ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰੋਫੀਸਾਂ ਵਿੱਚ ਵਾਧੇ ਤੇ ਪੁਲਿਸ ਦੇ ਜਬਰ ਦਾ ਡਟਵਾਂ ਵਿਰੋਧ ਕਰੋ।
26 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ 5 ਗੁਣਾ ਤੋਂ ਲੈ ਕੇ 11 ਗੁਣਾ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਗਿਆ। ਜਦੋਂ ਪਾਣੀ ਸਿਰ ਉੱਪਰੋਂ ਲੰਘ ਜਾਵੇ ਤਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਮਜ਼ਬੂਰੀ ਬਣ ਜਾਂਦੀ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੇਪਰ ਨੇੜੇ ਹੋਣ ਦੇ ਬਾਵਜੂਦ ਕਿਤਾਬਾਂ ਦੇ ਨਾਲ਼ ਝੰਡੇ ਨੂੰ ਵੀ ਹੱਥ ਪਾ ਲਿਆ ਤੇ ਇਸ ਵਾਧੇ ਖਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵੱਲੋਂ ਵਾਰ-ਵਾਰ ਗੱਲ ਨਾ ਸੁਣਨ ਪਿੱਛੋਂ 11 ਅਪ੍ਰੈਲ ਨੂੰ ਵਿਦਿਆਰਥੀ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ-ਪੱਤਰ ਸੌਂਪਣ ਪੁੱਜੇ ਤਾਂ ਯੂਨੀਵਰਸਿਟੀ ਕੋਈ ਵੀ ਅਧਿਕਾਰੀ ਗੱਲ ਕਰਨ ਲਈ ਅੱਗੇ ਨਾ ਆਇਆ ਸਗੋਂ ਚੰਡੀਗੜ੍ਹ ਪੁਲਿਸ ਨੇ ਡਾਂਗਾਂ, ਪਾਣੀ ਦੀਆਂ ਵਾਛੜਾਂ ਤੇ ਅੱਥਰੂ ਗੈਸ ਨਾਲ਼ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਚਾਅ ਕਰਦਿਆਂ ਵਿਦਿਆਰਥੀਆਂ ਨੇ ਵੀ ਪਥਰਾਅ ਕੀਤਾ। ਪੁਲਿਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ, ਲਾਇਬ੍ਰੇਰੀ ਤੇ ਹੋਸਟਲਾਂ ਵਿੱਚੋਂ ਕੱਢ ਕੇ ਕੁੱਟਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਦੌਰਾਨ ਪੁਲਿਸ ਨੇ 53 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ 66 ਵਿਦਿਆਰਥੀਆਂ ਉੱਤੇ ਦੇਸ਼ਧ੍ਰੋਹ ਸਮੇਤ ਹੋਰ ਸੰਗੀਨ ਧਾਰਾਵਾਂ ਲਾਉਂਦੇ ਹੋਏ ਉਹਨਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਭਾਵੇਂ ਜਨਤਕ ਦਬਾਅ ਮਗਰੋਂ ਦੇਸ਼ਧ੍ਰੋਹ ਦੀ ਧਾਰਾ ਵਾਪਸ ਲੈ ਲਈ ਗਈ ਪਰ ਬਾਕੀ ਧਾਰਾਵਾਂ ਤਹਿਤ ਵਿਦਿਆਰਥੀਆਂ ਉੱਪਰ ਮੁਕੱਦਮੇ ਚੱਲ ਰਹੇ ਹਨ। ਇੰਝ ਵਿੱਦਿਆ ਦੇ ਅਦਾਰੇ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਤੇ ਸਿੱਖਿਆ ਲੈਣ ਆਏ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਥਾਂ ਸਿਰ ’ਚ ਡਾਂਗਾਂ ਤੇ ਝੂਠੇ ਮੁਕੱਦਮੇ ਦਿੱਤੇ ਗਏ। ਸਰਕਾਰੀ ਜਬਰ ਦਾ ਜੋ ਹਮਲਾ ਕੱਲ ਤੱਕ ਰੁਜ਼ਗਾਰ ਮੰਗਦੇ ਨੌਜਵਾਨਾਂ ਉੱਪਰ ਹੁੰਦਾ ਰਿਹਾ ਅੱਜ ਉਹ ਹਮਲਾ ਵਧਕੇ ਸਿੱਖਿਆ ਲੈ ਰਹੇ ਵਿਦਿਆਰਥੀਆਂ ਉੱਪਰ ਵੀ ਜਾ ਪੁੱਜਾ ਹੈ।
ਫੀਸਾਂ ਵਿਚਲਾ ਇਹ ਵਾਧਾ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਇਹਦੇ ਫੰਡਾਂ ਦੀ ਘਾਟ ਦਾ ਬਹਾਨਾ ਘੜਿਆ ਜਾ ਰਿਹਾ ਹੈ, ਪਰ ਵਿੱਦਿਅਕ ਅਦਾਰਿਆਂ ਦੇ ਖਰਚੇ ਕਦੇ ਵੀ ਫੀਸਾਂ ਰਾਹੀਂ ਪੂਰੇ ਕੀਤੇ ਨਹੀਂ ਜਾ ਸਕਦੇ। ਸਾਡਾ ਇਹ ਪੁਰਜੋਰ ਮੰਨਣਾ ਹੈ ਕਿ ਸਿੱਖਿਆ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ ਜੋ ਹਰ ਨਾਗਰਿਕ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਸਰਕਾਰ ਹਰ ਸਾਲ ਲੋਕਾਂ ਤੋਂ ਸਿੱਧੇ-ਅਸਿੱਧੇ ਟੈਕਸਾਂ ਰਾਹੀਂ ਜਿਹੜੇ ਅਰਬਾਂ ਰੁਪਏ ਵਸੂਲਦੀ ਹੈ ਉਹ ਲੋਕਾਂ ਨੂੰ ਸਿਹਤ, ਸਿੱਖਿਆ ਜਿਹੀਆਂ ਸਹੂਲਤਾਂ ਦੇਣ ਲਈ ਖਰਚੇ ਜਾਣੇ ਚਾਹੀਦੇ ਹਨ। ਪਰ ਸਰਕਾਰ ਸਿੱਖਿਆ ’ਤੇ ਆਪਣੀ ਕੁੱਲ ਘਰੇਲੂ ਪੈਦਾਵਾਰ ਦਾ 3 ਫੀਸਦੀ ਤੋਂ ਵੀ ਘੱਟ ਹਿੱਸਾ ਖਰਚਦੀ ਹੈ ਤੇ ਇਸਨੂੰ ਵੀ ਲਗਤਾਰਾ ਘਟਾਇਆ ਜਾ ਰਿਹਾ ਹੈ। ਪਿਛਲੇ ਸਾਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ 9200 ਕਰੋੜ ਦੇ ਬਜਟ ਨੂੰ ਅੱਧ ਤੋਂ ਵੱਧ ਘਟਾ ਦਿੱਤਾ ਗਿਆ। ਦੂਜੇ ਪਾਸੇ ਸਰਕਾਰ ਇਸ ਨਾਲੋਂ ਕਈ ਗੁਣਾ ਵੱਧ ਰਾਸ਼ੀ ਧਨਾਢਾਂ ਨੂੰ ਕਰਜੇ ਦੇਣ, ਉਹਨਾਂ ਦੇ ਕਰਜੇ ਮਾਫ ਕਰਨ, ਟੈਕਸ ਵਿੱਚ ਛੋਟਾਂ ਦੇਣ ਵਿੱਚ ਉਡਾ ਦਿੰਦੀ ਹੈ। ਲੋਕਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਹਥਿਆਰਾਂ, ਫੌਜਾਂ ਉੱਪਰ ਅਤੇ ਸਿਆਸੀ ਲੀਡਰਾਂ ਦੀਆਂ ਤਨਖਾਹਾਂ, ਭੱਤਿਆਂ, ਯਾਤਰਾਵਾਂ, ਸੁਰੱਖਿਆ, ਅੱਯਾਸ਼ੀਆਂ ਤੇ ਇਸ਼ਤਿਹਾਰਾਂ ਉੱਪਰ ਖਰਚਿਆ ਜਾਂਦਾ ਹੈ। ਮਤਲਬ ਅਸਲ ਮਸਲਾ ਸਾਧਨਾਂ ਦਾ ਨਹੀਂ ਸਗੋਂ ਸਰਕਾਰ ਦੀ ਨੀਅਤ ਦਾ ਹੈ। ਸਰਕਾਰ ਸਿੱਖਿਆ ਨੂੰ ਇੱਕ ਵਪਾਰ ਦੀ ਵਸਤ ਬਣਾਉਣ ’ਤੇ ਤੁਰੀ ਹੋਈ ਹੈ ਤਾਂ ਜੋ ਮਹਿੰਗੀਆਂ ਫੀਸਾਂ ’ਤੇ ਡਿਗਰੀਆਂ ਵੇਚ ਕੇ ਮੁੱਠੀ ਭਰ ਸਰਮਾਏਦਾਰ ਹੋਰ ਅਮੀਰ ਹੁੰਦੇ ਜਾਣ।
ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਦਾ ਇਹ ਸਿਲਸਿਲਾ ਪੰਜਾਬ ਯੂਨੀਵਰਸਿਟੀ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ। ਮੋਦੀ ਦੀ ਫਾਸੀਵਾਦੀ ਹਕੂਮਤ ਆਉਣ ’ਤੇ ਇਹ ਹਮਲਾ ਹੋਰ ਤੇਜ ਹੋਣ ਦੇ ਨਾਲ਼ ਹੀ ਸਿੱਖਿਆ ਦਾ ਹੱਕ ਖੋਹੇ ਜਾਣ ਦਾ ਵਿਰੋਧ ਕਰਨ ਵਾਲੀ ਵਿਦਿਆਰਥੀਆਂ ਦੀ ਹਰ ਤਾਕਤ ਨੂੰ ਵੀ ਜਬਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਜਾਦਵਪੁਰ ਯੂਨੀਵਰਸਿਟੀ ਤੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਅਜਿਹੇ ਹਮਲੇ ਕੀਤੇ ਗਏ ਹਨ। ਅਸਲ ’ਚ ਇਹ ਹਮਲਾ ਸਿਰਫ਼ ਫੀਸਾਂ ਦੇ ਵਿਰੋਧ ਨੂੰ ਕੁਚਲਣ ਤੱਕ ਸੀਮਤ ਨਹੀਂ ਹੈ ਸਗੋਂ ਵਿਦਿਆਰਥੀਆਂ ਦੀ ਹਰ ਤਰਾਂ ਦੀ ਜਮਹੂਰੀ, ਅਹਾਂਗਵਧੂ ਤੇ ਸਮਾਜਪੱਖੀ ਅਵਾਜ਼ ਨੂੰ ਕੁਚਲਣ ਦਾ ਹੈ। ਕਿਉਂਕਿ ਇਹਨਾਂ ਯੂਨੀਵਰਸਿਟੀਆਂ ਵਿੱਚੋਂ ਅੱਜ ਸਿਰਫ਼ ਵਿਦਿਆਰਥੀਆਂ ਦੇ ਹੱਕਾਂ ਲਈ ਹੀ ਨਹੀਂ ਸਗੋਂ ਫਿਰਕੂ-ਫਾਸੀਵਾਦੀਆਂ ਦੀਆਂ ਹਰ ਤਰਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਖਿਲਾਫ ਵਿਰੋਧ ਦੀ ਇੱਕ ਅਵਾਜ਼ ਆ ਰਹੀ ਹੈ। ਇਸੇ ਲਈ ਵਿਦਿਆਰਥੀਆਂ ਉੱਪਰ ਪਰਚੇ ਦਰਜ ਕਰਕੇ ਉਹਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਗ੍ਰਿਫਤਾਰੀਆਂ ਤੇ ਮੁਕੱਦਮਿਆਂ ਦੇ ਬਾਵਜੂਦ ਤੁਸੀਂ ਉਹਨਾਂ ਦੇ ਚਿਹਰੇ ਉੱਪਰ ਹਾਕਮਾਂ ਦਾ ਮੂੰਹ ਚਿੜਾਉਂਦੀ ਮੁਸਕਾਨ ਤੇ ਅੱਖਾਂ ’ਚ ਸੰਘਰਸ਼ ਜਾਰੀ ਰੱਖਣ ਦੀ ਚਿਣਗ ਵੇਖ ਸਕਦੇ ਹੋ।
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਹਮਲਾ ਸਿਰਫ਼ ਯੂਨੀਵਰਸਿਟੀ ਪ੍ਰਸ਼ਾਸ਼ਨ, ਪੁਲਿਸ ਤੇ ਸਰਕਾਰ ਵੱਲੋਂ ਹੀ ਨਹੀਂ ਹੋਇਆ ਸਗੋਂ ਵਿਦਿਆਰਥੀਆਂ ਦੇ ਅੰਦਰ ਸੰਨ੍ਹ ਲਾਈ ਬੈਠੇ ਤੇ ਵਿਦਿਆਰਥੀਆਂ ਦੇ ਭੇਸ ਵਿੱਚ ਲੁਕੇ ਵੋਟ ਪਾਰਟੀਆਂ ਤੇ ਸਰਕਾਰਾਂ ਦੇ ਏਜੰਟਾਂ ਵੱਲੋਂ ਵੀ ਹੋ ਰਿਹਾ ਹੈ। ਫੀਸਾਂ ਦੇ ਵਾਧੇ ਤੇ ਪੁਲਿਸ ਦੇ ਜਬਰ ਨੂੰ ਮੁੱਦੇ ਨੂੰ ਭਟਕਾਉਂਦੇ ਹੋਏ ਉਹ ਇਹ ਪ੍ਰਚਾਰ ਰਹੇ ਹਨ ਕਿ ਕੁੱਝ ਜਥੇਬੰਦੀਆਂ ਨੇ ਜਾਣ-ਬੁੱਝ ਕੇ ਪਹਿਲਾਂ ਪਥਰਾਅ ਸ਼ੁਰੂ ਕੀਤਾ ਸੀ, ਜਦਕਿ ਇਸ ਗੱਲ ਦੇ ਸਾਫ਼ ਸਬੂਤ ਹਨ ਕਿ ਜਬਰ ਦੀ ਸ਼ੁਰੂਆਤ ਪੁਲਿਸ ਨੇ ਕੀਤੀ ਹੈ। ਜਿੱਥੇ ਹਰ ਕੋਈ ਜਾਣਦਾ ਹੈ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਨਹੀਂ ਸਗੋਂ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰ ਰਹੇ ਲੋਕਾਂ ਉੱਪਰ ਜਬਰ ਕਰਨ ਲਈ ਹੀ ਹੁੰਦੀ ਹੈ ਉੱਥੇ ਇਹ ਪੁਲਿਸ ਉੱਪਰ ਸ਼ਰਾਫ਼ਤ ਦੇ ਬੁਰਕੇ ਚੜਾ ਕੇ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੇ ਹਨ। ਇਸ ਮਸਲੇ ਮਗਰੋਂ ਯੂਨੀਵਰਸਿਟੀ ਅਧਿਕਾਰੀਆਂ ਨੇ ਵੀ ਜਾਂਚ ਕਮੇਟੀ ਬਣਾਈ ਹੈ ਜੋ ਇਸ ਗੱਲ ਦੀ ਜਾਂਚ ਨਹੀਂ ਕਰ ਰਹੀ ਕਿ ਇਸ ਹਿੰਸਾ ਦੀ ਦੋਸ਼ੀ ਪੁਲਿਸ ਜਾਂ ਵਿਦਿਆਰਥੀ, ਸਗੋਂ ਇਹ ਕਮੇਟੀ ਇਹ ਜਾਂਚ ਕਰੇਗੀ ਕਿ ਕਿਹੜੇ ਵਿਦਿਆਰਥੀ "ਦੋਸ਼ੀ" ਹਨ ਤੇ ਕਿਹੜੇ ਨਹੀਂ, ਮਤਲਬ ਇਹ ਮੰਨ ਕੇ ਚਲਦੀ ਹੈ ਕਿ ਪੁਲਿਸ ਬੇਕਸੂਰ ਹੈ ਤੇ ਵਿਦਿਆਰਥੀ ਦੋਸ਼ੀ!?
ਵਿਦਿਆਰਥੀ ਦੋਸਤੋ, ਇਹ ਸਿਰਫ਼ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਹਮਲਾ ਨਹੀਂ ਹੈ ਸਗੋਂ ਸਮੁੱਚੀ ਵਿਦਿਆਰਥੀ ਲਹਿਰ ਅਤੇ ਸਮਾਜ ਦੇ ਹਰ ਨਾਗਰਿਕ ਦੇ ਸਿੱਖਿਆ ਦੇ ਬੁਨਿਆਦੀ ਹੱਕ ਉੱਪਰ ਹਮਲਾ ਹੈ। ਜੇ ਅੱਜ ਪੰਜਾਬ ਯੂਨੀਵਰਸਿਟੀ ਦੀਆਂ ਫੀਸਾਂ ਵਧੀਆਂ ਹਨ ਤਾਂ ਬਾਕੀ ਯੂਨੀਵਰਸਿਟੀਆਂ ਕਾਲਜਾਂ ਦੀਆਂ ਫੀਸਾਂ ਵਧਣ ਵਿੱਚ ਵੀ ਕੋਈ ਦੇਰ ਨਹੀਂ ਹੈ। ਥੋੜੀ-ਬਹੁਤੀ ਮਾਤਰਾ ਵਿੱਚ ਤਾਂ ਸਭ ਤਾਂ ਫੀਸਾਂ ਪਹਿਲਾਂ ਹੀ ਵਧਦੀਆਂ ਰਹੀਆਂ ਹਨ, ਪਰ ਜੇ ਹੁਣ ਪੰਜਾਬ ਯੂਨੀਵਰਸਿਟੀ ਵਿੱਚ 11 ਗੁਣਾ ਤੱਕ ਫੀਸਾਂ ਵਾਧੇ ਖਿਲਾਫ ਸੰਘਰਸ਼ ਨੂੰ ਅਸੀਂ ਆਪਣੀ ਹਮਾਇਤ ਦੇ ਕੇ ਮਜ਼ਬੂਤ ਨਹੀਂ ਕਰਦੇ ਹਾਂ ਭਵਿੱਖ ਵਿੱਚ ਇਹੋ ਬਾਕੀ ਥਾਂ ਵੀ ਹੋਵੇਗਾ ਤੇ ਉੱਥੇ ਵੀ ਇੰਝ ਹੀ ਫੀਸਾਂ ਵਧਣਗੀਆਂ।
ਪੰਜਾਬ ਦੇ ਜੁਝਾਰੂ ਕਿਰਤੋ ਲੋਕੋ, ਇਹ ਹਮਲਾ ਸਿਰਫ਼ ਵਿਦਿਆਰਥੀਆਂ ’ਤੇ ਹੀ ਨਹੀਂ ਹੈ ਸਗੋਂ ਸਮਾਜ ਦੇ ਸਮੁੱਚੇ ਕਿਰਤੀ ਲੋਕਾਂ ਉੱਪਰ ਹੈ ਕਿਉਂਕਿ ਵਿਦਿਆਰਥੀਆਂ ਦੀਆਂ ਫੀਸਾਂ ਪਰਿਵਾਰਾਂ ਨੇ ਹੀ ਭਰਨੀਆਂ ਹਨ। ਜਿੱਥੇ ਪਹਿਲਾਂ ਹੀ ਵਧਦੀਆਂ ਫੀਸਾਂ ਰਾਹੀਂ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਉੱਚ-ਸਿੱਖਿਆ ਤੋਂ ਦੂਰ ਕਰ ਦਿੱਤਾ ਗਿਆ ਹੈ ਹੁਣ ਕਿਰਤੀ ਤੇ ਮੱਧ-ਵਰਗੀ ਅਬਾਦੀ ਦੇ ਬਚੇ-ਖੁਚੇ ਹਿੱਸੇ ਤੋਂ ਵੀ ਇਹ ਹੱਕ ਖੋਹਣ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ। ਜੇ ਸਰਕਾਰ ਦਾ ਇਹ ਹਮਲਾ ਕਾਮਯਾਬ ਰਹਿੰਦਾ ਹੈ ਤਾਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਗੁਰਬਤ ਦੇ ਹਨ੍ਹੇਰੇ ਵਿੱਚ ਨਿੱਕਲ਼ਣ ਦਾ ਜੋ ਸੁਪਨਾ ਤੁਹਾਡੀਆਂ ਅੱਖਾਂ ਵਿੱਚ ਤੈਰ ਰਿਹਾ ਹੈ ਉਸਨੇ ਸਦਾ ਲਈ ਇੱਕ ਹਾਉਂਕਾ ਬਣਕੇ ਰਹਿ ਜਾਣਾ ਹੈ। ਇਸ ਲਈ ਅਸੀਂ ਪੰਜਾਬ ਦੇ ਜੁਝਾਰੂ ਕਿਰਤੀ ਲੋਕਾਂ ਨੂੰ ਵੀ ਵਿਦਿਆਰਥੀਆਂ ਦੇ ਇਸ ਸੰਘਰਸ਼ ਦੀ ਡਟਵੀਂ ਹਮਾਇਤ ਵਿੱਚ ਨਿੱਤਰਨ ਦਾ ਸੱਦਾ ਦਿੰਦੇ ਹਾਂ। ਪੰਜਾਬ ਦੀ ਜਿਸ ਜਵਾਨੀ ਨੂੰ ਬੇਰੁਜਗਾਰੀ, ਗੁੰਡਾਗਰਦੀ ਤੇ ਨਸ਼ਾਖੋਰੀ ਨੇ ਖਾ ਲਿਆ ਹੈ ਜੇ ਅਸੀਂ ਉਸਦਾ ਆਪਣੇ ਸਿੱਖਿਆ ਦੇ ਇਸ ਹੱਕ ਦੀ ਰਾਖੀ ਦੇ ਸੰਘਰਸ਼ ਵਿੱਚ ਅਸੀਂ ਸਾਥ ਨਹੀਂ ਦਿੰਦੇ ਤਾਂ ਇਸਦੀ ਨਮੋਸ਼ੀ ਉਮਰ ਭਰ ਸਾਨੂੰ ਝੰਜੋੜਦੀ ਰਹੇਗੀ।
ਅੱਜ ਇਸ ਸੰਘਰਸ਼ ਵਿੱਚ ਸਿਰਫ਼ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਹਨ ਸਗੋਂ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ, ਮਜਦੂਰਾਂ, ਕਿਸਾਨਾਂ, ਮੁਲਾਜਮਾਂ, ਕਲਾਕਾਰਾਂ ਤੇ ਲੇਖਕਾਂ ਦੀਆਂ 40 ਤੋਂ ਵੱਧ ਜਥੇਬੰਦੀਆਂ ਇਸ ਸੰਘਰਸ਼ ਦੀ ਹਮਾਇਤ ਵਿੱਚ ਆਉਣ ਦਾ ਸੁਲੱਖਣਾ ਕਾਰਜ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਵਿਦਿਆਰਥੀਆਂ ਲਈ ਇਹ ਪੇਪਰਾਂ ਦਾ ਸਮਾਂ ਹੈ ਤੇ ਕਿਸਾਨਾਂ-ਮਜ਼ਦੂਰਾਂ ਲਈ ਦਾਣੇ ਇਕੱਠੇ ਕਰਨ ਦਾ। ਸੰਘਰਸ਼ ਦੇ ਰਾਹ ਪਏ ਵਿਦਿਆਰਥੀਆਂ ਦੀਆਂ ਵੀ ਤੁਹਾਡੇ ਵਾਂਗ ਕਈ ਮਜ਼ਬੂਰੀਆਂ ਹਨ, ਪਰ ਉਹਨਾਂ ਨੇ ਇਹਨਾਂ ਮਜ਼ਬੂਰੀਆਂ ਦੇ ਬਾਵਜੂਦ ਸੰਘਰਸ਼ ਦਾ ਰਾਹ ਅਪਣਾਇਆ ਹੈ ਕਿਉਂਕਿ ਸਵਾਲ ਉਸ ਭਵਿੱਖ ਨੂੰ ਬਚਾਉਣ ਦਾ ਹੈ ਜਿਸ ਲਈ ਅੱਜ ਅਸੀਂ ਲੀਰਾਂ ਜੋੜ ਰਹੇ ਹਾਂ। ਤਾਂ ਆਉ ਅਸੀਂ ਵੀ ਇਸ ਸੰਘਰਸ਼ ਵਿੱਚ ਆਪਣਾ ਮੋਢਾ ਲਾਉਂਦੇ ਹੋਏ ਇਸਨੂੰ ਜਿੱਤ ਦੇ ਕੰਢੇ ਪਹੁੰਚਾਈਏ।