Monday, 14 October 2013

ਧਰਮ ਗੁਰੂਆਂ ਦੀ ਘਿਨੌਣੀ ਹਕੀਕਤ ਪਛਾਣੋ, ਆਸਾਰਾਮ ਦਾ ਕੱਚਾ ਚਿੱਠਾ ਖੁੱਲ਼ਿਆ (ਹੱਥ ਪਰਚਾ)

ਆਸਾਰਾਮ ਦਾ ਕੱਚਾ-ਚਿੱਠਾ ਖੁੱਲਿਆ ਆਸਾਰਾਮ ਹੀ ਨਹੀਂ ਸਾਰੇ ‘ਧਰਮ ਗੁਰੂਆਂ’ ਦੀ ਘਿਨੌਣੀ ਅਸਲੀਅਤ ਨੂੰ ਪਹਿਚਾਣੋ!!

ਸੂਝਵਾਨ ਲੋਕੋ,
ਪਿਛਲੇ ਦਿਨੀਂ ਇੱਕ 16 ਸਾਲਾਂ ਦੀ ਨਾਬਾਲਗ ਵਿਦਿਆਰਥਣ ਦਾ ਜਿਣਸੀ ਸੋਸ਼ਣ ਕਰਨ ਵਾਲ਼ਾ ਬਾਬਾ ਆਸਾਰਾਮ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੜਕੀ ਨੇ ਜੋਧਪੁਰ ਥਾਣੇ ‘ਚ ਐਫ.ਆਈ.ਆਰ ਦਰਜ ਕਰਵਾਈ। ਜੋਧਪੁਰ ਪੁਲੀਸ ਮੁਤਾਬਕ 12ਵੀਂ ਜਮਾਤ ਦੀ ਇਸ ਵਿਦਿਆਰਥਣ ਨੂੰ ਆਸਾਰਾਮ ਦੇ ਆਸ਼ਰਮ ‘ਚ ਭੇਜਿਆ ਗਿਆ। 15 ਅਗਸਤ ਦੀ ਸ਼ਾਮ ਨੂੰ ਲੜਕੀ ਨੂੰ ਆਸਾਰਾਮ ਕੋਲ਼ ‘ਪ੍ਰੇਤ ਦੇ ਸਾਏ’ ਤੋਂ ਮੁਕਤ ਕਰਨ ਦੇ ਨਾਂ ‘ਤੇ ਇਕੱਲਿਆਂ ਇੱਕ ਕਮਰੇ ‘ਚ ਭੇਜਿਆ ਗਿਆ ਤੇ ਲੜਕੀ ਦੇ ਮਾਂ-ਬਾਪ ਨੂੰ ਬਾਹਰ ਇੰਤਜ਼ਾਰ ਕਰਨ ਵਾਸਤੇ ਕਿਹਾ ਗਿਆ। ਕਮਰੇ ਵਿੱਚ ਆਸਾਰਾਮ ਨੇ ਨਾਬਾਲਗ ਲੜਕੀ ਨਾਲ਼ ਕੁਕਰਮ ਕੀਤਾ। ਲੜਕੀ ਨੇ ਹਿੰਮਤ ਕਰਕੇ ਆਪਣੇ ਨਾਲ਼ ਵਾਪਰੀ ਇਸ ਘਟਨਾ ਨੂੰ ਜੱਗ-ਜਾਹਿਰ ਕੀਤਾ ਤੇ ਆਸਾਰਾਮ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ। ਇਸ ਸ਼ਿਕਾਇਤ ਦੇ ਕਾਰਨ ਆਸਾਰਾਮ ਅੱਜ ਜੇਲ ਦੀ ਹਵਾ ਖਾ ਰਿਹਾ ਹੈ। 
ਇਸ ਘਟਨਾ ਤੋਂ ਬਾਅਦ ਆਸਾਰਾਮ ਬਾਰੇ ਨਿੱਤ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਖਬਰਾਂ ਅਨੁਸਾਰ ਸੂਰਤ ਸ਼ਹਿਰ ਦੀਆਂ ਦੋ ਭੈਣਾਂ ਨੇ ਬਾਬਾ ਆਸਾਰਾਮ ਤੇ ਉਸਦੇ ਪੁੱਤਰ ਨਰਾਇਣ ਸਾਈਂ ਦੇ ਖਿਲਾਫ ਸਰੀਰਿਕ ਸੋਸ਼ਣ ਤੇ ਜ਼ਬਰੀ ਆਪਣੇ ਕੋਲ਼ ਰੱਖਣ ਦੇ ਦੋਸ਼ ਲਾਏ ਹਨ। ਵੱਡੀ ਭੈਣ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨਾਲ਼ 1997-2006 ਤੱਕ ਖੁਦ ਆਸਾਰਾਮ ਵੱਲੋਂ ਅਤੇ ਛੋਟੀ ਭੈਣ ਨਾਲ਼ 2002-2005 ਤੱਕ ਉਸ ਦੇ ਪੁੱਤਰ ਨਰਾਇਣ ਸਾਈਂ ਵੱਲੋਂ ਵਾਰ-ਵਾਰ ਕੁਕਰਮ ਕੀਤਾ ਜਾਂਦਾ ਰਿਹਾ ਤੇ ਕਿਸੇ ਕੋਲ਼ ਦੱਸਣ ਦੀ ਹਾਲਤ ਵਿੱਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਰਹੀ। ਇਸ ਘਟਨਾ ਤੋਂ ਇਲਾਵਾ ਆਸਾਰਾਮ ਦੇ ਆਸ਼ਰਮ ‘ਚ ਨਾਬਾਲਗ ਬੱਚਿਆਂ ਦੀ ਕਥਿਤ ਤੌਰ ‘ਤੇ ਹੱਤਿਆਵਾਂ, ਜ਼ਮੀਨਾਂ ਕਬਜਾਉਣ, ਬਾਗੀ ਚੇਲਿਆਂ ‘ਤੇ ਹਮਲਾ ਕਰਨ, ਔਰਤਾਂ ਦੇ ਸਰੀਰਿਕ ਸੋਸ਼ਣ ਦੇ ਕਈ ਮਾਮਲੇ ਵਾਰ-ਵਾਰ ਸਾਹਮਣੇ ਆਉਂਦੇ ਰਹੇ ਹਨ। ਅਸੀਂ ਇੱਥੇ ਆਸਾਰਾਮ ਬਾਰੇ ਕੁਝ ਪ੍ਰਤੀਨਿਧ ਘਟਨਾਵਾਂ ਦੀ ਹੀ ਚਰਚਾ ਕੀਤੀ ਹੈ- ਇਸ ਤੋਂ ਇਲਾਵਾ ਐਸੀਆਂ ਸੈਂਕੜੇ ਘਟਨਾਵਾਂ-ਵਾਰਦਾਤਾਂ ਹਨ, ਜਿਹਨਾਂ ਦੇ ਪੀੜਿਤਾਂ ਜਾਂ ਗਵਾਹਾਂ ਨੂੰ ਇਹਨਾਂ ‘ਰੱਬ ਦੇ ਬੰਦਿਆਂ’ ਨੇ ਸਦਾ ਲਈ ਖਾਮੋਸ਼ ਕਰ ਦਿੱਤਾ ਜਾਂ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ। ਆਸਾਰਾਮ ਬਾਰੇ ਹਰਰੋਜ਼ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਅਜੋਕਾ ਮੀਡੀਆ ਨੂੰ ਸਿਰਫ ਆਸਾਰਾਮ ਤੱਕ ਹੀ ਸੀਮਿਤ ਕਰਕੇ ਆਪਣੀਆਂ ਰੋਟੀਆਂ ਸੇਕਣ ‘ਤੇ ਲੱਗਾ ਹੋਇਆ ਹੈ ਤੇ ਬਾਕੀ ‘ਧਰਮ ਗੁਰੂਆਂ’ ਦਾ ਸਮੁੱਚਾ ਜਾਲ਼-ਜੋ ਸਿਰ ਤੋਂ ਪੈਰਾਂ ਤੱਕ ਅਜਿਹੇ ਹੀ ਅਪਰਾਧਾਂ ਨਾਲ਼ ਗ੍ਰੱਸਿਆ ਹੋਇਆ ਹੈ, ਇਸ ਵਿੱਚੋਂ ਗਾਇਬ ਹੈ। ਪਰ ਸਾਡਾ ਮਕਸਦ ਇੱਥੇ ਸਿਰਫ ਆਸਾਰਾਮ ਦੀ ਗੱਲ ਕਰਨਾ ਨਹੀਂ, ਸਗੋਂ ‘ਧਰਮ ਗੁਰੂਆਂ’ ਦੇ ਸਮੁੱਚੇ ਤਾਣੇ-ਬਾਣੇ ਦਾ ਪਾਜ ਉਘੇੜਨਾ ਹੈ। ਅਖੌਤੀ ‘ਰੱਬ ਦੇ ਭੇਜੇ’ ਇਹ ਦੂਤ ਅੱਜ ਵਿਲਾਸਤਾ ਦਾ ਜੀਵਨ ਬਤੀਤ ਕਰਦੇ ਹਨ। ਲੋਕਾਂ ਨੂੰ ਸਾਦਗੀ ‘ਚ ਰਹਿਣ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਇਹ ਸਾਧੂ-ਸੰਤ ਖੁਦ ਇਹਨਾਂ ਵਰਜਣਾਵਾਂ ਦਾ ਭਰਪੂਰ ਅਨੰਦ ਮਾਣਦੇ ਹਨ। ਧਰਮ ਦੇ ਪਰਦਿਆਂ ਹੇਠਾਂ ਚੱਲਦੇ ਇਹਨਾਂ ਦੇ ਕਰੋੜਾਂ-ਅਰਬਾਂ-ਖਰਬਾਂ ਦੇ ਕਾਰੋਬਾਰਾਂ ‘ਤੇ ਇੱਕ ਨਜ਼ਰ ਮਾਰੀਏ ਤਾਂ ਇਹਨਾਂ ਦੀ ਘਿਨੌਣੀ ਅਸਲੀਅਤ ਜਾਨਣ ਲੱਗਿਆਂ ਦੇਰ ਨਹੀਂ ਲੱਗਦੀ।
ਅਜੋਕੇ ਸਮਾਜ ਸਮਾਜਿਕ-ਆਰਥਕ ਗੈਰਬਰਾਬਰੀ, ਗੈਰ ਤਰਕਸ਼ੀਲਤਾ, ਅਵਿਗਿਆਨਕਤਾ ਨਾਲ਼ ਬੁਰੀ ਤਰਾਂ ਗ੍ਰੱਸਿਆ ਹੋਇਆ ਹੈ। ਲੋਕ ਜਾਦੂ-ਟੂਣੇ, ਭੂਤਾਂ-ਪ੍ਰੇਤਾਂ, ਰੱਬੀ ਤਾਕਤਾਂ ਆਦਿ ਤਰਾਂ-ਤਰਾਂ ਦੀਆਂ ਗੈਬੀ ਸ਼ਕਤੀਆਂ ‘ਚ ਵਿਸ਼ਵਾਸ਼ ਰੱਖਦੇ ਹਨ ਤੇ ਜਮਾਤੀ ਸਮਾਜਾਂ ‘ਚ ਲੁਟੇਰੀਆਂ ਜਮਾਤਾਂ ਹਮੇਸ਼ਾਂ ਹੀ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਆਪਣੇ ਲੋਟੂ ਰਾਜ-ਭਾਗ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਲੈਂਦੀਆਂ ਰਹੀਆਂ ਹਨ ਤੇ ਇਹ ‘ਧਰਮ ਗੁਰੂ’, ਤਾਂਤਰਿਕ, ਬਾਬੇ ਜੋ ਆਪਣੇ ਅੰਦਰ ਰੱਬੀ ਕਣ ਦਾ ਦਾਅਵਾ ਕਰਦੇ ਹਨ—ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਕੇ ਲੁਟੇਰੀਆਂ ਜਮਾਤਾਂ ਦੀ ਸੇਵਾ ਕਰਦੇ ਹਨ ਤੇ ਲੁੱਟ ‘ਚੋਂ ਆਪਣਾ ਹਿੱਸਾ ਵਸੂਲਦੇ ਹਨ। ਧਰਮ ਅੱਜ ਸਰਮਾਏਦਾਰੀ ਸੱਤਾ ਵੱਲੋਂ ਲੋਕਾਂ ‘ਤੇ ਰਾਜ ਕਰਨ ਦਾ ਇੱਕ ਹਥਿਆਰ ਹੈ। ਕਿਉਂਕਿ ਸਰਮਾਏਦਾਰਾਂ ਢਾਂਚੇ ‘ਚ ਹਰੇਕ ਚੀਜ਼ ਮੁਨਾਫਾ ਕਮਾਉਣ ਦਾ ਸਾਧਨ ਬਣ ਜਾਂਦੀ ਹੈ-ਉਵੇਂ ਹੀ ਜਿਵੇਂ ਅੱਜ ਧਰਮ ਦਾ ਸਨਅਤੀਕਰਨ ਬਖੂਬੀ ਹੋ ਰਿਹਾ ਹੈ। ਧਰਮ ਵੀ ਅੱਜ ਮੁਨਾਫਾ ਕਮਾਉਣ ਵਾਲ਼ਾ ਲਾਭਦਾਇਕ ਧੰਦਾ ਬਣ ਗਿਆ ਹੈ। ਅਜੋਕੇ ਸਾਧੂ-ਸੰਤ, ਪਾਦਰੀ, ਮੌਲਵੀ,ਬਾਬੇ ਅੱਜ ਖੁਦ ਇੱਕ ਵੱਡੇ ਸਰਮਾਏਦਾਰ ਬਣ ਚੁੱਕੇ ਹਨ-ਇਹ ਸਾਧੂ ਸੰਤ ਬਾਅਦ ‘ਚ ਤੇ ਕਾਰੋਬਾਰੀ, ਦਲਾਲ, ਸਰਮਾਏਦਾਰ ਪਹਿਲਾਂ ਹਨ। ਮੁਨਾਫਾ ਜਿਵੇਂ ਹਰ ਸਰਮਾਏਦਾਰ ਦਾ ਸਭ ਤੋਂ ਪਹਿਲਾ ਤੇ ਵੱਡਾ ਮਕਸਦ ਹੁੰਦਾ ਹੈ-ਇਸ ਲਈ ਭਾਂਵੇਂ ਉਸ ਨੂੰ ਕਿੰਨਾ ਵੀ ਵੱਡਾ ਅਪਰਾਧ ਕਿਉਂ ਨਾ ਕਰਨਾ ਪਵੇ, ਕੋਈ ਅਣਮਨੁੱਖੀ ਕਾਰਾ ਕਿਉਂ ਕਰਨਾ ਪਵੇ-ਉਹ ਪਿੱਛੇ ਨਹੀਂ ਹਟਦਾ ਤੇ ਧਰਮ-ਗੁਰੂਆਂ ਦੇ ਕਾਲ਼ੇ ਕਾਰਨਾਮੇ ਇਸ ਸਭ ਦੀ ਗਵਾਹੀ ਭਰਦੇ ਹਨ। ਧਰਮ ਤੇ ਮੁਨਾਫੇ ਦਾ ਸੁਮੇਲ ਅੱਜ ਅਥਾਹ ਮੁਨਾਫੇ ਵਾਲ਼ਾ ਧੰਦਾ ਹੈ। ਸਾਡੇ ਦੇਸ਼ ‘ਚ ਨਿੱਤ ਦਿਨ ਨਵਾਂ ਧਰਮ ਪੈਦਾ ਹੁੰਦਾ ਹੈ- ਰੋਜ਼ ਨਵੇਂ ਨਵੇਂ ਧਾਰਮਿਕ ਸਥਾਨ ਖੁੰਭਾਂ ਵਾਂਗ ਉੱਗਦੇ ਹਨ।
ਦੌਲਤ ਦਾ ਮੋਹ ਛੱਡਣ ਦਾ ਉਪਦੇਸ਼ ਦੇਣ ਵਾਲ਼ਿਆਂ ਇਹਨਾਂ ‘ਧਰਮ ਗੁਰੂਆਂ’ ਦੀ ਖੁਦ ਦੀ ਜਾਇਦਾਦ ‘ਤੇ ਇੱਕ ਨਜ਼ਰ ਮਾਰੀ ਜਾਵੇ ਤਾਂ ਆਸਾਰਾਮ ਤੋਂ ਲੈਕੇ ਬਾਬਾ ਰਾਮਦੇਵ, ਸ਼੍ਰੀ ਸ਼੍ਰੀ ਰਵੀਸ਼ੰਕਰ, ਸਾਈਂ ਬਾਬਾ, ਮਾਤਾ ਅੰਮ੍ਰਿਤਾਨੰਦਾਦੇਵੀ, ਗੁਰਮੀਤ ਰਾਮ ਰਹੀਮ, ਮਹਾਂਰਿਸ਼ੀ ਮਹੇਸ਼ ਯੋਗੀ, ਸਾਈਂ ਬਾਬਾ ਸਾਰੇ ਇੱਕ ਤੋਂ ਵਧਕੇ ਇੱਕ ਸਲਾਨਾ ਕਰੋੜਾਂ-ਕਰੋੜ ਰੁਪਏ ਦੀ ਕਮਾਈ ਕਰਕਦੇ ਹਨ। ਆਸਾਰਾਮ ਦੀ ਖੁਦ ਦੀ ਜਾਇਦਾਦ ਤਕਰੀਬਨ 8000 ਕਰੋੜ ਰੁਪਏ ਦੀ ਹੈ। ਆਸਾਰਾਮ ਦੇ ਵਿਦੇਸ਼ਾਂ ਸਣੇ ਕੁੱਲ 450 ਆਸ਼ਰਮ ਹਨ ਤੇ 17000 ਬਾਲ ਸੰਸਕਾਰ ਕੇਂਦਰ ਹਨ। ਇਸਤੋਂ ਇਲਾਵਾ ਵੱਖੋ-ਵੱਖਰੇ ਸ਼ਹਿਰਾਂ ‘ਚ ਹਸਪਤਾਲ, ਵਿੱਦਿਅਕ ਸੰਸਥਾਵਾਂ ਅਤੇ ਮੈਡੀਟੇਸ਼ਨ ਸੈਂਟਰ, ਵੱਡੀ ਗਿਣਤੀ ‘ਚ ਛਪਦੀਆਂ ਕਿਤਾਬਾਂ ਤੇ ਮੈਗਜ਼ੀਨਾਂ ਦੀ ਕਮਾਈ ਵੀ ਆਸਾਰਾਮ ਦੀ ਝੋਲ਼ੀ ਪੈਂਦੀ ਹੈ। ਆਸਾਰਾਮ ਤੋਂ ਬਿਨਾਂ ਬਾਬਾ ਰਾਮਦੇਵ ਸਰਕਾਰੀ ਸੂਤਰਾਂ ਮੁਤਾਬਕ 1100 ਕਰੋੜ ਦੀ ਜਾਇਦਾਦ ਦਾ ਮਾਲਕ ਹੈ, ਜਦੋਂ ਕਿ ਪ੍ਰਾਈਵੇਟ ਸੂਤਰਾਂ (ਤਹਿਲਕਾ ਮੈਗਜ਼ੀਨ ਅਨੁਸਾਰ:) ਅਨੁਸਾਰ ਇਹ ਜਾਇਦਾਦ 11000 ਕਰੋੜ ਦੀ ਹੈ। ਦਿਵਯਾ ਯੋਗ ਮੰਦਿਰ ਟਰੱਸਟ ਹੇਠ ਬਾਬਾ ਰਾਮਦੇਵ ਦਰਜਨ ਤੋਂ ਜ਼ਿਆਦਾ ਆਯੂਰਵੈਦਿਕ ਦਵਾ ਕੰਪਨੀਆਂ ਤੇ ਸਕਾਟਲੈਂਡ ‘ਚ ਇੱਕ ਟਾਪੂ ਦਾ ਮਾਲਕ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ ਦੀ 151 ਦੇਸ਼ਾਂ ‘ਚ ਹਜਾਰਾਂ ਕਰੋੜ ਦੀ ਜਾਇਦਾਦ ਹੈ। ਬਾਬਾ ਗੁਰਮੀਤ ਰਾਮ ਰਹੀਮ ਦੀ ਇਕੱਲੇ ਸਿਰਸਾ ਵਿੱਚ ਹੀ 700 ਏਕੜ ਵਾਹੀਯੋਗ ਜ਼ਮੀਨ ਹੈ, ਇਸਤੋਂ ਇਲਾਵਾ ਗੰਗਾਨਗਰ ਵਿੱਚ 175 ਬੈੱਡਾਂ ਵਾਲ਼ਾ ਨਿੱਜੀ ਹਸਪਤਾਲ ਤੇ ਕੁੱਲ 250 ਦੇ ਕਰੀਬ ਆਸ਼ਰਮ ਹਨ। ਇਸਤੋਂ ਇਲਾਵਾ ਸਾਈਂ ਬਾਬਾ ਦਾ ਮੰਦਰ, ਮਾਤਾ ਅੰਮ੍ਰਿਤਾਨੰਦਾਦੇਵੀ 1000 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਾਲਕ ਹਨ। ਇਹ ਤਾਂ ਸਿਰਫ ਭਾਰਤ ਅੰਦਰਲੇ ਦਹਿ ਹਜ਼ਾਰਾਂ ‘ਧਰਮ ਗੁਰੂਆਂ’ ‘ਚੋਂ ਕੁਝ ਚੋਣਵੀਆਂ ਉਦਾਹਰਨਾਂ ਹਨ। ਇਸਤੋਂ ਇਲਾਵਾ ਸੈਂਕੜੇ ਧਰਮ-ਗੁਰੂ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਕੇ ਵੱਧ ਤੋਂ ਵੱਧ ‘ਮਾਇਆ’ ਵਟੋਰਨ ‘ਚ ਲੱਗੇ ਹੋਏ ਹਨ।
ਇਸਤੋਂ ਇਲਾਵਾ ਅਜੋਕੇ ਧਰਮ ਗੁਰੂ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ‘ਚ ਧੱਕਕੇ ਲੋਕਾਂ ਦਾ ਧਿਆਨ ਉਹਨਾਂ ਦੇ ਮੁੱਖ ਦੁਸ਼ਮਣ-ਅਜੋਕੇ ਮੁਨਾਫਾਖੋਰ ਸਰਮਾਏਦਾਰੀ ਢਾਂਚੇ, ਤੋਂ ਭਟਕਾਉਣ ‘ਚ ਸਿਆਸਤਦਾਨਾਂ ਦੀ ਮਦਦ ਕਰਦੇ ਹਨ ਤੇ ਇਹਦੇ ਸੇਵਾਫਲ ਵਜੋਂ ਸਿਆਸਤਦਾਨ ਇਹਨਾਂ ਦੀ ਪਿੱਠ ਥਾਪੜਦੇ ਨਜ਼ਰੀਂ ਪੈਂਦੇ ਹਨ। ਸਰਕਾਰਾਂ ਵੱਲੋਂ ਇਹਨਾਂ ਬਾਬਿਆਂ ਦੇ ਆਸ਼ਰਮਾਂ, ਗੁਰੂਕੁਲਾਂ, ਕਾਲਜਾਂ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਤੇ ਇਹਨਾਂ ਆਸ਼ਰਮਾਂ ਨੂੰ ਹੋਣ ਵਾਲ਼ੀ ਕਮਾਈ ਤੇ ਵਿਦੇਸ਼ੀ ਏਜੰਸੀਆਂ ਤੇ ਐਨ. ਜੀ. ਓ. ਵਗੈਰਾ ਤੋਂ ਮਿਲਣ ਵਾਲ਼ੇ ਫੰਡਾਂ ਨੂੰ ਟੈਕਸ ਮੁਕਤ ਰੱਖਿਆ ਜਾਂਦਾ ਹੈ। ਇਸਤੋਂ ਇਲਾਵਾ ਨਜਾਇਜ਼ ਕਬਜੇ ਦਵਾਉਣ ‘ਚ, ਅਪਰਾਧਾਂ ਤੋਂ ਛੁਟਕਾਰਾ ਦਵਾਉਣ ‘ਚ, ਬਾਬਿਆਂ ਵਿਰੁੱਧ ਹੁੰਦੇ ਕੇਸਾਂ ਨੂੰ ਰਫਾ-ਦਫਾ ਕਰਵਾਉਣ ‘ਚ ਸਰਕਾਰਾਂ ਇਹਨਾਂ ਦੀ ਭਰਪੂਰ ਮਦਦ ਕਰਦੀਆਂ ਹਨ। ਗੁਜਰਾਤ ਦੇ ਮੋਟੇਰਾ ਨੇੜੇ ਆਸਾਰਾਮ ਨੇ 67000 ਵਰਗ ਮੀਟਰ ਜ਼ਮੀਨ ‘ਤੇ ਨਜਾਇਜ ਕਬਜਾ ਕਰ ਰੱਖਿਆ ਹੈ, ਪਰ ਸਰਕਾਰੀ ਸ਼ਹਿ ਕਾਰਨ ਉਸਦਾ ਵਾਲ਼ ਵੀ ਵਿੰਗਾ ਨਹੀਂ ਹੋਇਆ। ਇਹ ਮਾਮਲਾ ਸਿਰਫ ਗੁਜਰਾਤ ਦਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਅੰਦਰ ਇਹ ਧਰਮ ਗੁਰੂ ਸਰਕਾਰਾਂ ਦੀ ਸ਼ਹਿ ‘ਤੇ ਪਲ਼ਦੇ ਹਨ, ਸਰਕਾਰ ਭਾਂਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ। ਕਰਨਾਟਕਾ ਸਰਕਾਰ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਆਰਟ ਆਫ ਲਿਵਿੰਗ ਲਈ ਮਮੂਲੀ ਕੀਮਤ ‘ਤੇ 99 ਸਾਲਾਂ ਵਾਸਤੇ ਜ਼ਮੀਨ ਲੀਜ਼ ‘ਤੇ ਦਿੱਤੀ ਹੋਈ ਹੈ। ਇਸੇ ਤਰਾਂ ਓਡੀਸ਼ਾ ਸਰਕਾਰ ਨੇ 200 ਏਕੜ ਜ਼ਮੀਨ ਆਰਟ ਆਫ ਲਿਵਿੰਗ ਵਾਸਤੇ ਗਰਾਂਟ ਵਜੋਂ ਦਿੱਤੀ ਹੋਈ ਹੈ। ਇਹਨਾਂ ਕੁਝ ਪ੍ਰਤੀਨਿਧ ਉਦਾਹਰਣਾਂ ਤੋਂ ਸਿਆਸਤਦਾਨਾਂ ਤੇ ਧਰਮ ਗੁਰੂਆਂ ਦੇ ਆਪਸੀ ਮਿਲਵਰਤਨ ਦੀ ਨੀਤੀ ਸਪੱਸ਼ਟ ਹੋ ਜਾਂਦੀ ਹੈ। ਭਾਂਵੇਂ ਆਸਾਰਾਮ ਦਾ ਮਾਮਲਾ ਸਾਹਮਣੇ ਆਉਣ ਨਾਲ਼ ਕੁਝ ਸਿਆਸਤਦਾਨ ‘ਸੱਚ’ ਦੇ ਹੱਕ ‘ਚ ਨਿੱਤਰੇ ਹਨ-ਪਰ ਉਹਨਾਂ ਅਜਿਹਾ ਸਿਰਫ ਆਪਣੇ ਵੋਟ ਬੈਂਕ ਵਾਸਤੇ ਹੀ ਕੀਤਾ ਹੈ। ਇਸਤੋਂ ਇਲਾਵਾ ਬਹੁਤੇ ਸਿਆਸੀ ਲੀਡਰ ਆਸਾਰਾਮ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਮਾਮਲੇ ‘ਚ ਸਬੂਤਾਂ ਦੇ ਸਪੱਸ਼ਟ ਹੋਣ ਕਾਰਨ, ਮੀਡੀਆ ਦੀ ਆਪਸੀ ਮੁਕਾਬਲੇਬਾਜੀ ਤੇ ਸਿਆਸੀ ਪਾਰਟੀਆਂ ਦੀਆਂ ਆਪਸੀ ਵਿਰੋਧਤਾਈਆਂ ਕਰਕੇ ਆਖਰਕਾਰ ਆਸਾਰਾਮ ਨੂੰ ਜੇਲ ਜਾਣਾ ਪਿਆ। ਪਰ ਆਸਾਰਾਮ ਨੂੰ ਉਸਦੇ ਕੀਤੇ ਦੀ ਸਜ਼ਾ ਮਿਲੇਗੀ ਇਸਦੀ ਉਮੀਦ ਸਾਡੇ ਸਰਮਾਏਦਾਰਾ ਕਨੂੰਨ-ਪ੍ਰਬੰਧ ਤੋਂ ਕਰਨਾ ਫਜ਼ੂਲ ਹੈ।
ਇਸਤੋਂ ਇਲਾਵਾ ਇਹ ਸਾਰੇ ਧਰਮ ਗੁਰੂ ਪਿਛਾਖੜੀ ਵਿਚਾਰਾਂ ਦੇ ਵੀ ਮਜਬੂਤ ਵਾਹਕ ਹੁੰਦੇ ਹਨ। ਧਾਰਮਿਕ ਘੱਟਗਿਣਤੀਆਂ, ਔਰਤਾਂ ਤੇ ਪੱਛਮੀ ਸੱਭਿਆਚਾਰ ਦੇ ਨਾਲ਼-ਨਾਲ਼ ਵਿਗਿਆਨਕ ਤੇ ਅਗਾਂਹਵਧੂ ਵਿਚਾਰਾਂ ਦਾ ਅੰਨਾ ਵਿਰੋਧ ਸਾਰੇ ਧਰਮ ਗੁਰੂਆਂ ਦਾ ਸਾਂਝਾ ਲੱਛਣ ਹੈ।  ਅਸਲ ‘ਚ ਇਸੇ ਤਰਾਂ ਇਹ ਬਾਬੇ ਦੇਸ਼ ਦੇ ਅਗਾਂਹਵਧੂ ਤਬਕੇ ਨੂੰ ਆਪਸ ਵਿੱਚ ਵੰਡਕੇ ਉਹਨਾਂ ਦੀ ਏਕਤਾ ਨੂੰ ਢਾਹ ਲਾਉਂਦੇ ਹਨ ਤੇ ਲੋਟੂ ਢਾਂਚੇ ਦੀ ਸੇਵਾ ਕਰਦੇ ਹਨ।
ਅੱਜ ਸਾਨੂੰ ਇਹਨਾਂ ਧਰਮ ਗੁਰੂਆਂ, ਬਾਬਿਆਂ, ਤਾਂਤਰਿਕਾਂ ਦੇ ਗੋਰਖਧੰਦੇ ਦਾ ਪਾਜ ਉਘਾੜਾ ਕਰਨਾ ਚਾਹੀਦਾ ਹੈ-ਜੋ ਦੇਸ਼ ਦੇ ਲੋਕਾਂ ਨੂੰ ਅਵਿਗਿਆਨਕਤਾ, ਗੈਰਤਰਕਸ਼ੀਲਤਾ ਦੀ ਦਲਦਲ ‘ਚ ਧੱਕਕੇ, ਉਹਨਾਂ ਨੂੰ ਲੁੱਟਦੇ ਹਨ। ਇਸਤੋਂ ਇਲਾਵਾ ਇਹਨਾਂ ਅਪਰਾਧੀਆਂ, ਬਲਾਤਕਾਰੀਆਂ ਤੇ ਕਾਤਲ ਬਾਬਿਆਂ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਨੀ ਚਾਹੀਦੀ ਹੈ ਤੇ ਸੰਵਿਧਾਨ ਦੀ ਧਾਰਾ 51-ਏ (ਐਚ) ਤਹਿਤ ਰਾਜ ਨੂੰ ਵਿਗਿਆਨਕ ਸੋਚ ਪ੍ਰਫੁੱਲਤ ਕਰਨ ਦਾ ਉਸਦਾ ਵਾਅਦਾ ਯਾਦ ਕਰਵਾਉਣਾ ਚਾਹੀਦਾ ਹੈ। ਸਿਆਸਤ ਤੇ ਧਰਮ ਦੇ ਆਪਸੀ ਗੱਠਜੋੜ ਦਾ ਵਿਰੋਧ ਕਰਨਾ ਚਾਹੀਦਾ ਹੈ-ਭਾਂਵੇ ਇਹ ਸਾਰੀਆਂ ਮੰਗਾਂ ਅਜੋਕੇ ਲੋਟੂ ਢਾਂਚੇ ‘ਚ ਮੰਨੀਆਂ ਜਾਣ ਇਹ ਸੰਭਵ ਨਹੀਂ, ਪਰ ਫਿਰ ਵੀ ਇਹ ਮੰਗਾਂ ਸਾਡੀ ਲੁੱਟ ਵਿਰੁੱਧ ਲੰਬੀ ਲੜਾਈ ਦਾ ਇੱਕ ਹਿੱਸਾ ਹਨ। ਅੱਜ ਦੇਸ਼ ਦੇ ਅਗਾਂਹਵਧੂ ਤਬਕੇ ਨੂੰ ਅੱਜ ਇਹਨਾਂ ਅਖੌਤੀ ‘ਰੱਬ ਦੇ ਬੰਦਿਆਂ’ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਕਰਨ ਦੀ ਲੋੜ ਹੈ। 
ਧਾਰਮਿਕ-ਸਿਆਸੀ ਗਠਜੋੜ ਦਾ ਵਿਰੋਧ ਕਰੋ!
ਅਪਰਾਧੀ-ਬਲਾਤਕਾਰੀ ਧਰਮਗੁਰੂਆਂ ਖਿਲਾਫ ਲਾਮਬੰਦ ਹੋਵੋ!

No comments:

Post a Comment