ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਖੇਤੀ ਕਨੂੰਨਾਂ ਵਿਰੁੱਧ ਪੇਂਡੂ ਮਜਦੂਰਾਂ ਚੋਂ ਵਿਰੋਧ ਜੁਟਾਉਣ ਦੀ ਪਹਿਲਕਦਮੀ
ਦਿੱਲੀ ਵਿਖੇ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਦਸੰਬਰ (ਅੱਜ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਦੇ ਸਰਮਾਏਦਾਰ ਮਾਲਕਾਂ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ। ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਸਾਂਝੇ ਤੌਰ ਉੱਤੇ ਇਸ ਸੱਦੇ ਦੀ ਡੱਟਕੇ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ ਸੀ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮਾਨਵਜੋਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੱਦੇ ਦੇ ਤਹਿਤ ਪੰਜਾਬ ਅਤੇ ਹਰਿਆਣਾ ਦੇ 8 ਜਿਲਿਆਂ ਤੇ 1 ਰਾਜਧਾਨੀ ਚੰਡੀਗੜ ਵਿੱਚ 19 ਥਾਵਾਂ ਉੱਤੇ ਸਭਾ ਅਤੇ ਪੀਐੱਸਯੂ ਵੱਲੋਂ ਮੋਦੀ ਤੇ ਸਰਮਾਏਦਾਰਾਂ ਦੀ ਜੁੰਡਲੀ ਦੇ ਪੁਤਲੇ ਫੂਕੇ ਗਏ ਅਤੇ ਰੋਸ ਮੁਜਾਹਰੇ ਕੀਤੇ ਗਏ। ਦੋਵਾਂ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਇਹ ਪਹਿਲਕਦਮੀ ਜੁਟਾਉਣ ਦਾ ਫੈਸਲਾ ਕੀਤਾ ਗਿਆ ਸੀ ਕਿ ਚੱਲਦੇ ਇਸ ਸੰਘਰਸ਼ ਵਿੱਚ ਪੇਂਡੂ ਮਜਦੂਰ ਹਿੱਸਿਆਂ ਨੂੰ ਸ਼ਾਮਲ ਕਰਨ ਦੀਆਂ ਕੋਸਿਸ਼ਾਂ ਕੀਤੀਆਂ ਜਾਣਗੀਆਂ। ਕਿਉਂਕਿ ਪੇਂਡੂ ਮਜਦੂਰਾਂ, ਜੋ ਕੁੱਲ ਪੇਂਡੂ ਵਸੋਂ ਦਾ ਕਾਫੀ ਵੱਡਾ ਹਿੱਸਾ ਹਨ, ਇਹਨਾਂ ਕਾਲ਼ੇ ਕਨੂੰਨਾਂ ਵਿਰੁੱਧ ਸੰਘਰਸ਼ ਤੋਂ ਇੱਕ ਹੱਦ ਤੱਕ ਪਾਸੇ ਹਨ। ਪੇਂਡੂ ਖੇਤਰ ਵਿਚਲੀ ਜਾਤ ਪਾਤੀ ਪਾਟਕ, ਖੇਤੀ ਕਨੂੰਨਾਂ ਪ੍ਰਤੀ ਜਾਣਕਾਰੀ ਦੀ ਕਮੀ ਅਤੇ ਕਮਜੋਰ ਆਰਥਕਤਾ ਕਰਕੇ ਮੰਡੀਆਂ ਅਤੇ ਵਾਢੀ ਦੇ ਸੀਜਨ ਵਿੱਚ ਰੁਝੇਵਾਂ ਵੀ ਇਸ ਨਿਰਲੇਪਤਾ ਦਾ ਕਾਰਨ ਬਣਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਦਿਨੀਂ ਦੋਵਾਂ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਖਾਸ ਤੌਰ ਉੱਤੇ ਮਜਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਪੇਂਡੂ ਮਜਦੂਰ ਹਿੱਸਿਆਂ ਵਿੱਚ ਖੇਤੀ ਕਨੂੰਨਾਂ ਦੇ ਮਜਦੂਰ ਵਿਰੋਧੀ ਮੁਹਾਂਦਰੇ ਨੂੰ ਨੰਗਾ ਕੀਤਾ ਗਿਆ ਅਤੇ ਇਹਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਤਹਿਤ ਅੱਜ ਦੀ ਸਰਗਰਮੀ ਵੀ ਮੁੱਖ ਤੌਰ ਉੱਤੇ ਪੇਂਡੂ ਮਜਦੂਰਾਂ ਵਿੱਚ ਕੇਂਦਰਿਤ ਕੀਤੀ ਗਈ, ਜਿਸਨੂੰ ਭਰਵਾਂ ਹੁੰਗਾਰਾ ਮਿਲ਼ਿਆ ਹੈ।
ਦੋਵੇਂ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਕਨੂੰਨਾਂ ਦੇ ਅਸਰ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹਨਾਂ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਪਾਸ ਇਹਨਾਂ ਕਨੂੰਨਾਂ ਦੇ ਲਾਗੂ ਹੋਣ ਨਾਲ਼ ਮੰਡੀਆਂ ਤੇ ਭੰਡਾਰਨ ਜਾਂ ਇਹਦੇ ਨਾਲ਼ ਜੁੜੇ ਅਦਾਰਿਆਂ ਵਿੱਚ ਕੰਮ ਕਰਦੇ ਲੱਖਾਂ ਪੱਕੇ ਅਤੇ ਕੱਚੇ ਕਾਮਿਆਂ ਦੇ ਰੁਜਗਾਰ ਉੱਤੇ ਗਾਜ ਡਿੱਗੇਗੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹਨਾਂ ਕਾਲ਼ੇ ਕਨੂੰਨਾਂ ਨੂੰ ਲਾਗੂ ਕਰਕੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪੂਰੇ ਭਾਰਤ ਦੇ 75 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਸਹਾਰਾ ਮਿਲ਼ਦਾ ਹੈ ਤੇ ਉਹਨਾਂ ਦੇ ਘਰ ਦੇ ਚੁੱਲੇ ਬਲ਼ਦੇ ਹਨ। ਇਸਤੋਂ ਇਲਾਵਾ ਇਹਨਾਂ ਕਨੂੰਨਾਂ ਰਾਹੀਂ ਜਰੂਰੀ ਖੁਰਾਕੀ ਪਦਾਰਥਾਂ ਦੀ ਜਖੀਰੇਬਾਜੀ ਉੱਤੋਂ ਸਰਕਾਰੀ ਕੁੰਡੇ ਨੂੰ ਚੁੱਕ ਦਿੱਤਾ ਗਿਆ ਹੈ, ਜਿਸ ਨਾਲ਼ ਵੱਡੇ ਕਾਰਪੋਰੇਟ-ਸਰਮਾਏਦਾਰਾਂ ਨੂੰ ਖੁਰਾਕੀ ਪਦਾਰਥਾਂ ਦੀ ਜਖੀਰੇਬਾਜੀ ਕਰਕੇ ਨਕਲੀ ਥੁੜ ਪੈਦਾ ਕਰ, ਵਸਤਾਂ ਨੂੰ ਮਨਮਰਜੀ ਦੇ ਉੱਚੇ ਭਾਆਂ ਤੇ ਵੇਚਣ ਦੀ ਖੁੱਲ ਮਿਲੇਗੀ। ਜਿਸ ਨਾਲ਼ ਖਰੀਦ ਕੇ ਖਾਣ ਵਾਲ਼ੇ ਹਿੱਸਿਆਂ, ਮੁੱਖ ਤੌਰ ਉੱਤੇ ਪੇਂਡੂ ਅਤੇ ਸ਼ਹਿਰੀ ਮਜਦੂਰ ਹਿੱਸਿਆਂ ਦੀਆਂ ਜੇਬਾਂ ਉੱਤੇ ਡਾਕਾ ਵੱਜੇਗਾ। ਆਗੂਆਂ ਨੇ ਇਹਨਾਂ ਕਨੂੰਨਾਂ ਜਰੀਏ ਸੂਬਿਆਂ ਦੇ ਹੱਕਾਂ ਉੱਤੇ ਡਾਕਾ ਮਾਰਕੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੇਂਦਰੀਕਰਨ ਦੀ ਧੁੱਸ ਦੀ ਵੀ ਸਖਤ ਨਿਖੇਧੀ ਕੀਤੀ।
ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਉਹ ਪੇਂਡੂ ਮਜਦੂਰਾਂ ਨੂੰ ਇਹਨਾਂ ਕਨੂੰਨਾਂ ਦੇ ਵਿਰੋਧ ਵਿੱਚ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਇਸ ਮੌਕੇ ਆਗੂਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਜੋਰਦਾਰ ਹਮਾਇਤ ਦਾ ਐਲਾਨ ਕੀਤਾ ਹੈ। ਪੁਤਲਾ ਫੂਕ ਮੁਜਾਹਰਿਆਂ ਨੂੰ ਅੱਜ ਨੌਜਵਾਨ ਭਾਰਤ ਸਭਾ ਦੇ ਮਾਨਵਜੋਤ ਸਿੰਘ, ਛਿੰਦਰਪਾਲ ਸਿੰਘ, ਗੁਰਪ੍ਰੀਤ ਗੁਰੀ, ਗੁਰਪ੍ਰੀਤ ਰੋੜੀ, ਪਾਵੇਲ, ਅਮਨਦੀਪ, ਬਿੰਨੀ, ਪਰਮਜੀਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਗੁਰਪ੍ਰੀਤ ਸਿੰਘ, ਸ੍ਰਿਸ਼ਟੀ, ਰਵਿੰਦਰ ਕੌਰ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਮਿਤੀ(5 ਦਸੰਬਰ, 2020)