Monday, 13 August 2018

ਸ਼ਹੀਦ ਸਰਾਭਾ ਦੇ ਇਨਕਲਾਬੀ ਵਿਰਸੇ ਨੂੰ ਕੋਝੀਆਂ ਫਿਰਕੂ ਸਾਜ਼ਿਸ਼ਾਂ ਲਈ ਵਰਤਣ ਤੇ ਦਾਗਦਾਰ ਕਰਨ ਦੀ ਸੰਘੀ ਸਾਜ਼ਿਸ਼ ਨਾਕਾਮ

ਉਮਰ ਖਾਲਿਦ ‘ਤੇ ਜਾਨਲੇਵਾ ਹਮਲਾ ਕਰਨ ਵਾਲ਼ੇ ਸੰਘੀ ਚੂਹੇ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਹੱਥੋਂ ਛਿੱਤਰ ਪਰੇਡ ਦੇ ਡਰੋਂ ਆਤਮ-ਸਮਰਪਣ ਕਰਨ ਪਹੁੰਚੇ ਹੀ ਨਹੀਂ




13 ਅਗਸਤ ਨੂੰ ਦਿੱਲੀ ਵਿਖੇ ਹਿੰਦੂਤਵਵਾਦੀ ਕੱਟੜਪੰਥੀਆਂ ਨੇ ਜੇ.ਐਨ.ਯੂ. ਵਿਦਿਆਰਥੀ ਆਗੂ ਉਮਰ ਖਾਲਿਦ ਉੱਤੇ ਜਾਨਲੇਵਾ ਹਮਲਾ ਕੀਤਾ। ਉਸ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਮਰ ਖਾਲਿਦ ਵੱਲੋਂ ਵਿਖਾਈ ਸਾਵਧਾਨੀ ਕਾਰਨ ਉਹ ਇਸ ਹਮਲੇ ਵਿੱਚੋਂ ਸੁਰੱਖਿਅਤ ਬਚ ਨਿਕਲਿਆ। ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਦੋ ਹਿੰਦੂਤਵਵਾਦੀ ਕੱਟੜਪੰਥੀ ਸੰਘੀ ਕਾਰਕੁੰਨਾਂ ਨੇ ਇਹ ਹਮਲਾ ਕਰਨ ਦਾ ਦਾਅਵਾ ਕੀਤਾ। ਇਹਨਾਂ ਦੋਵਾਂ ਨੇ ਉਮਰ ਖਾਲਿਦ ਉੱਪਰ ਦੇਸ਼ਧ੍ਰੋਹੀ ਹੋਣ ਦੇ ਉਹੀ ਝੂਠੇ ਇਲਜਾਮ ਲਗਾਏ ਜੋ ਸੰਘੀ ਲਾਣੇ ਅਤੇ ਇਸਦੀ ਗੋਦੀ ਵਿੱਚ ਬੈਠੇ ਮੀਡੀਆ ਨੇ ਵੱਡੇ ਪੱਧਰ ਉੱਤੇ ਪ੍ਰਚਾਰੇ ਸਨ। ਇਹਨਾਂ ਦੋਵਾਂ ਸੰਘੀਆਂ ਨੇ ਦਾਅਵਾ ਕੀਤਾ ਕਿ ਉਹ 15 ਅਗਸਤ ਉੱਤੇ ”ਦੇਸ਼ਵਾਸੀਆਂ” ਨੂੰ ਤੋਹਫਾ ਦੇਣਾ ਚਾਹੁੰਦੇ ਸਨ, ਪਰ ਨਿਸ਼ਾਨਾਂ ਖੁੰਝ ਗਿਆ। ਇਹਨਾਂ ਫੜ ਮਾਰੀ ਕਿ ਉਹ 17 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ, ਪਿੰਡ ਸਰਾਭਾ, ਲੁਧਿਆਣਾ ਵਿਖੇ ਗ੍ਰਿਫਤਾਰੀ ਦੇਣਗੇ। ਪਰ ”ਨੈਸ਼ਨਲ ਹੀਰੋ” ਬਣਨ ਦੀ ਸੰਘੀਆਂ ਦੀ ਇਸ ਚਾਲ ਨੂੰ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਏਕੇ ਨੇ ਫੇਲ ਕਰ ਦਿੱਤਾ ਦਿੱਤਾ। ਜਿਸ ਤਰਾਂ ਡਰਪੋਕ ਸੰਘੀ ਕਾਰਕੁੰਨ ਉਮਰ ਖਾਲਿਦ ‘ਤੇ ਹਮਲੇ ਸਮੇਂ ਦੌੜੇ ਸਨ, ਹੁਣ ਵੀ  ਛਿੱਤਰਪਰੇਡ ਦੇ ਡਰੋਂ ਇਹ ਦੋਵੇਂ ਸੰਘੀ ਚੂਹੇ ਸਰਾਭੇ ਪਹੁੰਚੇ ਹੀ ਨਹੀਂ। ਬਾਅਦ ਦੇ ਦਿਨਾਂ ਵਿੱਚ ਪੁਲਿਸ ਨੇ ਇਹ ਦੋਵੇਂ ਚੂਹੇ ਕਿਤੋਂ ਹੋਰ ਫੜ ਕੇ ਕੜਿੱਕੀ ਵਿੱਚ ਬੰਦ ਕਰ ਲਏ ਹਨ।

ਪੰਜਾਬ ਦੀਆਂ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਸੰਘੀ ਸਾਜ਼ਿਸ਼ ਦਾ ਗੰਭੀਰ ਨੋਟਿਸ ਲੈਂਦਿਆ ਇਹ ਐਲਾਨ ਕੀਤਾ ਸੀ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਵਾਲ਼ੇ, ਇਨਕਲਾਬੀ-ਜਮਹੂਰੀ ਤਾਕਤਾਂ ਖਿਲਾਫ਼ ਭੰਡੀ ਪ੍ਰਚਾਰ ਦੀ ਜ਼ਹਿਰੀਲੀ ਮੁਹਿੰਮ ਚਲਾਉਣ ਵਾਲੇ, ਲੋਕਾਂ ਨੂੰ ਭਰਾ-ਮਾਰ ਫਿਰਕੂ ਜੰਗ ਵਿੱਚ ਧੱਕਣ ਵਾਲ਼ੀਆਂ ਲੋਕ ਦੋਖੀ ਹਿੰਦੂਤਵੀ ਕੱਟੜਪੰਥੀ ਤਾਕਤਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਹਾਨ ਇਨਕਲਾਬੀ-ਜਮਹੂਰੀ ਵਿਰਸੇ ਨੂੰ ਫੋਕੀ ਮਸ਼ਹੂਰੀ ਲਈ, ਦੋ ਸੰਘੀ ਚੂਹਿਆਂ ਨੂੰ ”ਨੈਸ਼ਨਲ ਹੀਰੋ” ਬਣਾਉਣ ਲਈ ਹਰਗਿਜ ਵਰਤਣ ਤੇ ਦਾਗਦਾਰ ਨਹੀਂ ਕਰਨ ਦੇਣਗੇ। ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਇਹਨਾਂ ਦੋਵਾਂ ਦਹਿਸ਼ਤਗਰਦਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸ਼ਹੀਦ ਸਰਾਭਾ ਚੌਂਕ ਦੇ ਆਸ-ਪਾਸ ਨਾ ਆਉਣ ਦਿੱਤਾ ਜਾਵੇ, ਕਿ ਉਹਨਾਂ ਦੀ ਪਿੰਡ ਤੋਂ ਬਾਹਰ ਹੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਜੇਲ ਵਿੱਚ ਡੱਕਿਆ ਜਾਵੇ, ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਨੌਜਵਾਨ ਭਾਰਤ ਸਭਾ (ਲਲਕਾਰ), ਨੌਜਵਾਨ ਭਾਰਤ ਸਭਾ (ਰਮਿੰਦਰ ਪਟਿਆਲਾ), ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ, ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਤਰਕਸ਼ੀਲ ਸੋਸਾਇਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਟੀ.ਐਸ.ਯੂ. ਆਦਿ ਜੱਥੇਬੰਦੀਆਂ ਵੱਲੋਂ ਪਹੁੰਚੇ ਆਗੂਆਂ ਅਤੇ ਕਾਰਕੁੰਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅਤੇ ਸਰਾਭਾ ਚੌਂਕ ਵਿੱਚ ਡੱਟ ਕੇ ਪਹਿਰਾ ਦਿੱਤਾ ਅਤੇ ਰੋਹ ਮੁਜ਼ਾਹਰਾ ਕੀਤਾ।

ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਜ਼ਾਦੀ ਸੰਘਰਸ਼ ਵਿੱਚ ਹਿੰਦੂਤਵਵਾਦੀ ਕੱਟੜਪੰਥੀ ਆਰ.ਐਸ.ਐਸ. ਨੇ ਕਦੇ ਵੀ ਅੰਗਰੇਜ਼ਾਂ ਖਿਲਾਫ਼ ਲੜਾਈ ਨਹੀਂ ਲੜੀ ਸਗੋਂ ਅੰਗਰੇਜ਼ੀ ਹਕੂਮਤ ਦੀ ਸੇਵਾ ਹੀ ਕੀਤੀ। ਲੋਕਾਂ ਉੱਤੇ ਲੱਖਾਂ ਦੁਖ-ਤਕਲੀਫਾਂ ਦਾ ਪਹਾੜ ਲੱਦਣ ਵਾਲੇ ਇਹ ਫਿਰਕੂ ਕੱਟੜਪੰਥੀ ਕਿਸ ਮੂੰਹ ਨਾਲ਼ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਹਨ। ਲੋਕਾਂ ਦੀ ਅਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ, ਹੋਰ ਗਦਰੀ ਇਨਕਲਾਬੀਆਂ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਵਿਚਾਰਧਾਰਾ ਨਾਲ਼ ਇਹਨਾਂ ਦਾ ਕੋਈ ਮੇਲ ਨਹੀਂ ਹੈ। ਇਹ ਤਾਂ ਇਨਕਲਾਬੀ ਸ਼ਹੀਦਾਂ ਦੀ ਪੈਰ ਦੀ ਧੂੜ ਵੀ ਨਹੀਂ ਹਨ।

ਪੰਜਾਬ ਦੀਆਂ ਹੋਰ ਇਨਕਲਾਬੀ ਜਮਹੂਰੀ ਜੱਥੇਬੰਦੀਆਂ, ਜਿਹੜੀਆਂ ਸਰਾਭੇ ਨਹੀਂ ਵੀ ਪਹੁੰਚ ਸਕੀਆਂ ਸਭ ਨੇ ਸਰਾਭੇ ਵਿਖੇ ਹੋਏ ਸੰਘਰਸ਼ ਦੀ ਡੱਟਵੀਂ ਹਿਮਾਇਤ ਦਾ ਐਲਾਨ ਵੀ ਕੀਤਾ। ਇਨਕਲਾਬੀ ਜਮਹੂਰੀ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਫਿਰਕੂ ਤਾਕਤਾਂ ਖਿਲਾਫ਼ ਡੱਟ ਕੇ ਸੰਘਰਸ਼ ਲੜਦੀਆਂ ਰਹਿਣਗੀਆਂ। ਇਸ ਰੋਹ ਮੁਜ਼ਾਹਰੇ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕੁਲਵਿੰਦਰ, ਪਰਦੀਪ ਕਸਬਾ, ਸੁਖਦੇਵ ਭੂੰਦੜੀ, ਹਰਪ੍ਰੀਤ ਜੀਰਖ, ਰਾਜੂ, ਸੁਰਿੰਦਰ ਸ਼ਰਮਾ, ਸ਼ਮਸ਼ੇਰ ਨੂਰਪੁਰੀ, ਹਰੇਕਸ਼ ਚੌਧਰੀ, ਮਾ. ਹਰੀਸ਼ ਪੱਖੋਵਾਲ, ਅਵਤਾਰ ਸਿੰਘ ਤਾਰੀ, ਤਰਲੋਚਨ ਸਿੰਘ ਝੋਰੜਾ, ਜਸਦੇਵ ਲਲਤੋਂ, ਸਮਤਾ, ਮੰਗਾ ਅਜ਼ਾਦ, ਰੁਪਿੰਦਰ ਚੌਂਧਾ, ਸੰਦੀਪ, ਜਯੋਤੀ, ਅਰੁਣ ਕੁਮਾਰ, ਜ਼ਮੀਰ ਹੂਸੈਨ ਆਦਿ ਆਗੂ ਹਾਜ਼ਰ ਸਨ।