Monday, 23 March 2015

ਜਮਹੂਰੀ-ਧਰਮ ਨਿਰਪੱਖ ਜੱਥੇਬੰਦੀਆਂ ਵੱਲੋਂ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ

ਲੰਘੀ 22 ਮਾਰਚ 2015 ਨੂੰ ਲੁਧਿਆਣਾ ਵਿਖੇ ਈ.ਡਬਲਿਊ.ਐਸ. ਕਲੋਨੀ (ਤਾਜਪੁਰ ਰੋਡ) ਵਿੱਚ ਪੰਜ ਜਥੇਬੰਦੀਆਂ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ; ਨੌਜਵਾਨ ਭਾਰਤ ਸਭਾ; ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਨੇ ਧਾਰਮਿਕ ਫਿਰਕਾਪ੍ਰਸਤੀ ਖ਼ਿਲਾਫ਼ ਲੋਕ ਲਹਿਰ ਉਸਾਰ ਕੇ ਜੁਝਾਰੂ ਲੜਾਈ ਲੜਨ ਦਾ ਅਹਿਦ ਕੀਤਾ। ਇਹ ਕਨਵੈਨਸ਼ਨ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ 84ਵੀਂ ਸ਼ਹਾਦਤ ਵਰ੍ਹੇਗੰਢ ਨੂੰ ਸਮਰਪਤ ਕੀਤੀ ਗਈ। 
”ਫਿਰਕਪ੍ਰਸਤੀ ਮੁਰਦਾਬਾਦ!”, ”ਲੋਕ ਏਕਤਾ ਜਿੰਦਾਬਾਦ!”, ”ਅਮਰ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!” ਆਦਿ ਅਕਾਸ਼ ਗੂੰਜਵੇਂ ਨਾਹਰਿਆਂ ਅਤੇ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਪੇਸ਼ ਜੁਝਾਰੂ ਗੀਤ-ਸੰਗੀਤ ਨਾਲ਼ ਸ਼ੁਰੂ ਹੋਈ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਿਤ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਫਿਰਕੂ ਫਾਸੀਵਾਦ ਇਸ ਸਮੇਂ ਬਹੁਤ ਵੱਡਾ ਖਤਰਾ ਬਣਾ ਚੁੱਕਿਆ ਹੈ ਜਿਸਨੂੰ ਬਹੁਤ ਗੰਭੀਰਤਾ ਨਾਲ਼ ਲੈਣਾ ਚਾਹੀਦਾ ਹੈ। ਹਿੰਦੂਤਵੀ ਕੱਟੜਪੰਥੀਆਂ ਦੀ ਤਾਕਤ ਵੱਧ ਹੋਣ ਕਾਰਨ ਘੱਟ-ਗਿਣਤੀ ਧਰਮ ਦੇ ਲੋਕਾਂ ਮੁਸਲਮਾਨਾਂ, ਇਸਾਈਆਂ, ਸਿੱਖਾਂ ਉੱਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਆਰ.ਐਸ.ਐਸ. (ਭਾਜਪਾ ਜਿਸਦਾ ਸਿਆਸੀ ਸੰਸਦੀ ਵਿੰਗ ਹੈ) ਆਪਣੀਆਂ ਦਰਜਨਾਂ ਰੰਗ-ਬਰੰਗੀਆਂ ਜੱਥੇਬੰਦੀਆਂ-ਸੰਸਥਾਵਾਂ ਰਾਹੀਂ ਹਿੰਦੂਤਵੀ ਫਿਰਕਾਪ੍ਰਸਤੀ ਦੀ ਗੰਦੀ ਖੇਡ ਖੇਡ ਰਹੀ ਹੈ। ਹਿੰਦੂਤਵੀ ਕੱਟੜਪੰਥੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਫਾਇਦਾ ਲੈ ਕੇ ਘੱਟ-ਗਿਣਤੀ ਧਰਮਾਂ ਦੇ ਫਿਰਕਾਪ੍ਰਸਤ ਕੱਟੜਪੰਥੀ ਵੀ ਸਾਰੇ ਹਿੰਦੂਆਂ ਨੂੰ ਹੀ ਘੱਟ-ਗਿਣਤੀਆਂ ਦਾ ਦੁਸ਼ਮਣ ਦੱਸਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। 
ਫਿਰਕਾਪ੍ਰਸਤੀ ਫੈਲਾਉਣ ਪਿੱਛੇ ਲੁਕੀਆਂ ਸਾਜਿਸ਼ਾਂ ਬਾਰੇ ਗੱਲ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਮਾਏਦਾਰਾ ਹਾਕਮ ਫਿਰਕਾਪ੍ਰਸਤੀ ਫੈਲਾ ਕੇ, ਲੋਕਾਂ ਦੇ ਭਾਈਚਾਰੇ ਅਤੇ ਜਮਾਤੀ ਏਕੇ ਨੂੰ ਕਮਜ਼ੋਰ ਕਰਕੇ ਘੋਰ ਲੋਕ-ਵਿਰੋਧੀ ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਪਿਛਲੇ ਢਾਈ ਦਹਾਕਿਆਂ ਵਿੱਚ ਇਹਨਾਂ ਨੀਤੀਆਂ ਨੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ ਅਤੇ ਸਰਮਾਏਦਾਰਾ ਹਾਕਮਾਂ ਖ਼ਿਲਾਫ਼ ਭਾਰੀ ਗੁੱਸਾ ਪੈਦਾ ਹੋਇਆ ਹੈ। ਇਸ ਸਮੇਂ ਸੰਸਾਰ ਸਰਮਾਏਦਾਰਾ ਅਰਥਚਾਰਾ ਅਤੇ ਇਸੇ ਦੇ ਅੰਗ ਵਜੋਂ ਭਾਰਤੀ ਅਰਥਚਾਰਾ ਗੰਭੀਰ ਆਰਥਿਕ ਮੰਦੀ ਦਾ ਸ਼ਿਕਾਰ ਹੈ ਅਤੇ ਇਹ ਮੰਦੀ ਲਗਾਤਾਰ ਗਹਿਰਾਉਂਦੀ ਜਾ ਰਹੀ ਹੈ। ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਬਦਹਾਲੀ ਤੇਜੀ ਨਾਲ਼ ਵਧ ਰਹੀ ਹੈ। ਮਜ਼ਦੂਰਾਂ ਨੂੰ ਪਹਿਲਾਂ ਹੀ ਨਾਂਹ ਦੇ ਬਰਾਬਰ ਕਿਰਤ ਹੱਕ ਮਿਲ਼ੇ ਹੋਏ ਹਨ ਤੇ ਉੱਪਰੋਂ ਸਰਕਾਰ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਭਾਰੀ ਬਦਲਾਅ ਕਰ ਰਹੀ ਹੈ। ਲੋਕਾਂ ਤੋਂ ਸਿਹਤ, ਸਿੱਖਿਆ, ਆਵਾਜਾਈ, ਭੋਜਨ, ਬਿਜਲੀ, ਪਾਣੀ, ਆਦਿ ਜਰੂਰਤਾਂ ਨਾਲ਼ ਸਬੰਧਤ ਸਰਕਾਰੀ ਸਹੂਲਤਾਂ ਉੱਤੇ ਵੱਡੀਆਂ ਕਟੌਤੀਆਂ ਜਾਰੀ ਹਨ। ਲੋਕਾਂ ਤੋਂ ਜ਼ਮੀਨਾਂ ਜਬਰੀ ਖੋਹਕੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਘੋਰ ਲੋਕ-ਵਿਰੋਧੀ ਕਨੂੰਨ ਪਾਸ ਕੀਤੇ ਜਾ ਰਹੇ ਹਨ। ਅਜਿਹੀਆਂ ਹਾਲਤਾਂ ਵਿੱਚ ਲੋਕਾਂ ਦੇ ਵਿਰੋਧ ਨੂੰ ਕੁਚਲਣ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਜਮਹੂਰੀ ਹੱਕ ਖੋਹੇ ਜਾਣ, ਲੋਕਾਂ ਵਿੱਚ ਫੁੱਟ ਪਾਈ ਜਾਵੇ। ਜਿਵੇਂ-ਜਿਵੇਂ ਉਦਾਰੀਕਰਨ ਦੀਆਂ ਨੀਤੀਆਂ ਤਿੱਖੀਆਂ ਹੁੰਦੀਆਂ ਗਈਆਂ ਹਨ ਤਿਵੇਂ-ਤਿਵੇਂ ਫਿਰਕਾਪ੍ਰਸਤ ਤਾਕਤਾਂ ਵੀ ਵਧੇਰੇ ਸਰਗਰਮ ਹੁੰਦੀਆਂ ਗਈਆਂ ਤੇ ਹਿੰਦੂਤਵੀ ਫਾਸੀਵਾਦ ਦਾ ਖਤਰਾ ਵਧਦਾ ਗਿਆ ਹੈ। ਕੇਂਦਰ ਵਿੱਚ ਕੁੱਝ ਮਹੀਨੇ ਪਹਿਲਾਂ ਬਣੀ ਮੋਦੀ ਸਰਕਾਰ ਨੇ ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਸਖਤੀ ਨਾਲ਼ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਂਦੀ ਹੈ ਅਤੇ ਇਸੇ ਦੌਰਾਨ ਹੀ ਹਿੰਦੂਤਵੀ ਫਿਰਕਾਪ੍ਰਸਤ ਤਾਕਤਾਂ ਹੋਰ ਵੀ ਭੂਤਰ ਗਈਆਂ ਹਨ। ਹਿੰਦੂਤਵੀ ਕੱਟੜਪੰਥੀਆਂ ਦੇ ਘੱਟ-ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਈਸਾਈਆਂ ਖ਼ਿਲਾਫ਼ ਭੰਡੀ ਪ੍ਰਚਾਰ ਅਤੇ ਹਿੰਸਕ ਹਮਲੇ ਬਹੁਤ ਵਧ ਗਏ ਹਨ। 
ਬੁਲਾਰਿਆਂ ਨੇ ਕਿਹਾ ਕਿ ਧਰਮ ਦੇ ਨਾਂ ਉੱਤੇ ਹੋਣ ਵਾਲੇ ਦੰਗਿਆਂ-ਕਤਲੇਆਮਾਂ ਵਿੱਚ ਔਰਤਾਂ ਨੂੰ ਵੱਡੇ ਪੱਧਰ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਰੇ ਧਰਮਾਂ ਦੇ ਕੱਟੜਪੰਥੀ ਔਰਤਾਂ ਦੀ ਮਨੁੱਖੀ ਅਜ਼ਾਦੀ ਦੇ ਘੋਰ ਵਿਰੋਧੀ ਹਨ। ਹਿੰਦੂਤਵੀ ਕੱਟੜਪੰਥੀਆਂ ਵੀ ਇਹੋ ਕੁੱਝ ਕਰਦੇ ਹਨ। ਹਿੰਦੂਤਵੀ ਕੱਟੜਪੰਥੀ ਦਲਿਤਾਂ ਦੇ ਵੀ ਘੋਰ ਵਿਰੋਧੀ ਹਨ ਅਤੇ ਉਹਨਾਂ ਉੱਤੇ ਜਾਤ ਅਧਾਰਤ ਦਾਬਾ ਕਾਇਮ ਰੱਖਣਾ ਚਾਹੁੰਦੇ ਹਨ। ਪੰਜਾਬ ਵਿੱਚ ਯੂ.ਪੀ.-ਬਿਹਾਰ ਤੇ ਹੋਰ ਸੂਬਿਆਂ ਤੋਂ ਆਏ ਲੋਕਾਂ ਖਿਲਾਫ਼ ਨਫਰਤ ਭੜਕਾਉਣ ਦੀਆਂ ਸਾਜਿਸ਼ਾਂ ਵੀ ਤੇਜ਼ ਹੋਈਆਂ ਹਨ। ਖਾਲਿਸਤਾਨੀ ਫਿਰਕਾਪ੍ਰਸਤ ਲੋਕਾਂ ਨੂੰ ਹਿੰਦੂਆਂ ਅਤੇ ਵੱਖ-ਵੱਖ ਡੇਰਿਆਂ ਖਿਲਾਫ਼ ਭੜਕਾ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ, ਪੁਲਿਸ, ਪ੍ਰਸ਼ਾਸਨ, ਅਦਾਲਤਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਲੋਕਾਂ ਦਾ ਆਪਸੀ ਭਾਈਚਾਰਾ ਅਤੇ ਇੱਕਮੁੱਠਤਾ ਹੀ ਲੋਕਾਂ ਦਾ ਸਹਾਰਾ ਬਣ ਸਕਦੀ ਹੈ। ਸੰਨ 1984 ਦੇ ਸਿੱਖਾਂ ਦੇ ਕਤਲੇਆਮ, ਗੁਜਰਾਤ- 2002 ਵਿੱਚ ਮੁਸਲਮਾਨਾਂ ਦੇ ਕਤਲੇਆਮ, ਓਡੀਸ਼ਾ-2007-08 ਇਸਾਈਆਂ ਦੇ ਕਤਲੇਆਮ ਸਮੇਤ ਸਭਨਾਂ ਧਾਰਮਿਕ ਕਤਲੇਆਮਾਂ ਅਤੇ ਦੰਗਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ਼ੀ। ਲੋਕਾਂ ਦਾ ਆਪਸੀ ਭਾਈਚਾਰਾ ਹੀ ਦੰਗਿਆਂ-ਕਤਲੇਆਮਾਂ ਵਿੱਚ ਲੋਕਾਂ ਦਾ ਸਹਾਰਾ ਬਣਦਾ ਰਿਹਾ ਹੈ ਅਤੇ ਲੋਕਾਂ ਦੀ ਇੱਕਮੁੱਠ ਤਾਕਤ ਹੀ ਇਨਸਾਫ਼ ਦਵਾ ਸਕਦੀ ਹੈ। 
ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੁ ਦੀ ਸ਼ਹਾਦਤ ਨੂੰ ਸਮਰਪਿਤ ਇਸ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਵਿੱਚ ਸਾਨੂੰ ਫਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਤਿੱਖੀ ਲੜਾਈ ਦਾ ਪ੍ਰਣ ਕਰਨਾ ਹੋਵੇਗਾ। ਫਿਰਕਾਪ੍ਰਸਤ ਫਾਸੀਵਾਦ ਖ਼ਿਲਾਫ਼ ਲੜਾਈਆਂ ਇਨਕਲਾਬੀ, ਜਮਹੂਰੀ, ਧਰਮ-ਨਿਰਪੱਖ, ਇਨਸਾਫ-ਪਸੰਦ ਲੋਕਾਂ ਤੋਂ ਭਾਰੀ ਕੁਰਬਾਨੀਆਂ ਦੀ ਮੰਗ ਕਰਦੀਆਂ ਹਨ। ਹਿਟਲਰ-ਮੁਸੋਲਨੀ ਦੀਆਂ ਭਾਰਤੀ ਫਾਸੀਵਾਦੀ ਔਲਾਦਾਂ ਨੂੰ ਮਿੱਟੀ ਵਿੱਚ ਮਿਲ਼ਾਉਣ ਲਈ ਲੋਕਾਂ ਨੂੰ ਬੇਹੱਦ ਔਖੀ ਲੜਾਈ ਲੜਨੀ ਪਵੇਗੀ। 
ਬੁਲਾਰਿਆਂ ਨੇ ਕਿਹਾ ਕਿ ਸਾਰੇ ਹੀ ਧਰਮਾਂ ਨਾਲ਼ ਜੁੜੀ ਫਿਰਕਾਪ੍ਰਸਤੀ ਲੋਕਾਂ ਦੀ ਦੁਸ਼ਮਣ ਹੈ ਅਤੇ ਇਸ ਖ਼ਿਲਾਫ਼ ਸਾਰੀਆਂ ਧਰਮ-ਨਿਰਪੱਖ ਅਤੇ ਜਮਹੂਰੀ ਤਾਕਤਾਂ ਨੂੰ ਅੱਗੇ ਆਉਣਾ ਹੋਵੇਗਾ। ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਦੇ ਆਰਥਿਕ-ਸਮਾਜਿਕ-ਸਿਆਸੀ ਹੱਕਾਂ ਲਈ ਉੱਸਰੀ ਜੁਝਾਰੂ ਲੋਕ ਲਹਿਰ ਹੀ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਦਾ ਮੁਕਾਬਲਾ ਕਰ ਸਕਦੀ ਹੈ। ਧਰਮ ਲੋਕਾਂ ਦਾ ਨਿੱਜੀ ਅਤੇ ਦੋਮ ਦਰਜੇ ਦਾ ਮਸਲਾ ਹੈ। ਲੋਕਾਂ ਨੂੰ ਜਮਾਤ ਦੇ ਅਧਾਰ ਉੱਤੇ ਨਾ ਕਿ ਧਰਮ ਦੇ ਅਧਾਰ ਉੱਤੇ ਇੱਕ ਹੋਣਾ ਚਾਹੀਦਾ ਹੈ ਅਤੇ ਲੁਟੇਰੀਆਂ ਜਮਾਤਾਂ ਖਿਲਾਫ਼ ਜਮਾਤੀ ਲੜਾਈ ਲੜਨੀ ਚਾਹੀਦੀ ਹੈ। 
ਕਨਵੈਨਸ਼ਨ ਨੂੰ ਬਿਗੁਲ ਮਜ਼ਦੂਰ ਦਸਤਾ ਦੇ ਆਗੂ ਸੁਖਵਿੰਦਰ, ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਰਾਜਵਿੰਦਰ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਪ੍ਰਧਾਨ ਛਿੰਦਰਪਾਲ, ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ, ਇਸਤਰੀ ਮੁਕਤੀ ਲੀਗ ਦੀ ਆਗੂ ਨਮਿਤਾ ਨੇ ਸੰਬੋਧਿਤ ਕੀਤਾ। ਮੰਚ ਸੰਚਾਲਨ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ ਨੇ ਕੀਤਾ। ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਮਹਾਂਰਾਸਟਰ ਤੋਂ ਆਏ ਹਰਸ਼ ਠਾਕੁਰ ਨੇ ਵੀ ਸੰਬੋਧਿਤ ਕੀਤਾ ਅਤੇ ਕਿਹਾ ਕਿ ਫਿਰਕਾਪ੍ਰਸਤੀ ਦੇ ਵਿਰੋਧ ਵਿੱਚ ਕੀਤੀ ਗਈ ਇਹ ਕਨਵੈਨਸ਼ਨ ਵਧੀਆ ਉਪਰਾਲਾ ਹੈ। ਮੌਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਆਦਿ ਨੇ ਵੀ ਕਨਵੈਨਸ਼ਨ ਨੂੰ ਸੰਬੋਧਿਤ ਕੀਤਾ। ਇਨਕਲਾਬੀ ਸੱਭਿਆਚਾਰਕ ਮੰਚ, ਦਸਤਕ ਦੇ ਕੁਲਵਿੰਦਰ, ਗਵਿਸ਼, ਗੁਰਮੀਤ ਲੱਕੀ, ਕੁਲਦੀਪ ਆਦਿ ਨੇ ਇਨਕਲਾਬੀ ਗੀਤ-ਸੰਗੀਤ ਪੇਸ਼ ਕੀਤਾ। ਇਸ ਮੌਕੇ ਜਨਚੇਤਨਾ ਅਤੇ ਗਿਆਨ ਪ੍ਰਸਾਰ ਸਮਾਜ ਵੱਲੋਂ ਇਨਕਲਾਬੀ-ਅਗਾਂਹਵਧੂ-ਵਿਗਿਆਨਕ ਕਿਤਾਬਾਂ-ਪੋਸਟਰਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਇਸ ਕਨਵੈਨਸ਼ਨ ਦੀ ਤਿਆਰੀ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਰਕਾਪ੍ਰਸਤੀ ਵਿਰੋਧੀ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਗਈ ਸੀ। ਲੋਕਾਂ ਨੂੰ ਫਿਰਕਾਪ੍ਰਸਤੀ ਖ਼ਿਲਾਫ਼ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਮੀਟਿੰਗਾਂ, ਨੁੱਕੜ ਸਭਾਵਾਂ, ਪੈਦਲ/ਸਾਇਕਲ/ਮੋਟਰਸਾਇਕਲ ਮਾਰਚ, ਘਰ-ਘਰ ਪ੍ਰਚਾਰ ਦਾ ਸਿਲਸਿਲਾ ਚੱਲਿਆ। ਪੰਜਾਬੀ-ਹਿੰਦੀ ਵਿੱਚ ਵੱਡੇ ਪੱਧਰ ਉੱਤੇ ਪਰਚਾ ਵੰਡਿਆ ਗਿਆ ਅਤੇ ਪੋਸਟਰ ਲਾਏ ਗਏ। ਸ਼ਹੀਦ ਭਗਤ ਸਿੰਘ ਦਾ ਲਿਖਿਆ ਲੇਖ ‘ਫਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ਼’ ਵੀ ਦੁਵਰਕੀ ਦੇ ਰੂਪ ਵਿੱਚ ਛਾਪਕੇ ਵੰਡਿਆ ਗਿਆ ਸੀ। 

No comments:

Post a Comment