ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਦੀਆਂ ਸੂਬਾ ਕਮੇਟੀਆਂ ਵੱਲੋਂ ਸੰਗਰੂਰ ਵਿਖੇ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਦੋਹੇਂ ਜਥੇਬੰਦੀਆਂ ਪੰਜਾਬ ਭਰ ਤੇ ਪੰਜਾਬੋਂ ਬਾਹਰ ਵਸਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਤਿੰਨ ਹਫ਼ਤੇ ਲੰਬੀ ਮਾਂ ਬੋਲੀ ਚੇਤਨਾ ਮੁਹਿੰਮ ਚਲਾਉਣਗੀਆਂ | ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਵੱਡੀ ਗਿਣਤੀ ਚਹੁਵਰਕੀ ਪਰਚਾ, ਪੋਸਟਰ, ਰੰਗੀਨ ਸਟਿੱਕਰ ਛਾਪ-ਵੰਡਕੇ ਜਿੱਥੇ ਲੋਕਾਂ ਨੂੰ ਮਾਂ-ਬੋਲੀ ਦੇ ਮਸਲੇ ਸੰਬੰਧੀ ਜਾਗਰੂਕ ਕੀਤਾ ਜਾਵੇਗਾ, ਓਥੇ ਹੀ ਸਮੁੱਚੇ ਇਲਾਕੇ ਦੇ ਕਾਲਜਾਂ, ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ, ਦਫ਼ਤਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਇਸ ਮਸਲੇ ‘ਤੇ ਨੁੱਕੜ ਮੀਟਿੰਗਾਂ, ਸੈਮੀਨਾਰ, ਗੋਸ਼ਟੀਆਂ, ਵਿਚਾਰ-ਚਰਚਾਵਾਂ ਦਾ ਦੌਰ ਚਲਾਇਆ ਜਾਵੇਗਾ | ਇਸ ਲੰਬੀ ਪ੍ਰਚਾਰ ਮੁਹਿੰਮ ਦੀ ਸਿਖਰ ਸਮਾਪਤੀ ਕਰਦਿਆਂ ਮਿਤੀ 7 ਨਵੰਬਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਮਾਂ ਬੋਲੀ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰ ਰਹੇ ਬੁੱਧੀਜੀਵੀ ਬੁਲਾਰਿਆਂ ਵਜੋਂ ਆਪਣੇ ਵਿਚਾਰ ਪੰਜਾਬ ਭਰ ਤੋਂ ਆਏ ਲੋਕਾਂ ਨਾਲ ਸਾਂਝੇ ਕਰਨਗੇ |
ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਬੁਲਾਰੇ ਮਾਨਵ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਪਿਛਲੇ ਸਾਲ 2011 ਤੋਂ ਮਾਂ ਬੋਲੀ ਦੇ ਮਸਲੇ ਨੂੰ ਪੰਜਾਬ ਪੱਧਰ ‘ਤੇ ਉਭਾਰਿਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸਿਰਸਾ ਆਦਿ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਇਸ ਮਸਲੇ ਨੂੰ ਲੈ ਕੇ ਸੈਮੀਨਾਰ, ਗੋਸ਼ਟੀਆਂ ਕਰਵਾਈਆਂ ਗਈਆਂ ਤੇ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਪਰਚਾ ਵੰਡਿਆ ਜਾ ਚੁੱਕਾ ਹੈ ਤਾਂ ਜੋ ਲੋਕਾਂ ਨੂੰ ਮਾਂ ਬੋਲੀ ਤੇ ਇਸ ਦੀ ਮਹੱਤਤਾ ਤੋਂ ਜਾਣੂੰ ਕਰਾਇਆ ਜਾ ਸਕੇ, ਉਹਨਾਂ ਨੂੰ ਇਸ ਦੀ ਲੋੜ ਵੱਲ ਚੇਤੰਨ ਕੀਤਾ ਜਾ ਸਕੇ | ਪਿੱਛੇ ਜਿਹੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਨੂੰ ਗਾਲ਼ਾਂ ਦੀ ਭਾਸ਼ਾ ਕਹਿ ਭੰਡਣਾ ਤੇ ਫੇਰ ਗੁਰਦਾਸ ਮਾਨ ਵੱਲੋਂ ਪੂਰੇ ਮੁਲਕ ਲਈ ਇੱਕ ਭਾਸ਼ਾ ਦੇ ਤੌਰ ‘ਤੇ ਹਿੰਦੀ ਦੀ ਵਕਾਲਤ ਕਰਨ ਦੀ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਤਰਾਂ ਪੰਜਾਬੀ ਲੋਕਾਂ ਨੇ ਇਸ ਮਸਲੇ ਨੂੰ ਲੈ ਕੇ ਵਿਰੋਧ ਜਾਹਰ ਕੀਤਾ ਉਹ ਲੋਕਾਂ ਦੀ ਸੁਚੇਤ ਸੋਚ ਨੂੰ ਹੀ ਦਰਸਾਉਂਦਾ ਹੈ ਕਿ ਕਿਸ ਤਰਾਂ ਪੰਜਾਬੀ ਹੁਣ ਆਪਣੀ ਮਾਂ ਬੋਲੀ ਲਈ ਤੇ ਆਪਣੇ ਨਾਲ ਹੁੰਦੇ ਧੱਕੇ ਬਾਰੇ ਜਾਗਰੂਕ ਹੋ ਰਹੇ ਹਨ | ਲੋਕਾਂ ਦੀ ਇਹ ਪਹਿਲਕਦਮੀ ਅੱਜ ਦੇ ਸਮੇਂ ਵਿੱਚ ਬਹੁਤ ਸਵਾਗਤਯੋਗ ਹੈ ਕਿਉਂਕਿ ਕੇਂਦਰ ਦੀ ਮੋਦੀ ਹਕੂਮਤ ਪੂਰੇ ਭਾਰਤ ਵਿੱਚ ਆਪਣਾ “ਹਿੰਦੀ-ਹਿੰਦੂ-ਹਿੰਦੁਸਤਾਨ” ਦਾ ਫ਼ਿਰਕੂ ਏਜੰਡਾ ਥੋਣਾ ਚਾਹੁੰਦੀ ਹੈ ਜਿਸ ਤਹਿਤ ਹੀ ਅਮਿਤ ਸ਼ਾਹ ਵੱਲੋਂ ਪੂਰੇ ਮੁਲਕ ਲਈ ਹਿੰਦੀ ਭਾਸ਼ਾ ਨੂੰ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਦਾ ਦੱਖਣ ਭਾਰਤ ਸਣੇ ਪੰਜਾਬ ਦੇ ਲੋਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ | ਸਾਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਭਾਰਤ ਇੱਕ ਬਹੁ-ਕੌਮੀ ਮੁਲਕ ਤੇ ਏਥੇ ਬਹੁਤ ਸਾਰੇ ਧਰਮਾਂ ਤੇ ਭਾਸ਼ਾਵਾਂ ਦੇ ਲੋਕ ਵਸਦੇ ਹਨ | ਪੂਰੇ ਦੇਸ਼ ਵਿੱਚ ਇੱਕ ਧਰਮ ਜਾਂ ਇੱਕ ਭਾਸ਼ਾ ਨੂੰ ਥੋਪਣ ਦਾ ਵਿਚਾਰ ਘੋਰ ਗੈਰ-ਜਮਹੂਰੀ ਵਿਚਾਰ ਹੈ ਜੋ ਲੋਕਾਂ ਤੋਂ ਉਹਨਾਂ ਦੀਆਂ ਮਾਂ ਬੋਲੀਆਂ ਤੇ ਸੱਭਿਆਚਾਰ ਖੋਹਣ ਦਾ ਕੰਮ ਕਰੇਗਾ | ਅੱਜ ਸਭ ਸੁਹਿਰਦ, ਸੂਝਵਾਨ ਲੋਕਾਂ ਨੂੰ ਸੰਘ ਤੇ ਦਿੱਲੀ ਦੀ ਕੇਂਦਰੀ ਹਕੂਮਤ ਦੇ ਇਸ ਵਿਚਾਰ ਦਾ ਵਿਰੋਧ ਕਰਨਾ ਚਾਹੀਦਾ ਹੈ |
ਮਾਨਵ ਨੇ ਅੱਗੇ ਦੱਸਿਆ ਕਿ ਦੋਹਾਂ ਜਥੇਬੰਦੀਆਂ ਵੱਲੋਂ ਇਸ ਕਨਵੈਨਸ਼ਨ ਤਹਿਤ ਇਹਨਾਂ ਮੰਗਾਂ ਨੂੰ ਵੀ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾਵੇਗਾ ਕਿ ਭਾਰਤ ਵਿੱਚ ਸਾਰੀਆਂ ਮਾਂ ਬੋਲੀਆਂ ਨੂੰ ਕੌਮੀ ਬੋਲੀ ਦਾ ਦਰਜ ਦਿੱਤਾ ਜਾਵੇ, ਹਰ ਪੱਧਰ ਦੀ ਸਿੱਖਿਆ ਦਾ ਮਾਧਿਅਮ ਮਾਂ ਬੋਲੀਆਂ ਹੋਣ, ਪੰਜਾਬ ਤੇ ਹੋਰ ਸਾਰੇ ਸੂਬਿਆਂ ਵਿੱਚ ਸਭ ਸਰਕਾਰੀ ਤੇ ਪ੍ਰਸ਼ਾਸਨਿਕ ਕੰਮ-ਕਾਜ ਉਹਨਾਂ ਦੀ ਆਪਣੀਆਂ ਮਾਂ ਬੋਲੀਆਂ ਵਿੱਚ ਹੋਵੇ, ਮਾਂ ਬੋਲੀ ‘ਤੇ ਪਾਬੰਦੀ ਲਾਉਣ ਵਾਲੇ ਸਭ ਨਿੱਜੀ ਜਾਂ ਹੋਰ ਸਕੂਲਾਂ ਖ਼ਿਲਾਫ਼ ਸਖ਼ਤ ਕਾਰਗਾਈ ਹੋਵੇ, ਪੰਜਾਬ ਸਰਕਾਰ ਪੰਜਾਬੀ ਦੇ ਵਿਕਾਸ ਤੇ ਖੋਜ ਕਾਰਜਾਂ ਲਈ ਬਕਾਇਦਾ ਸਲਾਨਾ ਫ਼ੰਡ ਜਾਰੀ ਕਰੇ ਤੇ ਪੂਰੇ ਮੁਲਕ ਅੰਦਰ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਥੋਪਣ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਤੁਰੰਤ ਬੰਦ ਕੀਤੀਆਂ ਜਾਣ |
ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਦੇ ਮੈਂਬਰ ਸ਼ਾਮਲ ਸਨ |
No comments:
Post a Comment