ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ 28 ਦਸੰਬਰ ਨੂੰ ਢੰਡਾਰੀ ਖੁਰਦ, ਲੁਧਿਆਣੇ ਵਿੱਚ ਕੜਾਕੇ ਦੀ ਠੰਡ ਅਤੇ ਸਰਕਾਰ ਵੱਲੋਂ ਪੂਰੇ ਢੰਡਾਰੀ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਕੇ ਦਹਿਸ਼ਤ ਦਾ ਮਾਹੌਲ ਖੜ੍ਹਾ ਕਰਨ ਦੇ ਬਾਵਜੂਦ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਅਗਵਾ, ਸਮੂਹਕ ਬਲਾਤਕਾਰ, ਮਿੱਟੀ ਦਾ ਤੇਲ ਪਾ ਕੇ ਸਾੜੇ ਜਾਣ ਦੇ ਭਿਆਨਕ ਜੁਲਮਾਂ ਦਾ ਸ਼ਿਕਾਰ ਅਤੇ ਗੁੰਡਾ ਗਿਰੋਹ ਖਿਲਾਫ਼ ਜੂਝਦੀ ਹੋਈ ਮਰ-ਮਿਟਣ ਵਾਲ਼ੀ ਬਹਾਦਰ ਕੁੜੀ ਸ਼ਹਿਨਾਜ਼ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਸ਼ਹਿਨਾਜ਼ ਦੇ ਪਿਤਾ ਮੁਹੰਮਦ ਇਲੀਆਸ, ਮਾਤਾ ਹੁਸ਼ਨਿਆਰ ਖਾਤੂਨ ਅਤੇ ਹੋਰ ਰਿਸ਼ਤੇਦਾਰਾਂ ਸਹਿਤ ‘ਸੰਘਰਸ਼ ਕਮੇਟੀ’ ਦੇ ਮੈਂਬਰਾਂ ਸ਼ਹਿਨਾਜ਼ ਦੀ ਤਸਵੀਰ ‘ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਕੋਨੇ-ਕੋਨੇ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕਾਫ਼ਲੇ ਬੰਨ੍ਹ ਕੇ ਪੁੱਜੇ ਲੋਕਾਂ ਨੇ ਸ਼ਹਿਨਾਜ਼ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਅਤੇ ‘ਬਹਾਦਰ ਸ਼ਹਿਨਾਜ਼ ਅਮਰ ਰਹੇ’, ‘ਬਲਾਤਕਾਰੀਆਂ-ਕਾਤਲਾਂ ਨੂੰ ਫਾਹੇ ਲਾਓ’, ‘ਲੋਕ ਏਕਤਾ ਜਿੰਦਾਬਾਦ’, ‘ਗੁੰਡਾ ਰਾਜ ਮੁਰਦਾਬਾਦ!’, ‘ਪੰਜਾਬ ਸਰਕਾਰ ਮੁਰਦਾਬਾਦ’ ਆਦਿ ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਗੁੰਡਾਰਾਜ ਗੱਠਜੋੜ ਨੂੰ ਲਲਕਾਰਿਆ। ਸ਼ਹਿਨਾਜ਼ ਨੂੰ ਇਨਸਾਫ਼ ਦੁਆਉਣ, ਦੋਸ਼ੀਆਂ ਨੂੰ ਫਾਹੇ ਲਵਾਉਣ, ਦੋਸ਼ੀ ਪੁਲੀਸ ਅਫ਼ਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਕਰਾਉਣ ਦਾ ਅਹਿਦ ਲਿਆ ਅਤੇ ਇਸ ਖਾਤਰ ਤਿੱਖਾ ਘੋਲ਼ ਲੜਨ ਦਾ ਐਲਾਨ ਕੀਤਾ। ਗੁੰਡਗਰਦੀ ਖਾਸ ਕਰ ਸਿਆਸੀ-ਪੁਲਸੀ ਸਰਪ੍ਰਸਤੀ ਹੇਠ ਪਲ਼ਣ ਵਾਲ਼ੀ ਗੁੰਡਗਰਦੀ ਨੂੰ ਜੜ੍ਹ ਤੋਂ ਮਿਟਾਉਣ ਲਈ ਲੋਕ ਲਹਿਰ ਉਸਾਰਨ ਦਾ ਐਲਾਨ ਕੀਤਾ ਗਿਆ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਸ਼ਹਿਨਾਜ਼ ਨੂੰ ਸਮਰਪਿਤ ਜੂਝਾਰੂ ਗੀਤ ਪੇਸ਼ ਕੀਤੇ ਗਏ।
ਬੁਲਾਰਿਆਂ ਨੇ ਕਿਹਾ ਕਿ ਸ਼ਹਿਨਾਜ਼ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ ਔਰਤਾਂ ਅਤੇ ਆਮ ਲੋਕਾਂ ਸਾਹਮਣੇ ਸੰਘਰਸ਼ ਦਾ ਇੱਕ ਪ੍ਰਤੀਕ ਹੈ। ਬਲਾਤਕਾਰ, ਅਗਵਾ, ਛੇੜਛਾੜ ਜਿਹੇ ਜੁਲਮਾਂ ਦਾ ਸ਼ਿਕਾਰ ਜਿਆਦਾਤਰ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਇਹਨਾਂ ਘਟਨਾਵਾਂ ਨੂੰ ਸਮਾਜਕ ਬਦਨਾਮੀ, ਮਾਰਕੁੱਟ, ਜਾਨ ਤੋਂ ਮਾਰੇ ਜਾਣ, ਨਿਆਂ ਮਿਲਣ ਦੀ ਨਾਉਮੀਦੀ ਆਦਿ ਕਾਰਨਾਂ ਕਰਕੇ ਲੁਕੋ ਜਾਂਦੇ ਹਨ। ਪਰ ਬਹਾਦਰ ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੇ ਅਜਿਹਾ ਨਹੀਂ ਕੀਤਾ। ਸ਼ਹਿਨਾਜ਼ ਨੇ ਲੜਾਈ ਲੜੀ ਅਤੇ ਲੜਦੀ-ਲੜਦੀ ਮੌਤ ਨੂੰ ਗਲ਼ੇ ਲਗਾ ਗਈ। ਉਹ ਜੁਲਮ ਅੱਗੇ ਗੋਡੇ ਨਾ ਟੇਕਣ ਦੀ ਮਿਸਾਲ ਕਾਇਮ ਕਰਕੇ ਗਈ ਹੈ। ਉਸਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ; ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ); ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਗਠਿਤ ‘ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ’ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰੀ ਮਸ਼ੀਨਰੀ ਬਲਾਤਕਾਰੀਆਂ-ਕਾਤਲਾਂ ਦੇ ਬਚਾਅ ਵਿੱਚ ਲੱਗੀ ਹੋਈ ਹੈ ਪਰ ਲੋਕ ਏਕੇ ਦੇ ਦਮ ‘ਤੇ ਸ਼ਹਿਨਾਜ਼ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲ਼ੇਗਾ।
ਸ਼ਰਧਾਂਜਲੀ ਸਮਾਗਮ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ; ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਰਾਜਵਿੰਦਰ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਨਵੀਨਰ ਛਿੰਦਰਪਾਲ; ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ; ਇਸਤਰੀ ਮੁਕਤੀ ਲੀਗ ਦੀ ਆਗੂ ਨਮਿਤਾ, ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ ਤੇ ਸ਼ਹਿਨਾਜ਼ ਦੇ ਪਿਤਾ ਮੁਹੰੰਮਦ ਇਲੀਆਸ ਨੇ ਸੰਬੋਧਿਤ ਕੀਤਾ। ਸ਼ਰਧਾਂਜਲੀ ਸਮਾਗਮ ਨੂੰ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਟੈਕਨੀਕਲ ਸਰਵਿਸਿਜ ਯੂਨੀਅਨ ਦੇ ਆਗੂ ਜ਼ਮੀਰ, ਅਖਿਲ ਭਾਰਤੀਯ ਨੇਪਾਲੀ ਏਕਤਾ ਮੰਚ ਦੇ ਆਗੂ ਵਿਨੋਦ ਕੁਮਾਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਵਿਜੇ ਨਾਰਾਇਣ ਆਦਿ ਨੇ ਵੀ ਸੰਬੋਧਿਤ ਕੀਤਾ।
ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਵੱਖ-ਵੱਖ ਸ਼ਹਿਰਾਂ-ਪਿੰਡਾਂ ਵਿੱਚ, ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ, ਬੁੱਧੀਜੀਵੀਆਂ ਵਿੱਚ ਵੱਡੇ ਪੱਧਰ ‘ਤੇ ਪਰਚਾ ਵੰਡਿਆਂ ਗਿਆ ਸੀ। ਵੱਡੇ ਪੱਧਰ ‘ਤੇ ਮੀਟਿੰਗਾਂ ਤੇ ਨੁੱਕੜ ਸਭਾਵਾਂ ਆਯੋਜਿਤ ਕੀਤੀਆਂ ਗਈਆਂ, ਘਰ-ਘਰ ਪਹੁੰਚ ਕੀਤੀ ਗਈ। ਇਸ ਮੁੰਹਿਮ ਦੌਰਾਨ ਵੀ ਲੋਕ ਮਨਾਂ ‘ਚ ਗੁੰਡਾਰਾਜ ਖਿਲਾਫ਼ ਰੋਹ ਸਾਫ਼ ਵਿਖਾਈ ਦਿੱਤਾ। ਲੋਕਾਂ ਨੇ ਸ਼ਹਿਨਾਜ਼ ਨੂੰ ਇਨਸਾਫ਼ ਦੁਆਉਣ ਲਈ ਜਾਰੀ ਘੋਲ਼ ਦੀ ਦਿਲੋਂ ਹਮਾਇਤ ਕੀਤੀ।
No comments:
Post a Comment