15 ਸਤੰਬਰ ਨੂੰ ਪੰਜਾਬ ਵਿੱਚੋਂ ਕਸ਼ਮੀਰ ਦੇ ਹੱਕ ਵਿੱਚ ਅਜਿਹੀ ਧਮਕ ਪਈ ਕਿ 40 ਦਿਨਾਂ ਤੋਂ ਬੋਲ਼ੇ ਮੀਡੀਆ ਨੂੰ ਵੀ ਸੁਣਨਾ ਪੈ ਗਿਆ। “ਕਸ਼ਮੀਰ ਕਸ਼ਮੀਰੀ ਲੋਕਾਂ ਦਾ, ਨਾ ਹਿੰਦ ਪਾਕ ਦੀਆਂ ਜੋਕਾਂ ਦਾ” ਅਤੇ “ਪੰਜਾਬ ਦੇ ਵਿੱਚੋਂ ਉੱਠੀ ਅਵਾਜ, ਕਸ਼ਮੀਰੀ ਸੰਘਰਸ਼ ਜਿੰਦਾਬਾਦ” ਦੇ ਨਾਹਰਿਆਂ ਨਾਲ਼ ਪੰਜਾਬ ਦੇ ਹਜਾਰਾਂ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਬੁੱਧੀਜੀਵੀਆਂ ਨੇ ਜਦੋਂ 15 ਸਤੰਬਰ ਦੀ ਸਵੇਰ ਮੁਹਾਲੀ ਵੱਲ ਵਹੀਰਾਂ ਘੱਤੀਣੀਆਂ ਸ਼ੁਰੂ ਕੀਤੀਆਂ ਤਾਂ ਇਸ ਅਵਾਜ ਨੇ ਹਾਕਮਾਂ ਲਈ ਖੌਫ ਖੜ੍ਹਾ ਕਰ ਦਿੱਤਾ। ਪੰਜਾਬ ਵਿੱਚੋਂ ਉੱਠੀਆਂ ਇਹ ਅਵਾਜਾਂ ਜਬਰ ਤੇ ਟਾਕਰੇ ਦੀ ਅੱਗ ਵਿੱਚ ਮਘ ਰਹੇ ਕਸ਼ਮੀਰੀ ਲੋਕਾਂ ਲਈ ਹਵਾ ਦੇ ਠੰਢੇ ਬੁੱਲੇ ਵਾਂਗ ਹਨ। ਕਸ਼ਮੀਰੀ ਲੋਕਾਂ ਲਈ ਇਉਂ ਅਵਾਜ ਬੁਲੰਦ ਕਰਕੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੇ ਆਪਣੀਆਂ ਜਮਹੂਰੀ ਤੇ ਜੁਝਾਰੂ ਰਵਾਇਤਾਂ ਨੂੰ ਬਰਕਰਾਰ ਰੱਖਿਆ ਹੈ।
5 ਅਗਸਤ ਨੂੰ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀਆਂ ਧਾਰਾ 370 ਤੇ 35-ਏ ਨੂੰ ਮਨਸੂਖ ਕਰਨ ਤੇ ਕਸ਼ਮੀਰ ਦੇ ਦੋ ਟੁਕੜੇ ਕਰਨ ਪਿੱਛੋਂ ਭਾਰਤੀ ਹਾਕਮਾਂ ਨੇ ਕਸ਼ਮੀਰ ਅੰਦਰ ਪਾਬੰਦੀਆਂ ਮੜ੍ਹ ਦਿੱਤੀਆਂ। ਉੱਥੇ ਇੰਟਰਨੈੱਟ, ਮੋਬਾਇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਕਰਫਿਊ ਲਾ ਕੇ ਆਮ ਜਨ-ਜੀਵਨ ਨੂੰ ਠੱਪ ਕਰ ਦਿੱਤਾ ਗਿਆ। ਇਹ ਫੈਸਲਾ ਅਸਲ ਵਿੱਚ 1947 ਤੋਂ ਹੀ ਜਬਰੀ ਅਧੀਨ ਕੀਤੇ ਕਸ਼ਮੀਰ ਨੂੰ ਫੌਜੀ ਰਾਜ ਰਾਹੀਂ ਭਾਰਤ ਦਾ ਹਿੱਸਾ ਬਣਾਈ ਰੱਖਣ ਦੀਆਂ ਨੀਤੀਆਂ ਦਾ ਹੀ ਅਗਲਾ ਕਦਮ ਹੈ। ਇਸ ਅਰਸੇ ਦੌਰਾਨ ਕਸ਼ਮੀਰੀ ਲੋਕਾਂ ਦੀ ਹਰ ਹੱਕੀ ਅਵਾਜ ਨੂੰ ਕੁਚਲਿਆ ਗਿਆ ਹੈ, 90,000 ਤੋਂ ਵੱਧ ਲੋਕ ਕਤਲ ਕੀਤੇ ਗਏ ਹਨ, ਹਜਾਰਾਂ ਲਾਪਤਾ ਹੋਏ, ਹਜਾਰਾਂ ਬੱਚੇ ਯਤੀਮ ਹੋਏ, ਅਨੇਕਾਂ ਔਰਤਾਂ ਨਾਲ਼ ਬਲਾਤਕਾਰ ਕੀਤੇ ਗਏ। ਇਹਨਾਂ ਜਬਰ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਹੀ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਤਾਂਘ ਨੂੰ ਕੁਚਲਣ ਲਈ ਧਾਰਾ 370 ਤੇ 35-ਏ ਨੂੰ ਮਨਸੂਖ ਕੀਤਾ ਗਿਆ।
ਭਾਰਤੀ ਹੁਕਮਰਾਨਾਂ ਦੇ ਹੱਲ ਖਿਲਾਫ ਜੂਝ ਰਹੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਲਈ 24 ਅਗਸਤ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਦੀਆਂ 11 ਜਨਤਕ ਜਮਹੂਰੀ ਜਥੇਬੰਦੀਆਂ ਨੇ ਇਸ ਗੰਭੀਰ ਮਸਲੇ ’ਤੇ ਸਿਰ ਜੋੜਦੇ ਹੋਏ ‘ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ’ ਦਾ ਗਠਨ ਕੀਤਾ। ਇਹਨਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਪੇਂਡੂ ਖੇਤ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਕਿਸਾਨ ਸੰਘਰਸ਼ ਕਮੇਟੀ ਜਥੇਬੰਦੀਆਂ ਸ਼ਾਮਲ ਹੋਈਆਂ। ਇਹਨਾਂ ਜਥੇਬੰਦੀਆਂ ਨੇ ਇਹ ਸਮਝਦਿਆਂ ਕਿ ਧਾਰਾ 370 ਮਨਸੂਖ ਕਰਨ ਦਾ ਇਹ ਨਵਾਂ ਹੱਲਾ ਅਸਲ ਵਿੱਚ 72 ਸਾਲਾਂ ਤੋਂ ਕਸ਼ਮੀਰੀਆਂ ਖਿਲਾਫ ਵਿੱਢੀ ਜੰਗ ਦਾ ਹੀ ਅੰਗ ਹੈ। ਕਸ਼ਮੀਰ ਬਾਰੇ ਸਵੈ-ਨਿਰਣੇ ਦੀ ਜਿਸ ਮੰਗ ਲਈ ਕਸ਼ਮੀਰੀ ਲੋਕ ਜੂਝ ਰਹੇ ਹਨ ਉਸ ਨਾਲ਼ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਇਸ ਕਰਕੇ ਸਿਰਫ ਧਾਰਾ 370 ਤੇ 35-ਏ ਮਨਸੂਖ ਕਰਨ ਦਾ ਵਿਰੋਧ ਕਰਨ ਦੀ ਥਾਂ ਕਸ਼ਮੀਰੀ ਲੋਕਾਂ ਦੇ ਆਪਾ ਨਿਰਣੇ ਦੀ ਮੰਗ ਨੂੰ ਮੁੱਖ ਮੰਗ ਵਜੋਂ ਉਭਾਰਨ ਦਾ ਫੈਸਲਾ ਕੀਤਾ ਗਿਆ ਤੇ ਇਸ ਨਾਲ਼ ਹੀ ਧਾਰਾ 370, 35-ਏ ਬਹਾਲ ਕਰਨ, ਕਸ਼ਮੀਰ ਵਿੱਚੋਂ ਫੌਜਾਂ ਵਾਪਸ ਬੁਲਾਉਣ ਤੇ ਉੱਥੇ ਜਾਰੀ ਜਬਰ ਬੰਦ ਕਰਨ ਦੀਆਂ ਮੰਗਾਂ ਸ਼ਾਮਲ ਕੀਤੀਆਂ ਗਈਆਂ। ਇਸ ਕਮੇਟੀ ਨੇ ਫੈਸਲਾ ਕੀਤਾ ਕਿ ਇਹਨਾਂ ਮੰਗਾਂ ਤਹਿਤ ਪੰਜਾਬ ਦੇ ਕਿਰਤੀਆਂ, ਮਜ਼ਦੂਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ 1 ਲੱਖ ਦੀ ਗਿਣਤੀ ਵਿੱਚ ਦੁਵਰਕੀ ਤੇ 26,500 ਪੋਸਟਰ ਛਾਪਿਆ ਜਾਵੇਗਾ। ਸੂਬੇ ਭਰ ਵਿੱਚ ਕਸ਼ਮੀਰੀ ਲੋਕਾਂ ਦੇ ਹੱਕ ਤੇ ਭਾਰਤੀ ਹੁਕਮਰਾਨਾਂ ਦੇ ਜਾਬਰ ਹੱਲੇ ਖਿਲਾਫ ਮੁਹਿੰਮ ਚਲਾਉਂਦੇ ਹੋਏ ਕਸ਼ਮੀਰ ਦੀ ਹਕੀਕੀ ਤਸਵੀਰ ਨੂੰ ਲੋਕ ਮਨਾਂ ਦਾ ਹਿੱਸਾ ਬਣਾਇਆ ਜਾਵੇਗਾ। ਹੇਠਲੇ ਪੱਧਰ ਤੋਂ ਮੀਟਿੰਗਾਂ, ਨੁੱਕੜ ਸਭਾਵਾਂ, ਰੈਲੀਆਂ ਜਿਹੀਆਂ ਸਰਗਰਮੀਆਂ ਸ਼ੁਰੂ ਕਰਕੇ 3 ਤੋਂ 10 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਰੋਸ ਰੈਲੀਆਂ, ਮੁਜਾਹਰੇ ਤੇ ਕਨਵੈਨਸ਼ਨਾਂ ਕਰਨ ਤੇ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ। 15 ਸਤੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ ਕਰਕੇ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਵਿਉਂਤ ਬਣਾਈ ਗਈ ਤਾਂ ਕਿ ਇਸਨੂੰ ਦੇਸ਼ ਪੱਧਰ ’ਤੇ ਸੁਰਖੀਆਂ ਦਾ ਹਿੱਸਾ ਬਣਾਇਆ ਜਾ ਸਕੇ।
ਜਥੇਬੰਦੀਆਂ ਅੰਦਰ ਹੇਠਾਂ ਤੱਕ ਭਰਵੀਆਂ ਸਿੱਖਿਆਦਾਈ ਮੀਟਿੰਗਾਂ ਦੇ ਸਿਲਸਲੇ ਰਾਹੀਂ ਇਸ ਮੁਹਿੰਮ ਨੂੰ ਆਪਣੀਆਂ ਸਫਾਂ ਦਾ ਹਿੱਸਾ ਬਣਾਉਦੇ ਹੋਏ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਲੋਕਾਂ ਵਿੱਚ ਵੱਖ-ਵੱਖ ਢੰਗਾਂ ਰਾਹੀਂ ਗੱਲਬਾਤ ਲਿਜਾਦੇ ਹੋਏ ਕਸ਼ਮੀਰੀ ਲੋਕਾਂ ਦੇ ਸੰਘਰਸ਼ ਤੇ ਭਾਰਤੀ ਤੇ ਪਾਕਿਸਤਾਨੀ ਹਾਕਮਾਂ ਵੱਲੋਂ ਕਸ਼ਮੀਰੀ ਕੌਮ ਦੇ ਘਾਣ ਬਾਰੇ ਚਾਨਣਾ ਪਾਇਆ ਗਿਆ। ਇਸ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬੀ ਲੋਕ ਮਨਾਂ ਅੰਦਰ ਆਪਣੇ ਨਾਲ਼ ਹੋਏ ਕੌਮੀ ਵਿਤਕਰੇ ਤੇ ਜਬਰ ਕਾਰਨ ਕਸ਼ਮੀਰ ਨਾਲ਼ ਡੂੰਘੀ ਹਮਦਰਦੀ ਤੇ ਸਾਂਝ ਅਤੇ ਭਾਰਤੀ ਹਾਕਮਾਂ ਪ੍ਰਤੀ ਨਫਰਤ ਹੈ। ਪੰਜਾਬ ਦੀ ਅਵਾਮ ਕਸ਼ਮੀਰੀ ਲੋਕਾਂ ਦੀ ਪੀੜ ਨੂੰ ਮਹਿਸੂਸ ਕਰਦੀ ਹੈ। ਭਾਵੇਂ ਹਾਕਮਾਂ ਵੱਲੋਂ ਪ੍ਰਚਾਰੇ ਜਾਂਦੇ ‘ਅਖੰਡ ਭਾਰਤ’ ਦੇ ਨਾਹਰੇ ਕਾਰਨ ਕੁੱਝ ਹਿੱਸਿਆਂ ਨੂੰ ਕਸ਼ਮੀਰ ਦੇ ਸਵੈ-ਨਿਰਣੇ ਦੀ ਮੰਗ ਅਜੀਬ ਲੱਗਦੀ ਹੈ ਪਰ ਕਸ਼ਮੀਰ ਦੇ ਇਤਿਹਾਸ ਤੇ ਭਾਰਤੀ ਹਾਕਮਾਂ ਵੱਲੋਂ ਉਹਨਾਂ ਨਾਲ਼ ਕੀਤੇ ਧੋਖੇ ਬਾਰੇ ਜਾਣਕੇ ਉਹ ਸਵੈ-ਨਿਰਣੇ ਦੀ ਜਮਹੂਰੀ ਮੰਗ ਨਾਲ਼ ਸਹਿਮਤ ਹੋ ਜਾਂਦੇ ਹਨ।
ਇਹਨਾਂ ਤਿਆਰੀਆਂ ਨਾਲ਼ 3 ਤੋਂ 10 ਮਾਰਚ ਤੱਕ ਸੰਗਰੂਰ, ਮੋਗਾ, ਪਟਿਆਲਾ, ਅੰਮਿ੍ਰਤਸਰ, ਬਰਨਾਲਾ, ਮੁਕਤਸਰ, ਮਾਨਸਾ, ਫਰੀਦਕੋਟ, ਲੁਧਿਆਣਾ, ਤਰਨਤਾਰਨ, ਬਠਿੰਡਾ, ਨਕੋਦਰ ਅਤੇ ਖੰਨਾ ਵਿਖੇ ਜ਼ਿਲ੍ਹਾ/ਬਲਾਕ ਪੱਧਰੀ ਰੋਸ ਰੈਲੀਆਂ ਕਰਦੇ ਹੋਏ ਮਾਰਚ ਕੱਢਿਆ ਗਿਆ। ਇਹਨਾਂ ਇਕੱਠਾਂ ਵਿੱਚ 7000 ਦੇ ਕਰੀਬ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਕਸ਼ਮੀਰ ਪ੍ਰਤੀ ਲੋਕ ਮਨਾਂ ਅੰਦਰਲੀ ਸਾਂਝ ਇਸ ਹੱਦ ਤੱਕ ਬਲਵਾਨ ਸੀ ਕਿ ਲੋਕਾਂ ਨੇ 3-4 ਘੰਟਿਆਂ ਤੱਕ ਵੀ ਬਿਨਾਂ ਹੀਲ-ਹੁੱਜਤ ਦੇ ਇਹਨਾਂ ਰੈਲੀਆਂ ਵਿੱਚ ਬੁਲਾਰਿਆਂ ਨੁੰ ਸੁਣਿਆ।
ਸੂਬੇ ਵਿੱਚ ਇਸ ਮੁਹਿੰਮ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ 15 ਸਤੰਬਰ ਨੂੰ ਮੁਹਾਲੀ ਵਿਖੇ ਕੀਤੇ ਜਾ ਰਹੇ ਇਕੱਠ ਉੱਪਰ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ। ਇਸ ਪਾਬੰਦੀ ਨਾਲ਼ ਪੰਜਾਬ ਸਰਕਾਰ ਦਾ ਵੀ ਅਸਲ ਚਿਹਰਾ ਨੰਗਾ ਹੋ ਗਿਆ ਜੋ ਜੁਬਾਨੀ-ਕਲਾਮੀ ਕਸ਼ਮੀਰ ਦੇ ਮਸਲੇ ’ਤੇ ਭਾਜਪਾ ਦਾ ਵਿਰੋਧ ਕਰ ਰਹੀ ਸੀ। ਇਸਨੇ ਸਾਬਿਤ ਕਰ ਦਿੱਤਾ ਹੈ ਕਿ ਹਾਕਮ ਜਮਾਤਾਂ ਦੀਆਂ ਸਭ ਪਾਰਟੀਆਂ ਕਸ਼ਮੀਰ ਦੇ ਮਸਲੇ ’ਤੇ ਇੱਕਮਤ ਹਨ। ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਵੱਲੋਂ ਮੁਹਾਲੀ ਦੇ ਮੁਜ਼ਹਾਰੇ ਦੀ ਜਗ੍ਹਾ ਦੀ ਦਰਖਾਸਤ ਨੂੰ ਇਹ ਕਹਿ ਕੇ ਰੱਦਿਆ ਗਿਆ ਕਿ ਇਸ ਨਾਲ਼ ਦੰਗੇ ਭੜਕ ਸਕਦੇ ਹਨ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਕਸ਼ਮੀਰੀ ਵਿਦਿਆਰਥੀ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ। ਮੁਹਾਲੀ ਵਿਖੇ ਟੈਂਟ ਲਾ ਰਹੇ ਟੈਂਟ ਮਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਮਗਰੋਂ ਜਥੇਬੰਦੀਆਂ ਦੇ ਦਬਾਅ ਹੇਠ ਆਪਣੇ ਵਾਹਨ ਵਿੱਚ ਉਸਨੂੰ ਘਰ ਵੀ ਛੱਡਕੇ ਆਈ। ਪਰ ਇਸਦੇ ਬਾਵਜੂਦ ਕਮੇਟੀ ਨੇ ਐਲਾਨ ਕੀਤਾ ਕਿ 15 ਸਤੰਬਰ ਦੀ ਰੈਲੀ ਰੱਦ ਨਹੀਂ ਕੀਤੀ ਜਾਵੇਗੀ।
ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨ 15 ਸਤੰਬਰ ਦੀ ਸਵੇਰ ਤੋਂ ਹੀ ਸੂਬੇ ਵਿੱਚ ਵੱਖ-ਵੱਖ ਥਾਂ ਇਕੱਠੇ ਹੋ ਰਹੇ ਕਾਫਲਿਆਂ ਨੂੰ ਰੋਕਣ ਲਈ ਸਰਗਰਮ ਹੋ ਗਏ। ਅਨੇਕਾਂ ਥਾਵਾਂ ’ਤੇ ਬੱਸਾਂ, ਟੈਂਪੂਆਂ ਦੇ ਮਾਲਕਾਂ ਨੂੰ ਡਰਾ-ਧਮਕਾ ਕੇ ਉਹਨਾਂ ਨੂੰ ਵਾਹਨ ਭੇਜਣ ਤੋਂ ਵਰਜਿਆ ਗਿਆ ਤੇ ਸੂਬੇ ਵਿੱਚ ਥਾਂ-ਥਾਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ। ਇੰਝ ਰਾਹ ਰੋਕਣ ਕਾਰਨ ਰੋਹ ’ਚ ਆਏ ਹਜਾਰਾਂ ਦੀ ਗਿਣਤੀ ’ਚ ਕਿਸਾਨਾਂ, ਪੇਂਡੂ ਖੇਤ ਮਜ਼ਦੂਰਾਂ, ਨੌਜਵਾਨਾਂ ਵਿਦਿਆਰਥੀਆਂ ਤੇ ਔਰਤਾਂ ਵੱਲੋਂ ਪੰਜਾਬ ਦੇ 10 ਜ਼ਿਲਿ੍ਹਆਂ ’ਚ 16 ਥਾਂਵਾਂ ’ਤੇ ਸੜਕਾਂ ਠੱਪ ਕਰਕੇ ਮੋਦੀ ਤੇ ਕੈਪਟਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਸ਼ਹਿਰਾਂ ’ਚ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। ਇਸਤੋਂ ਇਲਾਵਾ ਕੈਪਟਨ ਹਕੂਮਤ ਦੀਆਂ ਸਭ ਪਾਬੰਦੀਆਂ ਦੇ ਬਾਵਜੂਦ ਰੋਹ ਭਰਪੂਰ ਕਾਫ਼ਲਿਆਂ ਵੱਲੋਂ ਮੁਹਾਲੀ ’ਚ ਦਾਖ਼ਲ ਹੋ ਕੇ ਆਪਣੀ ਅਵਾਜ਼ ਜ਼ੋਰਦਾਰ ਬੁਲੰਦ ਕੀਤੀ ਗਈ। ਇਸੇ ਦੌਰਾਨ ਦੁਸ਼ਹਿਰਾ ਗਰਾਊਂਡ ਮੁਹਾਲੀ ਪੁੱਜੇ ਨਮਿਤਾ, ਮਾਨਵ, ਰਵਿੰਦਰ ਤੇ ਅਮਨਦੀਪ ਸਮੇਤ 30 ਵਿਅਕਤੀਆਂ ਜਿਹਨਾਂ ’ਚ 10 ਕੁੜੀਆਂ ਵੀ ਸ਼ਾਮਿਲ ਹਨ ਨੂੰ ਪੁਲਿਸ ਗਿ੍ਰਫਤਾਰ ਕਰਕੇ ਲੈ ਗਈ, ਜਿਹਨਾਂ ਨੂੰ ਲੋਕਾਂ ਦੇ ਦਬਾਅ ਕਾਰਨ ਆਖ਼ਰ ਛੱਡਣਾ ਪਿਆ। ਸਾਰੀਆਂ ਰੋਕਾਂ ਨੂੰ ਚੀਰ ਕੇ ਮੋਹਾਲੀ ਰੇਲਵੇ ਸਟੇਸ਼ਨ ਪਹੁੰਚੇ ਮਜਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਦੇ ਇੱਕ ਕਾਫਲੇ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਪਰ ਲੋਕ ਦਬਾਅ ਕਾਰਨ ਉਸ ਕਾਫਲੇ ਨੂੰ ਛੱਡਣਾ ਪਿਆ। ਇਹ ਲਾਮਬੰਦੀ ਇੰਨੀ ਜਬਰਦਸਤ ਤੇ ਪ੍ਰਭਾਵਸ਼ਾਲੀ ਰਹੀ ਕਿ ਕਸ਼ਮੀਰ ਉੱਪਰ ਚੁੱਪ ਵੱਟੀ ਬੈਠੇ ਮੁੱਖ ਧਾਰਾ ਦੇ ਮੀਡੀਆ ਦੇ ਅਨੇਕਾਂ ਹਿੱਸਿਆਂ ਲਈ ਇਸ ਖ਼ਬਰ ਤੋਂ ਕੰਨੀ ਕਤਰਾਉਣੀ ਔਖੀ ਹੋ ਗਈ ਤੇ ਪੂਰੇ ਦੇਸ਼ ਵਿੱਚ ਕਸ਼ਮੀਰ ਦੇ ਹੱਕ ਵਿੱਚ ਉਹਨਾਂ ਦੀ ਅਵਾਜ ਦੀ ਗੂੰਜ ਸੁਣਾਈ ਦਿੱਤੀ।
ਵੱਖ-ਵੱਖ ਥਾਵਾਂ ਉੱਪਰ ਲੋਕਾਂ ਨੂੰ ਸੰਬੋਧਨ ਕਰਦਿਆਂ ਸਭ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਦੀ ਜਾਬਰ ਨੀਤੀਆਂ ਖਿਲਾਫ ਅਤੇ ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੇ ਪੱਖ ਵਿੱਚ ਉਹ ਆਪਣੀ ਅਵਾਜ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚਾਉਣ ਤੇ ਲੋਕਾਂ ਨੂੰ ਕਸ਼ਮੀਰ ਦੇ ਹੱਕ ਵਿੱਚ ਲਾਮਬੰਦ ਕਰਨ ਵਿੱਚ ਕਾਮਯਾਬ ਰਹੇ ਹਨ। ਪੰਜਾਬ ਸਰਕਾਰ ਵੱਲੋਂ ਰੋਕਣ ਦੀਆਂ ਇਹ ਕੋਸ਼ਿਸ਼ਾਂ ਇਹ ਗੱਲ ਦੀਆਂ ਗਵਾਹ ਹਨ ਕਿ ਕਸ਼ਮੀਰ ਦੇ ਪੱਖ ਵਿੱਚ ਇਸ ਅਵਾਜ ਨੇ ਹਾਕਮਾਂ ਅੰਦਰ ਇੱਕ ਖੌਫ ਪੈਦਾ ਕੀਤਾ ਹੈ। ਇਸ ਪੂਰੀ ਮੁਹਿੰਮ ਦੌਰਾਨ ਹਜਾਰਾਂ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਇਸ ਚੇਤਨਾ ਦੀ ਪਾਣ ਚੜ੍ਹੀ ਹੈ ਕਿ ਦੇਸ਼ ਵਿਚਲੀਆਂ ਧਰਮਾਂ, ਜਾਤਾਂ, ਫਿਰਕਿਆਂ ਤੇ ਮਜਹਬਾਂ ਦੀ ਵੰਡ ਤੋਂ ਉੱਪਰ ਉੱਠ ਕੇ ਸਭ ਕਿਰਤੀਆਂ, ਮਜ਼ਦੂਰਾਂ ਦੀ ਇੱਕ ਸਾਂਝ ਬਣਦੀ ਹੈ ਜੋ ਦੇਸ਼ ਦੇ ਹਾਕਮਾਂ ਦੇ ਜਬਰ, ਜੁਲਮਾਂ ਤੇ ਲੁੱਟ ਖਿਲਾਫ ਉਹਨਾਂ ਦੀ ਤਾਕਤ ਹੈ। ਉਹਨਾਂ ਨੇ ਆਪਣੀ ਜਥੇਬੰਦ ਏਕੇ ਦੀ ਤਾਕਤ ਦੇ ਮਹੱਤਵ ਨੂੰ ਪਛਾਣਿਆ ਜਿਸਤੋਂ ਹਾਕਮ ਜਮਾਤਾਂ ਨੂੰ ਧੁੜਕੂ ਲੱਗਦਾ ਹੈ। ਆਪਣੀ ਇਸ ਤਾਕਤ ਸਦਕਾ ਹੀ ਉਹਨਾਂ ਨੇ ਹੋਰ ਬਹੁਤ ਜੰਗਾਂ ਲੜਨੀਆਂ ਤੇ ਜਿੱਤਣੀਆਂ ਹਨ।