ਨੌਜਵਾਨ ਭਾਰਤ ਸਭਾ ਇਲਾਕਾ ਇਕਾਈ ਸਿਰਸਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ 87ਵੇਂ ਸ਼ਹੀਦੀ ਦਿਹਾੜੇ (23 ਮਾਰਚ) ਨੂੰ ਸਮਰਪਿਤ ਪਿੰਡ ਦਮਦਮਾ ਵਿਖੇ 23 ਮਾਰਚ ਅਤੇ ਪਿੰਡ ਰੋੜੀ ਵਿਖੇ 25 ਮਾਰਚ ਨੂੰ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਕੀਤੀ ਗਈ। ਇਹਨਾਂ ਕਨਵੈਨਸ਼ਨਾਂ ਵਿੱਚ ਸਿਰਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਤੋਂ ਜ਼ਿਆਦਾ ਨੌਜਵਾਨਾਂ-ਵਿਦਿਆਰਥੀਆਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਕਨਵੈਨਸ਼ਨ ਦੌਰਾਨ ਅਜੋਕੀ ਧਾਰਮਿਕ ਫਿਰਕਾਪ੍ਰਸਤੀ ਵਿਰੁੱਧ ਲੋਕ ਲਹਿਰ ਖੜ੍ਹੀ ਕਰਕੇ ਜੂਝਣ ਦਾ ਅਹਿਦ ਕੀਤਾ। ਜ਼ਿਕਰਯੋਗ ਹੈ ਕਿ ਨੌਜਵਾਨ ਭਾਰਤ ਸਭਾ ਵੱਲੋਂ ਇਹਨਾਂ ਕਨਵੈਨਸ਼ਨਾਂ ਵਿੱਚ ਲੋਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਜ਼ਿਲ੍ਹੇ ਭਰ ਵਿੱਚ ਪ੍ਰਚਾਰ ਮੁਹਿੰਮ ਚਲਾ ਵੱਡੀ ਗਿਣਤੀ ਵਿੱਚ ਪਰਚਾ ਤੇ ਪੋਸਟਰ ਵੰਡਿਆ ਗਿਆ ਤੇ ਨੁੱਕੜ ਸਭਾਵਾਂ, ਸੈਮੀਨਾਰ, ਵਿਚਾਰ ਚਰਚਾਵਾਂ ਤੇ ਫਿਲਮ ਸ਼ੋਅ ਦਾ ਆਯੋਜਨ ਕੀਤਾ ਗਿਆ।
ਫਿਰਕਾਪ੍ਰਸਤੀ ਮੁਰਦਾਬਾਦ, ਲੋਕ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਮਗਰੋਂ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਦੇ ਪਾਠ ਨਾਲ਼ ਇਹਨਾਂ ਕਨਵੈਨਸ਼ਨਾਂ ਦੀ ਸ਼ੁਰੂਆਤ ਕੀਤੀ ਗਈ। ਇਸਤੋਂ ਮਗਰੋਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਅਜੋਕੇ ਫਿਰਕੂ ਫਾਸੀਵਾਦੀ ਮਹੌਲ ਤੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਦਿਸ਼ਾ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਪਾਵੇਲ, ਇਸਤਰੀ ਮੁਕਤੀ ਲੀਗ ਦੀ ਰਾਜਵਿੰਦਰ, ਨੌਜਵਾਨ ਭਾਰਤ ਸਭਾ, ਜਿਲ੍ਹਾ ਸਿਰਸਾ ਦੇ ਜਿਲ੍ਹਾ ਕਮੇਟੀ ਮੈਂਬਰ ਅਮਨਦੀਪ ਤੇ ਨੌਭਾਸ ਦੇ ਜਨਰਲ ਸਕੱਤਰ ਛਿੰਦਰਪਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਫਿਰਕੂ ਫਾਸੀਵਾਦ ਇਸ ਸਮੇਂ ਬਹੁਤ ਵੱਡਾ ਖਤਰਾ ਬਣ ਚੁੱਕਿਆ ਹੈ ਜਿਸਨੂੰ ਬਹੁਤ ਗੰਭੀਰਤਾ ਨਾਲ਼ ਲੈਣਾ ਚਾਹੀਦਾ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹਿੰਦੂਤਵੀ ਕੱਟੜਪੰਥੀਆਂ ਦੀ ਤਾਕਤ ਵਧਣ ਕਾਰਨ ਘੱਟ-ਗਿਣਤੀ ਧਰਮ ਦੇ ਲੋਕਾਂ ਮੁਸਲਮਾਨਾਂ, ਈਸਾਈਆਂ, ਸਿੱਖਾਂ ਉੱਤੇ ਵੱਡਾ ਖ਼ਤਰਾ ਮੰਡਲਾ ਰਿਹਾ ਹੈ। ਆਰ.ਐਸ.ਐਸ. ਭਾਜਪਾ ਸਮੇਤ ਆਪਣੀਆਂ ਦਰਜ਼ਨਾਂ ਰੰਗ-ਬਰੰਗੀਆਂ ਜਥੇਬੰਦੀਆਂ-ਸੰਸਥਾਵਾਂ ਰਾਹੀਂ ਹਿੰਦੂਤਵੀ ਫਿਰਕਾਪ੍ਰਸਤੀ ਦੀ ਗੰਦੀ ਖੇਡ ਖੇਲ੍ਹ ਰਹੀ ਹੈ। ਹਿੰਦੂਤਵੀ ਕੱਟੜਪੰਥੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਫਾਇਦਾ ਲੈ ਕੇ ਘੱਟ-ਗਿਣਤੀ ਧਰਮਾਂ ਦੇ ਫਿਰਕਾਪ੍ਰਸਤ ਕੱਟੜਪੰਥੀ ਵੀ ਸਾਰੇ ਹਿੰਦੂਆਂ ਨੂੰ ਹੀ ਘੱਟ-ਗਿਣਤੀਆਂ ਦਾ ਦੁਸ਼ਮਣ ਦੱਸਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸਾਰੇ ਹੀ ਧਰਮਾਂ ਨਾਲ਼ ਜੁੜੀ ਫਿਰਕਾਪ੍ਰਸਤੀ ਲੋਕਾਂ ਦੀ ਦੁਸ਼ਮਣ ਹੈ ਅਤੇ ਇਸ ਖ਼ਿਲਾਫ਼ ਸਾਰੀਆਂ ਧਰਮ-ਨਿਰਪੱਖ ਅਤੇ ਜਮਹੂਰੀ ਤਾਕਤਾਂ ਨੂੰ ਅੱਗੇ ਆਉਣ ਦੀ ਲੋੜ ਤੇ ਜੋਰ ਦਿੱਤਾ।