ਮੁਹਾਲੀ ਪੁੱਜੇ ਕਾਫ਼ਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਕਸ਼ਮੀਰ 'ਚ ਮੜੀਆਂ ਪਾਬੰਦੀਆਂ ਰੱਦ ਕਰਕੇ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ, ਧਾਰਾ 370 ਤੇ 35 ਏ ਮਨਸੂਖ ਕਰਨ ਦੇ ਕਦਮ ਵਾਪਸ ਲੈਣ ਆਦਿ ਮੁੱਦਿਆਂ ਨੂੰ ਲੈ ਕੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਪੰਜਾਬ ਵੱਲੋਂ ਮੁਹਾਲੀ 'ਚ ਰੈਲੀ ਕਰਨ ਉਪਰੰਤ ਚੰਡੀਗੜ੍ਹ 'ਚ ਰੋਸ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੇ ਸੱਦੇ 'ਤੇ ਚੰਡੀਗੜ੍ਹ ਵੱਲ ਵਧਦੇ ਕਾਫ਼ਲਿਆਂ ਨੂੰ ਭਾਰੀ ਪੁਲਸ ਬਲਾਂ ਵੱਲੋਂ ਰੋਕਣ ਕਾਰਣ ਰੋਹ 'ਚ ਆਏ ਕਿਸਾਨਾਂ, ਪੇਂਡੂ ਖੇਤ ਮਜ਼ਦੁਰਾਂ, ਨੌਜਵਾਨਾਂ ਵਿਦਿਆਰਥੀਆਂ ਤੇ ਔਰਤਾਂ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ 'ਚ 16 ਥਾਂਵਾਂ ਤੇ ਸੜਕਾਂ ਠੱਪ ਕਰਕੇ ਮੋਦੀ ਤੇ ਕੈਪਟਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਸ਼ਹਿਰਾਂ 'ਚ ਰੋਹ ਭਰਪੂਰ ਮੁਜਾਹਰੇ ਕੀਤੇ ਗਏ। ਇਸਤੋਂ ਇਲਾਵਾ ਕੈਪਟਨ ਹਕੂਮਤ ਦੀਆਂ ਸਭ ਪਾਬੰਦੀਆਂ ਦੇ ਬਾਵਜੂਦ ਰੋਹ ਭਰਪੂਰ ਕਾਫ਼ਲਿਆਂ ਵੱਲੋਂ ਮੁਹਾਲੀ 'ਚ ਦਾਖ਼ਲ ਹੋ ਕੇ ਆਪਣੀ ਅਵਾਜ਼ ਜ਼ੋਰਦਾਰ ਬੁਲੰਦ ਕੀਤੀ ਗਈ। ਇਸੇ ਦੌਰਾਨ ਦੁਸ਼ਿਹਰਾ ਗਰਾਊਂਡ ਮੁਹਾਲੀ ਪੁੱਜੇ ਨਮਿਤਾ, ਮਾਨਵ, ਰਵਿੰਦਰ ਤੇ ਅਮਨਦੀਪ ਸਮੇਤ 30 ਵਿਅਕਤੀਆਂ ਜਿਹਨਾਂ 'ਚ 10 ਕੁੜੀਆਂ ਵੀ ਸ਼ਾਮਿਲ ਹਨ ਨੂੰ ਪੁਲੀਸ ਗ੍ਰਿਫਤਾਰ ਕਰਕੇ ਲੈ ਗਈ, ਜਿਹਨਾਂ ਨੂੰ ਲੋਕਾਂ ਦੇ ਦਬਾ ਕਾਰਨ ਆਖ਼ਰ ਛੱਡਣਾ ਪਿਆ। ਸਾਰੀਆਂ ਰੋਕਾਂ ਨੂੰ ਚੀਰ ਕੇ ਮੋਹਾਲੀ ਰੇਲਵੇ ਸਟੇਸ਼ਨ ਪਹੁੰਚੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਦੇ ਇੱਕ ਕਾਫਲੇ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਪਰ ਲੋਕ ਦਬਾਅ ਕਾਰਨ ਉਸ ਕਾਫਲੇ ਨੂੰ ਛੱਡਣਾ ਪਿਆ।
ਕਮੇਟੀ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਝੰਡਾ ਸਿੰਘ ਜੇਠੂਕੇ, ਕੰਵਲਪ੍ਰੀਤ ਸਿੰਘ ਪੰਨੂੰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਠਿੰਡਾ 'ਚ ਚੰਡੀਗੜ੍ਹ-ਬਠਿੰਡਾ ਜੀ.ਟੀ. ਰੋਡ 'ਤੇ ਭੁੱਚੋ ਖੁਰਦ, ਗਿੱਲ ਕਲਾਂ ਤੋਂ ਇਲਾਵਾ ਤਲਵੰਡੀ ਸਾਬੋ, ਬਡਬਰ ਤੇ ਸੇਖਾ ਚੌਕ (ਬਰਨਾਲਾ), ਮਾਨਸਾ ਕੈਂਚੀਆਂ, ਮਹਿਲਾਂ ਚੌਂਕ ਤੇ ਬਾਦਲਗੜ੍ਹ (ਸੰਗਰੂਰ), ਹਿੰਮਤਪੁਰਾ ਤੇ ਕਿਸ਼ਨਪੁਰਾ (ਮੋਗਾ), ਪੰਜਗਰਾਈ ਤੇ ਵਾੜਾਭਾਈਕਾ (ਫਰੀਦਕੋਟ), ਭਲਾਈਆਣਾ (ਸ਼੍ਰੀ ਮੁਕਤਸਰ ਸਾਹਿਬ), ਪਾਇਲ (ਲੁਧਿਆਣਾ), ਕਕਰਾਲਾ (ਪਟਿਆਲਾ) ਤੇ ਮੁਹਾਲੀ ਚੰਡੀਗੜ੍ਹ ਦੀ ਹੱਦ ਤੇ ਰੋਪੜ ਚੰਡੀਗੜ੍ਹ ਰੋਡ ਤੇ ਜਾਮ ਲਾਉਣ ਤੋਂ ਇਲਾਵਾ ਨਕੋਦਰ ਅਤੇ ਪੱਟੀ ਤੇ ਲੋਹਕਾ (ਤਰਨਤਾਰਨ) ਵਿਖੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਵੱਖ-ਵੱਖ ਥਾਂਵਾਂ 'ਤੇ ਜੁੜ੍ਹੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੈਪਟਨ ਸਰਕਾਰ ਵੱਲੋਂ ਅੱਜ ਦੀ ਰੈਲੀ ਅਤੇ ਮਾਰਚ 'ਤੇ ਪਾਬੰਦੀਆਂ ਲਾਉਣ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਇਹਨਾਂ ਕਦਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਭਾਜਪਾ ਤੇ ਆਰ.ਐਸ.ਐਸ. ਹਕੂਮਤ ਨਾਲ ਕਸ਼ਮੀਰ 'ਚ ਜਬਰ ਖਿਲਾਫ਼ ਵਿਰੋਧ ਨਕਲੀ ਹੈ ਤੇ ਸਵੈ-ਨਿਰਣੇ ਦੇ ਹੱਕ ਲਈ ਜੂਝਦੇ ਕਸ਼ਮੀਰੀ ਲੋਕਾਂ ਨਾਲ ਦੁਸ਼ਮਣੀ ਅਸਲੀ ਹੈ। ਬੁਲਾਰਿਆਂ ਨੇ ਕੈਪਟਨ ਸਰਕਾਰ ਵੱਲੋਂ ਰੈਲੀ 'ਤੇ ਪਾਬੰਦੀਆਂ ਮੜ੍ਹਨ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੱਤਾ। ਉਹਨਾਂ ਆਖਿਆ ਕਿ ਪੰਜਾਬ ਸਮੇਤ ਸਮੁੱਚੇ ਮੁਲਕ ਦੇ ਕਿਰਤੀ ਕਮਾਊ ਲੋਕ ਜਿੱਥੇ ਹਕੂਮਤਾਂ ਦੀਆਂ ਸਾਮਰਾਜੀਆਂ, ਕਾਰਪੋਰੇਟ ਘਰਾਣਿਆਂ ਤੇ ਧਨਾਢ ਚੌਧਰੀਆਂ ਪੱਖੀ ਨੀਤੀਆਂ ਦੀ ਮਾਰ ਤੇ ਦਾਬਾ ਹੰਢਾ ਰਹੇ ਹਨ, ਉੱਥੇ ਜੰਮੂ ਕਸ਼ਮੀਰ ਦੇ ਲੋਕ ਇਸ ਸਾਂਝੀ ਲੁੱਟ ਤੇ ਦਾਬੇ ਦੇ ਨਾਲ-ਨਾਲ ਕੌਮੀ ਦਾਬਾ, ਜਬਰ ਤੇ ਜਲਾਲਤ ਵੀ ਹੰਢਾ ਰਹੇ ਹਨ। ਉਹਨਾਂ ਆਖਿਆ ਕਿ ਹਾਕਮਾਂ ਦੀਆਂ ਇਹੀ ਨੀਤੀਆਂ ਪੰਜਾਬ ਤੇ ਦੇਸ਼ ਦੇ ਕਿਰਤੀ ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਮਜ਼ਬੂਰ ਕਰ ਰਹੀਆਂ ਹਨ ਤੇ ਜੰਮੂ ਕਸ਼ਮੀਰ ਦੇ ਲੋਕਾਂ 'ਤੇ ਇਹਨਾਂ ਨੀਤੀਆਂ ਤਹਿਤ ਫੌਜਾਂ ਰਾਹੀ ਬਰੂਦ ਤੇ ਪੈਲੇਟ ਗੰਨਾਂ ਦੀ ਵਾਛੜ ਕਰਕੇ ਕਸ਼ਮੀਰੀਆਂ ਦੀਆਂ ਲੋਥਾਂ ਵਿਛਾਈਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਪਹਿਲਾਂ 70 ਵਰ੍ਹਿਆਂ ਦੇ ਰਾਜ ਦੌਰਾਨ ਕਾਂਗਰਸ ਹਕੂਮਤ ਵੱਲੋਂ ਕਸ਼ਮੀਰੀਆਂ 'ਤੇ ਅੰਨ੍ਹਾ ਜ਼ਬਰ ਢਾਹੁਣ ਦੇ ਨਾਲ-ਨਾਲ ਧਾਰਾ 370 ਤੇ 35 ਏ ਨੂੰ ਵਾਰ-ਵਾਰ ਸੋਧਕੇ ਖੋਖਲੀ ਕਰਨ ਰਾਹੀਂ ਕਸ਼ਮੀਰੀ ਕੌਮ ਨਾਲ ਧ੍ਰੋਹ ਕਮਾਇਆ ਗਿਆ ਤੇ ਹੁਣ ਮੋਦੀ-ਸ਼ਾਹ ਜੋੜੀ ਵੱਲੋਂ ਕਸ਼ਮੀਰ ਨੂੰ ਖੁਲ੍ਹੀ ਜੇਲ੍ਹ 'ਚ ਬਦਲਕੇ ਇਹਨਾਂ ਧਰਾਵਾਂ ਨੂੰ ਖਤਮ ਕਰਕੇ ਕਸ਼ਮੀਰੀ ਲੋਕਾਂ ਨਾਲ ਨੰਗੀ ਚਿੱਟੀ ਗਦਾਰੀ ਕੀਤੀ ਹੈ। ਉਹਨਾਂ ਆਖਿਆ ਕਿ ਭਾਜਪਾ ਹਕੂਮਤ ਵੱਲੋਂ ਲਾਈਆਂ ਸਖਤ ਪਾਬੰਦੀਆਂ ਦੇ ਬਾਵਜੂਦ ਕਸ਼ਮੀਰੀ ਲੋਕ ਜੂਝ ਰਹੇ ਹਨ ਅਤੇ 5 ਅਗਸਤ ਤੋਂ ਬਾਅਦ ਉੱਥੇ ਸੈਂਕੜੇ ਪ੍ਰਦਰਸ਼ਨ ਹੋਣਾ ਅਤੇ ਫੌਜੀ ਅਧਿਕਾਰੀਆਂ ਵੱਲੋਂ ਵੀ ਪ੍ਰਦਰਸ਼ਨਾਂ ਦੌਰਾਨ 5 ਮੌਤਾਂ ਦੀ ਪੁਸ਼ਟੀ ਕਰਨਾ ਹਕੂਮਤ ਵੱਲੋਂ ਉੱਥੇ ਸ਼ਾਤੀ ਦੇ ਕੀਤੇ ਜਾਂਦੇ ਦਾਅਵਿਆਂ ਦਾ ਪਰਦਾ ਫਾਸ਼ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਜਿੱਥੇ ਭਾਰਤੀ ਹਾਕਮਾਂ ਵੱਲੋਂ 72 ਸਾਲਾਂ ਤੋਂ ਕਸ਼ਮੀਰ 'ਤੇ ਫੌਜੀ ਤਾਕਤ ਦੇ ਜ਼ੋਰ ਜਬਰੀ ਕਬਜ਼ਾ ਕੀਤਾ ਹੋਇਆ ਹੈ, ਉੱਥੇ ਪਾਕਿਸਤਾਨੀ ਹਾਕਮਾਂ ਵੱਲੋਂ ਵੀ ਕਸ਼ਮੀਰ ਦੇ ਇੱਕ ਹਿੱਸੇ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ ਅਤੇ ਉੱਥੇ ਵੀ ਕਸ਼ਮੀਰੀ ਕੌਮੀ ਸੰਘਰਸ਼ ਨੂੰ ਜਬਰ ਰਾਹੀਂ ਕੁਚਲਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਬੀ.ਜੇ.ਪੀ. ਤੇ ਆਰ.ਐਸ.ਐਸ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਗਤੀ ਦੇ ਨਾਂਅ 'ਤੇ ਅੰਨ੍ਹੇ ਰਾਸ਼ਟਰਵਾਦ ਨੂੰ ਭੜਕਾ ਕੇ ਆਪਣੇ ਫਿਰਕੂ ਫਾਸ਼ੀ ਕਦਮਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਅਤੇ ਦੇਸ਼ 'ਚ ਵੰਡੀਆਂ ਪਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਕੇਂਦਰੀ ਹਕੂਮਤ ਦੇ ਤਾਜਾ ਕਦਮਾਂ ਦਾ ਮਨੋਰਥ ਦੱਖਣੀ ਏਸ਼ੀਆ 'ਚ ਪਸਾਰਵਾਦੀ ਨੀਤੀਆਂ ਤਹਿਤ ਠਾਣੇਦਾਰੀ ਕਰਨ ਦੀ ਧੁੱਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੱਕੀ ਸੰਘਰਸ਼ ਨੂੰ ਫੌਜੀ ਤਾਕਤ ਦੇ ਜ਼ੋਰ ਕੁਚਲਣ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਨੂੰ ਉੱਥੋਂ ਦੇ ਕੁਦਰਤੀ ਅਮੀਰ ਸ੍ਰੋਤਾਂ ਦੀ ਅੰਨੀ ਲੁੱਟ ਕਰਾਉਣ ਰਾਹੀਂ ਲੋਕ ਦੋਖੀ ਆਰਥਿਕ ਸੁਧਾਰਾਂ ਦੇ ਏਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ, ਜਿਸਦੇ ਕਸ਼ਮੀਰੀ ਲੋਕਾਂ ਤੋਂ ਇਲਾਵਾ ਭਾਰਤ ਦੇ ਸਮੂਹ ਕਿਰਤੀ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਮੰਗ ਕੀਤੀ ਕਿ, ਜੰਮੂ ਕਸ਼ਮੀਰ 'ਚੋਂ ਦਹਿਸ਼ਤ ਤੇ ਦਾਬੇ ਦਾ ਮਾਹੌਲ ਖਤਮ ਕਰਕੇ ਰਾਇਸ਼ੁਮਾਰੀ ਕਰਾਉਣ ਰਾਹੀਂ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ, ਧਾਰਾ 370 ਤੇ 35 ਏ ਮਨਸੂਖ ਕਰਨ ਦੇ ਕਦਮ ਵਾਪਸ ਲਏ ਜਾਣ, ਜੰਮੂ ਕਸ਼ਮੀਰ 'ਚ ਮੜ੍ਹੀਆਂ ਸਭ ਪਾਬੰਦੀਆਂ ਖਤਮ ਕੀਤੀਆਂ ਜਾਣ, ਅਫਸਪਾ ਕਾਨੂੰਨ ਵਾਪਸ ਲਿਆ ਜਾਵੇ ਤੇ ਫੌਜਾਂ ਬਾਹਰ ਕੱਢੀਆਂ ਜਾਣ, ਕਾਰਪੋਰੇਟ ਘਰਾਣਿਆਂ ਨੂੰ ਲੁੱਟ ਮਚਾਉਣ ਦੀਆਂ ਦਿੱਤੀਆਂ ਖੁੱਲ੍ਹਾਂ ਰੱਦ ਕੀਤੀਆਂ ਜਾਣ। ਉਹਨਾਂ ਕਿਹਾ ਕਿ ਸੁੱਰਖਿਆਂ ਬਲਾਂ ਵੱਲੋਂ ਪਿਛਲੇ ਤੀਹ ਸਾਲਾਂ 'ਚ 1 ਲੱਖ ਦੇ ਕਰੀਬ ਕਸ਼ਮੀਰੀਆਂ ਨੂੰ ਕਤਲ ਕਰਨ ਅਤੇ ਗਿਆਰਾਂ ਹਜ਼ਾਰ ਦੇ ਕਰੀਬ ਔਰਤਾਂ ਨਾਲ ਬਲਾਤਕਾਰ ਤੇ ਛੇੜਛਾੜ ਕਰਨ, ਸੈਂਕੜੇ ਨੌਜਵਾਨਾਂ, ਔਰਤਾਂ ਤੇ ਬੱਚਿਆਂ ਦੀ ਪੈਲੇਟ ਗੰਨਾਂ ਰਾਹੀਂ ਅੱਖਾਂ ਦੀ ਜੋਤ ਖੋਹਣ ਵਰਗੇ ਜੁਲਮਾਂ ਦੇ ਬਾਵਜੂਦ ਜੇ ਉੱਥੋਂ ਦੇ ਲੋਕਾਂ ਦੀ ਸਵੈ-ਨਿਰਣੇ ਦੇ ਹੱਕ ਲਈ ਉੱਠੀ ਤਾਂਘ ਨੂੰ ਦਬਾਇਆ ਨਹੀਂ ਜਾ ਸਕਿਆ ਤਾਂ ਮੋਦੀ-ਸ਼ਾਹ ਜੋੜੀ ਦੇ ਮੌਜੂਦਾ ਜਾਬਰ ਕਦਮ ਵੀ ਸਫ਼ਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਸ਼ਮੀਰ ਅੰਦਰ ਜੁਬਾਨਬੰਦੀ ਕਰਨ ਤੋਂ ਇਲਾਵਾ ਕਸ਼ਮੀਰੀ ਲੋਕਾਂ ਦੇ ਹੱਕ 'ਚ ਪੰਜਾਬ 'ਚੋਂ ਉੱਠੀ ਅਵਾਜ਼ ਨੂੰ ਕੈਪਟਨ ਸਰਕਾਰ ਵੱਲੋਂ ਦਬਾਉਣ ਦੇ ਕਦਮ ਲੋਕਾਂ ਮਨਾਂ 'ਚ ਜਮਾਂ ਹੋ ਰਹੇ ਰੋਸ ਨੂੰ ਹੋਰ ਵਧਾਉਣਗੇ।
ਇਹਨਾਂ ਇਕੱਠਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ, ਛਿੰਦਰਪਾਲ ਸਿੰਘ, ਜੋਰਾ ਸਿੰਘ ਨਸਰਾਲੀ, ਦਿਲਬਾਗ ਸਿੰਘ ਸਿਧਵਾਂ, ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਅਸ਼ਵਨੀ ਕੁਮਾਰ ਘੁੱਦਾ, ਰਾਜਵਿੰਦਰ ਸਿੰਘ, ਹੁਸ਼ਿਆਰ ਸਿੰਘ ਸਲੇਮਗੜ੍ਹ, ਸੁਖਦੇਵ ਸਿੰਘ ਭੂੰਦੜੀ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਸੋਮਾ, ਨਮਿਤਾ, ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਸੰਬੋਧਨ ਕੀਤਾ।
No comments:
Post a Comment