Friday, 24 January 2020

ਸਰਸੇ ਤੋਂ ਨਾਗਰਿਕਤਾ ਸੋਧ ਕਨੂੰਨ ਵਿਰੋਧੀ ਮਲੇਰਕੋਟਲਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਹੋਣਗੇ ਸ਼ਾਮਲ!

ਨੌਜਵਾਨ ਭਾਰਤ ਸਭਾ, ਸਰਸਾ ਜਿਲ੍ਹਾ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੇ ਸਾਂਝੇ ਸੱਦੇ ਹੇਠ ਜਿਲ੍ਹੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮੁਹਿੰਮ ਵਿੱਢਣ ਦਾ ਐਲਾਨ!

16 ਫਰਵਰੀ ਨੂੰ ਮਲੇਰਕੋਟਲਾ ਰੈਲੀ ਵਿੱਚ ਵੱਡੇ ਇਕੱਠ ਸਮੇਤ ਕੀਤੀ ਜਾਵੇਗੀ ਸ਼ਮੂਲੀਅਤ!

ਨੌਜਵਾਨ ਭਾਰਤ ਸਭਾ ਦੀ ਸ਼ਮੂਲੀਅਤ ਵਾਲੇ 12 ਜਨਤਕ ਜਥੇਬੰਦੀਆਂ ਦੇ ਸਾਂਝੇ ਥੜ੍ਹੇ ਵੱਲੋਂ ਭਾਜਪਾ ਸਰਕਾਰ ਵੱਲੋਂ ਨਾਗਰਿਕਤਾ ਸਬੰਧੀ ਸੱਜਰੇ ਪਾਸ ਕੀਤੇ ਫਿਰਕੂ ਕਨੂੰਨਾਂ ਵਿਰੁੱਧ ਸਰਗਰਮੀ ਦੇ ਸੱਦੇ ਹੇਠ ਨੌਜਵਾਨ ਭਾਰਤ ਸਭਾ, ਜਿਲ੍ਹਾ ਕਮੇਟੀ ਸਰਸਾ ਵੱਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਅਤੇ ਵਿਦਿਆਰਥੀਆਂ ਤੇ ਵਿਰੋਧ ਕਰ ਰਹੇ ਲੋਕਾਂ 'ਤੇ ਢਾਹੇ ਜਾ ਰਹੇ ਜਬਰ ਦੇ ਵਿਰੁੱਧ ਜਿਲ੍ਹੇਭਰ ਵਿੱਚ ਮੁਹਿੰਮ ਵਿੱਢਣ ਦਾ ਐਲਾਨ ਕੀਤਾ। ਅੱਜ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਹਾਲ, ਸੰਤਨਗਰ ਵਿਖੇ ਨੌਜਵਾਨ ਭਾਰਤ ਸਭਾ, ਜਿਲ੍ਹਾ ਕਮੇਟੀ ਸਰਸਾ ਦੀ ਵਧਵੀਂ ਮੀਟਿੰਗ ਕਰਕੇ ਇਹ ਐਲਾਨ ਕੀਤਾ ਗਿਆ ਕਿ ਸੀ.ਏ.ਏ., ਐੱਨ.ਆਰ.ਸੀ., ਐੱਨ.ਪੀ.ਆਰ. ਦੇ ਵਿਰੋਧ ਵਿੱਚ ਉੱਠੇ ਲੋਕਰੋਹ ਦੇ ਨਾਲ ਅਵਾਜ਼ ਮਿਲਾਉਂਦਿਆਂ ਜਿਲ੍ਹਾ ਸਰਸਾ ਵਿੱਚ ਵਿਰੋਧ ਮੁਹਿੰਮ ਵਿੱਢਕੇ ਕੇਂਦਰੀ ਭਾਜਪਾ ਹਕੂਮਤ ਦੇ ਇਸ ਹਮਲੇ ਖਿਲਾਫ਼ ਲਾਮਬੰਦ ਕੀਤਾ ਜਾਵੇਗਾ।

ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ, ਜਿਲ੍ਹਾ ਸਰਸਾ ਦੇ ਆਗੂ ਅਮਨ ਨੇ ਦੱਸਿਆ ਕਿ ਭਾਜਪਾ ਹਕੂਮਤ ਵੱਲੋਂ ਲਿਆਂਦਾ ਗਿਆ ਨਵਾਂ ਨਾਗਰਿਕਤਾ ਸੋਧ ਕਾਨੂੰਨ ਪੂਰੀ ਤਰ੍ਹਾਂ ਫ਼ਿਰਕੂ ਤੇ ਗੈਰ ਜਮਹੂਰੀ ਹੈ। ਕਿਉਂਕਿ ਇਹ ਨਾਗਰਿਕਤਾ ਦੇ ਅਧਿਕਾਰ ਨੂੰ ਧਰਮ ਨਾਲ ਜੋੜਦਾ ਹੈ ਤੇ ਵਿਸ਼ੇਸ਼ ਕਰਕੇ ਮੁਸਲਮਾਨ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਂਦਾ ਹੈ। ਨਾਗਰਿਕਤਾ ਕਾਨੂੰਨ ਕੌਮੀ ਨਾਗਰਿਕ ਰਜਿਸ਼ਟਰ ਨੂੰ ਮੁਲਕ ਭਰ ਵਿੱਚ ਲਾਗੂ ਕਰਨ ਦੇ ਫੈਸਲੇ ਨਾਲ ਜੁੜਕੇ ਅਜਿਹਾ ਮਾਰੂ ਹਥਿਆਰ ਬਣਦਾ ਹੈ ਜੋ ਭਾਜਪਾ ਦੇ ਫਿਰਕੂ ਫਾਸੀਵਾਦ ਦੀ ਫਿਰਕੂ ਧਾਰ ਨੂੰ ਹੋਰ ਤਿੱਖਾ ਕਰਦਾ ਹੈ।

ਅੱਗੇ ਉਹਨਾਂ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਰੱਦ ਕਰਨ, ਐਨ.ਆਰ.ਸੀ. ਤੇ ਐਨ.ਪੀ.ਆਰ. ਦੇ ਕਦਮ ਵਾਪਸ ਲੈਣ, ਇਸਦਾ ਵਿਰੋਧ ਕਰ ਰਹੇ ਲੋਕਾਂ 'ਤੇ ਪਾਏ ਝੂਠੇ ਕੇਸ ਰੱਦ ਕਰਨ, ਗ੍ਰਿਫਤਾਰ ਕੀਤੇ ਲੋਕ ਰਿਹਾਅ ਕਰਨ, ਜੇ.ਐਨ.ਯੂ. ਤੇ ਜਾਮੀਆ ਸਮੇਤ ਮੁਲਕ ਭਰ ਵਿੱਚ ਲੋਕਾਂ 'ਤੇ ਜਬਰ ਢਾਹੁਣ ਵਾਲੇ ਪੁਲਿਸ ਅਫਸਰਾਂ ਤੇ ਜ਼ਿੱਮੇਵਾਰਾਂ ਖਿਲਾਫ਼ ਸਖਤ ਕਾਰਵਾਈ ਕਰਨ ਤੇ ਕੇਸ ਦਰਜ ਕਰਨ, ਜੇ.ਐਨ.ਯੂ. ਵਿੱਚ ਨਕਾਬ ਪਾ ਕੇ ਆਏ ਸੰਘੀ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਅਤੇ ਮੁਲਕ ਵਿੱਚ ਗ੍ਰਿਫਤਾਰ ਕੀਤੇ ਹੋਏ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਨਜ਼ਰਬੰਦੀ ਕੈਂਪ ਖਤਮ ਕਰਨ ਅਤੇ ਉੱਥੇ ਡੱਕੇ ਲੋਕਾਂ ਨੂੰ ਰਿਹਾਅ ਕਰਨ, ਦਿੱਲੀ ਵਿੱਚ ਮੜੇ ਐਨ.ਐਸ.ਏ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕਰਨ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ, ਸਰਸਾ ਵੱਲੋਂ ਆਉਂਦੇ ਦਿਨਾਂ ਦੌਰਾਨ ਜਿਲ੍ਹੇਭਰ ਵਿੱਚ ਮੁਹਿੰਮ ਵਿੱਢ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਸਭਨਾਂ ਜਮਹੂਰੀਅਤ ਤੇ ਇਨਸਾਫਪਸੰਦ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਇਸ ਸੰਘਰਸ਼ ਦਾ ਅੰਗ ਬਣਨ ਦੀ ਅਪੀਲ ਵੀ ਕਰਦੀ ਹੈ।

ਨੌਜਵਾਨ ਭਾਰਤ ਸਭਾ ਦੇ ਜਿਲ੍ਹਾ ਆਗੂ ਪਾਵੇਲ ਨੇ ਦੱਸਿਆ ਕਿ ਨਾਗਰਿਕਤਾ ਦੇ ਮਸਲੇ ਤੇ ਲਏ ਜਾ ਰਹੇ ਇਹ ਕਦਮ ਗੈਰ ਜਮਹੂਰੀ, ਫ਼ਿਰਕੂ ਹਨ ਤੇ ਘੱਟਗਿਣਤੀਆਂ ਦੇ ਵਿਰੁੱਧ ਸੇਧਿਤ ਹਨ ਅਤੇ ਸਭਨਾਂ ਲੋਕਾਂ ਦੇ ਵਿਰੋਧ ਦੇ ਹੱਕਦਾਰ ਹਨ। ਨੌਜਵਾਨ ਭਾਰਤ ਸਭਾ, ਸਰਸਾ ਵੱਲੋਂ ਵੀ ਇਸਦੇ ਵਿਰੋਧ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਥੜ੍ਹੇ ਵੱਲੋਂ ਜਾਰੀ ਪਰਚਾ, ਪੋਸਟਰ ਵੰਡਿਆ ਜਾਵੇਗਾ। ਜਨਤਕ ਮੀਟਿੰਗਾਂ, ਵਿਚਾਰ ਗੋਸ਼ਟੀਆਂ, ਮਸ਼ਾਲ ਮਾਰਚ, ਮੋਟਰਸਾਈਕਲ ਮਾਰਚ, ਜਾਗੋ, ਪ੍ਰਭਾਤ ਫੇਰੀਆਂ ਤੇ ਫ਼ਿਲਮ ਸ਼ੋਆਂ ਆਦਿ ਜਰੀਏ ਇਹਨਾਂ ਕਨੂੰਨਾਂ ਵਿਰੁੱਧ ਲਾਮਬੰਦੀ ਕੀਤੀ ਜਾਵੇਗੀ ਅਤੇ 16 ਫਰਵਰੀ ਨੂੰ ਭਰਵੇਂ ਇਕੱਠ ਨਾਲ ਮਲੇਰਕੋਟਲਾ ਰੈਲੀ ਵਿੱਚ ਸ਼ਾਮਿਲ ਹੋਇਆ ਜਾਵੇਗਾ।

No comments:

Post a Comment