ਚਾਹੇ ਕੇਂਦਰ ਦੀ ਭਾਜਪਾ ਹਕੂਮਤ ਹੋਵੇ ਜਾਂ ਸੂਬੇ ਦੀ ਭਾਜਪਾ-ਜਜਪਾ ਦੀ ਸਾਂਝੀ ਹਕੂਮਤ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਪੂਰੇ ਜੋਰ ਨਾਲ਼ ਅੱਗੇ ਵਧਾ ਰਹੀ ਹੈ। ਕਿਸੇ ਸਰਕਾਰੀ ਅਦਾਰੇ ਨੂੰ ਵੇਚਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ “ਆਤਮਨਿਰਭਰ” ਬਣਾਉਣ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਹੁਣ ਕਰੋਨਾ ਦੀ ਓਟ ਵਿੱਚ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਦਿਆਂ ਹਰਿਆਣਾ ਦੀ ਭਾਜਪਾ-ਜਜਪਾ ਗੱਠਜੋੜ ਦੀ ਹਕੂਮਤ ਨੇ ਅਦਾਲਤ ਤੋਂ ਫੈਸਲਾ ਕਰਵਾਕੇ 1983 ਪੀਟੀਆਈ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸਦੇ ਵਿਰੁੱਧ ਪੀਟੀਆਈ ਅਧਿਆਪਕਾਂ ਨੇ ਹਕੂਮਤ ਦੇ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਹੈ।
ਪੀਟੀਆਈ ਅਧਿਆਪਕਾਂ ਨੇ ਜਿਲ੍ਹਾ ਕੇਂਦਰਾਂ 'ਤੇ ਮੋਰਚੇ ਖੋਲ੍ਹੇ ਹੋਏ ਹਨ ਅਤੇ ਮੰਤਰੀਆਂ, ਮੁੱਖ ਮੰਤਰੀ ਦਾ ਘਿਰਾਓ ਵੀ ਕੀਤਾ ਗਿਆ ਹੈ। ਨੌਜਵਾਨ ਭਾਰਤ ਸਭਾ ਅਧਿਆਪਕਾਂ ਦੇ ਇਸ ਸੰਘਰਸ਼ ਵਿੱਚ ਓਹਨਾਂ ਦੇ ਨਾਲ ਹੈ ਅਤੇ ਸੰਘਰਸ਼ ਦੀ ਲਗਾਤਾਰ ਹਿਮਾਇਤ ਕਰ ਰਹੀ ਹੈ।
ਨੌਜਵਾਨ ਭਾਰਤ ਸਭਾ ਵੱਲੋਂ ਨਿੱਜੀਕਰਨ ਦੇ ਇਹਨਾਂ ਹੱਲਿਆਂ ਦੇ ਵਿਰੁੱਧ ਲੜ੍ਹਾਈ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਅਤੇ ਹਕੂਮਤ ਦੇ ਲੋਕਦੋਖੀ ਮਨਸੂਬਿਆਂ ਨੂੰ ਉਹਨਾਂ ਵਿੱਚ ਨੰਗਾ ਕਰਕੇ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਵਾਸਤੇ ਹਿਮਾਇਤ ਜੁਟਾਉਣ ਦੇ ਮਕਸਦ ਨਾਲ ਸਭਾ ਦੀ ਜਿਲ੍ਹਾ ਕਮੇਟੀ ਨੇ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ 21 ਅਤੇ 22 ਜੂਨ ਨੂੰ ਭਾਜਪਾ-ਜਜਪਾ ਗੱਠਜੋੜ ਹਕੂਮਤ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ। ਇਸ ਸੱਦੇ ਤਹਿਤ 16 ਪਿੰਡਾਂ ਵਿੱਚ ਭਾਜਪਾ ਜਜਪਾ ਹਕੂਮਤ ਦੇ ਪੁਤਲੇ ਫੂਕੇ ਗਏ। ਇਸ ਮੁਹਿੰਮ ਦੌਰਾਨ ਜਿਲ੍ਹਾ ਸਰਸਾ ਦੇ ਕਾਲਾਂਵਾਲੀ, ਰਾਣੀਆਂ, ਰੋੜੀ, ਸੰਤਨਗਰ, ਜਲਾਲਆਣਾ, ਹੱਸੂ, ਭੀਮਾ, ਬੜਾ ਗੂੜ੍ਹਾ, ਝੋਰੜ ਰੋਹੀ, ਹਾਰਨੀ, ਸੰਤਾਂਵਾਲੀ, ਨਕੌੜਾ, ਤਿਲੋਕੇਵਾਲਾ, ਸੂਰਤੀਆ, ਚੋਰਮਾਰ, ਜਗਮਾਲਵਾਲ਼ੀ ਆਦਿ ਪਿੰਡਾਂ-ਕਸਬਿਆਂ ਵਿੱਚ ਪੁਤਲੇ ਫੂਕੇ ਗਏ।
ਪੁਤਲੇ ਫੂਕਣ ਦੌਰਾਨ ਕੀਤੀਆਂ ਗਈਆਂ ਸਭਾਵਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਆਗੂਆਂ ਪਾਵੇਲ ਜਲਾਲਆਣਾ, ਅਮਨਦੀਪ ਸੰਤਨਗਰ, ਕੁਲਵਿੰਦਰ ਰੋਡ਼ੀ, ਵਕੀਲ ਰੋਡ਼ੀ, ਕੁਲਦੀਪ ਜਲਾਲਆਣਾ, ਪਰਮਜੀਤ ਸਿੰਘ, ਹਰੀ ਸਿੰਘ, ਮਾਂਗੇ ਰਾਮ, ਗੁਰਲਾਲ ਸਿੰਘ ਆਦਿ ਨੇ ਸੰਬੋਧਿਤ ਕਰਦਿਆਂ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਭਾਜਪਾ ਜਜਪਾ ਹਕੂਮਤ ਦੇ ਲੋਕ ਵਿਰੋਧੀ ਮਨਸੂਬਿਆਂ ਦਾ ਭਾਂਡਾ ਭੰਨਿਆ। ਆਗੂਆਂ ਨੇ ਕਿਹਾ ਕਿ ਪੂਰੇ ਸਿੱਖਿਆ ਮਹਿਕਮੇ ਦਾ ਨਿੱਜੀਕਰਨ ਲਈ ਪੱਬਾਂ ਭਾਰ ਹੋਈ ਬੈਠੀ ਹਕੂਮਤ ਨੇ ਮੌਕਾ ਵੇਖਦਿਆਂ ਹੀ ਪੀਟੀਆਈ ਅਧਿਆਪਕਾਂ ਨੂੰ ਕੱਢ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਪੀ.ਟੀ. ਅਧਿਆਪਕਾਂ ਘਾਟ ਹੈ, ਉੱਥੇ ਸਰਕਾਰ ਹਾਈ ਕੋਰਟ ਵਿੱਚ ਸ਼ਰੇਆਮ ਝੂਠ ਬੋਲਦਿਆਂ ਕਹਿੰਦੀ ਹੈ ਕਿ ਪੀਟੀਆਈ ਅਧਿਆਪਕਾਂ ਨੂੰ ਕੱਢਣ ਨਾਲ਼ ਕੋਈ ਫ਼ਰਕ ਨਹੀਂ ਪੈਣਾ ਲੱਗਾ ਕਿਉਂਕਿ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਪੀਟੀਆਈ ਅਧਿਆਪਕਾਂ ਨੂੰ ਬਹਾਲ ਕਰਵਾਉਣ ਅਤੇ ਨਿੱਜੀਕਰਨ ਵਿਰੁੱਧ ਲੜ੍ਹਾਈ ਜਿੱਤਣ ਲਈ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਸਮੇਤ ਬਾਕੀ ਪੀੜਿਤ ਤਬਕਿਆਂ ਨੂੰ ਇਕਜੁੱਟ ਹੋਕੇ ਸੰਘਰਸ਼ ਦਾ ਸੱਦਾ ਦਿੱਤਾ।
ਇਸ ਦੌਰਾਨ ਪਿੰਡਾਂ ਵਿੱਚੋਂ ਲੋਕਾਂ ਵੱਲੋਂ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਚੰਗਾ ਹੁੰਗਾਰਾ ਮਿਲਿਆ।
ਨੌਜਵਾਨ ਭਾਰਤ ਸਭਾ ਵੀ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਵਿੱਚ ਅਖੀਰ ਤੱਕ ਮੋਢੇ ਨਾਲ਼ ਮੋਢਾ ਜੋੜ੍ਹਕੇ ਸਾਥ ਦੇਣ ਦਾ ਵਾਅਦਾ ਦੁਹਰਾਉਂਦੀ ਹੈ।