ਅੱਜ ਨੌਜਵਾਨ ਭਾਰਤ ਸਭਾ, ਸਰਸਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਰਸਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਦਿਆਂ ਪੋਲ ਖ਼ੋਲ੍ਹ ਮੁਹਿੰਮ ਚਲਾਉਣ ਦਾ ਅਤੇ ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਪੰਜਾਬ ਦੇ ਪੰਜਾਬ ਭਰ ਅਤੇ ਪੰਜਾਬੋਂ ਬਾਹਰ ਵਸਦੇ ਪੰਜਾਬੀ ਇਲਾਕਿਆਂ ਵਿੱਚ ਮਾਂ ਬੋਲੀ ਚੇਤਨਾ ਮੁਹਿੰਮ ਚਲਾਉਣ ਦੇ ਸੱਦੇ ਤੇ ਸਰਸਾ ਜ਼ਿਲ੍ਹਾ ਵਿੱਚ ਚੇਤਨਾ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਗਿਆ।
ਨੌਜਵਾਨ ਭਾਰਤ ਸਭਾ, ਜਿਲ੍ਹਾ ਕਮੇਟੀ ਸਰਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਦੀ ਸੱਤਾ ਤੇ ਕਾਬਜ ਲੋਕ ਵਿਰੋਧੀ ਖੱਟਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੇ ਅਰਸੇ ਦੌਰਾਨ ਕਿਰਤੀਆਂ ਮੁਲਾਜ਼ਮਾਂ ਤੋਂ ਲੈ ਹਰ ਤਬਕੇ ਤੇ ਹੱਲਾ ਵਿੱਢਿਆ ਹੈ। ਇਸ ਸਰਕਾਰ ਨੇ ਸਿੱਖਿਆ - ਬਿਜਲੀ - ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਹਰ ਹੀਲਾ ਕੀਤਾ ਹੈ। ਹਰਿਆਣਾ ਵਿੱਚ ਬੇਰੁਜ਼ਗਾਰਾਂ ਦੀ ਫੌਜ ਘੁੰਮ ਰਹੀ ਹੈ ਤੇ ਆਮ ਲੋਕਾਈ ਦਾ ਹਾਲ ਮੰਦਾ ਹੈ ਪਰ ਬੀਜੇਪੀ ਅੰਨ੍ਹੇ ਕੌਮਵਾਦ ਦੀ ਲਹਿਰ ਤੇ ਸਵਾਰ ਹੋ ਕੇ ਜਿੱਤਣ ਦਾ ਹੀਲਾ ਕਰ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ, ਇਨੈਲੋ - ਅਕਾਲੀ ਦਲ ਗੱਠਜੋੜ, ਜੇਜੇਪੀ ਆਦਿ ਪਾਰਟੀਆਂ ਵੀ ਕੁਰਸੀ ਹਾਸਲ ਕਰਨ ਲਈ ਹਰ ਜੁਗਤ ਵਰਤ ਰਹੀਆਂ ਹਨ। ਇਹ ਸਭ ਵੋਟ ਬਟੋਰੂ ਸਿਆਸੀ ਪਾਰਟੀਆਂ ਸਰਮਾਏਦਾਰਾਂ ਦੇ ਹਿਤਾਂ ਦੀਆਂ ਹੀ ਨੁਮਾਇੰਦਗੀ ਕਰਦੀਆਂ ਹਨ। ਆਮ ਲੋਕਾਈ ਦੇ ਦੁੱਖਾਂ ਦਰਦਾਂ ਨਾਲ਼ ਇਹਨਾਂ ਦਾ ਕੋਈ ਵਾਸਤਾ ਨਹੀਂ। ਇਸ ਲਈ ਨੌਜਵਾਨ ਭਾਰਤ ਸਭਾ ਇਹਨਾਂ ਲੋਕ ਵਿਰੋਧੀ ਪਾਰਟੀਆਂ ਦੀ ਸਿਆਸਤ ਨੂੰ ਰੱਦ ਕਰਦੀ ਹੈ ਅਤੇ ਲੋਕਾਂ ਨੂੰ ਨੋਟਾ ਦਾ ਬੱਟਣ ਨੱਪਣ ਦੀ ਅਪੀਲ ਕਰਦੀ ਹੈ। ਇਸ ਲਈ ਨੌਜਵਾਨ ਭਾਰਤ ਸਭਾ ਜ਼ਿਲ੍ਹਾ ਸਰਸਾ ਜ਼ਿਲ੍ਹੇ ਭਰ ਵਿੱਚ 10 ਅਕਤੂਬਰ ਤੋਂ ਲੈਕੇ 17 ਅਕਤੂਬਰ ਤੱਕ ਪੂਰੇ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਮੁਹਿੰਮ ਚਲਾਏਗੀ ਜਿਸ ਵਿੱਚ ਸਿਆਸੀ ਪਾਰਟੀਆਂ ਦੀ ਪੋਲ ਖੋਲ੍ਹਦਿਆਂ ਲੋਕਾਂ ਨੂੰ ਨੋਟਾ ਦਾ ਬਟਨ ਨੱਪਣ ਦੀ ਅਪੀਲ ਕੀਤੀ ਜਾਵੇਗੀ।
ਮਾਂ ਬੋਲੀ ਚੇਤਨਾ ਮੁਹਿੰਮ ਨੂੰ ਲੈਕੇ ਨੌਜਵਾਨ ਭਾਰਤ ਸਭਾ ਜਿਲ੍ਹਾ ਕਮੇਟੀ ਸਰਸਾ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਪੂਰੇ ਭਾਰਤ ਵਿੱਚ ਆਪਣਾ “ਹਿੰਦੀ-ਹਿੰਦੂ-ਹਿੰਦੁਸਤਾਨ” ਦਾ ਫ਼ਿਰਕੂ ਏਜੰਡਾ ਥੋਪਣ ਨੂੰ ਫਿਰਦੀ ਹੈ ਜਿਸ ਦੀ ਤਸਦੀਕ ਅਮਿਤ ਸ਼ਾਹ ਵੱਲੋਂ ਪੂਰੇ ਮੁਲਕ ਲਈ ਹਿੰਦੀ ਭਾਸ਼ਾ ਨੂੰ ਸਥਾਪਿਤ ਕਰਨ ਲਈ ਪੇਸ਼ ਕੀਤਾ ਗਿਆ ਪ੍ਰਸਤਾਵ ਕਰਦਾ ਹੈ। ਇੱਕ ਬਹੁਕੌਮੀ ਮੁਲਕ ਵਿੱਚ ਇੱਕ ਧਰਮ ਜਾਂ ਇੱਕ ਭਾਸ਼ਾ ਨੂੰ ਥੋਪਣ ਦਾ ਵਿਚਾਰ ਘੋਰ ਗੈਰ-ਜਮਹੂਰੀ ਵਿਚਾਰ ਹੈ ਜੋ ਲੋਕਾਂ ਤੋਂ ਉਹਨਾਂ ਦੀਆਂ ਮਾਂ ਬੋਲੀਆਂ ਤੇ ਸੱਭਿਆਚਾਰ ਖੋਹਣ ਦਾ ਕੰਮ ਕਰੇਗਾ। ਇਸਲਈ ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਪੰਜਾਬ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਮਾਂ ਬੋਲੀ ਚੇਤਨਾ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ। ਹਰਿਆਣੇ ਦਾ ਜਿਲ੍ਹਾ ਸਰਸਾ ਵੀ ਪੰਜਾਬੀ ਖਿੱਤਾ ਹੈ ਇਸਲਈ ਨੌਜਵਾਨ ਭਾਰਤ ਸਭਾ ਜਿਲ੍ਹਾ ਕਮੇਟੀ ਸਰਸਾ ਵੱਲੋਂ ਵੀ ਇਸ ਮੁਹਿੰਮ ਨੂੰ ਪੂਰੇ ਜੋਰਾਂ ਸ਼ੋਰਾਂ ਨਾਲ 25 ਅਕਤੂਬਰ ਤੋਂ ਲੈਕੇ 7 ਨਵੰਬਰ ਤੱਕ ਜਿਲ੍ਹੇਭਰ ਵਿੱਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਜਿਲ੍ਹੇ ਭਰ ਵਿੱਚ ਵੱਡੀ ਗਿਣਤੀ ਚ ਚਹੁਵਰਕੀ ਪਰਚਾ, ਪੋਸਟਰ, ਰੰਗੀਨ ਸਟਿੱਕਰ ਛਾਪ-ਵੰਡਕੇ ਜਿੱਥੇ ਲੋਕਾਂ ਨੂੰ ਮਾਂ-ਬੋਲੀ ਦੇ ਮਸਲੇ ਸੰਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਜਿਲ੍ਹੇ ਦੇ ਵਿਦਿਅਕ ਅਦਾਰਿਆਂ, ਪਿੰਡਾਂ - ਸ਼ਹਿਰਾਂ ਵਿੱਚ ਵੀ ਇਸ ਮਸਲੇ ‘ਤੇ ਨੁੱਕੜ ਮੀਟਿੰਗਾਂ, ਸੈਮੀਨਾਰ, ਵਿਚਾਰ-ਚਰਚਾਵਾਂ ਦਾ ਦੌਰ ਚਲਾਇਆ ਜਾਵੇਗਾ | ਇਸ ਚੇਤਨਾ ਮੁਹਿੰਮ ਦੀ ਸਮਾਪਤੀ ਕਰਦਿਆਂ ਨੌਜਵਾਨ ਭਾਰਤ ਸਭਾ ਵੱਲੋਂ ਮਿਤੀ 7 ਨਵੰਬਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕੀਤੀ ਜਾ ਰਹੀ ਮਾਂ ਬੋਲੀ ਕਨਵੈਨਸ਼ਨ ਵਿੱਚ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ।