ਮਹਾਨ ਗਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ
ਗਦਰੀ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!
ਗਦਰੀ ਸੂਰਬੀਰਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਓ!
ਪਿਆਰੇ ਲੋਕੋ,
ਸੰਸਾਰ ਭਰ ਦੇ ਲੁਟੇਰੇ ਹਾਕਮਾਂ ਦੀ ਹਮੇਸ਼ਾਂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਰਾਹ ਦਰਸਾਊ ਵਿਰਸੇ, ਇਤਿਹਾਸਕ ਲੋਕ ਘੋਲ਼ਾਂ ਤੇ ਸੱਚੇ ਲੋਕ ਨਾਇਕਾਂ ਤੋਂ ਵੱਧ ਤੋਂ ਵੱਧ ਅਣਜਾਣ ਬਣਾ ਕੇ ਰੱਖਿਆ ਜਾਵੇ। ਕਾਰਨ ਇਹ ਹੈ ਕਿ ਜਿੰਨਾਂ ਵੱਧ ਲੋਕ ਆਪਣੇ ਇਨਕਲਾਬੀ-ਅਗਾਂਹਵਧੂ ਵਿਰਸੇ ਨਾਲ਼ੋਂ ਟੁੱਟੇ ਹੁੰਦੇ ਹਨ ਓਨਾ ਹੀ ਵਧੇਰੇ ਲੁਟੇਰੇ ਹਾਕਮਾਂ ਲਈ ਲੁੱਟ, ਜ਼ਬਰ, ਅਨਿਆਂ ਦਾ ਰਾਜ ਕਾਇਮ ਰੱਖਣਾ ਸੁਖਾਲਾ ਹੁੰਦਾ ਹੈ। ਅੱਜ ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ, ਉਹ ਕਿੰਨੇ ਕੁ ਨੌਜਵਾਨ ਹਨ ਜੋ 100 ਸਾਲ ਪਹਿਲਾਂ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਭਿਆਨਕ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਬਣੀ, ਸਿਰਲੱਥ ਘੋਲ਼ ਲੜਨ ਵਾਲ਼ੀ ਅਤੇ ਮਿਸਾਲੀ ਕੁਰਬਾਨੀਆਂ ਦੀਆਂ ਉਦਾਹਰਣਾਂ ਪੇਸ਼ ਕਰਨ ਵਾਲ਼ੀ ਮਹਾਨ ਗਦਰ ਪਾਰਟੀ ਬਾਰੇ ਜਾਣਦੇ ਹਨ? ਕਿੰਨੇ ਕੁ ਲੋਕ ਜਾਣਦੇ ਹਨ ਕਿ ਗਦਰ ਪਾਰਟੀ ਹੀ ਉਹ ਪਹਿਲੀ ਪਾਰਟੀ ਸੀ ਜਿਸਨੇ ਸਰਮਾਏਦਾਰਾਂ ਦੀ ਪਾਰਟੀ ਕਾਂਗਰਸ ਵਾਂਗ ਅੰਗਰੇਜ਼ਾਂ ਤੋਂ ਕੁਝ ਰਿਆਇਤਾਂ ਹਾਸਲ ਕਰਨ ਨੂੰ ਜਾਂ ਸਰਕਾਰ ਵਿੱਚ ਕੁੱਝ ਹਿੱਸੇਦਾਰੀ ਪ੍ਰਾਪਤ ਕਰਨ ਜਾਂ ਅੰਗਰੇਜ਼ਾਂ ਤੋਂ ਅਜ਼ਾਦੀ ਦੀ ਭੀਖ ਮੰਗਣ ਦੀ ਥਾਂ ਸੰਪੂਰਣ ਅਜ਼ਾਦੀ ਹਾਸਲ ਕਰਨ ਦਾ ਟੀਚਾ ਮਿਥਿਆ ਸੀ ਅਤੇ ਇਸ ਖ਼ਾਤਰ ਦੇਸ਼ ਵਿਆਪੀ ਹਥਿਆਰਬੰਦ ਬਗਾਵਤ ਦਾ ਹੱਲਾ ਬੋਲਿਆ ਸੀ? ਉਹ ਕਿੰਨੇ ਕੁ ਨੌਜਵਾਨ ਹਨ, ਲੋਕ ਹਨ, ਜਿਹੜੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਰਹਿਮਤ ਅਲੀ ਵਜੀਦਕੇ, ਜਗਤ ਰਾਮ, ਕਾਂਸ਼ੀ ਰਾਮ ਮਡੌਲੀ ਜਿਹੇ ਅਨੇਕਾਂ ਹੋਰ ਗਦਰੀ ਸੂਰਬੀਰਾਂ ਦੀ ਮਹਾਨ ਜ਼ਿੰਦਗੀ, ਸੋਚ ਤੇ ਕੁਰਬਾਨੀਆਂ ਬਾਰੇ ਜਾਣਦੇ ਹਨ? ਇਹ ਇÎੱਕ ਕੌੜਾ ਸੱਚ ਹੈ ਕਿ ਇਹ ਸਭ ਜਾਣਨ ਵਾਲ਼ੇ ਲੋਕ ਬਹੁਤ ਘੱਟ ਹਨ। ਖ਼ਾਸਕਰ ਨੌਜਵਾਨ ਤਾਂ ਹੋਰ ਵੀ ਘੱਟ। ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਹਾਕਮਾਂ ਦੀ ਹਮੇਸ਼ਾਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਲੋਕ ਆਪਣੇ ਸੱਚੇ ਵਿਰਸੇ ਅਤੇ ਨਾਇਕਾਂ ਬਾਰੇ ਨਾ ਜਾਣਨ। ਅਜਿਹਾ ਹੀ ਵਤੀਰਾ ਗਿਆਨ ਪ੍ਰਸਾਰ ਦੇ ਸਾਧਨਾਂ ‘ਤੇ ਕਾਬਜ਼, ਪਹਿਲਾਂ ਦੇਸ਼ ਦੇ ਅੰਗਰੇਜ਼ ਹਾਕਮਾਂ ਅਤੇ ਫਿਰ ਅਗਸਤ 1947 ਤੋਂ ਬਾਅਦ ਦੇਸ਼ ਦੀ ਸੱਤਾ ‘ਤੇ ਕਾਬਜ਼ ਨਵੇਂ ਲੁਟੇਰੇ ਹਾਕਮਾਂ ਨੇ ਮਹਾਨ ਗਦਰ ਪਾਰਟੀ, ਉਸ ਦੁਆਰਾ ਲੋਕਾਂ ਲਈ ਲੜੇ ਸੱਚੇ-ਸਿਰਲੱਥ ਸੰਘਰਸ਼, ਉਸਦੇ ਵਿਚਾਰਾਂ, ਮਕਸਦ ਵੱਲ ਅਪਣਾਇਆ ਹੈ। ਸਾਡੇ ਮਾਣਮੱਤੇ ਇਤਿਹਾਸ ‘ਤੇ ਘੱਟਾ ਪਾ ਕੇ ਸਾਡੇ ਤੋਂ ਲੁਕਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਹਨ। ਹਾਲਤ ਦਾ ਇਹ ਇੱਕ ਕੌੜਾ ਪੱਖ ਹੈ। ਪਰ ਦੂਜਾ ਪੱਖ ਇਹ ਵੀ ਹੈ ਕਿ ਹਾਕਮਾਂ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਗਦਰੀ ਸੂਰਬੀਰਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਮਿਟਾਇਆ ਨਹੀਂ ਜਾ ਸਕਿਆ ਹੈ। ਇਹ ਮਨੁੱਖੀ ਸਮਾਜ ਦੀ ਫਿਤਰਤ ਹੈ ਕਿ ਲੋਕ ਨਾਇਕ ਕਦੇ ਮਰਦੇ ਨਹੀਂ। ਯਾਦਾਂ-ਵਿਚਾਰਾਂ ਦੇ ਰੂਪ ਵਿੱਚ ਉਹ ਹਮੇਸ਼ਾ ਜਿਉਂਦੇ ਰਹਿੰਦੇ ਹਨ। ਮਹਾਨ ਗਦਰ ਪਾਰਟੀ ਅਤੇ ਗਦਰੀ ਸੁਰਬੀਰਾਂ ਦਾ ਨਾਂ ਮਨੁੱਖੀ ਇਤਿਹਾਸ ਵਿੱਚ ਸੁਨਿਹਰੇ ਅੱਖਰਾਂ ਵਿੱਚ ਹਮੇਸ਼ਾ ਸੁਰੱਖਿਅਤ ਰਹੇਗਾ। ਪਰ ਅੱਜ ਦੇ ਹਨੇਰੇ ਸਮੇਂ ਵਿੱਚ ਭਾਰਤ ਦੇ ਕਿਰਤੀ ਲੋਕਾਂ ਦੀ ਇਹ ਫੌਰੀ ਲੋੜ ਹੈ ਕਿ ਇਹਨਾਂ ਸੁਨਿਹਰੇ ਅੱਖਰਾਂ ‘ਤੇ ਜੋ ਮਿੱਟੀ ਘੱਟਾ ਪਾਇਆ ਗਿਆ ਹੈ, ਉਸਨੂੰ ਝਾੜਿਆ ਜਾਵੇ। 1947 ਵਿੱਚ ਅੰਗਰੇਜ਼ਾਂ ਤੋਂ ਮਿਲੀ ਅਜ਼ਾਦੀ ਦੇ ਫ਼ਲ ਦਾ ਅਨੰਦ ਦੇਸ਼ ਦੇ ਮੁੱਠੀ ਭਰ ਅਮੀਰਾਂ ਨੇ ਮਾਣਿਆ ਹੈ। ਆਮ ਕਿਰਤੀ ਇਹਨਾਂ ਹੱਥੋਂ ਲੁੱਟ ਦੀ ਚੱਕੀ ਵਿੱਚ ਪਿਸਦੇ ਆਏ ਹਨ, ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਅਨਪੜ੍ਹਤਾ, ਭੁੱਖਮਰੀ, ਬਿਮਾਰੀਆਂ, ਭ੍ਰਿਸ਼ਟਾਚਾਰ ਜਿਹੀਆਂ ਅਲਾਮਤਾਂ ਦਾ ਭਿਆਨਕ ਰੂਪ ਵਿੱਚ ਸ਼ਿਕਾਰ ਰਹੇ ਹਨ। ਦੇਸ਼ ਦੇ ਕਿਰਤੀ ਲੋਕਾਂ ਨੂੰ ਇਸ ਲੁੱਟ, ਜ਼ਬਰ, ਅਨਿਆਂ ‘ਤੇ ਟਿਕੇ ਸਰਮਾਏਦਾਰੀ ਪ੍ਰਬੰਧ ਨੂੰ ਆਪਣੇ ਫੌਲਾਦੀ ਹੱਥਾਂ ਨਾਲ਼ ਢਹਿਢੇਰੀ ਕਰਨ ਲਈ ਅੱਗੇ ਆਉਣਾ ਹੋਵੇਗਾ। ਆਪਣੇ ਅੱਜ ਦੇ ਹਾਲਾਤਾਂ ਦੀ ਸਮਝ, ਇਹਨਾਂ ਹਾਲਾਤਾਂ ਨੂੰ ਬਦਲਣ ਲਈ ਇÎੱਕ ਢੁੱਕਵੀਂ ਯੁੱਧਨੀਤੀ ਤੇ ਦਾਅਪੇਚ ਤਾਂ ਘੜਨੇ ਹੀ ਪੈਣਗੇ ਪਰ ਜੇਕਰ ਅਸੀਂ ਆਪਣੇ ਇਨਕਲਾਬੀ ਵਿਰਸੇ ਨਾਲ਼ ਨਹੀਂ ਜੁੜਦੇ, ਉਸ ਤੋਂ ਪ੍ਰੇਰਣਾ ਨਹੀਂ ਲੈਂਦੇ, ਰਾਹ ਦਰਸਾਵੀਂ ਸੋਚ ਨਹੀਂ ਲੈਂਦੇ ਤਾਂ ਅਸੀਂ ਕਦੇ ਵੀ ਮੌਜੂਦਾ ਸਮਾਜ ਨੂੰ ਬਦਲਣ ਵਿੱਚ ਕਾਮਯਾਬ ਨਹੀਂ ਹੋ ਸਕਾਂਗੇ। ਜਿਵੇਂ ਕਿ ਪ੍ਰਸਿੱਧ ਰੂਸੀ ਲੇਖਕ ਰਸੂਲ ਹਮਜ਼ਾਤੋਵ ਨੇ ‘ਮੇਰਾ ਦਾਗਿਸਤਾਨ’ ਵਿੱਚ ਲਿਖਿਆ ਸੀ – ਜੇਕਰ ਤੁਸੀਂ ਆਪਣੇ ਬੀਤੇ ‘ਤੇ ਗੋਲ਼ੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਦੇ ਗੋਲ਼ੇ ਨਾਲ਼ ਫੁੰਡੇਗਾ। ਇਸ ਲਈ, ਇਹ ਜ਼ਰੂਰੀ ਹੈ ਕਿ ਮਹਾਨ ਗਦਰ ਪਾਰਟੀ, ਉਸਦੇ ਵਿਚਾਰਾਂ, ਰਾਹ ਅਤੇ ਸੰਘਰਸ਼ ਨੂੰ ਜਾਣੀਏ, ਅੱਜ ਦੇ ਹਾਲਾਤਾਂ ਨੂੰ ਸਮਝਣ-ਬਦਲਣ ਲਈ ਉਸ ਤੋਂ ਪ੍ਰੇਰਣਾ ਅਤੇ ਸਿੱਖਿਆ ਲਈਏ। ਗਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ ਸਾਡੇ ਗਦਰੀ ਸੂਰਬੀਰ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।
ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਗਦਰ ਪਾਰਟੀ ਦਾ ਸਿਰਲੱਥ-ਅਣਥੱਕ ਘੋਲ਼
ਅੰਗਰੇਜ਼ ਹਾਕਮਾਂ ਨੇ ਭਾਰਤ ਨੂੰ ਗ਼ੁਲਾਮ ਬਣਾ ਕੇ ਦਸਤਕਾਰੀਆਂ ਤਬਾਹ ਕਰ ਦਿੱਤੀਆਂ ਗਈਆਂ ਸਨ, ਰਾਠਾਂ ਜਗੀਰਦਾਰਾਂ ਨਾਲ਼ ਗਠਜੋੜ ਕਰਕੇ ਕਿਸਾਨਾਂ ‘ਤੇ ਭਾਰੀ ਟੈਕਸ (ਲਗਾਨ) ਠੋਕ ਦਿੱਤੇ ਗਏ। ਭਾਰੀ ਲਗਾਨਾਂ, ਟੈਕਸਾਂ, ਸੂਦਖੋਰੀ, ਆਰਥਿਕ ਬਦਹਾਲੀ ਦੇ ਮਾਰੇ, ਫਾਕੇ ਕੱਟ ਰਹੇ ਭਾਰਤ ਦੇ ਲੋਕ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਸੀ, ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵੱਲ ਤੁਰ ਪਏ। ਕੁਝ ਫੌਜੀ ਸਨ ਜੋ ਅੰਗਰੇਜ਼ਾਂ ਦੀ ਡਿਊਟੀ ਵਜਾਉਂਦੇ ਵਜਾਉਂਦੇ ਕਾਫ਼ੀ ਹੱਦ ਤੱਕ ਅੰਗਰੇਜ਼ ਭਗਤ ਬਣ ਚੁੱਕੇ ਸਨ ਅਤੇ ਚਿੱਟੀ ਚਮੜੀ ਵਾਲ਼ਿਆਂ ਵਾਂਗ ਮਲਕਾ ਵਿਕਟੋਰੀਆ ਦੀ ਪ੍ਰਜਾ ਹੋਣ ਦਾ ਭਰਮ ਪਾਲ਼ ਰਹੇ ਸਨ। ਹਾਂਗਕਾਂਗ, ਮਲੇਸ਼ੀਆ, ਸਿੰਘਾਪੁਰ, ਸ਼ੰਘਾਈ ਤੇ ਫਿਰ ਉੱਥੋਂ ਉਹਨਾਂ ਨੇ ਕਨੇਡਾ, ਅਮਰੀਕਾ ਤੇ ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਹਜ਼ਾਰਾਂ ਭਾਰਤੀ ਫੈਲ ਗਏ ਤੇ ਆਰਿਆਂ ਤੇ ਹੋਰ ਕਾਰਖ਼ਾਨਿਆਂ ‘ਚ ਮਜ਼ਦੂਰ ਕਰਨ ਲੱਗੇ। ਇਹ ਪ੍ਰਵਾਸੀ ਭਾਰਤੀ ਚੇਤਨਾ ਪੱਖੋਂ ਪਿਛੜੇ ਅਤੇ ਗ਼ੈਰ-ਜੱਥੇਬੰਦ ਸਨ ਤੇ ਪੈਸਾ ਕਮਾਉਣਾ ਹੀ ਇਨ੍ਹਾਂ ਦਾ ਇÎੱਕੋ-ਇÎੱਕ ਮਕਸਦ ਸੀ। ਅਮਰੀਕਾ ਵਿਚਲੇ ਸਰਮਾਏਦਾਰ ਇਹਨਾਂ ਪ੍ਰਵਾਸੀ ਭਾਰਤੀ ਮਜ਼ਦੂਰਾਂ ਨੂੰ ਸਥਾਨਕ ਮਜ਼ਦੂਰਾਂ ਖਿਲਾਫ਼ ”ਕਾਲ਼ੀਆਂ ਭੇਡਾਂ” ਵਜੋਂ ਵਰਤਣ ਲੱਗੇ। ਪੈਸਾ ਕਮਾਉਣ ਖਾਤਰ ਇਹ ”ਹੜਤਾਲ ਤੋੜਕ” ਬਣ ਗਏ। ਗ਼ੁਲਾਮ ਦੇਸ਼ ਤੋਂ ਹੋਣਾ ਅਤੇ ”ਕਾਲ਼ੀਆਂ ਭੇਡਾਂ” ਦੇ ਠੱਪੇ ਨੇ ਇਨ੍ਹਾਂ ਨੂੰ ਉੱਥੋਂ ਦੇ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਾ ਦਿੱਤਾ। ਆਰਥਿਕ ਮੰਦਵਾੜੇ ਵਿੱਚ ਬੇਰੁਜ਼ਗਾਰੀ ਫੈਲੀ ਤਾਂ ਭਾਰਤੀ ਪ੍ਰਵਾਸੀਆਂ ਖਿਲਾਫ਼ ਵੱਡੇ ਪੱਧਰ ‘ਤੇ ਗੁੰਡਾਗਰਦੀ ਸ਼ੁਰੂ ਹੋ ਗਈ। ਯੂਰਪੀ ਦੇਸ਼ਾਂ ਅਤੇ ਜਪਾਨ ਦੇ ਮਜ਼ਦੂਰ ਵੀ ਇਸ ਗੁੰਡਾਗਰਦੀ ਦੇ ਸ਼ਿਕਾਰ ਹੋਏ ਪਰ ਉਹ ਅਜ਼ਾਦ ਦੇਸ਼ਾਂ ਦੇ ਬਸ਼ਿੰਦੇ ਸਨ ਇਸ ਲਈ ਉਹਨਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਨੇ ਨੁਕਸਾਨ ਦੀ ਭਰਪਾਈ ਕਰਵਾਈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਲਈ ਕੋਸ਼ਿਸ਼ਾਂ ਕੀਤੀਆਂ। ਪਰ ਭਾਰਤੀ ਪ੍ਰਵਾਸੀਆਂ ਵੱਲੋਂ ਵਾਰ ਵਾਰ ਕਹਿਣ ‘ਤੇ ਵੀ ਅੰਗਰੇਜ਼ ਸਰਕਾਰ ਨੇ ਕੋਈ ਮਦਦ ਨਾ ਕੀਤੀ। ਉੱਧਰ ਕਨੇਡਾ ਵਿੱਚ ਵੀ ਇਹੋ ਹਾਲ ਸੀ। ਪ੍ਰਵਾਸੀਆਂ ਅਤੇ ਸਥਾਨਕ ਮਜ਼ਦੂਰਾਂ ਦੇ ਝਗੜੇ ਨੂੰ ਨੱਥ ਪਾਉਣ ਲਈ ਜਦ ਕਨੈਡਾ ਸਰਕਾਰ ਨੇ ਮਜ਼ਦੂਰਾਂ ਲਈ ਨਰਕ ਵਜੋਂ ਜਾਣੇ ਜਾਂਦੇ ਹਾਂਡੂਰਸ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ, ਭਾਰਤੀਆਂ ਨੇ ਸਾਫ਼ ਨਾਂਹ ਕਰ ਦਿੱਤੀ। ਔਖੀ ਹੋਈ ਸਰਕਾਰ ਨੇ ਭਾਰਤੀਆਂ ਦੇ ਕਨੈਡਾ ਵਿੱਚ ਪ੍ਰਵਾਸ ਨੂੰ ਰੋਕਣ ਲਈ ਕਨੂੰਨ ਬਣਾ ਦਿੱਤਾ ਕਿ ਉਹੀ ਵਿਦੇਸ਼ੀ ਵਿਅਕਤੀ ਕਨੇਡਾ ‘ਚ ਪੈਰ ਧਰ ਸਕਦਾ ਹੈ ਜੋ ਆਪਣੇ ਦੇਸ਼ ਤੋਂ ਬਿਨਾਂ ਜਹਾਜ਼ ਬਦਲੇ ਸਿੱਧਾ ਆਵੇ ਅਤੇ 200 ਡਾਲਰ ਦੀ ਜ਼ਮਾਨਤੀ ਰਕਮ ਜਮ੍ਹਾ ਕਰਵਾਏਗਾ। ਵਿਦੇਸ਼ਾਂ ਵਿੱਚ ਹੋ ਰਹੀ ਇਸ ਭੈੜੀ ਹਾਲਤ ਨੇ ਇਹਨਾਂ ਪ੍ਰਵਾਸੀ ਭਾਰਤੀਆਂ ਦੇ ਦਿਲ ਰੋਹ ਨਾਲ਼ ਭਰ ਦਿੱਤੇ। ਇÎੱਕ ਗ਼ੁਲਾਮ ਦੇਸ਼ ਦੇ ਨਾਗਰਿਕ ਹੋਣ ਦਾ ਕੀ ਅਰਥ ਹੁੰਦਾ ਹੈ, ਇਸ ਦਾ ਡੂੰਘਾ ਅਹਿਸਾਸ ਹੋ ਚੁੱਕਾ ਸੀ। ਪੈਰ ਪੈਰ ‘ਤੇ ਬੇਇÎੱਜਤੀ ਸਹਿਣੀ ਪੈਂਦੀ ਸੀ, ਭੇਡਾਂ-ਕੁੱਤਿਆਂ ਨਾਲ਼ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਸੀ। ਹੁਣ ਉਹ ਜਾਣ ਚੁੱਕੇ ਸਨ ਕਿ ਦੇਸ਼ ਨੂੰ ਅਜ਼ਾਦ ਕਰਵਾਏ ਬਿਨਾਂ ਉਹਨਾਂ ਨੂੰ ਦੁਨੀਆਂ ਵਿੱਚ ਕਿਤੇ ਵੀ ਇÎੱਜਤ ਦੀ ਜ਼ਿੰਦਗੀ ਹਾਸਲ ਨਹੀਂ ਹੋਣ ਲੱਗੀ। ਉਹਨਾਂ ਨੇ ਜੱਥੇਬੰਦ ਹੋਣਾ ਸ਼ੁਰੂ ਕਰ ਦਿੱਤਾ।
21 ਅਪ੍ਰੈਲ, 1913 ਅਮਰੀਕੀ ਸ਼ਹਿਰ ਐਸਤੋਰੀਆ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਇਲਾਕਿਆਂ ਵਿੱਚ ਕੰਮ ਕਰਦੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ”ਹਿੰਦੀ ਐਸੋਸੀਏਸ਼ਨ ਆਫ਼ ਦੀ ਪੈਸੇਵਿਕ ਕੋਸਟ ਆਫ਼ ਅਮੈਰਿਕਾ” ਨਾਂ ਦੀ ਜੱਥੇਬੰਦੀ ਗਠਿਤ ਕੀਤੀ ਗਈ। ਇਸੇ ਜੱਥੇਬੰਦੀ ਦਾ ਨਾਂ ਬਾਅਦ ਵਿੱਚ ”ਹਿੰਦੋਸਤਾਨ ਗਦਰ ਪਾਰਟੀ” ਨਾਂ ਪਿਆ ਅਤੇ ”ਗਦਰ ਪਾਰਟੀ” ਦੇ ਨਾਂ ਨਾਲ਼ ਮਸ਼ਹੂਰ ਹੋਈ। ਬਾਬਾ ਸੋਹਣ ਸਿੰਘ ਭਕਨਾ ਪਾਰਟੀ ਪ੍ਰਧਾਨ ਅਤੇ ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਖਜ਼ਾਨਚੀ ਦੀ ਜਿੰਮੇਵਾਰੀ ਕਾਂਸ਼ੀ ਰਾਮ ਮਡੌਲੀ ਨੂੰ ਸੌਂਪੀ ਗਈ। 21 ਅਪ੍ਰੈਲ 1913 ਵਾਲ਼ੀ ਮੀਟਿੰਗ ਵਿੱਚ ਹੀ ਸਪਤਾਹਿਕ ਅਖ਼ਬਾਰ ਪ੍ਰਕਾਸ਼ਤ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਸੀ ਜਿਸ ਦਾ ਨਾਂ ਪਹਿਲੀ ਜੰਗੇ ਅਜ਼ਾਦੀ ਸੰਗਰਾਮ ਭਾਵ 1857 ਦੇ ਗਦਰ ਦੀ ਯਾਦ ਵਿੱਚ ”ਗਦਰ” ਰੱਖਿਆ ਗਿਆ ਅਤੇ ਇਸਨੂੰ ਪ੍ਰਕਾਸ਼ਤ ਕਰਨ ਦੀ ਜਿੰਮੇਵਾਰੀ ਲਾਲਾ ਹਰਦਿਆਲ ਦੇ ਨਾਲ਼ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਪੰਡਿਤ ਜਗਤ ਰਾਮ ਨੂੰ ਸੌਂਪੀ ਗਈ।
‘ਗਦਰ’ ਦਾ ਪਹਿਲਾਂ ਅੰਕ 1 ਨਵੰਬਰ 1913 ਨੂੰ ਛਪ ਕੇ ਆਇਆ। ‘ਗਦਰ’ ਇÎੱਕ ਅਜਿਹੀ ਲਾਟ ਬਣ ਗਿਆ ਜੋ ਜਿੱਧਰ ਵੀ ਜਾਂਦਾ ਵਿਦਰੋਹ ਦੀਆਂ ਲਾਟਾਂ ਭੜਕਣ ਲਾ ਦਿੰਦਾ ਤੇ ਗਦਰ ਪਾਰਟੀ ਦੀ ਇਕਾਈ ਖੜੀ ਹੋ ਜਾਂਦੀ। ਪਾਰਟੀ ਦੇ ਮੈਂਬਰਾਂ ਦੀ ਗਿਣਤੀ ਕੁਝ ਮਹੀਨਿਆਂ ਵਿੱਚ ਹੀ 12,000 ਨੂੰ ਪਹੁੰਚ ਗਈ। ਗਦਰ ਪਾਰਟੀ ਦਾ ਬਣਨਾ ਕੋਈ ਮਾਮੂਲੀ ਘਟਨਾ ਨਹੀਂ ਸੀ। ਇਹ ਭਾਰਤ ਦੀ ਜੰਗੇ-ਅਜ਼ਾਦੀ ਦੇ ਇਤਿਹਾਸ ਵਿੱਚ ਇÎੱਕ ਮੀਲ ਦਾ ਪੱਥਰ ਸੀ। ਇਸਨੇ ਅਜ਼ਾਦੀ ਲਹਿਰ ਨੂੰ ਨਵੀਆਂ ਉਚਾਈਆਂ ਪ੍ਰਦਾਨ ਕੀਤੀਆਂ। ਲੋਕ ਮਨਾਂ ਵਿੱਚ ਅਜ਼ਾਦੀ ਦੀ ਤਾਂਘ ਦੀ ਅਜਿਹੀ ਲਹਿਰ ਪੈਦਾ ਕੀਤੀ, ਅਜਿਹੀ ਬਗਾਵਤ ਖੜੀ ਕੀਤੀ ਜੋ ਭਾਂਵੇਂ ਅੰਗਰੇਜ਼ਾਂ ਦਾ ਤਖਤਾ ਪਲਟ ਕਰਨ ਵਿੱਚ ਨਕਾਮ ਰਹੀ ਪਰ ਇਸ ਨੇ ਲੁਟੇਰੇ ਤਖਤ ਦੀਆਂ ਚੂਲ਼ਾਂ ਜ਼ਰੂਰ ਹਿਲਾ ਦਿੱਤੀਆਂ ਤੇ ਭਾਰਤੀ ਲੋਕਾਂ ਵਿੱਚ ਆਪਣੀ ਤਾਕਤ ਦਾ ਇਹ ਅਹਿਸਾਸ ਪੈਦਾ ਕਰ ਦਿੱਤਾ ਕਿ ਸਾਰੀ ਦੁਨੀਆਂ ਵਿੱਚ ਰਾਜ ਕਰਨ ਵਾਲ਼ੇ ਲੁਟੇਰੇ-ਜਾਲਮ ਅੰਗਰਜ਼ਾਂ ਦਾ ਤਖਤਾ ਪਲਟਣਾ ਅਸੰਭਵ ਨਹੀਂ ਹੈ। ਇਹ ਤਖਤਾ ਪਲਟਿਆ ਜਾ ਸਕਦਾ ਹੈ ਅਤੇ ਤਖਤਾ ਪਲਟਣ ਦੀ ਤਾਕਤ ਉਹਨਾਂ ਵਿੱਚ ਮੌਜੂਦ ਹੈ।
ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ‘ਤੇ ਜਦੋਂ ਭਾਰਤ ਦੇ ਫਰੰਗੀ ਹਾਕਮ ਜੰਗ ਵਿੱਚ ਉਲਝੇ ਤਾਂ ਗਦਰੀ ਸੂਰਬੀਰਾਂ ਨੇ ਭਾਰਤ ਚੱਲਣ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੈਂਬਰਾਂ, ਜਿਹੜੇ ਪੈਸਾ ਕਮਾਉਣ ਵਿਦੇਸ਼ਾਂ ਵਿੱਚ ਆਏ ਸਨ, ਹੁਣ ਆਪਣੀ ਖੂਨ-ਪਸੀਨੇ ਦੀ ਕਮਾਈ, ਆਪਣਾ ਸਭ ਕੁਝ ਪਾਰਟੀ ਦਫ਼ਤਰ ਜਮ੍ਹਾ ਕਰਵਾ ਦਿੱਤਾ, ਹਥਿਆਰ ਖ਼ਰੀਦ ਲਏ ਤੇ ਮਾਤ-ਭੂਮੀ ਨੂੰ ਅਜ਼ਾਦ ਕਰਾਉਣ ਲਈ ਭਾਰਤ ਵੱਲ ਵਹੀਰਾਂ ਘੱਤ ਲਈਆਂ।
ਪਰ ਗਦਰੀ ਵੱਡੀਆਂ ਗ਼ਲਤੀਆਂ ਵੀ ਕਰ ਬੈਠੇ ਸਨ। ਬਗਾਵਤ ਦੀਆਂ ਤਿਆਰੀਆਂ ਵਿੱਚ ਲੋੜੀਂਦੀ ਗੁਪਤਤਾ ਨਹੀਂ ਵਰਤੀ ਗਈ ਸੀ। ਅੰਗਰੇਜ਼ ਹਾਕਮ ਪਹਿਲਾਂ ਹੀ ਚੌਕੰਨੇ ਹੋ ਚੁੱਕੇ ਸਨ। ਆਗੂਆਂ ਦੀ ਨਿਸ਼ਾਨਦੇਹੀ ਵੀ ਕਰ ਲਈ ਗਈ। ਬਹੁਤੇ ਆਗੂ ਤੱਟਾਂ ‘ਤੇ ਹੀ ਫੜ ਲਏ ਗਏ ਜਿਨ੍ਹਾਂ ਵਿੱਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੀ ਸਨ। ਲੱਖ ਅਸਫਲਤਾਵਾਂ-ਪਿਛਾੜਾਂ ਦੇ ਬਾਵਜੂਦ ਵੀ ਨਾ ਡੋਲਣਾ ਗਦਰੀਆਂ ਦਾ ਖਾਸ ਗੁਣ ਸੀ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਰਹਿਮਤ ਅਲੀ ਵਜੀਦਕੇ, ਜਗਤ ਰਾਮ, ਪੰਡਤ ਕਾਂਸ਼ੀ ਰਾਮ ਮਡੌਲੀ ਤੇ ਕਈ ਹੋਰ ਉੱਘੇ ਗਦਰੀ ਦੇਸ਼ ਵਿੱਚ ਦਾਖ਼ਲ ਹੋਣ ਵਿੱਚ ਸਫ਼ਲ ਹੋ ਗਏ ਸਨ ਅਤੇ ਇਹਨਾਂ ਨੇ ਆਗੂ ਕੇਂਦਰ ਮੁੜ ਜੱਥੇਬੰਦ ਕਰ ਲਏ। ਬੇਗਾਨੇ ਦੇਸ਼ਾਂ ਵਿੱਚ ਜਾ ਕੇ ਲੜਨ ਤੋਂ ਆਕੀ ਹੋਏ ਬੈਠੇ ਫੌਜੀਆਂ ਵਿੱਚ ਗਦਰੀਆਂ ਦਾ ਪ੍ਰਚਾਰ ਅੱਗ ਵਾਂਗ ਫੈਲਿਆ। ਸਿਆਲਕੋਟ, ਮੁਲਤਾਨ, ਰਾਵਲਪਿੰਡੀ, ਫਿਰੋਜਪੁਰ ਤੋਂ ਲੈ ਕੇ ਮੇਰਠ, ਲਖਨਊ ਦੀਆਂ ਛਾਉਣੀਆਂ, ਇÎੱਥੋਂ ਤੱਕ ਕਿ ਕਲਕੱਤਾ, ਢਾਕਾ ਤੇ ਰੰਗੂਨ ਤੱਕ ਦੀਆਂ ਛਾਉਣੀਆਂ ਨਾਲ਼ ਰਾਬਤਾ ਕਾਇਮ ਕਰ ਲਿਆ ਗਿਆ। ਗਦਰ ਦੀ ਤਾਰੀਖ 21 ਫਰਵਰੀ 1915 ਤੈਅ ਕਰ ਲਈ ਗਈ। ਪਰ ਫਰੰਗੀ ਦੇ ਟੱਟੂ ਕਿਰਪਾਲ ਸਿੰਘ ਨੇ ਐਨ ਆਖਰੀ ਮੌਕੇ ਇਸਦੀ ਸੂਹ ਫਰੰਗੀਆਂ ਨੂੰ ਦੇ ਦਿੱਤੀ। ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ ਪਰ ਇਸਦਾ ਵੀ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ। ਅੰਗਰੇਜ਼ ਹਕੂਮਤ ਨੇ ਭਾਰਤੀ ਫੌਜੀਆਂ ਨੂੰ ਪਹਿਲਾਂ ਹੀ ਨਿਹੱਥੇ ਕਰ ਦਿੱਤਾ। ਬਾਗੀ ਫੌਜੀਆਂ ਦਾ ਕੋਰਟ ਮਾਰਸ਼ਲ ਹੋਇਆ ਤੇ ਸੈਂਕੜਿਆਂ ਨੂੰ ਗੋਲ਼ੀ ਨਾਲ਼ ਉਡਾ ਦਿੱਤਾ। ਸਰਾਭੇ, ਜਗਤ ਰਾਮ, ਵੀ.ਜੇ. ਪਿੰਗਲੇ, ਹਰਨਾਮ ਸਿੰਘ ਟੁੰਡੀਲਾਟ ਸਮੇਤ ਅਨੇਕਾਂ ਗਦਰੀ ਫਾਂਸੀ ਲਗਾ ਦਿੱਤੇ ਗਏ ਅਤੇ ਬਾਕੀਆਂ ਨੂੰ ਕਾਲ਼ੇਪਾਣੀ ਭੇਜ ਦਿੱਤਾ ਗਿਆ। ਬਗਾਵਤ ਕੁਚਲ ਦਿੱਤੀ ਗਈ ਸੀ ਪਰ ਗਦਰੀਆਂ ਨੇ ਇਸ ਨੂੰ ਅੰਤ ਨਾ ਸਮਝਿਆ। ਜਿਹੜੇ ਗਦਰੀ ਅੰਡੇਮਾਨ ਦੀ ਬਦਨਾਮ ਕਾਲ਼ੇਪਾਣੀ ਦੀ ਸਜ਼ਾ ਕੱਟਣ ਪਹੁੰਚੇ, ਉਹਨਾਂ 1921 ਵਿੱਚ ਇਸ ਜੇਲ੍ਹ ਨੂੰ ਤੁੜਵਾ ਕੇ ਸਾਹ ਲਿਆ। ਕਾਲ਼ੇਪਾਣੀ ਵਿੱਚ ਉਹਨਾਂ ਮਹੀਨਿਆਂ-ਬੱਧੀ ਭੁੱਖ ਹੜਤਾਲਾਂ ਕੀਤੀਆਂ, ਇਕੱਲਿਆਂ ਸਾਲਾਂ ਬੱਧੀ ਸਜਾ ਕੱਟੀ ਤੇ ਅਸਹਿ ਤਸੀਹੇ ਝੱਲੇ ਤੇ ਕਈਆਂ ਨੇ ਜਾਨ ਦੀ ਬਾਜ਼ੀ ਲਾ ਦਿੱਤੀ। ਉਮਰ ਕੈਦਾਂ ਕੱਟਣ ਤੋਂ ਬਾਅਦ ਵੀ ਉਹ ਘਰਾਂ ਵਿੱਚ ਟਿਕ ਨਾ ਬੈਠੇ, ਕਿਸਾਨ ਸਭਾਵਾਂ ਜੱਥੇਬੰਦ ਕੀਤੀਆਂ। ਵੱਡੀ ਗਿਣਤੀ ਵਿੱਚ ਗਦਰੀ ਕਮਿਊਨਿਸਟ ਸੋਚ ਵੱਲ਼ ਖਿੱਚੇ ਗਏ। ਗਦਰੀ ਸੰਤੋਖ ਸਿੰਘ ਨੇ ਕਿਰਤੀ ਅਖ਼ਬਾਰ ਸ਼ੁਰੂ ਕੀਤਾ। ਦੇਸ਼ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਅਜ਼ਾਦ ਕਰਾਉਣ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਇਹੋ ਜਿਹੇ ਫੌਲਾਦੀ ਇਰਾਦੇ ਵਾਲ਼ੇ ਸਨ ਸਾਡੇ ਗਦਰੀ ਸੂਰਬੀਰ।
ਗਦਰ ਪਾਰਟੀ : ਭਾਰਤੀ ਜੰਗੇ-ਅਜ਼ਾਦੀ ਲਹਿਰ ਦਾ ਮੀਲ ਪੱਥਰ
ਗਦਰ ਪਾਰਟੀ ਦਾ ਮਹੱਤਵ ਸਿਰਫ਼ ਇਸ ਵਿੱਚ ਨਹੀਂ ਹੈ ਕਿ ਗਦਰੀਆਂ ਨੇ ਅਥਾਹ ਕੁਰਾਬਨੀਆਂ ਕੀਤੀਆਂ, ਆਪਾ ਵਾਰਨ ਦੀਆਂ ਮਿਸਾਲਯੋਗ ਉਦਾਹਰਣਾ ਪੇਸ਼ ਕੀਤੀਆਂ। ਸਗੋਂ ਅਜਿਹਾ ਹੋਰ ਵੀ ਬਹੁਤ ਕੁਝ ਸੀ ਜਿਸਨੇ ਗਦਰ ਪਾਰਟੀ ਨੂੰ ਮਹਾਨ ਬਣਾਇਆ। ਇਹ ਪਹਿਲੀ ਵੱਡੀ ਪਾਰਟੀ ਸੀ ਜਿਸਨੇ ਸੰਪੂਰਣ ਅਜ਼ਾਦੀ ਨੂੰ ਆਪਣਾ ਟੀਚਾ ਮਿਥਿਆ (ਭਾਰਤ ਦੀ ਕਮਿਊਨਿਸਟ ਪਾਰਟੀ ਬਾਅਦ ਵਿੱਚ ਬਣੀ)। ਅਜ਼ਾਦੀ ਲਈ ਇਸਨੇ ਅੰਗਰੇਜ਼ਾਂ ਤੋਂ ਭੀਖ ਨਹੀਂ ਮੰਗੀ ਸਗੋਂ ਰਾਵਲਪਿੰਡੀ, ਮੁਲਤਾਨ ਤੋਂ ਲੈ ਕੇ ਢਾਕੇ ਤੱਕ ਹਥਿਆਰਬੰਦ ਬਗਾਵਤ ਲਈ ਤਾਣਾਬਾਣਾ ਬੁਣਿਆ। ਪਹਿਲੀ ਸੰਸਾਰ ਜੰਗ ਸਮੇਂ ਜਦ ਕਾਂਗਰਸ ਹੀ ਨਹੀਂ ਸਗੋਂ ਧਾਰਮਿਕ ਜੱਥੇਬੰਦੀਆਂ ਅਤੇ ਧਰਮ ਅਸਥਾਨ ਅੰਗਰੇਜ਼ਾਂ ਦੀ ”ਸਲਾਮਤੀ ਤੇ ਜਿੱਤ” ਲਈ ਅਰਦਾਸਾਂ ਕਰ ਰਹੇ ਸਨ, ਪਾਠ ਸੁੱਖ ਰਹੇ ਸਨ, ਟੱਲ ਖੜਕਾ ਰਹੇ ਸਨ, ਰੱਬ ਅਤੇ ਦੇਸ਼ ਦੇ ਵਾਸਤੇ ਦੇ-ਦੇ ਕੇ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰ ਰਹੇ ਸਨ ਉਸ ਸਮੇਂ ਗਦਰੀਆਂ ਨੇ ਨੌਜਵਾਨਾਂ ਅਤੇ ਫ਼ੌਜੀਆਂ ਨੂੰ ਅਜ਼ਾਦੀ ਹਾਸਲ ਕਰਨ ਵਾਸਤੇ ਬਗਾਵਤ ਕਰਨ ਲਈ ਪ੍ਰੇਰਿਆ ਤੇ ਤਿਆਰ ਕੀਤਾ।
ਭਾਰਤ ਵਿੱਚ ਅੰਗਰੇਜ਼ਾਂ ਤੋਂ ਅਜ਼ਾਦੀ ਲਈ ਲੜ ਰਹੇ ਛੋਟੇ ਛੋਟੇ ਇਨਕਲਾਬੀ ਗਰੁੱਪਾਂ ਤੋਂ ਉਲਟ ਗਦਰ ਪਾਰਟੀ ਕੋਲ਼ ਸੰਸਦੀ ਜਮਹੂਰੀ ਢਾਂਚਾ ਉਸਾਰਨ ਦਾ ਇÎੱਕ ਠੋਸ ਪ੍ਰੋਗਰਾਮ ਸੀ। ਭਾਵੇਂ ਕਿ ਅੱਜ ਦੇ ਸਮੇਂ ਵਿੱਚ ਇਹ ਪ੍ਰੋਗਰਾਮ ਗ਼ੈਰਪ੍ਰਸੰਗਕ ਹੈ ਪਰ ਜਦ ਦੇਸ਼ ਦੇ ਲੋਕ ਸਾਮਰਾਜੀਆਂ ਅਤੇ ਜਗੀਰਦਾਰਾਂ ਦੇ ਗਠਜੋੜ ਨਾਲ਼ ਕਾਇਮ ਬਸਤੀਵਾਦੀ ਰਾਜਸੱਤਾ ਹੱਥੋਂ ਲੁੱਟ-ਜ਼ਬਰ ਦਾ ਸ਼ਿਕਾਰ ਸਨ ਉਸ ਸਮੇਂ ਅਜਿਹਾ ਪ੍ਰੋਗਰਾਮ ਤੈਅ ਕੀਤਾ ਜਾਣਾ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਵੱਡੀ ਪੁਲਾਂਘ ਸੀ। ਇਸ ਲਹਿਰ ਨੇ ਇਨਕਲਾਬੀ ਕੌਮੀ ਅਜ਼ਾਦੀ ਘੋਲ਼ ਨੂੰ ਕਾਲਜਾਂ ਦੇ ਰੈਡੀਕਲ ਵਿਦਿਆਰਥੀ-ਨੌਜਵਾਨਾਂ ਤੇ ਇਨਕਲਾਬੀ ਬੁੱਧੀਜੀਵੀਆਂ ਦੇ ਤੰਗ ਘੇਰਿਆਂ ਚੋਂ ਬਾਹਰ ਕੱਢ ਕੇ ਮਜ਼ਦੂਰ-ਕਿਸਾਨ ਲੋਕਾਈ ਵਿੱਚ ਫੈਲਾ ਕੇ ਜਨਤਕ ਖਾਸਾ ਪ੍ਰਦਾਨ ਕੀਤਾ। ਪਹਿਲੀ ਵਾਰ ਭਾਰਤੀ ਫ਼ੌਜੀਆਂ ਨੂੰ ਦੇਸ਼ ਦੀ ਅਜ਼ਾਦੀ ਖਾਤਰ ਲੜਨ ਅਤੇ ਬਗਾਵਤ ਕਰਨ ਲਈ ਤਿਆਰ ਕੀਤਾ ਗਿਆ। ਗਦਰ ਪਾਰਟੀ ਨੇ ਧਰਮ ਨੂੰ ਨਿਜੀ ਮਾਮਲਾ ਕਰਾਰ ਦਿੱਤਾ। ਪਾਰਟੀ ਮੈਂਬਰ ਕਿਸੇ ਵੀ ਧਰਮ ਵਿੱਚ ਯਕੀਨ ਰੱਖਣ ਲਈ ਅਜ਼ਾਦ ਸਨ ਇÎੱਥੋਂ ਤੱਕ ਕਿ ਕਿਸੇ ਵੀ ਧਰਮ ਨੂੰ ਨਾ ਮੰਨਣ ਲਈ ਵੀ।
ਇਹ ਸਭ ਵਿਸ਼ੇਸ਼ਤਾਵਾਂ ਸਨ ਜਿਨ੍ਹਾਂ ਵਜੋਂ ਗਦਰ ਪਾਰਟੀ ਏਨੀ ਮਹਾਨ ਅਤੇ ਮਜ਼ਬੂਤ ਪਾਰਟੀ ਬਣ ਸਕੀ ਕਿ ਅੰਗਰੇਜ਼ ਹਕੂਮਤ ਦੀਆਂ ਚੂਲ਼ਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਬਾਅਦ ਦੇ ਇਨਕਲਾਬੀਆਂ ਜਿਨ੍ਹਾਂ ਵਿੱਚ ਭਗਤ ਸਿੰਘ ਵੀ ਸ਼ਾਮਲ ਸਨ, ਲਈ ਅਥਾਹ ਪ੍ਰੇਰਨਾ ਅਤੇ ਰਾਹ ਦਰਸਾਵੇ ਦਾ ਸ੍ਰੋਤ ਬਣੀ। ਅੱਜ ਦੇ ਸਮੇਂ ਵੀ ਗਦਰ ਪਾਰਟੀ ਦੀ ਇਹ ਭੂਮਿਕਾ ਬਰਕਰਾਰ ਹੈ।
ਆਓ, ਗਦਰੀ ਸੂਰਬੀਰਾਂ ਤੋਂ ਪ੍ਰੇਰਣਾ ਲਈਏ, ਨਵੇਂ ਇਨਕਲਾਬ ਦੀ ਰਾਹ ‘ਤੇ ਚੱਲੀਏ!
ਲੁਟੇਰੇ ਕਿਸੇ ਵੀ ਦੇਸ਼, ਧਰਮ, ਜਾਤ, ਇਲਾਕੇ, ਨਸਲ ਦੇ ਹੋਣ, ਮਨੁੱਖਤਾ ਨੂੰ ਲੁੱਟ, ਜ਼ਬਰ, ਅਨਿਆਂ ਤੋਂ ਅਜ਼ਾਦ ਕਰਾਉਣਾ ਹੀ ਗਦਰੀਆਂ ਦਾ ਮੂਲ ਉਦੇਸ਼ ਸੀ। ਪਰ ਉਹਨਾਂ ਦਾ ਇਹ ਉਦੇਸ਼ ਪੂਰਾ ਨਹੀਂ ਹੋ ਸਕਿਆ ਹੈ। ਅਗਸਤ 1947 ‘ਚ ਭਾਰਤ ਦੀ ਸਰਮਾਏਦਾਰ ਜਮਾਤ ਨੇ ਲੋਕਾਂ ਨਾਲ਼ ਵਿਸਾਹਘਾਤ ਕਰਕੇ ਸਾਮਰਾਜੀਆਂ ਅਤੇ ਜਗੀਰਦਾਰਾਂ ਨਾਲ਼ ਸ਼ਰਮਨਾਕ ਸਮਝੌਤਿਆਂ ਰਾਹੀਂ ਦੇਸ਼ ਦੀ ਸੱਤਾ ਹਾਸਿਲ ਕੀਤੀ ਸੀ। ਅਜ਼ਾਦੀ ਤੋਂ ਬਾਅਦ ਵੀ ਦੇਸੀ-ਵਿਦੇਸ਼ੀ ਸਰਮਾਇਆ ਭਾਰਤ ਦੇ ਲੋਕਾਂ ਦੀ ਭਿਅੰਕਰ ਲੁੱਟ ਕਰਦਾ ਆਇਆ ਹੈ ਅਤੇ ਅੱਜ ਦੇ ਸਮੇਂ ਇਹ ਲੁੱਟ ਬਹੁਤ ਤਿੱਖੀ ਹੋ ਚੁੱਕੀ ਹੈ। ਸਰਕਾਰਾਂ ਸਰਮਾਏਦਾਰਾਂ ਦੀ ਪ੍ਰਬੰਧਕ ਕਮੇਟੀ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ। ਲੋਕਾਂ ਦੀ ਮਿਹਨਤ ਦੀ ਵੱਧ ਤੋਂ ਵੱਧ ਲੁੱਟ, ਸਰਮਾਏਦਾਰਾਂ ਦੇ ਵੱਧ ਤੋਂ ਵੱਧ ਮੁਨਾਫਿਆਂ ਦੀ ਗਰੰਟੀ ਕਰਨੀ, ਖਿਲਾਫ਼ਤ ਦੀ ਹਰ ਅਵਾਜ਼ ਨੂੰ ਜ਼ਾਲਮਾਨਾ ਢੰਗ ਨਾਲ਼ ਕੁਚਲਣਾ ਸਰਮਾਏਦਾਰਾਂ ਦੀਆਂ ਇਹਨਾਂ ਸਰਕਾਰਾਂ ਦਾ ਇÎੱਕੋ-ਇÎੱਕ ਕੰਮ ਹੈ। ਗਣਤੰਤਰ-ਜਮਹੂਰੀਅਤ ਤਾਂ ਸਿਰਫ਼ ਦਿਖਾਵੇ ਲਈ ਹੈ। ਇਹ ਵੋਟਤੰਤਰ ਨਹੀਂ ਸਗੋਂ ਨੋਟਤੰਤਰ ਹੈ। ਦੇਸ਼ ਦੀਆਂ ਸਾਰੀਆਂ ਵੋਟ-ਵਟੋਰੂ ਸਿਆਸੀ ਪਾਰਟੀਆਂ ਦਾ ਭਾਂਡਾ ਭੰਨਿਆ ਜਾ ਚੁੱਕਿਆ ਹੈ। ਹਰ ਪਾਰਟੀ ਦੇ ਲੀਡਰ ਘੋਰ ਰੂਪ ਵਿੱਚ ਪਤਿਤ, ਅੱਯਾਸ਼, ਭ੍ਰਿਸ਼ਟ ਹਨ। ਦੇਸ਼ ਦੀਆਂ ਹਾਕਮ ਜਮਾਤਾਂ ਦੁਆਰਾ ਲੋਕਾਂ ਨੂੰ ਪਾੜ ਕੇ ਰੱਖਣ ਲਈ ਜਾਤਪਾਤ, ਖੇਤਰਾਂ, ਧਰਮਾਂ ਦੇ ਨਾਂ ‘ਤੇ ਦੰਗੇ ਕਰਵਾਏ ਜਾਂਦੇ ਰਹੇ ਹਨ। ਦੇਸ਼ ਦੇ ਨਿਆਂਪ੍ਰਬੰਧ, ਫ਼ੌਜ-ਪੁਲਿਸ, ਅਫ਼ਸਰਸ਼ਾਹੀ ਦੇ ਲੋਟੂ ਕਿਰਦਾਰ ਤੋਂ ਵੀ ਪਰਦਾ ਉੱਠ ਚੁੱਕਾ ਹੈ। ਅਸਲ ਵਿੱਚ ਇਹ ਪੂਰਾ ਪ੍ਰਬੰਧ ਘੋਰ ਰੂਪ ਵਿੱਚ ਭ੍ਰਿਸ਼ਟ ਹੋ ਚੁੱਕਾ ਹੈ ਅਤੇ ਸਪੱਸ਼ਟ ਰੂਪ ਵਿੱਚ ਸਰਮਾਏਦਾਰਾਂ ਦੀ ਸੇਵਾ ਕਰ ਰਿਹਾ ਹੈ। ਪਿਛਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਸਾਹਮਣੇ ਆਏ ਘਪਲਿਆਂ-ਘੋਟਾਲਿਆਂ ਵਿੱਚ ਇਹ ਅਸਲੀਅਤ ਜਗਜਾਹਰ ਹੋ ਚੁੱਕੀ ਹੈ।
ਦੇਸ਼ ਦੇ ਸਿਆਸੀ ਅਤੇ ਆਰਥਿਕ ਪ੍ਰਬੰਧ ਦੇ ਇਸੇ ਲੋਟੂ ਕਿਰਦਾਰ ਦਾ ਹੀ ਨਤੀਜਾ ਹੈ ਕਿ ਸਰਮਾਏਦਾਰ ਧਨਾਢਾਂ ਨੇ 1947 ਤੋਂ ਬਾਅਦ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕੀਤੀ ਹੈ, ਅਥਾਹ ਮੁਨਾਫੇ ਕਮਾਏ ਹਨ ਤੇ ਐਸ਼-ਪ੍ਰਸਤੀ ਕਰਦੇ ਰਹੇ ਹਨ। ਦੂਜੇ ਪਾਸੇ ਅੱਜ ਦੇਸ਼ ਦੇ ਕਿਰਤੀ ਲੋਕਾਂ ਦੀ ਹਾਲਤ ਏਨੀ ਭੈੜੀ ਹੋ ਚੁੱਕੀ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਕਿਰਤ ਦੀ ਭਿਅੰਕਰ ਲੁੱਟ, ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ-ਕੁਪੋਸ਼ਣ, ਅਣਪੜ੍ਹਤਾ, ਪੈਸੇ ਦੀ ਥੁੜ ਕਾਰਨ ਇਲਾਜਯੋਗ ਬਿਮਾਰੀਆਂ ਨਾਲ਼ ਵੀ ਮੌਤਾਂ, ਬੁਨਿਆਦੀ ਜਮਹੂਰੀ ਹੱਕਾਂ ਦਾ ਘਾਣ ਜਿਹੀਆਂ ਅਨੇਕ ਭਿਅੰਕਰ ਅਲਾਮਤਾਂ ਦਾ ਸ਼ਿਕਾਰ ਹਨ ਦੇਸ਼ ਦੇ ਕਿਰਤੀ ਲੋਕ। ਅੱਜ ਦੇਸ਼ ਦੇ ਅੱਸੀ ਕਰੋੜ ਲੋਕ 20 ਰੁਪਏ ਪ੍ਰਤੀ ਵਿਅਕਤੀ ਦੀ ਆਮਦਨ ‘ਤੇ ਬੇਹਦ ਹੇਠਲੇ ਪੱਧਰ ਦੀ ਜਿੰਦਗੀ ਜਿਉਣ ‘ਤੇ ਮਜ਼ਬੂਰ ਹਨ। 40 ਕਰੋੜ ਲੋਕਾਂ ਦੇ ਸਿਰ ‘ਤੇ ਪੱਕੀ ਛੱਤ ਤੱਕ ਨਹੀਂ। 10 ਕੋਰੜ ਬੱਚੇ ਖੇਡਣ-ਪੜ੍ਹਨ ਦੀ ਉਮਰ ਵਿੱਚ ਮਜ਼ਦੂਰੀ ਕਰਨ ‘ਤੇ ਮਜ਼ਬੂਰ ਹਨ। ਜਿਆਦਾਤਰ ਗ਼ਰੀਬ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ। ਰੋਜ਼ਾਨਾ ਕੁਪੋਸ਼ਣ ਦਾ ਸ਼ਿਕਾਰ 15 ਹਜ਼ਾਰ ਬੱਚੇ ਦਮ ਤੋੜ ਰਹੇ ਹਨ। ਉਪਰੋਂ ਸਿਤਮ ਇਹ ਕਿ ਸਰਕਾਰਾਂ ਨੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੀ ਹੋਰ ਵੱਧ ਸੇਵਾ ਕਰਦੇ ਹੋਏ ਲੋਕਾਂ ਦੀ ਖੂਨ ਪਸੀਨੇ ਦੀ ਮਿਹਨਤ ਨਾਲ਼ ਉਸਰੇ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਇਹ ਕੰਮ ਵੱਡੇ ਪੱਧਰ ‘ਤੇ ਹੋ ਚੁੱਕਾ ਹੈ। ਉਦਾਰੀਕਰਨ-ਨਿਜੀਕਰਨ ਦੀਆਂ ਨੀਤੀਆਂ ਲਾਗੂ ਕਰਦੇ ਹੋਏ ਸਰਕਾਰਾਂ ਨੇ ਲੋਕਾਂ ਨੂੰ ਕਿਸੇ ਹੱਦ ਤੱਕ ਰਾਹਤ ਪ੍ਰਦਾਨ ਕਰ ਰਹੀਆਂ ਲੋਕਾਂ ਨੂੰ ਸਸਤੀਆਂ ਮੁਹੱਈਆਂ ਕੀਤੀਆਂ ਗਈਆਂ ਭੋਜਨ, ਇਲਾਜ, ਬਿਜਲੀ, ਪਾਣੀ, ਆਵਾਜਾਈ ਆਦਿ ਸਰਕਾਰੀ ਸੁਵਿਧਾਵਾਂ ਵੱਡੇ ਪੱਧਰ ‘ਤੇ ਖੋਹ ਲਈਆਂ ਗਈਆਂ ਹਨ। 1991 ਤੋਂ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਇਹਨਾਂ ਵਿਸ਼ਵੀਕਰਨ-ਨਿਜੀਕਰਨ-ਉਦਾਰੀਕਰਨ ਦੀਆਂ ਇਹ ਘੋਰ ਲੋਕ ਵਿਰੋਧੀ ਸਾਮਰਾਜਵਾਦ-ਸਰਮਾਏਦਾਰੀ ਪੱਖੀ ਨੀਤੀਆਂ ਹੀ ਹਨ ਜਿਨ੍ਹਾਂ ਕਾਰਨ ਮਹਿੰਗਾਈ ਹਰ ਰੋਜ਼ ਨਵੇਂ ਰਿਕਾਰਡ ਤੋੜਦੀ ਜਾ ਰਹੀ ਹੈ।
ਗਦਰੀ ਯੋਧਿਆਂ ਨੇ ਆਪਣੇ ਸਮੇਂ ਦੇ ਲੋਕ ਦੁਸ਼ਮਣਾਂ ਦੀ ਪਹਿਚਾਣ ਕੀਤੀ ਤੇ ਉਨ੍ਹਾਂ ਖਿਲਾਫ਼ ਬੇਕਿਰਕ ਘੋਲ਼ ਦਾ ਝੰਡਾ ਬੁਲੰਦ ਕੀਤਾ। ਗਦਰੀ ਸੂਰਬੀਰਾਂ ਦੇ ਨੂੰ ਸੱਚੀ ਸ਼ਰਧਾਂਜਲੀ ਇਹੋ ਹੋ ਸਕਦੀ ਹੈ ਕਿ ਅਸੀਂ ਉਹਨਾਂ ਦੇ ਰਾਹ ‘ਤੇ ਚੱਲੀਏ। ਇਕ ਬੇਹਤਰ, ਮਨੁੱਖ ਹੋਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਦੀ ਉਸਾਰੀ ਕਰਨ ਲਈ ਅੱਗੇ ਆਈਏ। ਅਜਿਹੇ ਸਮਾਜ ਦੀ ਉਸਾਰੇ ਲਈ ਇਸ ਸਰਮਾਏਦਾਰਾ ਸਿਆਸੀ ਅਤੇ ਆਰਥਿਕ ਪ੍ਰਬੰਧ ਨੂੰ ਢਹਿ ਢੇਰੀ ਕਰਨਾ ਪਏਗਾ ਅਤੇ ਸਮਾਜਵਾਦ ਦੀ ਉਸਾਰੀ ਕਰਨੀ ਪਏਗੀ। ਸਮਾਜਵਾਦੀ ਸਮਾਜ ਇੱਕ ਅਜਿਹਾ ਸਮਾਜ ਹੋਵੇਗਾ ਜਿਸ ਵਿੱਚ ਸਿਆਸੀ ਪ੍ਰਬੰਧ ‘ਤੇ ਕਿਰਤੀ ਲੋਕਾਂ ਦੇ ਕੰਟਰੋਲ ਰਾਹੀਂ ਪੂਰੇ ਅਰਥਚਾਰੇ ਭਾਵ ਪੈਦਾਵਾਰ ਦੇ ਸਾਧਨਾਂ, ਪੈਦਾਵਾਰ ਅਤੇ ਵੰਡ ਉੱਤੇ ਮੁੱਠੀ ਭਰ ਸਰਮਾਏਦਾਰਾਂ ਦਾ ਨਹੀਂ ਸਗੋਂ ਕਿਰਤੀ ਲੋਕਾਂ ਦਾ ਕੰਟਰੋਲ ਹੋਵੇਗਾ। ਇਸੇ ਤਰ੍ਹਾਂ ਦੇ ਪ੍ਰਬੰਧ ਰਾਹੀਂ ਹੀ ਸਮਾਜ ਵਿੱਚੋਂ ਗ਼ਰੀਬੀ, ਬੇਰੁਜਗਾਰੀ, ਬਾਲ ਮਜ਼ਦੂਰੀ, ਅਨਪੜ੍ਹਤਾ, ਜਾਤ-ਪਾਤ, ਲਿੰਗ ਭੇਦ ਸਮੇਤ ਹੋਰ ਸਾਰੀਆਂ ਅਲਾਮਤਾਂ ਦਾ ਨਾਂ-ਨਿਸ਼ਾਨ ਮਿਟਾਇਆ ਜਾ ਸਕੇਗਾ।
ਅੱਜ ਦੇਸ਼ ਦੇ ਕਿਰਤੀ ਲੋਕਾਂ ਨੂੰ ਤੈਅ ਕਰਨਾ ਹੀ ਹੋਵੇਗਾ ਕਿ ਉਹ ਲੁੱਟ ਦੀ ਚੱਕੀ ਵਿੱਚ ਇਸੇ ਤਰ੍ਹਾਂ ਪਿਸਦੇ ਰਹਿਣਗੇ ਜਾਂ ਇਸ ਲੋਟੂ ਪ੍ਰਬੰਧ ਨੂੰ ਢਹਿ ਢੇਰੀ ਕਰਨਗੇ। ਨੌਜਵਾਨਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਇਸ ਘੋਰ ਰੂਪ ਵਿੱਚ ਭ੍ਰਿਸ਼ਟ, ਪਤਿਤ ਹੋ ਚੁੱਕੇ, ਗਲ-ਸੜ ਚੁੱਕੇ, ਬਦਬੂ ਮਾਰ ਰਹੇ ਸਰਮਾਏਦਾਰਾ ਆਰਥਿਕ-ਸਿਆਸੀ-ਸਮਾਜਿਕ ਪ੍ਰਬੰਧ ਨੂੰ ਮੂਕ ਦਰਸ਼ਕ ਬਣਕੇ ਦੇਖਦੇ ਰਹਿਣਗੇ,ਬੁੱਢੇ ਹੋ ਜਾਣਗੇ ਤੇ ਮਰ ਜਾਣਗੇ ਜਾਂ ਗਦਰੀ ਸੂਰਬੀਰਾਂ ਵਾਂਗ ਸਮੇਂ ਦੇ ਲੋਟੂ ਹਾਕਮਾਂ ਨੂੰ ਲਲਕਾਰਨਗੇ ਤੇ ਉਹਨਾਂ ਦੇ ਤਖਤ ਉਲਟਾਉਣ ਲਈ ਲੋਕਾਂ ਨੂੰ ਤਿਆਰ ਕਰਨ ਲਈ ਅੱਗੇ ਆਉਣਗੇ। ਸਾਨੂੰ ਗਦਰੀ ਸੂਰਬੀਰਾਂ ਦੇ ਸੁਪਨੇ ਪੂਰੇ ਕਰਨ ਲਈ ਅੱਗੇ ਆਉਣਾ ਹੀ ਪਵੇਗਾ -
ਤੁਹਾਡੇ ਕੋਲ਼ ਚੌਅ ਹੈ ਜਾਂ ਖਰਾਦ ਦੀ ਹੱਥੀ
ਤੁਹਾਡੇ ਪੈਰਾਂ ਵਿੱਚ ਸਵੇਰ ਹੈ ਜਾਂ ਸ਼ਾਮ
ਤੁਹਾਡੇ ਅੰਗ-ਸੰਗ ਤੁਹਾਡੇ ਸ਼ਹੀਦ
ਤਹਾਥੋਂ ਕੋਈ ਆਸ ਰੱਖਦੇ ਹਨ। (ਪਾਸ਼)
-ਇਨਕਲਾਬੀ ਸਲਾਮ,
ਨੌਜਵਾਨ ਭਾਰਤ ਸਭਾ