Wednesday, 19 February 2020

ਸੀ.ਏ.ਏ. ਐਨ.ਆਰ.ਸੀ. ਤੇ ਐਨ.ਪੀ.ਆਰ. ਖਿਲਾਫ ਮਲੇਰਕੋਟਲਾ 'ਚ ਆਇਆ ਜਨ-ਸੈਲਾਬ, 1 ਲੱਖ ਤੋਂ ਉੱਪਰ ਲੋਕ ਵਿਰੋਧ ਰੈਲੀ ਵਿੱਚ ਹੋਏ ਸ਼ਾਮਲ!

24 ਫਰਵਰੀ ਤੋਂ ਵਿਰੋਧ ਹਫਤਾ ਮਨਾਉਣ ਰਾਹੀਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੁਰਾਂ, ਸੱਨਅਤੀ ਤੇ ਬਿਜਲੀ ਕਾਮਿਆਂ ਅਤੇ ਨੌਜਵਾਨਾਂ ਵਿਦਿਆਰਥੀਆਂ ਦੀਆਂ 14 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਸੀ.ਏ.ਏ., ਐਨ.ਆਰ.ਸੀ.-ਐਨ.ਪੀ.ਆਰ. ਖਿਲਾਫ ਮਲੇਰਕੋਟਲਾ ਦੀ ਦਾਣਾ ਮੰਡੀ 'ਚ ਕੀਤੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੌਰਾਨ ਹਜ਼ਾਰਾਂ ਔਰਤਾਂ ਸਮੇਤ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਕਿਰਤੀ ਲੋਕਾਂ ਦਾ ਜਨ-ਸੈਲਾਬ ਉਮੜ ਆਇਆ। ‘ਭਾਈ ਭਾਈ ਨਾਲ ਲੜਨ ਨੀ ਦੇਣਾ, ਸੰਨ ਸੰਤਾਲੀ ਬਣਨ ਨੀ ਦੇਣਾ’, ‘ਫਾਸੀਵਾਦ ਮੁਰਦਾਬਾਦ’ ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਲੋਕਾਂ ਦੇ ਵਿਸ਼ਾਲ ਇਕੱਠ ਨੇ ਮੋਦੀ ਸਰਕਾਰ ਤੋਂ ਫਾਸ਼ੀਵਾਦੀ ਕਾਲੇ ਕਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਦਿੱਲੀ ਦੇ ਸ਼ਾਹੀਨ ਬਾਗ, ਜਾਮੀਆਂ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਕਾਰਵਾਂ-ਏ ਮੁਹੱਬਤ ਦੇ ਵੱਖ-ਵੱਖ ਡੈਲੀਗੇਸ਼ਨਾਂ ਵਲੋਂ ਵੀ ਸ਼ਿਰਕਤ ਕੀਤੀ ਗਈ। ਸਮੂਹ ਇਕੱਠ ਵਲੋਂ ਇੱਕਜੁੱਟ ਹੋ ਕੇ ਐਲਾਨ ਕੀਤਾ ਗਿਆ ਕਿ ਆਰ.ਐਸ.ਐਸ. ਤੇ ਭਾਜਪਾ ਦੀ ਕੇਂਦਰੀ ਹਕੂਮਤ ਵਲੋਂ ਦੇਸ਼ 'ਚ ਫਿਰਕੂ ਵੰਡੀਆਂ ਪਾਉਣ ਤੇ ਅੰਨ੍ਹਾ ਰਾਸ਼ਟਰਵਾਦ ਭੜਕਾਉਣ ਰਾਹੀਂ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾਉਣ, ਜਮਹੂਰੀ ਹੱਕਾਂ ਦੇ ਘਾਣ ਤੇ ਲੋਕਾਂ ਦੀ ਲੁੱਟ ਤਿੱਖੀ ਕਰਨ ਦੇ ਖੋਟੇ ਮਨਸੂਬਿਆਂ ਨੂੰ ਉਹ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਮੋਦੀ ਸਰਕਾਰ ਵਲੋਂ ਦੇਸ਼ 'ਚ ਫੈਲਾਏ ਜਾ ਰਹੇ ਫਿਰਕੂ ਜਹਿਰ ਪਸਾਰੇ ਦੇ ਟਾਕਰੇ ਲਈ ਮੁਹਿੰਮ ਜਾਰੀ ਰੱਖਣ ਦਾ ਅਹਿਦ ਕਰਦਿਆਂ 24 ਤੋਂ 29 ਫਰਵਰੀ ਤੱਕ ਪੰਜਾਬ ਭਰ 'ਚ ਵਿਰੋਧ ਹਫਤਾ ਮਨਾਉਣ ਦਾ ਐਲਾਨ ਕੀਤਾ ਗਿਆ। ਬੁਲਾਰਿਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਸਖਤ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਸ ਵਲੋਂ ਆਨੇ-ਬਹਾਨੇ ਐਨ.ਪੀ.ਆਰ. ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੰਜਾਬ ਦੇ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ। ਉਹਨਾਂ ਸਮੇਂ-ਸਮੇਂ ਫਿਰਕੂ ਸਾਜਸ਼ਾਂ ਵਿੱਚ ਸ਼ਾਮਲ ਰਹੀਆਂ ਅਤੇ ਮੌਜੂਦਾ ਫਿਰਕੂ ਫਾਸ਼ੀ ਹੱਲੇ ਦੇ ਪੱਖ ਵਿੱਚ ਸਿੱਧੇ-ਅਸਿੱਧੇ ਰੂਪ ਵਿੱਚ ਭੁਗਤ ਰਹੀਆਂ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਤਾੜਨਾ ਕੀਤੀ। 
 ਅੱਜ ਦੇ ਇਕੱਠ ਨੂੰ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀ.ਕੇ.ਯੂ. (ਏਕਤਾ ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਜੀਤ ਸਿੰਘ ਪੰਨੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਿੰਘ, ਪੀ.ਐਸ.ਯੂ. (ਲਲਕਾਰ) ਦੇ ਸੂਬਾ ਆਗੂ ਗੁਰਪ੍ਰੀਤ ਸਿੰਘ, ਇਨਕਲਾਬੀ ਮਜਦੂਰ ਕੇਂਦਰ ਵੱਲੋਂ ਸੁਰਿੰਦਰ ਸਿੰਘ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਅਤੇ ਔਰਤ ਵਿੰਗ ਡਕੌਂਦਾ ਦੀ ਕਿਸਾਨ ਆਗੂ ਅਮਰਜੀਤ ਕੌਰ , ਨੌਜਵਾਨ ਭਾਰਤ ਸਭਾ (ਲਲਕਾਰ) ਦੀ ਆਗੂ ਨਮਿਤਾ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਟੀ.ਐਸ.ਯੂ ਦੇ ਪ੍ਰਮੋਦ,ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਤੋਂ ਹਰਸ਼ਾ ਸਿੰਘ ਨੇ ਸੰਬੋਧਿਤ ਕੀਤਾ। 
 ਉਕਤ ਆਗੂਆਂ ਤੋਂ ਇਲਾਵਾ ਉੱਘੇ ਬੁੱਧੀਜੀਵੀ ਹਰਸ਼ ਮੰਡੇਰ, ਜਾਮੀਆ ਯੂਨੀਵਰਸਿਟੀ ਤੋਂ ਵਿਦਿਆਰਥੀ ਆਗੂ ਸੈਫ ਉਲ ਇਸਲਾਮ, ਸ਼ਾਹੀਨ ਬਾਗ ਤੋਂ ਵੱਡੇ ਜੱਥੇ ਸਮੇਤ ਰੈਲੀ ਵਿੱਚ ਪਹੁੰਚੇ ਆਗੂ ਤੈਮੂਰ, ਪ੍ਰੋ.ਜਗਮੋਹਣ ਸਿੰਘ, ਡਾ. ਪ੍ਰਮਿੰਦਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਰਜਿੰਦਰ ਭਦੋੜ ਤਰਕਸ਼ੀਲ ਸੁਸਾਇਟੀ ਪੰਜਾਬ, ਅਮੋਲਕ ਸਿੰਘ ਪਲਸ ਮੰਚ, ਅਬਦੁਲ ਸ਼ਕੂਰ ਤੇ ਸ਼ਗੂਫਤਾ ਯਾਵੇਰ ਜਮਾਤ-ਏ-ਇਸਲਾਮੀ, ਕੁਲਵੰਤ ਸਿੰਘ ਸੰਧੂ ਜਮਹੂਰੀ ਕਿਸਾਨ ਸਭਾ, ਗੁਰਨਾਮ ਸਿੰਘ ਦਾਊਦ ਦਿਹਾਤੀ ਮਜਦੂਰ ਸਭਾ ਨੇ ਵੀ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾ ਹੋਰਨਾਂ ਵੱਖ-ਵੱਖ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ। ਮਲੇਰਕੋਟਲਾ ਦੀਆਂ ਸਥਾਨਕ ਸਮਾਜਿਕ ਜਥੇਬੰਦੀਆਂ ਨੇ ਵੀ ਸਹਿਯੋਗ ਕਰਦਿਆਂ ਇਸ ਇਕੱਠ ਲਈ ਲੰਗਰ ਦਾ ਪ੍ਰਬੰਧ ਕੀਤਾ।
 ਬੁਲਾਰਿਆ ਨੇ ਇੱਕਸੁਰ ਹੋ ਕੇ ਆਖਿਆ ਕਿ ਕਾਲੇ ਕਨੂੰਨ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਦੀ ਫਿਰਕੂ ਫਾਸ਼ੀ ਤ੍ਰਿਸ਼ੂਲ ਰਾਹੀਂ ਮੋਦੀ ਸਰਕਾਰ ਦੇਸ਼ 'ਚ ਫਿਰਕੂ ਵੰਡੀਆਂ ਪਾਉਣ ਦਾ ਕੁਕਰਮ ਕਰ ਰਹੀ ਹੈ। ਇਸ ਫਾਸ਼ੀ ਤ੍ਰਿਸ਼ੂਲ ਦਾ ਨਿਸ਼ਾਨਾ ਮੁਸਲਮਾਨਾਂ ਸਮੇਤ ਸਭ ਘੱਟ ਗਿਣਤੀਆਂ, ਸਭ ਕਿਰਤੀ ਲੋਕ, ਦਲਿਤ, ਪਛੜੀਆਂ ਸ਼੍ਰੇਣੀਆਂ, ਦਬਾਈਆਂ ਕੌਮੀਅਤਾਂ, ਲੋਕ ਪੱਖੀ ਬੁੱਧੀਜੀਵੀ, ਧਰਮ ਨਿਰਪੱਖ ਤੇ ਵਿਗਿਆਨਕ ਸੋਚ ਦੇ ਧਾਰਨੀ ਅਤੇ ਹੱਕਾਂ ਲਈ ਜੂਝਦੇ ਸਮੂਹ ਸੰਘਰਸ਼ਸ਼ੀਲ ਲੋਕ ਹਨ। ਉਹਨਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਤੇ ਭਾਜਪਾ ਹਕੂਮਤ ਦੇ ਗੁੰਡੇ ਟੋਲੇ ਨੇ ਦੇਸ਼ ਭਗਤੀ ਦੇ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਤੇ ਦੇਸ਼ ਵਿਰੋਧੀ ਨੀਤੀਆਂ ਦੀ ਅਲੋਚਨਾ ਕਰਨ, ਅਜ਼ਾਦੀ ਦੇ ਨਾਹਰੇ ਲਾਉਣ ਤੇ ਜੈ ਸ਼੍ਰੀ ਰਾਮ ਨਾ ਬੋਲਣ ਨੂੰ ਦੇਸ਼ ਧ੍ਰੋਹੀ ਗਰਦਾਨ ਕੇ ਜੇਲ੍ਹਾਂ 'ਚ ਸੁੱਟਣ ਤੇ ਕੱਟੜ ਹਿੰਦੂਤਵੀ ਭੀੜਾਂ ਅਤੇ ਪੁਲਿਸ ਤੋਂ ਕਤਲੇਆਮ ਕਰਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਭਾਜਪਾ ਹਕੂਮਤ ਦੇਸ਼ ਭਗਤੀ ਦੇ ਨਾਂਅ ਹੇਠ ਜਲ, ਜੰਗਲ, ਜ਼ਮੀਨ ਤੇ ਹੋਰ ਅਮੀਰ ਕੁਦਰਤੀ ਸ੍ਰੋਤ ਕਾਰਪੋਰੇਟ ਘਰਾਣਿਆ ਨੂੰ ਲੁਟਾਉਣ ਰਾਹੀਂ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾ ਕਿਹਾ ਕਿ ਖਰੇ ਦੇਸ਼ ਭਗਤ ਤਾਂ ਮੁਸਲਮਾਨਾਂ ਸਮੇਤ ਸਭ ਧਰਮਾਂ ਦੇ ਉਹ ਕਿਰਤੀ ਲੋਕ ਹਨ ਜੋ ਦੇਸ਼ ਦੀ ਪੈਦਾਵਾਰ 'ਚ ਹਿੱਸਾ ਪਾ ਰਹੇ ਹਨ, ਦੇਸ਼ ਦੇ ਧਰਮ ਨਿਰਪੱਖ ਵਜੂਦ ਨੂੰ ਕਾਇਮ ਰੱਖਣ, ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਕਰਜ਼ਾਮਾਰੀ, ਖੁਦਕਸ਼ੀਆਂ ਲਈ ਜਿੰਮੇਵਾਰ ਨੀਤੀਆਂ ਖਿਲਾਫ਼ ਅਤੇ ਅਡਾਨੀਆਂ-ਅੰਬਾਨੀਆਂ ਤੇ ਕਾਰਪੋਰੇਟ ਘਰਾਣਿਆ ਨੂੰ ਲੁਟਾਏ ਜਾ ਰਹੇ ਇੱਥੋਂ ਦੇ ਸ੍ਰੋਤਾਂ ਦੀ ਰਾਖੀ ਲਈ ਜੂਝ ਰਹੇ ਹਨ। ਉਹਨਾਂ ਜੋਰ ਦੇ ਕੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਖਤਰਾ ਮੁਸਲਮਾਨਾਂ ਤੋਂ ਨਹੀਂ ਸਗੋਂ ਦੇਸ਼ ਨੂੰ ਵੇਚਣ ਦੇ ਰਾਹ ਪਈ ਮੋਦੀ ਹਕੂਮਤ ਤੇ ਇਸਦੀਆਂ ਨੀਤੀਆਂ ਤੋਂ ਹੈ।
 ਉਹਨਾਂ ਆਖਿਆ ਕਿ ਮੋਦੀ ਹਕੂਮਤ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਚਾਹੁੰਦੀ ਹੈ ਪਰ ਇਸ ਦਾ ਮਤਲਬ ਹਿੰਦੂ ਧਰਮੀ ਲੋਕਾਂ ਦਾ ਵਿਕਾਸ ਨਹੀਂ, ਸਗੋਂ ਅਜਿਹਾ ਪਿਛਾਖੜੀ ਰਾਜ ਸਥਾਪਤ ਕਰਨਾ ਹੈ ਜਿੱਥੇ ਲੋਕਾਂ ਦੇ ਮੁੱਢਲੇ ਜਮਹੂਰੀ ਤੇ ਕਾਨੂੰਨੀ ਹੱਕਾਂ ਦਾ ਪੂਰੀ ਤਰਾਂ ਘਾਣ ਕੀਤਾ ਜਾ ਸਕੇ ਤਾਂ ਕਿ ਲੋਕ ਆਪਣੇ ਲੁੱਟ-ਖਸੁੱਟ ਵਿਰੁੱਧ ਸੰਘਰਸ਼ ਨਾ ਕਰ ਸਕਣ। ਉਹਨਾਂ ਆਖਿਆ ਕਿ ਦੇਸ਼ ਦੇ ਹਾਕਮਾਂ ਵਲੋਂ ਜਦੋਂ ਦੇਸ਼ 'ਚ ਫਿਰਕੂ ਦੰਗੇ ਭੜਕਾਏ ਗਏ ਹਨ ਤਾਂ ਉਸਦਾ ਸਭ ਤੋਂ ਵੱਧ ਸੰਤਾਪ ਔਰਤਾਂ ਤੇ ਗਰੀਬ ਕਿਰਤੀ ਕਮਾਊ ਲੋਕਾਂ ਨੂੰ ਭੁਗਤਣਾ ਪਿਆ ਹੈ। ਉਹਨਾਂ ਆਖਿਆ ਕਿ ਮੌਜੂਦਾ ਸਮੇਂ ਭਾਜਪਾ ਹਕੂਮਤ ਵਲੋਂ ਕੱਟੜ ਹਿੰਦੂਤਵੀ ਜਨੂਨ ਭੜਕਾ ਕੇ ਮੁਸਲਮਾਨਾਂ ਖਿਲਾਫ ਦੰਗੇ ਭੜਕਾਉਣ ਦੀ ਸਾਜਿਸ਼ ਖਿਲਾਫ ਜਿਵੇਂ ਔਰਤਾਂ-ਨੌਜਵਾਨ ਵਿਦਿਆਰਥੀ, ਬੁੱਧੀਜੀਵੀ, ਕਿਸਾਨ ਤੇ ਮਜ਼ਦੂਰ ਜਾਤਾਂ ਧਰਮਾਂ ਤੋਂ ਉੱਪਰ ਉੱਠਕੇ ਮੈਦਾਨ 'ਚ ਡਟੇ ਹਨ ਉਸਨੇ ਇੱਕਵਾਰ ਹਕੂਮਤੀ ਵਾਰ ਨੂੰ ਕਰਾਰੀ ਟੱਕਰ ਦਿੱਤੀ ਹੈ। ਉਹਨਾਂ ਜੋਰ ਦੇ ਕੇ ਆਖਿਆ ਕਿ ਮੋਦੀ ਦੇ ਫਿਰਕੂ ਫਾਸੀ ਕਦਮਾਂ ਨੂੰ ਦੇਸ਼ ਦੇ ਲੋਕ ਕਦੇ ਸਫਲ ਨਹੀਂ ਹੋਣ ਦੇਣਗੇ ਅਤੇ ਪੰਜਾਬ ਦੇ ਲੋਕ ਇਸ ਸੰਘਰਸ਼ 'ਚ ਡਟਕੇ ਮੈਦਾਨ 'ਚ ਨਿੱਤਰ ਚੁੱਕੇ ਹਨ। ਇਸ ਮੌਕੇ ਮੰਗ ਕੀਤੀ ਕਿ ਸੀ.ਏ.ਏ. ਰੱਦ ਕੀਤਾ ਜਾਵੇ, ਐਨ.ਆਰ.ਸੀ. ਤੇ ਐਨ.ਪੀ.ਆਰ ਦੇ ਕਦਮ ਵਾਪਸ ਲਏ ਜਾਣ, ਇਹਨਾਂ ਦਾ ਵਿਰੋਧ ਕਰਦੇ ਲੋਕਾਂ 'ਤੇ ਪਾਏ ਕੇਸ ਰੱਦ ਕੀਤੇ ਜਾਣ ਤੇ ਗ੍ਰਿਫਤਾਰ ਲੋਕ ਅਤੇ ਬੁੱਧੀਜੀਵੀ ਰਿਹਾਅ ਕੀਤੇ ਜਾਣ, ਜੇ.ਐਨ.ਯੂ. ਤੇ ਜਾਮੀਆ ਯੂਨੀਵਰਸਿਟੀ ਅਤੇ ਮੁਲਕ ਭਰ 'ਚ ਲੋਕਾਂ 'ਤੇ ਜਬਰ ਢਾਹੁਣ ਵਾਲ਼ੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਜੇ.ਐਨ.ਯੂ. 'ਚ ਨਕਾਬ ਪਾਕੇ ਆਏ ਗੁੰਡਿਆਂ ਅਤੇ ਮੁਸਲਮਾਨਾਂ ਖਿਲਾਫ਼ ‘ਗੋਲੀ ਮਾਰੋ’ ਜਿਹੇ ਬਿਆਨਾਂ ਨਾਲ਼ ਫਿਰਕੂ ਜਨੂੰਨ ਭੜਕਾਉਣ ਦੇ ਦੋਸ਼ੀ ਯੋਗੀ ਅਦਿੱਤਯਨਾਥ, ਅਨੁਰਾਸ਼ ਠਾਕੁਰ ਜਿਹੇ ਚੋਟੀ ਦੇ ਭਾਜਪਾ ਆਗੂਆਂ, ਸ਼ਾਹੀਨ ਬਾਗ ਅਤੇ ਜਾਮੀਆ ਵਿਖੇ ਗੋਲੀ ਚਲਾਉਣ ਵਾਲੇ ਸੰਘੀ ਗੁੰਡਿਆਂ, ਔਰਤਾਂ ਦੇ ਗੁਪਤ ਅੰਗਾਂ ’ਤੇ ਠੁੱਡੇ ਮਾਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਵਾਲਿਆਂ ਅਤੇ ਗਾਰਗੀ ਕਾਲਜ਼ ਵਿੱਚ ਔਰਤਾਂ ਉੱਤੇ ਜਿਣਸੀ ਹਮਲਾ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ, ਦੇਸ਼ ਭਰ 'ਚੋਂ ਨਜ਼ਰਬੰਦੀ ਕੈਂਪ ਖਤਮ ਕਰਕੇ ਉੱਥੇ ਡੱਕੇ ਲੋਕ ਰਿਹਾਅ ਕੀਤੇ ਜਾਣ, ਦਿੱਲੀ 'ਚ ਮੜ੍ਹੇ ਐਨ.ਐਸ.ਏ. ਸਮੇਤ ਸਾਰੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ। ਰੈਲੀ ਵਿੱਚ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਕੁਚਲਣ, ਉਹਨਾਂ ਉੱਤੇ ਮੜ੍ਹੀਆਂ ਤਾਨਾਸ਼ਾਹ ਪਾਬੰਦੀਆਂ, ਧਾਰਾ 370 ਤੇ 35ਏ ਖਤਮ ਕਰਨ, ਹਜ਼ਾਰਾਂ ਕਸ਼ਮੀਰੀਆਂ ਨੂੰ ਨਾਜਾਇਜ਼ ਜੇਲ੍ਹੀਂ ਡੱਕਣ, ਜ਼ਬਰ ਖਿਲਾਫ਼ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਕੱਲ੍ਹ ਸੰਗਰੂਰ ਦੇ ਲੌਂਗੋਵਾਲ ਕਸਬੇ ਵਿੱਚ ਸਕੂਲ ਵੈਨ ਦੇ ਦਰਦਨਾਕ ਹਾਦਸੇ ਦੌਰਾਨ ਚਾਰ ਮਾਸੂਮ ਬੱਚਿਆਂ ਦੀ ਹੋਈ ਮੌਤ ਦਾ ਇੱਥੋਂ ਦੇ ਪ੍ਰਬੰਧ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਸ਼ੋਕ ਮਤਾ ਪਾਸ ਕੀਤਾ।

No comments:

Post a Comment