Monday, 2 September 2019

ਕਸ਼ਮੀਰੀ ਕੌਮੀ ਸੰਘਰਸ ਹਮਾਇਤ ਕਮੇਟੀ ਪੰਜਾਬ ਵੱਲੋਂ ਪ੍ਰਵਾਨਿਤ ਨਾਅਰੇ

1.ਸ਼ਾਹ ਮੋਦੀ ਦੀ ਨਹੀਂ ਜਗੀਰ, 
ਕਸ਼ਮੀਰੀ ਲੋਕਾਂ ਦਾ ਕਸ਼ਮੀਰ।
2.ਦੇਸ਼ ਪਿਆਰ ਦੇ ਪਾ ਕੇ ਪਰਦੇ,
ਕਸ਼ਮੀਰੀਆਂ ਉੱਤੇ ਜਬਰ ਨੇ ਕਰਦੇ।

3.ਸੱਤਰ ਸਾਲ ਦਾ ਫ਼ੌਜੀ ਰਾਜ,
ਲਹੂ 'ਚ ਡੋਬੀ ਲੋਕ ਆਵਾਜ਼।

4.ਪੰਜਾਬ ਵਿੱਚੋਂ ਹੁਣ ਉੱਠੀ ਆਵਾਜ਼,
ਕਸ਼ਮੀਰੀ ਸੰਘਰਸ਼ ਜ਼ਿੰਦਾਬਾਦ।

5.ਅਸੀਂ ਖੜ੍ਹੇ ਕਸ਼ਮੀਰੀਆਂ ਨਾਲ,
370 ਕਰੋ ਬਹਾਲ।

6.ਜਮਹੂਰੀ ਭਾਰਤ ਦੀ ਤਸਵੀਰ,
ਖੂਨੋਂ ਖੂਨ ਹੈ ਕਸ਼ਮੀਰ।

7.ਧਾੜਵੀ ਫ਼ੌਜ ਦੀ ਪਾ ਜ਼ੰਜੀਰ,
ਜਬਰੀ ਦਬਿਅਾ ਹੈ ਕਸ਼ਮੀਰ।

8.ਫ਼ੌਜੀ ਪਹਿਰੇ ਸਕੇ ਨਾ ਰੋਕ,
ਜੂਝ ਰਹੇ ਕਸ਼ਮੀਰੀ ਲੋਕ।

9.ਸਵੈ-ਨਿਰਣੇ ਦੇ ਹੱਕ ਲਈ ਕਸ਼ਮੀਰੀ ਲੋਕਾਂ ਦਾ ਸੰਘਰਸ਼ ਜਿੰਦਾਬਾਦ।
10.ਕਾਲੇ ਕਾਨੂੰਨ ਤੇ ਫੌਜੀ ਕਹਿਰ ਨਾ ਡੱਕ ਸਕੇ ਕਸ਼ਮੀਰੀ ਲਹਿਰ।
11.ਕਸ਼ਮੀਰੀ ਲੋਕਾਂ ਤੇ ਭਾਰਤੀ ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ।
12.ਮੋਦੀ ਹਕੂਮਤ ਦਾ ਫਿਰਕੂ ਕੌਮਵਾਦ ਮੁਰਦਾਬਾਦ।
13.ਕਹਿਰ ਭਾਰਤੀ ਜੋਕਾਂ ਦਾ,
ਸਿਦਕ ਕਸ਼ਮੀਰੀ ਲੋਕਾਂ ਦਾ।

Saturday, 2 March 2019

ਪੁਲਵਾਮਾ ਦੇ ਬਹਾਨੇ ਭੜਕਾਏ ਜਾ ਰਹੇ ਅੰਨੇ-ਕੌਮਪ੍ਰਸਤ ਜੰਗੀ ਜਨੂੰਨ ਦਾ ਡਟਕੇ ਵਿਰੋਧ ਕਰੋ(ਹੱਥ ਪਰਚਾ)

ਦੇਸ਼ ਵਿੱਚ ਭੜਕਾਏ ਜਾ ਰਹੇ ਅੰਨ੍ਹੇ ਕੌਮਵਾਦੀ ਜਨੂੰਨ ਖਿਲਾਫ਼ 3 ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਜਾਰੀ ਹੱਥ ਪਰਚਾ

Monday, 13 August 2018

ਸ਼ਹੀਦ ਸਰਾਭਾ ਦੇ ਇਨਕਲਾਬੀ ਵਿਰਸੇ ਨੂੰ ਕੋਝੀਆਂ ਫਿਰਕੂ ਸਾਜ਼ਿਸ਼ਾਂ ਲਈ ਵਰਤਣ ਤੇ ਦਾਗਦਾਰ ਕਰਨ ਦੀ ਸੰਘੀ ਸਾਜ਼ਿਸ਼ ਨਾਕਾਮ

ਉਮਰ ਖਾਲਿਦ ‘ਤੇ ਜਾਨਲੇਵਾ ਹਮਲਾ ਕਰਨ ਵਾਲ਼ੇ ਸੰਘੀ ਚੂਹੇ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਹੱਥੋਂ ਛਿੱਤਰ ਪਰੇਡ ਦੇ ਡਰੋਂ ਆਤਮ-ਸਮਰਪਣ ਕਰਨ ਪਹੁੰਚੇ ਹੀ ਨਹੀਂ




13 ਅਗਸਤ ਨੂੰ ਦਿੱਲੀ ਵਿਖੇ ਹਿੰਦੂਤਵਵਾਦੀ ਕੱਟੜਪੰਥੀਆਂ ਨੇ ਜੇ.ਐਨ.ਯੂ. ਵਿਦਿਆਰਥੀ ਆਗੂ ਉਮਰ ਖਾਲਿਦ ਉੱਤੇ ਜਾਨਲੇਵਾ ਹਮਲਾ ਕੀਤਾ। ਉਸ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਮਰ ਖਾਲਿਦ ਵੱਲੋਂ ਵਿਖਾਈ ਸਾਵਧਾਨੀ ਕਾਰਨ ਉਹ ਇਸ ਹਮਲੇ ਵਿੱਚੋਂ ਸੁਰੱਖਿਅਤ ਬਚ ਨਿਕਲਿਆ। ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਦੋ ਹਿੰਦੂਤਵਵਾਦੀ ਕੱਟੜਪੰਥੀ ਸੰਘੀ ਕਾਰਕੁੰਨਾਂ ਨੇ ਇਹ ਹਮਲਾ ਕਰਨ ਦਾ ਦਾਅਵਾ ਕੀਤਾ। ਇਹਨਾਂ ਦੋਵਾਂ ਨੇ ਉਮਰ ਖਾਲਿਦ ਉੱਪਰ ਦੇਸ਼ਧ੍ਰੋਹੀ ਹੋਣ ਦੇ ਉਹੀ ਝੂਠੇ ਇਲਜਾਮ ਲਗਾਏ ਜੋ ਸੰਘੀ ਲਾਣੇ ਅਤੇ ਇਸਦੀ ਗੋਦੀ ਵਿੱਚ ਬੈਠੇ ਮੀਡੀਆ ਨੇ ਵੱਡੇ ਪੱਧਰ ਉੱਤੇ ਪ੍ਰਚਾਰੇ ਸਨ। ਇਹਨਾਂ ਦੋਵਾਂ ਸੰਘੀਆਂ ਨੇ ਦਾਅਵਾ ਕੀਤਾ ਕਿ ਉਹ 15 ਅਗਸਤ ਉੱਤੇ ”ਦੇਸ਼ਵਾਸੀਆਂ” ਨੂੰ ਤੋਹਫਾ ਦੇਣਾ ਚਾਹੁੰਦੇ ਸਨ, ਪਰ ਨਿਸ਼ਾਨਾਂ ਖੁੰਝ ਗਿਆ। ਇਹਨਾਂ ਫੜ ਮਾਰੀ ਕਿ ਉਹ 17 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ, ਪਿੰਡ ਸਰਾਭਾ, ਲੁਧਿਆਣਾ ਵਿਖੇ ਗ੍ਰਿਫਤਾਰੀ ਦੇਣਗੇ। ਪਰ ”ਨੈਸ਼ਨਲ ਹੀਰੋ” ਬਣਨ ਦੀ ਸੰਘੀਆਂ ਦੀ ਇਸ ਚਾਲ ਨੂੰ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਏਕੇ ਨੇ ਫੇਲ ਕਰ ਦਿੱਤਾ ਦਿੱਤਾ। ਜਿਸ ਤਰਾਂ ਡਰਪੋਕ ਸੰਘੀ ਕਾਰਕੁੰਨ ਉਮਰ ਖਾਲਿਦ ‘ਤੇ ਹਮਲੇ ਸਮੇਂ ਦੌੜੇ ਸਨ, ਹੁਣ ਵੀ  ਛਿੱਤਰਪਰੇਡ ਦੇ ਡਰੋਂ ਇਹ ਦੋਵੇਂ ਸੰਘੀ ਚੂਹੇ ਸਰਾਭੇ ਪਹੁੰਚੇ ਹੀ ਨਹੀਂ। ਬਾਅਦ ਦੇ ਦਿਨਾਂ ਵਿੱਚ ਪੁਲਿਸ ਨੇ ਇਹ ਦੋਵੇਂ ਚੂਹੇ ਕਿਤੋਂ ਹੋਰ ਫੜ ਕੇ ਕੜਿੱਕੀ ਵਿੱਚ ਬੰਦ ਕਰ ਲਏ ਹਨ।

ਪੰਜਾਬ ਦੀਆਂ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਸੰਘੀ ਸਾਜ਼ਿਸ਼ ਦਾ ਗੰਭੀਰ ਨੋਟਿਸ ਲੈਂਦਿਆ ਇਹ ਐਲਾਨ ਕੀਤਾ ਸੀ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਵਾਲ਼ੇ, ਇਨਕਲਾਬੀ-ਜਮਹੂਰੀ ਤਾਕਤਾਂ ਖਿਲਾਫ਼ ਭੰਡੀ ਪ੍ਰਚਾਰ ਦੀ ਜ਼ਹਿਰੀਲੀ ਮੁਹਿੰਮ ਚਲਾਉਣ ਵਾਲੇ, ਲੋਕਾਂ ਨੂੰ ਭਰਾ-ਮਾਰ ਫਿਰਕੂ ਜੰਗ ਵਿੱਚ ਧੱਕਣ ਵਾਲ਼ੀਆਂ ਲੋਕ ਦੋਖੀ ਹਿੰਦੂਤਵੀ ਕੱਟੜਪੰਥੀ ਤਾਕਤਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਹਾਨ ਇਨਕਲਾਬੀ-ਜਮਹੂਰੀ ਵਿਰਸੇ ਨੂੰ ਫੋਕੀ ਮਸ਼ਹੂਰੀ ਲਈ, ਦੋ ਸੰਘੀ ਚੂਹਿਆਂ ਨੂੰ ”ਨੈਸ਼ਨਲ ਹੀਰੋ” ਬਣਾਉਣ ਲਈ ਹਰਗਿਜ ਵਰਤਣ ਤੇ ਦਾਗਦਾਰ ਨਹੀਂ ਕਰਨ ਦੇਣਗੇ। ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਇਹਨਾਂ ਦੋਵਾਂ ਦਹਿਸ਼ਤਗਰਦਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸ਼ਹੀਦ ਸਰਾਭਾ ਚੌਂਕ ਦੇ ਆਸ-ਪਾਸ ਨਾ ਆਉਣ ਦਿੱਤਾ ਜਾਵੇ, ਕਿ ਉਹਨਾਂ ਦੀ ਪਿੰਡ ਤੋਂ ਬਾਹਰ ਹੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਜੇਲ ਵਿੱਚ ਡੱਕਿਆ ਜਾਵੇ, ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਨੌਜਵਾਨ ਭਾਰਤ ਸਭਾ (ਲਲਕਾਰ), ਨੌਜਵਾਨ ਭਾਰਤ ਸਭਾ (ਰਮਿੰਦਰ ਪਟਿਆਲਾ), ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ, ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਤਰਕਸ਼ੀਲ ਸੋਸਾਇਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਟੀ.ਐਸ.ਯੂ. ਆਦਿ ਜੱਥੇਬੰਦੀਆਂ ਵੱਲੋਂ ਪਹੁੰਚੇ ਆਗੂਆਂ ਅਤੇ ਕਾਰਕੁੰਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸਰਾਭਾ ਚੌਂਕ ਵਿੱਚ ਡੱਟ ਕੇ ਪਹਿਰਾ ਦਿੱਤਾ ਅਤੇ ਰੋਹ ਮੁਜ਼ਾਹਰਾ ਕੀਤਾ।

ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਜ਼ਾਦੀ ਸੰਘਰਸ਼ ਵਿੱਚ ਹਿੰਦੂਤਵਵਾਦੀ ਕੱਟੜਪੰਥੀ ਆਰ.ਐਸ.ਐਸ. ਨੇ ਕਦੇ ਵੀ ਅੰਗਰੇਜ਼ਾਂ ਖਿਲਾਫ਼ ਲੜਾਈ ਨਹੀਂ ਲੜੀ ਸਗੋਂ ਅੰਗਰੇਜ਼ੀ ਹਕੂਮਤ ਦੀ ਸੇਵਾ ਹੀ ਕੀਤੀ। ਲੋਕਾਂ ਉੱਤੇ ਲੱਖਾਂ ਦੁਖ-ਤਕਲੀਫਾਂ ਦਾ ਪਹਾੜ ਲੱਦਣ ਵਾਲੇ ਇਹ ਫਿਰਕੂ ਕੱਟੜਪੰਥੀ ਕਿਸ ਮੂੰਹ ਨਾਲ਼ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਹਨ। ਲੋਕਾਂ ਦੀ ਅਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ, ਹੋਰ ਗਦਰੀ ਇਨਕਲਾਬੀਆਂ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਵਿਚਾਰਧਾਰਾ ਨਾਲ਼ ਇਹਨਾਂ ਦਾ ਕੋਈ ਮੇਲ ਨਹੀਂ ਹੈ। ਇਹ ਤਾਂ ਇਨਕਲਾਬੀ ਸ਼ਹੀਦਾਂ ਦੀ ਪੈਰ ਦੀ ਧੂੜ ਵੀ ਨਹੀਂ ਹਨ।

ਪੰਜਾਬ ਦੀਆਂ ਹੋਰ ਇਨਕਲਾਬੀ ਜਮਹੂਰੀ ਜੱਥੇਬੰਦੀਆਂ, ਜਿਹੜੀਆਂ ਸਰਾਭੇ ਨਹੀਂ ਵੀ ਪਹੁੰਚ ਸਕੀਆਂ ਸਭ ਨੇ ਸਰਾਭੇ ਵਿਖੇ ਹੋਏ ਸੰਘਰਸ਼ ਦੀ ਡੱਟਵੀਂ ਹਿਮਾਇਤ ਦਾ ਐਲਾਨ ਵੀ ਕੀਤਾ। ਇਨਕਲਾਬੀ ਜਮਹੂਰੀ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਫਿਰਕੂ ਤਾਕਤਾਂ ਖਿਲਾਫ਼ ਡੱਟ ਕੇ ਸੰਘਰਸ਼ ਲੜਦੀਆਂ ਰਹਿਣਗੀਆਂ। ਇਸ ਰੋਹ ਮੁਜ਼ਾਹਰੇ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕੁਲਵਿੰਦਰ, ਪਰਦੀਪ ਕਸਬਾ, ਸੁਖਦੇਵ ਭੂੰਦੜੀ, ਹਰਪ੍ਰੀਤ ਜੀਰਖ, ਰਾਜੂ, ਸੁਰਿੰਦਰ ਸ਼ਰਮਾ, ਸ਼ਮਸ਼ੇਰ ਨੂਰਪੁਰੀ, ਹਰੇਕਸ਼ ਚੌਧਰੀ, ਮਾ. ਹਰੀਸ਼ ਪੱਖੋਵਾਲ, ਅਵਤਾਰ ਸਿੰਘ ਤਾਰੀ, ਤਰਲੋਚਨ ਸਿੰਘ ਝੋਰੜਾ, ਜਸਦੇਵ ਲਲਤੋਂ, ਸਮਤਾ, ਮੰਗਾ ਅਜ਼ਾਦ, ਰੁਪਿੰਦਰ ਚੌਂਧਾ, ਸੰਦੀਪ, ਜਯੋਤੀ, ਅਰੁਣ ਕੁਮਾਰ, ਜ਼ਮੀਰ ਹੂਸੈਨ ਆਦਿ ਆਗੂ ਹਾਜ਼ਰ ਸਨ।

Friday, 29 June 2018

ਨਸ਼ਿਆਂ ਵਿਰੁੱਧ ਮੁਹਿੰਮ ਮਰੋ ਜਾਂ ਵਿਰੋਧ ਕਰੋ' ਦੀ ਹਮਾਇਤ ਵਿੱਚ ਜਾਰੀ ਪੋਸਟਰ



     ਪਿਛਲੇ ਦਿਨਾਂ ਵਿੱਚ ਨਸ਼ਿਆਂ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਨੇ ਪੰਜਾਬ ਦੀ ਆਤਮਾ ਨੂੰ ਹਲੂਣਿਆ ਹੈ ਤੇ ਪੰਜਾਬ ਦੇ ਸੰਵੇਦਨਸ਼ੀਲ, ਸੂਝਵਾਨ ਤਬਕੇ ਵਿੱਚ ਇਸ ਖਿਲਾਫ਼ ਰੋਸ ਹੈ। ਅਜਿਹੇ ਹੀ ਮਹੌਲ ਵਿੱਚ ‘ਕਰੋ ਜਾਂ ਮਰੋ’ ਦੇ ਨਾਹਰੇ ਹੇਠ 1 ਜੁਲਾਈ ਤੋਂ 7 ਜੁਲਾਈ ਤੱਕ ਹਫਤਾ ਭਰ ਰੋਸ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ ਬੌਧਿਕ ਹਲਕਿਆਂ ਦੀਆਂ ਸਖਸ਼ੀਅਤਾਂ ਵੱਲੋਂ ਨਸ਼ਿਆਂ ਵਿਰੁੱਧ ਦਿੱਤੇ ਸੱਦੇ ਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਨੇ ਸਾਂਝੇ ਤੌਰ ’ਤੇ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।

ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਧੁਰ ਅੰਦਰੋਂ ਖੋਖਲਾ ਕਰ ਦਿੱਤਾ ਹੈ, ਪਿੰਡਾਂ-ਸ਼ਹਿਰਾਂ ਚ ਜਵਾਨੀ ਦੇ ਸੱਥਰ ਵਿਛਾ ਦਿੱਤੇ ਹਨ। ਬੁੱਧੀਜੀਵੀਆਂ ਵੱਲੋਂ ਵਿੱਢੀ ਇਹ ਮੁਹਿੰਮ ਢੁਕਵਾਂ ਤੇ ਸਵਾਗਤਯੋਗ ਕਦਮ ਹੈ। ਪਰ ਇਸ ਮੁਹਿੰਮ ਨੂੰ ਸਿਰਫ ਚਿੱਟੇ ਜਾਂ ਸਿੰਥੈਟਕ ਨਸ਼ਿਆ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਸਗੋਂ ਬਾਕੀ ਜਾਨਲੇਵਾ ਨਸ਼ਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਸ਼ਰਾਬ ਤੋਂ ਸੂਬਾ ਸਰਕਾਰ ਟੈਕਸ ਦੇ ਰੂਪ ਵਿੱਚ 5000 ਕਰੋੜ ਤੋਂ ਵੱਧ ਕਮਾਈ ਕਰ ਰਹੀ ਹੈ। ਸ਼ਰਾਬ ਦੇ ਠੇਕਿਆਂ ਦੇ ਵੱਡੇ ਹਿੱਸੇ ’ਤੇ ਵੀ ਸਿਆਸੀ ਲੀਡਰ ਕਾਬਜ਼ ਹਨ। ਨਸ਼ਿਆਂ ਵਿਰੁੱਧ ਲੜਾਈ ਪੂਰੀ ਤਰਾਂ ਇੱਕ ਸਿਆਸੀ ਮਾਮਲਾ ਹੈ, ਸ਼ੁਰੂ ਤੋਂ ਹੀ ਨਸ਼ਾ ਤਸਕਰਾਂ ਜਾਂ ਕਾਰੋਬਾਰੀਆਂ ਨੂੰ ਮੌਕੇ ਦੀਆਂ ਸਰਕਾਰਾਂ, ਚਾਹੇ ਉਹ ਅਕਾਲੀ ਹੋਵੇ ਜਾਂ ਕਾਂਗਰਸੀ, ਦਾ ਥਾਪੜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਪਰ ਏਨਾ ਸਮਾਂ ਬੀਤਣ ਮਗਰੋਂ ਵੀ ਕੋਈ ਅਮਲੀ ਕਾਰਵਾਈ ਦੀ ਅਣਹੋਂਦ ਤੇ ਬੇਪਰਵਾਹੀ ਰੜਕਦੀ ਹੈ। ਚਿੱਟੇ ਦੇ ਕਾਰੋਬਾਰ ਵਿੱਚ ਮਜੀਠੀਏ ਦੀ ਭੂਮਿਕਾ ਵੀ ਜੱਗ ਜਾਹਰ ਹੈ ਤੇ ਹੋਰ ਵੀ ਕਈ ਸਿਆਸਤਦਾਨ ਇਸ ਵਿੱਚ ਸ਼ਾਮਲ ਹਨ। ਇਸ ਕਰਕੇ ਇਸ ਮੁਹਿੰਮ ਨੂੰ ਗੈਰ-ਸਿਆਸੀ ਐਲਾਨ ਕੇ ਸਰਕਾਰਾਂ, ਪੁਲਿਸ-ਪ੍ਰਸ਼ਾਸ਼ਨ ਤੇ ਨਸ਼ਾ ਤਸਕਰਾਂ/ਕਾਰੋਬਾਰੀਆਂ ਦੇ ਇਸ ਗਠਜੋੜ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਹਾਂ, ਵੋਟਾਂ ਦੀ ਰਾਜਨੀਤੀ ਕਰਨ ਵਾਲੇ ਕਿਸੇ ਵੀ ਲੀਡਰ, ਪਾਰਟੀ ਨੂੰ ਵੀ ਇਸ ਲਹਿਰ ਮੁਹਿੰਮ ਦੀ ਸਵਾਰੀ ਨਹੀਂ ਕਰਨ ਦੇਣੀ ਚਾਹੀਦੀ ਕਿਉਂਕਿ ਇਹਨਾਂ ਲਈ ਨਸ਼ਿਆਂ ਦਾ ਵਿਰੋਧ ਸਿਰਫ ਵੋਟਾਂ ਹਾਸਲ ਕਰਨ ਦਾ ਸਬਜ਼ਬਾਗ ਹੀ ਹੈ।

ਅੱਜ ਪੰਜਾਬ ਦੇ ਨੌਜਵਾਨ ਸਿੱਖਿਆ, ਰੁਜ਼ਗਾਰ ਜਿਹੀਆਂ ਬੁਨਿਆਦੀ ਸਹੂਲਤਾਂ ਲਈ ਤਰਸਦੇ ਜਾ ਰਹੇ ਹਨ। ਸਿੱਖਿਆ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਰੁਜ਼ਗਾਰ ਸੁੰਗੜਦਾ ਜਾ ਰਿਹਾ ਹੈ। ਮੋਦੀ ਹਰ ਸਾਲ 1 ਕਰੋੜ ਨੌਕਰੀਆਂ ਦਾ ਲਾਰਾ ਲਾ ਕੇ ਮੁੱਕਰ ਗਿਆ ਤੇ ਕੈਪਟਨ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ। ਦੂਰ ਹੁੰਦੀ ਸਿੱਖਿਆ ਤੇ ਰੁਜ਼ਗਾਰ ਦੀ ਅਣਹੋਂਦ ਕਰਦੇ ਨੌਜਵਾਨਾਂ ਨੂੰ ਆਪਣਾ ਕੋਈ ਭਵਿੱਖ ਨਹੀਂ ਦਿਸ ਰਿਹਾ। ਆਪਣੀ ਜਿੰਦਗੀ ਦੀ ਇਸ ਦਿਸ਼ਾਹੀਣਤਾ ਦੀ ਨਿਰਾਸ਼ਾ ਬੇਚੈਨੀ ਚੋਂ ਵੀ ਨੌਜਵਾਨਾਂ ਦਾ ਇੱਕ ਵੱਡਾ ਹਿੱਸਾ ਨਸ਼ਿਆਂ ਦੇ ਰਾਹ ਪੈ ਮੌਤ ਨੂੰ ਗਲ਼ ਲਾ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਣ ਲਈ ਇਹਨਾਂ ਸਵਾਲਾਂ ਨੂੰ ਮੁਖਾਤਿਬ ਹੋਣਾ ਜ਼ਰੂਰੀ ਹੈ। ਅਸਲ ਵਿੱਚ ਨਸ਼ਿਆਂ ਦੇ ਖਾਤਮੇ ਦਾ ਸਵਾਲ ਸਮੁੱਚੇ ਮੁਨਾਫੇਖੋਰ ਤੇ ਮਨੁੱਖਦੋਖੀ ਆਰਥਿਕ-ਸਿਆਸੀ ਢਾਂਚੇ ਦੇ ਖਾਤਮੇ ਨਾਲ ਜੁੜਿਆ ਹੋਇਆ ਹੈ। ਮੌਜੂਦਾ ਸਮੇਂ ਨਸ਼ਿਆਂ ਦੇ ਸਵਾਲ ਨੂੰ ਸੰਬੋਧਿਤ ਹੁੰਦੇ ਹੋਏ ਸਾਨੂੰ ਇਸੇ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਇਸ ਵੇਲੇ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਨੂੰ ਸਿਰਫ਼ ਕਾਲੀਆਂ ਪੱਟੀਆਂ ਦੇ ਸੰਕੇਤਕ ਰੋਸ ਮੁਜਾਹਰੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਇਸਨੂੰ ਲੋਕਾਂ ਦੀ ਸਿਆਸੀ ਚੇਤਨਾ ਉੱਨਤ ਕਰਨ ਤੇ ਉਹਨਾਂ ਨੂੰ ਲਾਮਬੰਦ ਕਰਨ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਇੱਕ ਪਾਸੇ ਸਾਨੂੰ ਇਸ ਉੱਪਰ ਵਿਸ਼ਾਲ ਜਨਤਕ ਲਾਮਬੰਦੀ ਕਰਨੀ ਚਾਹੀਦੀ ਹੈ ਤੇ ਸਿਆਸੀ ਲੀਡਰਾਂ, ਸਰਕਾਰਾਂ ਤੇ ਅਫਸਰਸ਼ਾਹੀ ਨੂੰ ਘੇਰਨਾ ਚਾਹੀਦਾ ਹੈ। ਪਿੰਡ, ਕਸਬਿਆਂ ਤੇ ਸ਼ਹਿਰਾਂ ਦੇ ਪੱਧਰ ’ਤੇ ਲੋਕ ਪਹਿਲਕਦਮੀ ਰਾਹੀਂ ਨਸ਼ਿਆਂ ਦੇ ਵਿੱਕਰੀ ਨੂੰ ਰੋਕਣਾ ਚਾਹੀਦਾ ਹੈ। ਇਸਦੇ ਲਈ 1 ਤੋਂ 7 ਜੁਲਾਈ ਦਰਮਿਆਨ ਵਿਦਿਅਕ ਸੰਸਥਾਵਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਰੈਲੀਆਂ, ਮੁਜਾਹਰੇ, ਪੁਤਲਾ ਫੂਕਣ ਦੀ ਸਰਗਰਮੀ ਕੀਤੀਆਂ ਜਾਣਗੀਆਂ। ਦੂਜੇ ਪਾਸੇ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਉਪਰਾਲੇ ਵੀ ਕਰਨੇ ਚਾਹੀਦੇ ਹਨ। ਨਸ਼ਿਆਂ ਸਬੰਧੀ ਗੋਸ਼ਟੀਆਂ, ਸੈਮੀਨਾਰਾਂ ਆਦਿ ਰਾਹੀਂ ਵਿਦਿਆਰਥੀਆਂ, ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਛੱਡਣਾ ਚਾਹੁੰਦੇ ਨੌਜਾਵਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।

ਇਹ ਲੜਾਈ ਕੋਈ ਹਫ਼ਤੇ ਭਰ ਦੀ ਲੜਾਈ ਨਹੀਂ ਹੈ ਇਸ ਲਈ 7 ਜੁਲਾਈ ਤੋਂ ਬਾਅਦ ਵੀ ਅਸੀਂ ਵੱਖ-ਵੱਖ ਰੂਪਾਂ ਵਿੱਚ ਨਸ਼ਿਆਂ ਵਿਰੋਧੀ ਮੁਹਿੰਮ ਜਾਰੀ ਰੱਖਾਂਗੇ। ਇਸਦੇ ਨਾਲ ਹੀ ਨੌਜਵਾਨ ਭਾਰਤ ਸਭਾ ਨੇ ਅਹਿਮ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਪਿੰਡਾਂ ਵਿੱਚ ਕਿਸੇ ਵੀ ਤਰਾਂ ਦੇ ਨਸ਼ੇ ਵੰਡਣ ਦਾ ਵਿਰੋਧ ਕੀਤਾ ਜਾਵੇਗਾ ਤੇ ਨਸ਼ਾ ਵਾਲੀਆਂ ਧਿਰਾਂ, ਲੀਡਰਾਂ ਨੂੰ ਲੋਕਾਂ 'ਚੋਂ ਨਿਖੇੜਨ ਦਾ ਸੱਦਾ ਦਿੱਤਾ ਜਾਵੇਗਾ।

ਆਉ, ਪੰਜਾਬ ਨੂੰ ਬਚਾਉਣ ਦੀ ਇਸ ਕੋਸ਼ਿਸ਼ ਨੂੰ ਵੱਧ ਸਾਰਥਕ ਤੇ ਪ੍ਰਭਾਵਸ਼ਾਲੀ ਬਣਾਈਏ। ਆਉ ਨਸ਼ਿਆਂ ਵਿਰੁੱਧ ਘਰਾਂ ਚੋਂ ਬਾਹਰ ਨਿੱਕਲੀਏ।