ਪਿਛਲੇ ਦਿਨੀਂ ਪੰਜ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ, ਕਾਰਖ਼ਾਨਾ ਮਜ਼ਦੂਰ ਯੂਨੀਅਨ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਸਾਂਝੇ ਤੌਰ ਤੇ 23 ਮਾਰਚ ਦੇ ਸ਼ਹੀਦਾ ਦੇ ਸ਼ਹਾਦਤ ਦਿਹਾੜੇ ਮੌਕੇ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ, ਜਿਸ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ 1 ਮਾਰਚ ਤੋਂ ਲੈਕੇ 21 ਮਾਰਚ ਤੱਕ ਲੰਮੀ ਪ੍ਰਚਾਰ ਮੁਹਿੰਮ ਚਲਾਈ ਗਈ ਜਿਸ ਤਹਿਤ ਵੱਖ ਵੱਖ ਥਾਈਂ ਨੁੱਕੜ ਸਭਾਵਾਂ, ਮੀਟਿੰਗਾਂ, ਰੈਲੀਆਂ, ਨਾਟਕ, ਵਿਚਾਰ ਗੋਸ਼ਟੀਆਂ ਜਰੀਏ ਲੋਕਾਂ ਨੂੰ ਵੇਲ਼ੇ ਦੇ ਡਾਢੇ ਖਤਰੇ ਬਾਰੇ ਦੱਸਿਆ ਗਿਆ ਕਿ ਜਦੋਂ ਤੋਂ ਕੇਂਦਰ ਚ ਮੋਦੀ ਦੀ ਸਰਕਾਰ ਆਈ ਹੈ ਉਦੋਂ ਤੋਂ ਲੋਕਾਂ ਦੇ ਹੱਕਾਂ ਤੇ ਡਾਕੇ ਤੇਜ ਹੋਏ ਹਨ, ਆਰਥਕ ਸੁਧਾਰਾਂ ਦੇ ਨਾਂ ਤੇ ਦੇਸ਼ ਦੇ ਕਿਰਤੀਆਂ-ਵਿਦਿਆਰਥੀਆਂ-ਨੌਜਵਾਨਾਂ ਦੀ ਹਾਲਤ ਦਿਨੋਂ ਦਿਨ ਹੋਰ ਨਿੱਘਰ ਰਹੀ ਹੈ। ਐਸੀਆਂ ਹਾਲਤਾਂ ਵਿੱਚ ਲੋਕੀਂ ਚੁੱਪ ਬੈਠਕੇ ਸਭ ਜਰਦੇ ਰਹਿਣ, ਇਹ ਸੰਭਵ ਨਹੀਂ- ਉਹਨਾਂ ਦਾ ਸਡਕਾਂ ਤੇ ਆਉਣਾ ਲਾਜਮੀ ਹੈ। ਇਸੇ ਖਤਰੇ ਨੂੰ ਭਾਂਪਦਿਆਂ ਡਾਢੇ ਹਾਕਮਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣ ਲਈ ਆਪਣਾ ਪੂਰਾ ਟਿੱਲ ਲਾਇਆ ਹੋਇਆ ਹੈ ਤਾਂ ਕਿ ਉਹਨਾ ਨੂੰ ਆਪਣੇ ਮੰਗਾਂ-ਮਸਲਿਆਂ ਤੇ ਇਸ ਲੋਟੂ ਢਾਂਚੇ ਵਿਰੁੱਧ ਆਪਣੀ ਹੱਕੀ ਲੜਾਈ ਤੋਂ ਭਟਕਾਇਆ ਜਾ ਸਕੇ। ਧਾਰਮਿਕ ਘੱਟਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਾਰੇ ਪਾਸੇ ਡਰ ਤੇ ਸਹਿਮ ਦੀ ਵਬਾ ਛਾਈ ਹੋਈ ਹੈ। ਕੇਂਦਰ ਦੀ ਭਾਜਪਾ ਸਰਕਾਰ ਜਦੋਂ ਤੋਂ ਆਈ ਹੈ ਇਹ ਸਰਗਰਮੀਆਂ ਨੇ ਬਹੁਤ ਤੇਜੀ ਫੜੀ ਹੈ, ਸਾਰੇ ਦੇਸ਼ ‘ਚ ਫਿਰਕੂ ਮਹੌਲ ਬਣਾਇਆ ਜਾ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੇ ਨਾਵਾਂ ਦੇ ਕੰਮ ਕਰਦੀਆਂ ਆਰ.ਐੱਸ.ਐੱਸ., ਵਿਸ਼ਵ ਹਿੰਦੂ ਪ੍ਰੀਸ਼ਦ ਤੇ ਇਹਨਾਂ ਵਰਗੀਆਂ ਹੋਰ ਧਾਰਮਿਕ ਕੱਟੜਪੰਥੀ ਜਥੇਬੰਦੀਆਂ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਲਗਾਤਾਰ ਲੋਕ ਮਨਾਂ ਚ ਫਿਰਕੂ ਜਹਿਰ ਭਰਕੇ ਆਪਸ ‘ਚ ਲੜਾਉਣ ਮਰਾਉਣ ਦੀਆਂ ਤਿਆਰੀਆਂ ਚ ਲੱਗੀਆਂ ਹੋਈਆਂ ਹਨ ਤੇ ਕਿਸੇ ਵੀ ਇਨਕਲਾਬੀ-ਜਮਹੂਰੀ ਜਥੇਬੰਦੀ ਲਈ ਅੱਜ ਇਹ ਇੱਕ ਅਹਿਮ ਕਾਰਜ ਬਣਦਾ ਹੈ ਕਿ ਧਾਰਮਿਕ ਜਨੂੰਨੀਆਂ ਦੀਆਂ ਇਹਨਾਂ ਸਾਜਿਸਾਂ ਦਾ ਭਾਂਡਾ ਭੰਨੇ ਤੇ ਲੋਕਾਂ ‘ਚ ਅਸਲ ਮੁੱਦੇ ਉਭਾਰਕੇ, ਉਹਦੇ ਤਹਿਤ ਉਹਨਾਂ ਦੀ ਲਾਮਬੰਦੀ ਕਰੇ। ਇਸੇ ਸਮਝ ਤਹਿਤ ਇਹਨਾਂ ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਫਿਰਕਾਪ੍ਰਸਤੀ ਵਿਰੋਧੀ ਮੁਹਿੰਮ ਤਹਿਤ ਪ੍ਰਚਾਰ ਵਿੱਢਿਆ ਗਿਆ ਤੇ 22 ਮਾਰਚ ਨੂੰ ਲੁਧਿਆਣੇ ਵੱਡੀ ਕਨਵੈਨਸ਼ਨ ਕੀਤੀ ਗਈ।
ਚੰਡੀਗਡ– ਚੰਡੀਗਡ ਸ਼ਹਿਰ ਵਿੱਚ ਫਿਰਕਾਪ੍ਰਸਤੀ ਵਿਰੋਧੀ ਪ੍ਰਚਾਰ ਮੁਹਿੰਮ ਦੌਰਾਨ ਪੀ ਜੀ ਆਈ ਤੋਂ ਲੈਕੇ ਸੈਕਟਰ 17, 34 ਹੁੰਦੇ ਹੋਏ ਮੋਹਾਲੀ ਦੇ ਫੇਜ 10 ਤੱਕ ਸਾਇਕਲ ਰੈਲੀ ਕੀਤੀ ਗਈ ਤੇ ਸਾਰੇ ਰਸਤੇ ਵੱਖ-ਵੱਖ ਥਾਵਾਂ ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ। ਪੰਜਾਬ ਯੂਨੀਵਰਸਿਟੀ ਚੰਡੀਗਡ ਵਿੱਚ ਫਿਰਕਾਪ੍ਰਸਤੀ ਦੀਆਂ ਜੜਾਂ ਵਿਸ਼ੇ ‘ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਵਿਚਾਰ ਗੋਸ਼ਟੀ ਵੀ ਕਰਵਾਈ ਗਈ ਜਿਸ ਵਿੱਚ ਡਾ. ਅੰਮ੍ਰਿਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਲੁਧਿਆਣਾ– ਨੌਜਵਾਨ ਭਾਰਤ ਸਭਾ ਵੱਲੋਂ ਸਲੇਮ ਟਾਬਰੀ, ਰਾਂਚੀ ਕਲੋਨੀ, ਥਰੀਕੇ ਪਿੰਡ, ਸੁਨੇਤ ਪਿੰਡ ਤੇ ਬੀਆਰਐੱਸ ਨਗਰ, ਸੀ.ਐੱਮ.ਸੀ. ਕਲੋਨੀ ਜਿਹੇ ਅਨੇਕਾਂ ਇਲਾਕਿਆਂ ਵਿੱਚ ਪ੍ਰਚਾਰ ਮੁਹਿੰਮ ਚਲਾਈ ਗਈ। ਜਿਸ ਵਿੱਚ ਗਲ਼ੀਆਂ, ਚੌਂਕਾਂ, ਕਲੋਨੀਆਂ, ਥੜਿਆਂ ‘ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ ਤੇ ਹਾਕਮਾਂ ਦੀਆਂ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਸਾਜਿਸ਼ਾਂ ਦਾ ਪਰਦਾਚਾਕ ਕਰਦਿਆਂ ਵਿਆਪਕ ਲੋਕ ਏਕਾ ਬਨਾਉਣ ਤੇ ਜ਼ੋਰ ਦਿੱਤਾ।
ਪੀ.ਐਸ.ਯੂ. ਵੱਲੋਂ ਲੁਧਿਆਣਾ ਦੇ ਕੁੜੀਆਂ ਤੇ ਮੁੰਡਿਆਂ ਦੇ ਸਰਕਾਰੀ ਕਾਲਜ, ਆਰੀਆ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ.ਟੀ.ਆਈ. ਸਮੇਤ ਸ਼ਹਿਰ ਤੇ ਆਸ-ਪਾਸ ਦੀਆਂ ਹੋਰ ਕਈ ਵਿੱਦਿਅਕ ਸੰਸਥਾਵਾਂ ਵਿੱਚ ਰੈਲੀਆਂ, ਸਭਾਵਾਂ ਕੀਤੀਆਂ ਗਈਆਂ ਤੇ ਪਰਚਾ ਵੰਡਿਆ ਗਿਆ ਅਤੇ ਸਾਰੇ ਸ਼ਹਿਰ ‘ਚ ਪੋਸਟਰ ਲਗਾਏ ਗਏ।
ਬਠਿੰਡਾ, ਮਾਨਸਾ, ਤਲਵੰਡੀ ਸਾਬੋ– ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਠਿੰਡੇ ਤੇ ਤਲਵੰਡੀ ਸਾਬੋ ਦੀਆਂ ਵਿੱਦਿਅਕ ਸੰਸਥਾਵਾਂ ਰਿਜਨਲ ਸੈਂਟਰ ਪੰਜਾਬੀ ਯੂਨੀਵਰਸਿਟੀ, ਰਜਿੰਦਰਾ ਕਾਲਜ, ਡੀ ਏ ਵੀ ਕਾਲਜ, ਆਈ ਟੀ ਆਈ, ਗਿਆਨੀ ਜੈਲ ਸਿੰਘ ਕਾਲਜ ਤੇ ਪੋਲਿਟੈਕਨੀਕਲ ਕਾਲਜ, ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੇ ਤਲਵੰਡੀ ਸਾਬੋ ਦੇ ਯਾਦਵਿੰਦਰਾ ਕਾਲਜ ਤੇ ਗੁਰੂ ਕਾਸ਼ੀ ਕਾਲਜ ਵਿੱਚ ਵਿਦਿਆਰਥੀਆਂ ‘ਚ ਪਰਚਾ ਵੰਡਿਆ ਗਿਆ। ਵਿਦਿਆਰਥੀਆਂ ਮੁੱਦਿਆਂ ਅਤੇ ਸਮਾਜ ‘ਚ ਵਧ ਰਹੀ ਫਿਰਕਾਪ੍ਰਸਤੀ ਦੀ ਹਨੇਰੀ ਨੂੰ ਠੱਲ ਪਾਉਣ ਲਈ ਵਿਦਿਆਰਥੀਆਂ-ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਗੱਲ ਕੀਤੀ ਗਈ ਤੇ ਵਿਦਿਆਰਥੀਆਂ ਨੂੰ 22 ਮਾਰਚ ਦੀ ਕਨਵੈਨਸ਼ਨ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਜੈਤੋ, ਕੋਟਕਪੂਰਾ, ਬਰਨਾਲਾ– ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਜੈਤੋ ਯੂਨੀਵਰਸਿਟੀ ਕਾਲਜ, ਕੋਟਕਪੂਰਾ ਸ਼ਹੀਦ ਭਗਤ ਸਿੰਘ ਕਾਲਜ ਤੇ ਬਰਨਾਲਾ ਵਿੱਚ ਐਸ ਡੀ ਕਾਲਜ, ਆਈ ਟੀ ਆਈ ਵਿੱਚ ਵਿਦਿਆਰਥੀਆਂ ਨਾਲ ਮੀਟਿੰਗਾ ਕੀਤੀਆਂ ਗਈਆਂ ਤੇ ਪਰਚਾ ਵੰਡਿਆ ਗਿਆ। ਮੀਟਿੰਗਾਂ ਚ ਇਸ ਗੱਲ਼ ਨੂੰ ਉਭਾਰਿਆ ਗਿਆ ਕਿ ਅੱਜ ਦੇ ਸਮੇਂ 23 ਮਾਰਚ ਦੇ ਸ਼ਹੀਦਾਂ ਨੂੰ ਸਾਡੀ ਸੱਚੀ ਸਰਧਾਂਜਲੀ ਇਹੀ ਹੋ ਸਕਦੀ ਹੈ ਕਿ ਅਸੀਂ ਉਹਨਾਂ ਦੇ ਅਧੂਰੇ ਰਹਿੰਦੇ ਕਾਰਜਾਂ ਨੂੰ ਨੇਪਰੇ ਚਾਡੀਏ। ਹਾਕਮਾਂ ਦੀ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਨੀਤੀ ਦੇ ਵਿਰੋਧ ਚ ਭਗਤ ਸਿੰਘ ਦੁਆਰਾ ਆਪਣੇ ਵੇਲ਼ੇ ‘ਚ ਲਿਖੇ ਗਏ ਲੇਖ-ਫਿਰਕੂ ਦੰਗੇ ਤੇ ਇਹਨਾਂ ਦੇ ਇਲਾਜ ਦੀ ਗੱਲ ਕੀਤੀ ਗਈ।
ਸੁਧਾਰ, ਅਹਿਮਦਗੜ, ਪੱਖੋਵਾਲ-ਨੌਜਵਾਨ ਭਾਰਤ ਸਭਾ ਵੱਲੋਂ ਪੱਖੋਵਾਲ ਤੇ ਉਸਦੇ ਨਾਲ਼ ਲਗਦੇ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਪਰਚਾ ਵੰਡਿਆ ਗਿਆ ਤੇ ਪੋਸਟਰ ਲਗਾਏ ਗਏ। ਇਸਤੋਂ ਇਲਾਵਾ ਵੱਖ ਵੱਖ ਥਾਈਂ ਇਸ ਮੁੱਦੇ ਨੂੰ ਸੰਬੋਧਿਤ ਹੋਕੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਨੌਜਵਾਨ ਭਾਰਤ ਸਭਾ ਵੱਲੋਂ ਮੰਡੀ ਅਹਿਮਦਗੜ ਫਿਰਕਾਪ੍ਰਸਤੀ ਦੀਆਂ ਜਡਾਂ ਵਿਸ਼ੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਖਾਲਸਾ ਕਾਲਜ ਸੁਧਾਰ ਵਿਦਿਆਰਥੀਆਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਦੇਸ਼ ਅੰਦਰਲੀ ਫਿਰਕੂ ਵਾਅ ਦੀਆਂ ਜੜਾਂ ਤੇ ਧਾਰਮਿਕ ਘੱਟਗਿਣਤੀਆਂ ਲਈ ਪੈਦਾ ਹੋ ਰਹੇ ਸੰਕਟ ਦੀ ਗੱਲ ਕੀਤੀ ਗਈ ਤੇ ਇੱਕ ਊਰਜਾਵਾਨ ਤੇ ਸੂਝਵਾਨ ਤਬਕਾ ਹੋਣ ਦੇ ਨਾਤੇ ਨੌਜਵਾਨਾਂ ਨੂੰ ਧਰਮਾਂ ਦੀ ਲੜਾਈ ਤੋਂ ਉੱਤੇ ਉੱਠਣ ਤੇ ਆਪਣੀ ਅਸਲ ਲੜਾਈ ਵਿੱਢਣ ਦੀ ਗੱਲ਼ ਕੀਤੀ ਗਈ।
23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ
15 ਮਾਰਚ ਨੂੰ ਨੌਜਵਾਨ ਭਾਰਤ ਸਭਾ ਦੀ ਪੱਖੋਵਾਲ ਇਕਾਈ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮਾਰਚ ਕੱਢਿਆ ਗਿਆ ਜਿਸ ਵਿੱਚ 150 ਦੇ ਕਰੀਬ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਪੱਖੋਵਾਲ ਤੋਂ ਸ਼ੁਰ ਕਰਕੇ, ਭੈਣੀ, ਬੜੂੰਦੀ, ਲਤਾਲਾ, ਰੰਗੂਵਾਲ, ਜੁੜਾਹਾਂ, ਫੱਲੇਵਾਲ, ਨੰਗਲ ਕਲਾਂ, ਨੰਗਲ ਖੁਰਦ, ਡਾਂਗੋ, ਸਰਾਭਾ, ਲੀਲ੍ਹ, ਟੂਸਾ, ਹਲਵਾਰਾ, ਬੁਰਜ ਲਿੱਤਰਾਂ, ਧਾਲੀਆਂ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁੜ ਪੱਖੋਵਾਲ ਪੁੱਜਿਆ। ਇਸ ਵਿੱਚ ਨੌਜਵਾਨਾਂ ਨੇ ਅਕਾਸ਼ ਗੂੰਜਦੇ ਨਾਅਰਿਆ ਨਾਲ ਲੋਕਾਂ ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਇਨਕਲਾਬੀ ਵਿਰਾਸਤ ਨਾਲ ਜੁੜਨ, ਉਹਨਾਂ ਦੇ ਸੁਪਿਨਆਂ ਦਾ ਸਮਾਜ ਬਣਾਉਣ ਲਈ ਇੱਕਜੁਟ ਹੋਣ ਅਤੇ ਉਹਨਾਂ ਦੇ ਦਿਨ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਭ ਪਿੰਡਾਂ ਵਿੱਚ ਪਰਚਾ ਵੰਡਿਆ ਗਿਆ ਅਤੇ ਕਈ ਥਾਵਾਂ ‘ਤੇ ਰੁਕ ਕੇ ਨੁੱਕੜ ਸਭਾਵਾਂ ਕੀਤੀਆਂ ਗਈਆਂ।
ਥਾਂ-ਥਾਂ ਲੋਕਾਂ ਨੇ ਇਸ ਮਾਰਚ ਨੂੰ ਭਰਵਾਂ ਹੁੰਘਾਰਾ ਦਿੱਤਾ। ਕਈ ਥਾਈਂ ਲੋਕਾਂ ਨੇ ਨਾਹਰੇ ਮਾਰਨ ਤੇ ਨਾਲ ਤੁਰਨ ਦੇ ਰੂਪ ਵਿੱਚ ਇਸ ਮਾਰਚ ਵਿੱਚ ਸ਼ਮੂਲੀਅਤ ਵੀ ਕੀਤੀ। ਇਸ ਮੌਕੇ ਲੋਕਾਂ ਨੂੰ ਭਾਰਤ ਵਿੱਚ ਫਿਰਕਾਪ੍ਰਸਤੀ ਦੇ ਵਧ ਰਹੇ ਖਤਰੇ ਬਾਰੇ ਦੱਸਦਿਆਂ 22 ਮਾਰਚ ਨੂੰ ਲੁਧਿਆਣਾ ਵਿਖੇ ਪੰਜ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਹੋ ਰਹੀ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਵਿੱਚ ਪੁੱਜਣ ਦਾ ਵੀ ਸੱਦਾ ਦਿੱਤਾ ਗਿਆ।
No comments:
Post a Comment