ਸਮੂਹਕ ਬਲਾਤਕਾਰ, ਮਿੱਟੀ ਦਾ ਤੇਲ ਪਾ ਕੇ ਸਾੜੇ ਜਾਣ ਦੇ ਭਿਆਨਕ ਜੁਲਮਾਂ ਦਾ ਸ਼ਿਕਾਰ ਅਤੇ ਗੁੰਡਾ ਗਿਰੋਹ ਖਿਲਾਫ਼ ਜੂਝਦੀ ਹੋਈ ਮਰ-ਮਿਟਣ ਵਾਲ਼ੀ ਬਹਾਦਰ ਕੁੜੀ ਸ਼ਹਿਨਾਜ਼ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਸ਼ਹਿਨਾਜ਼ ਦੇ ਪਿਤਾ ਮੁਹੰਮਦ ਇਲੀਆਸ, ਮਾਤਾ ਹੁਸ਼ਨਿਆਰ ਖਾਤੂਨ ਅਤੇ ਹੋਰ ਰਿਸ਼ਤੇਦਾਰਾਂ ਸਹਿਤ ‘ਸੰਘਰਸ਼ ਕਮੇਟੀ’ ਦੇ ਮੈਂਬਰਾਂ ਸ਼ਹਿਨਾਜ਼ ਦੀ ਤਸਵੀਰ ‘ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਕੋਨੇ-ਕੋਨੇ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕਾਫ਼ਲੇ ਬੰਨ੍ਹ ਕੇ ਪੁੱਜੇ ਲੋਕਾਂ ਨੇ ਸ਼ਹਿਨਾਜ਼ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਅਤੇ ‘ਬਹਾਦਰ ਸ਼ਹਿਨਾਜ਼ ਅਮਰ ਰਹੇ’, ‘ਬਲਾਤਕਾਰੀਆਂ-ਕਾਤਲਾਂ ਨੂੰ ਫਾਹੇ ਲਾਓ’, ‘ਲੋਕ ਏਕਤਾ ਜਿੰਦਾਬਾਦ’, ‘ਗੁੰਡਾ ਰਾਜ ਮੁਰਦਾਬਾਦ!’, ‘ਪੰਜਾਬ ਸਰਕਾਰ ਮੁਰਦਾਬਾਦ’ ਆਦਿ ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਗੁੰਡਾਰਾਜ ਗੱਠਜੋੜ ਨੂੰ ਲਲਕਾਰਿਆ। ਸ਼ਹਿਨਾਜ਼ ਨੂੰ ਇਨਸਾਫ਼ ਦੁਆਉਣ, ਦੋਸ਼ੀਆਂ ਨੂੰ ਫਾਹੇ ਲਵਾਉਣ, ਦੋਸ਼ੀ ਪੁਲੀਸ ਅਫ਼ਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਕਰਾਉਣ ਦਾ ਅਹਿਦ ਲਿਆ ਅਤੇ ਇਸ ਖਾਤਰ ਤਿੱਖਾ ਘੋਲ਼ ਲੜਨ ਦਾ ਐਲਾਨ ਕੀਤਾ। ਗੁੰਡਗਰਦੀ ਖਾਸ ਕਰ ਸਿਆਸੀ-ਪੁਲਸੀ ਸਰਪ੍ਰਸਤੀ ਹੇਠ ਪਲ਼ਣ ਵਾਲ਼ੀ ਗੁੰਡਗਰਦੀ ਨੂੰ ਜੜ੍ਹ ਤੋਂ ਮਿਟਾਉਣ ਲਈ ਲੋਕ ਲਹਿਰ ਉਸਾਰਨ ਦਾ ਐਲਾਨ ਕੀਤਾ ਗਿਆ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਸ਼ਹਿਨਾਜ਼ ਨੂੰ ਸਮਰਪਿਤ ਜੂਝਾਰੂ ਗੀਤ ਪੇਸ਼ ਕੀਤੇ ਗਏ।
ਬੁਲਾਰਿਆਂ ਨੇ ਕਿਹਾ ਕਿ ਸ਼ਹਿਨਾਜ਼ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ ਔਰਤਾਂ ਅਤੇ ਆਮ ਲੋਕਾਂ ਸਾਹਮਣੇ ਸੰਘਰਸ਼ ਦਾ ਇੱਕ ਪ੍ਰਤੀਕ ਹੈ। ਬਲਾਤਕਾਰ, ਅਗਵਾ, ਛੇੜਛਾੜ ਜਿਹੇ ਜੁਲਮਾਂ ਦਾ ਸ਼ਿਕਾਰ ਜਿਆਦਾਤਰ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਇਹਨਾਂ ਘਟਨਾਵਾਂ ਨੂੰ ਸਮਾਜਕ ਬਦਨਾਮੀ, ਮਾਰਕੁੱਟ, ਜਾਨ ਤੋਂ ਮਾਰੇ ਜਾਣ, ਨਿਆਂ ਮਿਲਣ ਦੀ ਨਾਉਮੀਦੀ ਆਦਿ ਕਾਰਨਾਂ ਕਰਕੇ ਲੁਕੋ ਜਾਂਦੇ ਹਨ। ਪਰ ਬਹਾਦਰ ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੇ ਅਜਿਹਾ ਨਹੀਂ ਕੀਤਾ। ਸ਼ਹਿਨਾਜ਼ ਨੇ ਲੜਾਈ ਲੜੀ ਅਤੇ ਲੜਦੀ-ਲੜਦੀ ਮੌਤ ਨੂੰ ਗਲ਼ੇ ਲਗਾ ਗਈ। ਉਹ ਜੁਲਮ ਅੱਗੇ ਗੋਡੇ ਨਾ ਟੇਕਣ ਦੀ ਮਿਸਾਲ ਕਾਇਮ ਕਰਕੇ ਗਈ ਹੈ। ਉਸਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ; ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ); ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਗਠਿਤ ‘ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ’ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰੀ ਮਸ਼ੀਨਰੀ ਬਲਾਤਕਾਰੀਆਂ-ਕਾਤਲਾਂ ਦੇ ਬਚਾਅ ਵਿੱਚ ਲੱਗੀ ਹੋਈ ਹੈ ਪਰ ਲੋਕ ਏਕੇ ਦੇ ਦਮ ‘ਤੇ ਸ਼ਹਿਨਾਜ਼ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲ਼ੇਗਾ।
ਸ਼ਰਧਾਂਜਲੀ ਸਮਾਗਮ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ; ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਰਾਜਵਿੰਦਰ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਨਵੀਨਰ ਛਿੰਦਰਪਾਲ; ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ; ਇਸਤਰੀ ਮੁਕਤੀ ਲੀਗ ਦੀ ਆਗੂ ਨਮਿਤਾ, ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ ਤੇ ਸ਼ਹਿਨਾਜ਼ ਦੇ ਪਿਤਾ ਮੁਹੰੰਮਦ ਇਲੀਆਸ ਨੇ ਸੰਬੋਧਿਤ ਕੀਤਾ। ਸ਼ਰਧਾਂਜਲੀ ਸਮਾਗਮ ਨੂੰ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਟੈਕਨੀਕਲ ਸਰਵਿਸਿਜ ਯੂਨੀਅਨ ਦੇ ਆਗੂ ਜ਼ਮੀਰ, ਅਖਿਲ ਭਾਰਤੀਯ ਨੇਪਾਲੀ ਏਕਤਾ ਮੰਚ ਦੇ ਆਗੂ ਵਿਨੋਦ ਕੁਮਾਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਵਿਜੇ ਨਾਰਾਇਣ ਆਦਿ ਨੇ ਵੀ ਸੰਬੋਧਿਤ ਕੀਤਾ।
ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਵੱਖ-ਵੱਖ ਸ਼ਹਿਰਾਂ-ਪਿੰਡਾਂ ਵਿੱਚ, ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ, ਬੁੱਧੀਜੀਵੀਆਂ ਵਿੱਚ ਵੱਡੇ ਪੱਧਰ ‘ਤੇ ਪਰਚਾ ਵੰਡਿਆਂ ਗਿਆ ਸੀ। ਵੱਡੇ ਪੱਧਰ ‘ਤੇ ਮੀਟਿੰਗਾਂ ਤੇ ਨੁੱਕੜ ਸਭਾਵਾਂ ਆਯੋਜਿਤ ਕੀਤੀਆਂ ਗਈਆਂ, ਘਰ-ਘਰ ਪਹੁੰਚ ਕੀਤੀ ਗਈ। ਇਸ ਮੁੰਹਿਮ ਦੌਰਾਨ ਵੀ ਲੋਕ ਮਨਾਂ ‘ਚ ਗੁੰਡਾਰਾਜ ਖਿਲਾਫ਼ ਰੋਹ ਸਾਫ਼ ਵਿਖਾਈ ਦਿੱਤਾ। ਲੋਕਾਂ ਨੇ ਸ਼ਹਿਨਾਜ਼ ਨੂੰ ਇਨਸਾਫ਼ ਦੁਆਉਣ ਲਈ ਜਾਰੀ ਘੋਲ਼ ਦੀ ਦਿਲੋਂ ਹਮਾਇਤ ਕੀਤੀ।

Wednesday, 1 October 2014

ਲੋਕ ਘੋਲ਼ਾਂ ਨੂੰ ਕੁਚਲਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਕਾਲ਼ੇ ਕਨੂੰਨ ਖਿਲਾਫ਼ ਘੋਲ਼ ਜ਼ਾਰੀ

ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਘੋਰ ਲੋਕ ਵਿਰੋਧੀ ਫਾਸੀਵਾਦੀ ਕਨੂੰਨ ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦ ਨੁਕਸਾਨ ਰੋਕਥਾਮ) ਕਨੂੰਨ-2014’ ਨੂੰ ਰੱਦ ਕਰਾਉਣ ਲਈ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਸਰਕਾਰੀ ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਜਮਹੂਰੀ ਅਧਿਕਾਰ ਕਾਰਕੁੰਨਾਂ ਦੀਆਂ ਜੱਥੇਬੰਦੀਆਂ ਘੋਲ਼ ਦੇ ਰਾਹ ‘ਤੇ ਹਨ। ਕਰੀਬ 40 ਜੱਥੇਬੰਦੀਆਂ ਦਾ ‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ’ ਬਣਿਆ ਹੈ। ਇਸਦੇ ਸੱਦੇ ‘ਤੇ 11 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ.ਸੀ. ਦਫਤਰਾਂ ‘ਤੇ ਰੋਹ ਭਰਪੂਰ ਮੁਜਾਹਰੇ ਕੀਤੇ ਗਏ। ਜੋਸ਼ੀਲੇ ਨਾਅਰੇ ਲਗਾਉਂਦੇ ਹੋਏ ਮੁਜਾਹਰਾਕਾਰੀਆਂ ਨੇ ਨੁਕਸਾਨ ਰੋਕਥਾਮ ਦੇ ਨਾਂ ‘ਤੇ ਲੋਕ ਘੋਲ਼ਾਂ ਨੂੰ ਕੁਚਲਣ ਲਈ ਬਣਾਏ ਗਏ ਕਾਲ਼ੇ ਕਨੂੰਨ ਨੂੰ ਰੱਦ ਕਰਾਉਣ ਲਈ ਰੋਹ ਭਰਪੂਰ ਅਵਾਜ਼ ਬੁਲੰਦ ਕੀਤੀ। ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ। ਪੰਜਾਬ ਦੇ ਗਵਰਨਰ ਦੇ ਨਾਂ ਭੇਜੇ ਗਏ ਇਨ੍ਹਾਂ ਮੰਗ ਪੱਤਰਾਂ ਵਿੱਚ ਪੰਜਾਬ ਸਰਕਾਰ ਤੋਂ ਇਸ ਕਾਲ਼ੇ ਕਨੂੰਨ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਇਹ ਕਨੂੰਨ ਰੱਦ ਨਹੀਂ ਕੀਤਾ ਜਾਂਦਾ ਤਾਂ ਇਸ ਖਿਲਾਫ਼ ਭਵਿੱਖ ਵਿੱਚ ਉੱਠਣ ਵਾਲ਼ੇ ਲੋਕ ਘੋਲ਼ਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਬਠਿੰਡੇ ਵਿੱਚ ਮੁਜਾਹਰੇ ਨੂੰ ਰੋਕਣ ਲਈ ਪੁਲਿਸ ਨੇ ਲਗਭਗ 300 ਮੁਜਾਹਰਾਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਨੂੰ ਮੁਜ਼ਾਹਰੇ ਦੀ ਥਾਂ ‘ਤੇ ਪਹੁੰਚਣ ਤੋਂ ਰੋਕਣ ਲਈ ਵੱਖ-ਵੱਖ ਥਾਵਾਂ ‘ਤੇ ਨਾਕੇ ਲਾਏ ਗਏ ਸਨ। ਇਸਦੇ ਬਾਵਜੂਦ ਵੀ ਲੋਕਾਂ ਨੇ ਸ਼ਹਿਰ ਵਿੱਚ ਮੁਜਾਹਰਾ ਜੱਥੇਬੰਦ ਕੀਤਾ ਅਤੇ ਗ੍ਰਿਫਤਾਰੀਆਂ ਦਿੱਤੀਆਂ।
ਲੁਧਿਆਣੇ ਵਿੱਚ ਭਾਰੀ ਮੀਂਹ ਦੇ ਬਾਵਜੂਦ ਵੱਡੇ ਗਿਣਤੀ ਵਿੱਚ ਇਕੱਠੇ ਹੋਏ ਸੱਨਅਤੀ ਮਜ਼ਦੂਰਾਂ, ਕਿਸਾਨਾਂ, ਸਰਕਾਰੀ ਮੁਲਾਜਮਾਂ, ਨੌਜਵਾਨਾਂ ਨੇ ਜ਼ੋਰਦਾਰ ਮੁਜਾਹਰਾ ਕੀਤਾ। ਸਨਅਤੀ ਮਜ਼ਦੂਰਾਂ ਨੇ ਮੁਜਾਹਰੇ ਤੋਂ ਪਹਿਲਾਂ ਸ਼ਹਿਰ ਵਿੱਚ ਕਿਰਤ ਵਿਭਾਗ ਦੇ ਦਫ਼ਤਰ ਤੋਂ ਡੀ.ਸੀ. ਦਫਤਰ ਤੱਕ ਜੋਸ਼ੀਲਾ ਪੈਦਲ ਮਾਰਚ ਕੀਤਾ ਅਤੇ ਪਰਚੇ ਵੰਡੇ।
ਪੰਜਾਬ ਭਰ ਵਿੱਚ ਹੋਏ ਮੁਜਾਹਰਿਆਂ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਇਹ ਕਨੂੰਨ ਰੈਲੀ, ਧਰਨੇ, ਮੁਜਾਹਰੇ, ਹੜਤਾਲ ਆਦਿ ਜਨਤਕ ਸਰਗਰਮੀਆਂ ਦੌਰਾਨ ਭੰਨਤੋੜ, ਸਾੜਫੂਕ ਆਦਿ ਰੋਕਣ ਦੇ ਬਹਾਨੇ ਹੇਠ ਬਣਾਇਆ ਗਿਆ ਹੈ ਪਰ ਸਰਕਾਰ ਦਾ ਅਸਲ ਮਕਸਦ ਲੋਕਾਂ ਦੇ ਹੱਕੀ ਘੋਲ਼ਾਂ ਨੂੰ ਕੁਚਲਣਾ ਹੈ। ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਕਾਰਨ ਕਿਰਤੀ ਜਮਾਤਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਗਰੀਬੀ, ਬੇਰੁਜ਼ਗਾਰੀ ਤੇਜ਼ੀ ਨਾਲ਼ ਵਧੀ ਹੈ। ਚਾਰੇ ਪਾਸੇ ਲੋਕਾਂ ਵਿੱਚ ਭਾਰੀ ਰੋਹ ਹੈ ਅਤੇ ਲੋਕ ਘੋਲ਼ ਵਧਦੇ ਜਾ ਰਹੇ ਹਨ। ਇਸ ਹਾਲਤ ਵਿੱਚ ਲੋਕਾਂ ਨੂੰ ਜਿੱਥੇ ਧਰਮਾਂ ਜਾਤਾਂ ਦੇ ਨਾਂ ‘ਤੇ ਆਪਸ ਵਿੱਚ ਲੜਾ-ਮਰਾ ਕੇ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉੱਥੇ ਹਾਕਮ ਲੋਕਾਂ ਉੱਤੇ ਜ਼ਬਰ ਵੀ ਵਧਾਉਂਦੇ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਹੱਕ, ਸੱਚ, ਇਨਸਾਫ਼ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਕਦੇ ਵੀ ਸਾੜਫੂਕ, ਭੰਨਤੋੜ ਜਿਹੀਆਂ ਕਾਰਵਾਈਆਂ ਨਹੀਂ ਕਰਦੀਆਂ ਸਗੋਂ ਸਰਕਾਰਾਂ ਅਤੇ ਸਰਮਾਏਦਾਰਾਂ ਵੱਲੋਂ ਹੀ ਪੁਲਸ, ਗੁੰਡਿਆਂ ਰਾਹੀਂ ਅਜਿਹੀਆਂ ਕਾਰਵਾਈਆਂ ਲੋਕ ਘੋਲ਼ ਨੂੰ ਬਦਨਾਮ ਅਤੇ ਨਾਕਾਮ ਕਰਨ ਲਈ ਕੀਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਹੁਣ ਇਸ ਕਨੂੰਨ ਰਾਹੀਂ ਘੋਲ਼ ਕਰਨ ਵਾਲ਼ੇ ਲੋਕਾਂ ਨੂੰ 5 ਸਾਲ ਤੱਕ ਦੀ ਜੇਲ੍ਹ, 3 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਨੁਕਸਾਨ ਪੂਰਤੀ ਦੀਆਂ ਸਖਤ ਸਜ਼ਾਵਾਂ ਦੀ ਸਾਜਿਸ਼ ਰਚੀ ਹੈ। ਨੁਕਸਾਨ ਪੂਰਤੀ ਵਾਸਤੇ ਸੰਘਰਸ਼ਸ਼ੀਲ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਦੀਆਂ ਧਾਰਾਵਾਂ ਇਸ ਕਨੂੰਨ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਹੜਤਾਲ ਤਾਂ ਅਸਿੱਧੇ ਰੂਪ ਵਿੱਚ ਗੈਰ-ਕਨੂੰਨੀ ਹੀ ਬਣਾ ਦਿੱਤੀ ਗਈ ਹੈ।
ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ‘ਤੇ ਸਰਮਾਏਦਾਰ ਜਮਾਤ ਦਾ ਹਮਲਾ ਹੋਰ ਤੇਜ਼ ਹੋ ਗਿਆ ਹੈ। ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਮਹਿੰਗਾਈ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਸਬਸਿਡੀਆਂ ਵਿੱਚ ਭਾਰੀ ਕਟੌਤੀ ਹੋ ਰਹੀ ਹੈ। ਇਹਨਾਂ ਹਾਲਤਾਂ ਵਿੱਚ ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਕਨੂੰਨ’ ਜਿਹੇ ਭਿਆਨਕ ਕਨੂੰਨਾਂ ਤੋਂ ਬਿਨਾਂ ਹਾਕਮਾਂ ਦੇ ਜ਼ਬਰ ਦਾ ਬਲਡੋਜ਼ਰ ਅੱਗੇ ਨਹੀਂ ਵਧ ਸਕਦਾ।
ਬੁਲਾਰਿਆਂ ਨੇ ਕਾਲ਼ੇ ਕਨੂੰਨ ਖਿਲਾਫ਼ ਅਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਅਵਾਜ਼ ਉਠਾਉਣ, ਇਕਮੁੱਠ ਹੋਣ, ਘੋਲ਼ ਕਰਨ ਦੇ ਜਮਹੂਰੀ ਹੱਕ ਉੱਤੇ ਪੰਜਾਬ ਸਰਕਾਰ ਦਾ ਹਮਲਾ ਸਹਿਣ ਨਹੀਂ ਕਰਨਗੇ। ਪੰਜਾਬ ਸਰਕਾਰ ਸੰਨ 2010 ਵਿੱਚ ਵੀ ਅਜਿਹੇ ਹੀ ਦੋ ਕਾਲ਼ੇ ਕਨੂੰਨ ਲੈ ਕੇ ਆਈ ਸੀ। ਪੰਜਾਬ ਦੇ ਜੁਝਾਰੂ ਲੋਕਾਂ ਨੇ ਲੋਕ ਲਹਿਰ ਰਾਹੀਂ ਸਰਕਾਰ ਨੂੰ ਦੋਵੇਂ ਕਨੂੰਨ ਵਾਪਿਸ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ। ਪੰਜਾਬ ਦੇ ਜੁਝਾਰੂ ਲੋਕ ਇਸ ਵਾਰ ਵੀ ਸੂਬਾ ਸਰਕਾਰ ਨੂੰ ਇਸਦੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।
ਇਨ੍ਹਾਂ ਜ਼ਿਲ੍ਹਿਆਂ ਪੱਧਰੀ ਮੁਜ਼ਾਹਰਿਆਂ ਤੋਂ ਬਾਅਦ 17 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸਾਂਝੇ ਮੋਰਚੇ ਦੀ ਫਿਰ ਤੋਂ ਮੀਟਿੰਗ ਹੋਈ। ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਪੰਜਾਬ ਵਿੱਚ ਮਾਝੇ (ਅੰਮ੍ਰਿਤਸਰ), ਦੁਆਬੇ (ਜਲੰਧਰ) ਅਤੇ ਮਾਲਵੇ (ਬਰਨਾਲੇ) ਵਿੱਚ ਲੜੀਵਾਰ 29 ਸਤੰਬਰ, 30 ਸਤੰਬਰ ਅਤੇ 1 ਅਕਤੂਬਰ ਨੂੰ ਵੱਡੀਆਂ ਰੈਲੀਆਂ ਕਰਕੇ ਸਰਕਾਰ ਨੂੰ ਇਹ ਕਾਲ਼ਾ ਕਨੂੰਨ ਰੱਦ ਕਰਾਉਣ ਲਈ ਮਜ਼ਬੂਰ ਕੀਤਾ ਜਾਵੇ।
‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ’ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਦੇਹਾਤੀ ਮਜ਼ਦੂਰ ਸਭਾ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟ ਫੈਡਰੇਸ਼ਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਸਤਰੀ ਜਾਗ੍ਰਿਤੀ ਮੰਚ, ਜਨਵਾਦੀ ਇਸਤਰੀ ਸਭਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਸੀ.ਟੀ.ਯੂ., ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲੋਕ ਸੱਭਿਆਚਾਰਕ ਮੰਚ, ਲੋਕ ਮੋਰਚਾ ਪੰਜਾਬ, ਟੈਕਨੀਕਲ ਸਰਵਿਸਜ਼ ਯੂਨੀਅਨ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਸਬਾਰਡੀਨੇਟ ਸਰਵਿਸਜ਼ ਯੂਨੀਅਨ ਆਦਿ ਜੱਥੇਬੰਦੀਆਂ ਸ਼ਾਮਲ ਹਨ। ਹੋਰ ਵੀ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਦੀ ਹਮਾਇਤ ਅਤੇ ਸਹਿਯੋਗ ਵੀ ਇਸ ਸਾਂਝੇ ਮੋਰਚੇ ਨੂੰ ਹਾਸਿਲ ਹੈ।
ਕਾਲ਼ੇ ਕਨੂੰਨ ਖਿਲਾਫ਼ ਅਰਥੀ ਫੂਕ ਮੁਜਾਹਰੇ
ਪੰਜਾਬ ਸਰਕਾਰ ਦੇ ਇਸ ਕਾਲ਼ੇ ਕਨੂੰਨ ਵਿਰੁੱਧ 11 ਅਗਸਤ ਦੇ ਰੋਹ ਮੁਜਾਹਰਿਆਂ ਦੀ ਤਿਆਰੀ ਲਈ ‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ’ ਵੱਲੋਂ 5 ਅਗਸਤ ਤੋਂ 10 ਅਗਸਤ ਤੱਕ ਪਿੰਡਾਂ, ਬਸਤੀਆਂ, ਤਹਿਸੀਲਾਂ ਆਦਿ ਸਥਾਨਕ ਪੱਧਰਾਂ ‘ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਸੱਦਾ ਗਿਆ ਸੀ। ਇਸ ਤਹਿਤ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਨੇ ਈ.ਡਬਲਿਊ.ਐਸ. ਕਲੋਨੀ ਅਤੇ ਮੇਹਰਬਾਨ ਵਿੱਚ ਅਰਥੀ ਫੂਕ ਮੁਜਾਹਰੇ ਕੀਤੇ। ਕਾਰਖਾਨਾ ਮਜ਼ਦੂਰ ਯੂਨੀਅਨ ਨੇ ਰਾਜੀਵ ਗਾਂਧੀ ਕਲੋਨੀ, ਢੰਡਾਰੀ ਅਤੇ ਗਿੱਲ ਚੌਂਕ ਵਿੱਚ ਅਰਥੀ ਫੂਕ ਮੁਜਾਹਰੇ ਜੱਥੇਬੰਦ ਕੀਤੇ। ਨੌਜਵਾਨ ਭਾਰਤ ਸਭਾ ਨੇ ਮੰਡੀ ਗੋਬਿੰਦਗੜ੍ਹ, ਪੱਖੋਵਾਲ਼ ਅਤੇ ਜੋਧਾਂ ਵਿਖੇ ਟੀ.ਐਸ.ਯੂ., ਡੀ.ਈ.ਐਫ. ਆਦਿ ਜੱਥੇਬੰਦੀਆਂ ਨਾਲ਼ ਸਾਂਝੇ ਰੂਪ ਵਿੱਚ ਅਰਥੀ ਫੂਕ ਮੁਜਾਹਰੇ ਕੀਤੇ।
ਅਰਥੀ ਫੂਕ ਮੁਜਾਹਰਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਸਰਮਾਏਦਾਰਾ ਨੀਤੀਆਂ ਕਾਰਨ ਕਿਰਤੀ ਲੋਕਾਂ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ ਜਿਸ ਕਾਰਨ ਵਿਆਪਕ ਪੱਧਰ ‘ਤੇ ਲੋਕ ਰੋਹ ਫੈਲਿਆ ਹੈ। ਲੋਕਾਂ ਦੀ ਅਵਾਜ਼ ਸੁਣਨ ਦੀ ਥਾਂ ਸਰਕਾਰਾਂ ਲੋਕ ਅਵਾਜ਼ ਨੂੰ ਹੀ ਕੁਚਲ ਦੇਣਾ ਚਾਹੁੰਦੀਆਂ ਹਨ। ਇਸ ਲਈ ਇਹ ਕਾਲ਼ੇ ਕਾਨੂੰਨ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਬਣਾਇਆ ਕਾਲ਼ਾ ਕਨੂੰਨ ਭਾਰਤੀ ਹਾਕਮਾਂ ਦੇ ਘੋਰ ਲੋਕ ਵਿਰੋਧੀ ਜਾਬਰ ਕਿਰਦਾਰ ਨੂੰ ਜ਼ਾਹਰ ਕਰਦਾ ਹੈ। ਪੰਜਾਬ ਦੇ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ‘ਤੇ ਸਰਮਾਏਦਾਰ ਹਾਕਮਾਂ ਦਾ ਇਹ ਬਰਬਰ ਫਾਸੀਵਾਦੀ ਹਮਲਾ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਤੇ ਇਸ ਕਾਲ਼ੇ ਕਨੂੰਨ ਨੂੰ ਜੁਝਾਰੂ ਲੋਕ ਘੋਲ਼ਾਂ ਦੇ ਦਮ ‘ਤੇ ਰੱਦ ਕਰਾਉਣਾ ਪਵੇਗਾ।

Friday, 8 August 2014

ਕਾਲ਼ਾ ਕਨੂੰਨ ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਬਿਲ’ ਰੱਦ ਕਰਾਉਣ ਲਈ ਵਿਸ਼ਾਲ ਗਿਣਤੀ ਵਿੱਚ ਅੱਗੇ ਆਓ, ਜੁਝਾਰੂ ਲੋਕ ਲਹਿਰ ਖੜ੍ਹੀ ਕਰੋ!

ਪੰਜਾਬ ਸਰਕਾਰ ਨੇ ਇੱਕ ਬੇਹੱਦ ਲੋਕ ਵਿਰੋਧੀ ਕਾਲ਼ਾ ਕਨੂੰਨ ਪਾਸ ਕੀਤਾ ਹੈ। ਸਰਕਾਰ ਦਾ ਇਰਾਦਾ ਲੋਕਾਂ ਦੇ ਹੱਕ, ਸੱਚ, ਇਨਸਾਫ਼ ਲਈ ਇਕਮੁੱਠ ਘੋਲ਼ ਨੂੰ ਕੁਚਲਣਾ ਹੈ। ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਬਿਲ-2104′ ਨਾਂ ਦਾ ਇਹ ਕਨੂੰਨ ਜੇਕਰ ਪੰਜਾਬ ਵਿੱਚ ਲਾਗੂ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਧਨਾਢਾਂ ਦੀਆਂ ਸਰਕਾਰਾਂ ਵੱਲੋਂ ਹੱਦੋਂ ਜ਼ਿਆਦਾ ਜ਼ੁਲਮ-ਜ਼ਬਰ ਦਾ ਸਾਹਮਣਾ ਕਰਨਾ ਪਏਗਾ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਲੋਕ ਆਪਣੇ ਜਾਇਜ ਹੱਕਾਂ ਲਈ ਇਕਮੁੱਠ ਹੋ ਕੇ ਘੋਲ਼ ਕਰਦੇ ਹਨ ਤਾਂ ਸਰਮਾਏਦਾਰ, ਸਰਕਾਰਾਂ, ਪੁਲਸ, ਪ੍ਰਸ਼ਾਸਨ, ਅਫ਼ਸਰ, ਗੁੰਡੇ ਆਦਿ ਲੋਕ ਘੋਲ਼ ਨੂੰ ਕੁਚਲਣ ਦੀਆਂ ਸਾਜਿਸ਼ਾਂ ਰਚਦੇ ਹਨ। ਜਾਇਜ਼ ਮਸਲਿਆਂ ‘ਤੇ ਹੋਣ ਵਾਲ਼ੇ ਧਰਨੇ, ਮੁਜ਼ਾਹਰੇ, ਜਲੂਸ, ਰੈਲੀ, ਹੜਤਾਲ ਆਦਿ ਨੂੰ ਅਸਫ਼ਲ ਕਰਨ ਲਈ ਇਹਨਾਂ ਵੱਲ਼ੋਂ ਭੰਨ-ਤੋੜ, ਸਾੜ-ਫੂਕ ਆਦਿ ਕਾਰਵਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਦੋਸ਼ ਘੋਲ਼ ਕਰ ਰਹੇ ਲੋਕਾਂ ‘ਤੇ ਹੀ ਲਗਾ ਦਿੱਤਾ ਜਾਂਦਾ ਹੈ। ਹੁਣ ਇਸ ਕਨੂੰਨ ਜ਼ਰੀਏ ਸਰਕਾਰ ਸਰਕਾਰੀ ਅਤੇ ਨਿੱਜੀ ਜਾਇਦਾਦ ਦੇ ਹਰ ਤਰ੍ਹਾਂ ਦੇ ਨੁਕਸਾਨ ਦਾ ਬਹਾਨਾ ਬਣਾ ਕੇ ਸ਼ੰਘਰਸ਼ਸ਼ੀਲ ਲੋਕਾਂ ਨੂੰ ਪੰਜ ਸਾਲ ਤੱਕ ਦੀ ਜੇਲ੍ਹ, ਤਿੰਨ ਲੱਖ ਰੁਪਏ ਦੇ ਜ਼ੁਰਮਾਨੇ ਅਤੇ ਨੁਕਸਾਨ ਪੂਰਤੀ ਕਰਨ ਦੀਆਂ ਸਖਤ ਸਜ਼ਾਵਾਂ ਦੇਣ ਦੀ ਸਾਜਿਸ਼ ਰਚ ਰਹੀ ਹੈ। ਇਸ ਕਨੂੰਨ ਤਹਿਤ ‘ਅਪਰਾਧ’ ਗੈਰ-ਜਮਾਨਤੀ ਹੋਵੇਗਾ। ਸਿਰਫ਼ ਭੰਨ ਤੋੜ ਹੀ ਨਹੀਂ ਸਗੋਂ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਲਈ ਇਹ ਸਜਾਵਾਂ ਭੁਗਤਣੀਆਂ ਪੈਣਗੀਆਂ। ਜਿਵੇਂ ਹੜਤਾਲ, ਰੈਲੀ, ਮੁਜ਼ਾਹਰੇ ਆਦਿ ਨਾਲ਼ ਕਾਰਖਾਨਾ ਮਾਲਕ, ਟਰਾਂਸਪੋਰਟਰ, ਆਦਿ ਨੂੰ ਘਾਟਾ ਪੈਣ ਨੂੰ ਵੀ ਇਸ ਕਨੂੰਨ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਦੋਸ਼ੀਆਂ ਨੂੰ ਉਪਰੋਕਤ ਸਖਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।...